Saturday, 20 June 2026

ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਹਰਾ ਕੇ ਬਹੁਮਤ ਕੀਤਾ ਹਾਸਲ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ ਵਿਚ ਡੋਨਾਲਡ ਟਰੰਪ ਨੇ ਜਿੱਤ ਦਰਜ ਕਰਦਿਆਂ ਬਹੁਮਤ ਦਾ ਅੰਕੜਾ ਹਾਸਲ ਕਰ ਲਿਆ ਹੈ। ਡੋਨਾਲਡ ਟਰੰਪ ਨੂੰ ਬਹੁਮਤ ਲਈ 270 ਇਲੈਕਟਰੋਲ ਵੋਟਾਂ ਦੀ ਜਰੂਰਤ ਸੀ ਜਦਕਿ ਟਰੰਪ ਨੂੰ 277 ਇਲੈਕਟਰੋਲ ਵੋਟਾਂ ਹਾਸਲ ਹੋਈਆਂ ਅਤੇ ਟਰੰਪ ਹੁਣ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨਗੇ। ਚੋਣ ਜਿੱਤਣ ਤੋਂ ਬਾਅਦ ਟਰੰਪ ਨੇ ਕਾਊਂਟੀ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਇਕ ਅਜਿਹੀ ਲਹਿਰ ਹੈ, ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੀ। ਸੱਚ ਕਹਾਂ ਤਾਂ, ਮੇਰਾ ਮੰਨਣਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਿਆਸੀ ਲਹਿਰ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕੋਲ ਇਕ ਦੇਸ਼ ਹੈ, ਜਿਸ ਨੂੰ ਮਦਦ ਦੀ ਲੋੜ ਹੈ, ਅਸੀਂ ਆਪਣੀਆਂ ਸਰਹੱਦਾਂ ਨੂੰ ਠੀਕ ਕਰਨ ਜਾ ਰਹੇ ਹਾਂ, ਆਪਣੇ ਦੇਸ਼ ਬਾਰੇ ਸਭ ਕੁਝ ਠੀਕ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ  ਇਤਿਹਾਸ ਰਚਿਆ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਅਸੀਂ ਉਨ੍ਹਾਂ ਰੁਕਾਵਟਾਂ ਨੂੰ ਪਾਰ ਕੀਤਾ, ਜਿਨ੍ਹਾਂ ਬਾਰੇ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ। ਇਹ ਇਕ ਨਵਾਂ ਅਧਿਆਏ ਹੈ ਅਤੇ ਅਸੀਂ ਸਭ ਤੋਂ ਸ਼ਾਨਦਾਰ ਸਿਆਸੀ ਜਿੱਤ ਹਾਸਿਲ ਕੀਤੀ ਹੈ।   

  

ਸਿਵਲ ਏਵੀਏਸ਼ਨ ਦੇ ਹੁਕਮਾਂ ਤੋਂ ਬਾਅਦ ਭਖਿਆ ਵਿਵਾਦ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਵਿਰੋਧ

ਅੰਮਿ੍ਰਤਸਰ/ਬਿਊਰੋ ਨਿਊਜ਼ : ਭਾਰਤ ਦੇ ਹਵਾਈ ਅੱਡਿਆਂ ’ਤੇ ਕੰਮ ਕਰਨ ਵਾਲੇ ਸਿੱਖ ਕਰਮਚਾਰੀ ਨੂੰ ਕਿਰਪਾਨ ਪਹਿਨਣ ਦੀ ਆਗਿਆ ਨਾ ਦੇਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਦਾ ਬਿਊਰੋ ਆਫ ਸਿਵਲ ਏਵੀਏਸ਼ਨ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਹਵਾਈ ਅੱਡਿਆਂ ’ਤੇ ਕੰਮ ਕਰਨ ਵਾਲੇ ਸਿੱਖ ਕਰਮਚਾਰੀ ਸੁਰੱਖਿਆ ਦੇ ਮੱਦੇਨਜ਼ਰ ਹੁਣ ਕਿਰਪਾਨ ਨਹੀਂ ਪਹਿਨ ਸਕਣਗੇ। ਇਹ ਹੁਕਮ ਸੁਰੱਖਿਆ ਪ੍ਰੋਟੋਕਾਲ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ। ਉਧਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗਿਆਨੀ  ਹਰਪ੍ਰੀਤ ਸਿੰਘ ਨੇ ਇਸ ਫੈਸਲੇ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਧਾਰਮਿਕ ਅਜ਼ਾਦੀ ਦੀ ਉਲੰਘਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ’ਚ ਕਿਰਪਾਨ ਇਕ ਪਵਿੱਤਰ ਪ੍ਰਤੀਕ ਹੈ ਅਤੇ ਇਸ ਨੂੰ ਪਹਿਨਣਾ ਇਕ ਧਾਰਮਿਕ ਅਧਿਕਾਰ ਹੈ। ਗਿਆਨੀ ਹਰਪ੍ਰੀਤ ਸਿੰਘ ਅਨੁਸਾਰ ਇਸ ਤਰ੍ਹਾਂ ਦੇ ਹੁਕਮ ਪਹਿਲਾਂ ਵੀ ਜਾਰੀ ਹੁੰਦੇ ਰਹੇ ਹਨ ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਉਨ੍ਹਾਂ ਏਵੀਏਸ਼ਨ ਅਥਾਰਟੀ ਵੱਲੋਂ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਡਿਊਟੀ ਨਾ ਕਰਨ ਦੇ ਹੁਕਮਾਂ ਨੂੰ ਗਲਤ ਦੱਸਿਆ ਹੈ।

ਕਿਹਾ : ਪਾਰਟੀ ’ਚੋਂ ਕੱਢੇ ਜਾਣ ਦਾ ਕਾਰਨ ਬਣਿਆ ਸਿਰਫ਼ ਇਕ ਫੋਨ

ਜਲੰਧਰ/ਬਿਊਰੋ ਨਿਊਜ਼ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਰਹੇ ਜਸਬੀਰ ਸਿੰਘ ਗੜ੍ਹੀ ਨੇ ਪਾਰਟੀ ਵਿਚੋਂ ਕੱਢੇ ਜਾਣ ਤੋਂ ਬਾਅਦ ਪਾਰਟੀ ’ਤੇ ਕਈ ਸਵਾਲ ਚੁੱਕੇ ਹਨ। ਗੜ੍ਹੀ ਨੇ ਪਾਰਟੀ ਵਿਚੋਂ ਕੱਢੇ ਜਾਣ ਦਾ ਕਾਰਨ ਸਿਰਫ਼ ਇਕ ਫੋਨ ਦੱਸਿਆ ਹੈ, ਜੋ ਉਨ੍ਹਾਂ ਨੇ ਇਕ ਸ਼ਿਕਾਇਤ ਕਰਨ ਦੇ ਲਈ ਬਸਪਾ ਮੁਖੀ ਕੁਮਾਰੀ ਮਾਇਆਵਤੀ ਦੇ ਕਰੀਬੀ ਮੇਵਾ ਲਾਲ ਨੂੰ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਮੇਵਾ ਲਾਲ ਤੋਂ ਉਨ੍ਹਾਂ ਨੇ ਮਾਇਆਵਤੀ ਨਾਲ ਮੁਲਾਕਾਤ ਕਰਨ ਦਾ ਸਮਾਂ ਮੰਗਿਆ ਸੀ। ਕਿਉਂਕਿ ਮੈਂ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਦੇ ਖਿਲਾਫ਼ ਸ਼ਿਕਾਇਤ ਦੇਣੀ ਸੀ। ਢਾਈ ਘੰਟੇ ਮਗਰੋਂ ਮੈਂ ਸ਼ਾਮ ਨੂੰ ਫਿਰ ਮੇਵਾ ਲਾਲ ਨੂੰ ਫੋਨ ਕੀਤਾ ਅਤੇ ਪੁੱਛਿਆ ਕੀ ਹੁਕਮ ਹੈ। ਮੇਵਾ ਲਾਲ ਨੇ ਕਿਹਾ ਕਿ 23 ਨਵੰਬਰ ਤੱਕ ਮਾਇਆਵਤੀ ਦੀ ਬਹੁਤ ਬਿਜ਼ੀ ਹਨ ਅਤੇ ਉਸ ਤੋਂ ਬਾਅਦ ਹੀ ਸਮਾਂ ਮਿਲੇਗਾ। ਇਸ ਤੋਂ ਬਾਅਦ ਮੈਨੂੰ ਇਕ ਛੋਟੀ ਜਿਹੀ ਚਿੱਠੀ ਮਿਲੀ, ਜਿਸ ’ਚ ਮੈਨੂੰ ਪਾਰਟੀ ’ਚੋਂ ਕੱਢਣ ਦਾ ਹੁਕਮ ਸੁਣਾਇਆ ਗਿਆ ਸੀ। ਇਸ ਤੋਂ ਬਾਅਦ ਗੜ੍ਹੀ ਨੇ ਕਿਹਾ ਕਿ ਮੈਂ ਪਾਰਟੀ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ ਪਰ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਮਾਇਆਵਤੀ ਨਾਲ ਗੱਲ ਹੋ ਸਕੇ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਆਪਣੇ ਨਾਲ ਕੰਮ ਕਰਨ ਵਾਲੇ ਸਮੂਹ ਵਰਕਰਾਂ ਅਤੇ ਲੀਡਰਸ਼ਿਪ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਜਸਬੀਰ ਸਿੰਘ ਗੜ੍ਹੀ ਨੂੰ ਪੰਜਾਬ ਬਸਪਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਅਵਤਾਰ ਸਿੰਘ ਕਰੀਮਪੁਰ ਨੂੰ ਉਨ੍ਹਾਂ ਦੀ ਜਗ੍ਹਾ ਨਵਾਂ ਪ੍ਰਧਾਨ ਲਗਾ ਦਿੱਤਾ ਗਿਆ ਹੈ।

ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਕੀਤਾ ਗਿਆ ਸਵਾਗਤ

ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਉਤਰਾਅਧਿਕਾਰੀ ਬਾਬਾ ਜਸਦੀਪ ਸਿੰਘ ਅੱਜ ਮੰਗਲਵਾਰ ਨੂੰ ਪੰਜਾਬ ਭਵਨ ਵਿਖੇ ਪਹੁੰਚੇ। ਜਿੱਥੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਖੁਦ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਸਾਂਝੀ ਕਰਕੇ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਚਾਰ ਫੋਟੋਆਂ ਵੀ ਸ਼ੇਅਰ ਕੀਤੀਆਂ ਗਈਆਂ। ਉਨ੍ਹਾਂ ਅੱਗੇ ਲਿਖਿਆ ਕਿ ਪੰਜਾਬ ਰਾਜਭਵਨ ਵਿਖੇ ਡੇਰਾ ਬਿਆਸੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਬਾਬਾ ਜਸਦੀਪ ਸਿੰਘ ਗਿੱਲ ਨਾਲ ਮੁਲਾਕਾਤ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਬਾਬਾ ਜਸਦੀਪ ਸਿੰਘ ਗਿੱਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਰਿਹਾਇਸ਼ ’ਤੇ ਪਹੁੰਚੇ ਸਨ। ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ। ਨਾਇਬ ਸਿੰਘ ਸੈਣੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਦੂਜੀ ਵਾਰ ਅਹੁਦਾ ਸੰਭਾਲਣਾ ਤੋਂ ਬਾਅਦ ਡੇਰਾ ਬਿਆਸੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.