Friday, 19 June 2026

ਸੈਨੇਟ ਚੋਣਾਂ ਕਰਵਾਉਣ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਹੈ ਸੰਘਰਸ਼

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅੱਜ ਬੁੱਧਵਾਰ ਨੂੰ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਸੈਨੇਟ ਚੋਣਾਂ ਕਰਵਾਉਣ ਨੂੰ ਲੈ ਕੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਅਤੇ ਪੁਲਿਸ ਦਰਮਿਆਨ ਧੱਕਾਮੁੱਕੀ ਹੋ ਗਈ। ਇਸ ਦੌਰਾਨ ਪੁਲਿਸ ਵੱਲੋਂ ਵਿਦਿਆਰਥੀਆਂ ’ਤੇ ਲਾਠੀਚਾਰਜ ਵੀ ਕੀਤਾ ਗਿਆ, ਜਿਸ ਦੇ ਚਲਦਿਆਂ ਕਈ ਵਿਦਿਆਰਥੀਆਂ ਨੂੰ ਸੱਟਾਂ ਵੀ ਲੱਗੀਆਂ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀ ਉਹ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਜ਼ਿਕਰਯੋਗ ਹੈ ਕਿ ਸੈਨੇਟ ਚੋਣਾਂ ਕਰਵਾਉਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਦਾ ਸੰਘਰਸ਼ ਚੱਲ ਰਿਹਾ ਹੈ ਅਤੇ ਇਸ ਸੰਘਰਸ਼ ਦਾ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਧਿਰਾਂ ਵੱਲੋਂ ਸਮਰਥਨ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਪੰਜਾਬ ਯੂਨੀਵਰਸਿਟੀ ਵਿਖੇ ਚੋਣਾਂ ਕਰਵਾਉਣ ਦੀ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਗਈ ਸੀ।

 

ਫਾਕਸ ਟੀਵੀ ਐਂਕਰ ਹੇਗਸੇਥ ਬਣਨਗੇ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਸਰਕਾਰ ਬਣਾਉਣ ਦੇ ਲਈ ਆਪਣੀ ਨਵੀਂ ਟੀਮ ਦਾ ਗਠਨ ਕਰਨ ਵਿਚ ਜੁਟ ਗਏ ਹਨ। ਕੁੱਝ ਅਹੁਦਿਆਂ ’ਤੇ ਨਿਯੁਕਤੀਆਂ ਕਰਨ ਤੋਂ ਬਾਅਦ ਉਨ੍ਹਾਂ ਟੈਸਲਾ ਮੁਖੀ ਐਲਨ ਮਸਕ ਅਤੇ ਭਾਰਤੀ ਮੂਲ ਦੇ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਮਸਕ ਅਤੇ ਰਾਮਾਸਵਾਮੀ ਟਰੰਪ ਸਰਕਾਰ ’ਚ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸੈਂਸੀ ਵਿਭਾਗ ਦੀ ਅਗਵਾਈ ਕਰਨਗੇ। ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸੈਂਸੀ ਇਕ ਨਵਾਂ ਵਿਭਾਗ ਹੈ ਜੋ ਸਰਕਾਰ ਨੂੰ ਬਾਹਰ ਤੋਂ ਸਲਾਹ ਦੇਵੇਗਾ। ਟਰੰਪ ਵੱਲੋਂ ਇਸ ਸਬੰਧੀ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਟਰੰਪ ਨੇ ਆਪਣੀ ਕੈਬਨਿਟ ’ਚ ਫਾਕਸ ਨਿਊਜ਼ ਦੇ ਹੋਸਟ ਪੀਟ ਹੇਗਸੇਥ ਨੂੰ ਵੀ ਜਗ੍ਹਾ ਦਿੱਤੀ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਹੇਗਸੇਥ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਹੋਣਗੇ। ਧਿਆਨ ਰਹੇ ਕਿ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਲੰਘੀ 5 ਨਵੰਬਰ ਪਈਆਂ ਵੋਟਾਂ ਦੌਰਾਨ ਡੋਨਾਲਡ ਟਰੰਪ ਨੇ ਵੱਡੀ ਜਿੱਤ ਹਾਸਲ ਕੀਤੀ ਸੀ।

 

ਰਾਜਸਥਾਨ ’ਚ ਅਜ਼ਾਦ ਉਮੀਦਵਾਰ ਨੇ ਐਸਡੀਐਮ ਨੂੰ ਜੜਿਆ ਥੱਪੜ

ਨਵੀਂ ਦਿੱਲੀ/ਬਿਊਰੋ ਨਿਊਜ਼ : ਝਾਰਖੰਡ ’ਚ ਪਹਿਲੇ ਗੇੜ ਤਹਿਤ 43 ਸੀਟਾਂ ਦੇ ਨਾਲ-ਨਾਲ 10 ਰਾਜਾਂ ਦੀਆਂ 31 ਵਿਧਾਨ ਸਭਾ ਅਤੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਲਈ ਅੱਜ ਬੁੱਧਵਾਰ ਨੂੰ ਵੋਟਾਂ ਪਾਈਆਂ ਗਈਆਂ। ਪੱਛਮੀ ਬੰਗਾਲ ’ਚ ਨਾਰਥ 24 ਪਰਗਨਾ ਜ਼ਿਲ੍ਹੇ ਦੇ ਜਗਤਦਲ ’ਚ ਕੁੱਝ ਸ਼ਰਾਰਤੀ ਅਨਸਰਾਂ ਨੇ ਤਿ੍ਰਣਮੂਲ ਕਾਂਗਰਸ ਦੇ ਆਗੂ ਅਸ਼ੋਕ ਸਾਹੂ ’ਤੇ ਫਾਈਰਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਧਰ ਰਾਜਸਥਾਨ ਦੀ ਦੇਵਲੀ-ਉਨਿਆਰਾ ਸੀਟ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨਰੇਸ਼ ਮੀਣਾ ਨੇ ਐਸਡੀਐਮ ਅਮਿਤ ਚੌਧਰੀ ਨੂੰ ਥੱਪੜ ਜੜ ਦਿੱਤਾ। ਜ਼ਿਕਰਯੋਗ ਹੈ ਕਿ ਰਾਜਸਥਾਨ ਦੀਆਂ 7, ਬਿਹਾਰ ਦੀਆਂ 4, ਮੱਧ ਪ੍ਰਦੇਸ਼ ਦੀਆਂ 2, ਛੱਤੀਸਗੜ੍ਹ ਦੀ 1, ਪੱਛਮੀ ਬੰਗਾਲ ਦੀਆਂ 6, ਅਸਮ ਦੀਆਂ 5, ਕਰਨਾਟਕ ਦੀਆਂ 3, ਗੁਜਰਾਤ ਦੀ 1, ਮੇਘਾਲਿਆ ਦੀ 1 ਅਤੇ ਕੇਰਲ ਦੀਆਂ ਸੀਟਾਂ ਲਈ ਵੋਟਾਂ ਪਾਈਆਂ। ਜਦਕਿ ਕੇਰਲ ਸੂਬੇ ਦੀ ਵਾਇਨਾਡ ਲੋਕ ਸਭਾ ਸੀਟ ਲਈ ਅੱਜ ਵੋਟਾਂ ਪਾਈਆਂ ਗਈਆਂ। ਇਥੇ ਮੁੱਖ ਮੁਕਾਬਲਾ ਕਾਂਗਰਸੀ ਆਗੂ ਪਿ੍ਰਅੰਕਾ ਗਾਂਧੀ ਵਾਡਰਾ ਅਤੇ ਭਾਜਪਾ ਆਗੂ ਨਵਿਆ ਹਰੀਦਾਸ ਵਿਚਾਲੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।

 

ਪਾਕਿਸਤਾਨ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਘੱਟ ਵੀਜ਼ੇ ਦੇਣ ’ਤੇ ਪ੍ਰਗਟਾਇਆ ਰੋਸ

ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੰਮਿ੍ਰਤਸਰ ਵਿਖੇ ਅੰਤਿ੍ਰਮ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਘੱਟ ਵੀਜ਼ੇ ਦੇਣ ’ਤੇ ਰੋਸ ਪ੍ਰਗਟਾਇਆ ਗਿਆ। ਐਡਵੋਕੇਟ ਧਾਮੀ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਸਿਰਫ਼ 763 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦਿੱਤਾ ਗਿਆ ਹੈ। ਜਦਕਿ 1800 ਪਾਸਪੋਰਟ ਵੀਜੇ ਲਈ ਭੇਜੇ ਗਏ ਸਨ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਜਿੰਨੇ ਵੀ ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਭੇਜੇ ਜਾਣ ਸਭ ਨੂੰ ਵੀਜ਼ਾ ਦਿੱਤਾ ਜਾਵੇ। ਮੀਟਿੰਗ ਦੌਰਾਨ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਭਾਰਤੀ ਹਵਾਈ ਅੱਡਿਆਂ ’ਤੇ ਕ੍ਰਿਪਾਨ ਪਹਿਨ ਕੇ ਡਿਊਟੀ ਨਿਭਾਉਣ ਤੋਂ ਰੋਕਣ ਦੇ ਮਾਮਲੇ ’ਚ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਇਸ ਮਾਮਲੇ ਨੂੰ 10 ਤੋਂ 15 ਦਿਨਾਂ ਦੇ ਅੰਦਰ-ਅੰਦਰ ਹੱਲ ਕਰ ਲਿਆ ਜਾਵੇਗਾ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.