Friday, 19 June 2026

ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹੋਈਆਂ ਸ਼ਾਮਲ

ਅੰਮਿ੍ਰਤਸਰ/ਬਿਊਰੋ ਨਿਊਜ਼ : ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋਏ ਇਸ ਨਗਰ ਕੀਰਤਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹਨ। ਸਕੂਲਾਂ ਦੇ ਵਿਦਿਆਰਥੀ, ਸ਼ਬਦੀ ਜਥੇ, ਧਾਰਮਿਕ ਸਭਾ ਸੁਸਾਇਟੀਆਂ ਅਤੇ ਗਤਕਾ ਟੀਮਾਂ ਵੱਲੋਂ ਵੀ ਨਗਰ ਕੀਰਤਨ ਦੀ ਸ਼ੋਭਾ ਵਧਾਈ ਗਈ। ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਗੁਰੂ ਰਾਮਦਾਸ ਸਰਾਂ ਚੌਂਕ ਘੰਟਾ ਘਰ ਪਲਾਜ਼ਾ, ਬਾਜ਼ਾਰ ਮਾਈ ਸੇਵਾ ਅਤੇ ਸ਼ਹਿਰ ਦੇ ਹੋਰਨਾਂ ਪੁਰਾਤਨ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪੁੱਜ ਕੇ ਸੰਪੂਰਨ ਹੋਇਆ।

 

ਸੰਤੁਲਨ ਵਿਗੜਨ ਕਰਕੇ ਲੰਘੇ ਕੱਲ੍ਹ ਪੈਰ ਦੀ ਉਂਗਲ ’ਚ ਹੋਇਆ ਸੀ ਫਰੈਕਚਰ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੈਰ ਦੀ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਸਰਜਰੀ ਕੀਤੀ ਗਈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪੈਰ ਵਿਚ ਫਰੈਕਚਰ ਹੋਣ ਕਰਕੇ ਡਾਕਟਰਾਂ ਵੱਲੋਂ ਰਾਡ ਅਤੇ ਪਲੇਟ ਗਈ ਹੈ। ਸੁਖਬੀਰ ਸਿੰਘ ਬਾਦਲ ਦੀ ਸਿਹਤ ਬਿਲਕੁਲ ਠੀਕ ਠਾਕ ਦੱਸੀ ਜਾ ਰਹੀ ਹੈ ਅਤੇ ਫਿਲਹਾਲ ਉਹ ਪੀਜੀਆਈ ਵਿਚ ਹੀ ਰਹਿਣਗੇ। ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਥੋੜ੍ਹੇ ਦਿਨ ਪੂਰੀ ਤਰ੍ਹਾਂ ਨਾਲ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰ ਦਿੱਤਾ ਹੋਇਆ ਅਤੇ ਲੰਘੇ ਕੱਲ੍ਹ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਲਦੀ ਤਨਖਾਹ ਲਗਾਉਣ ਸਬੰਧੀ ਪੱਤਰ ਦੇਣ ਲਈ ਪਹੁੰਚੇ ਸਨ। ਇਸੇ ਦੌਰਾਨ ਬੈਠਣ ਸਮੇਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਸੀ ਅਤੇ ਉਨ੍ਹਾਂ ਦੇ ਪੈਰ ਦੀ ਇਕ ਉਂਗਲ ’ਚ ਫਰੈਕਚਰ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਪੈਰ ’ਤੇ ਪਲਸਤਰ ਲਗਾ ਦਿੱਤਾ ਗਿਆ ਸੀ।

ਸੰਦੀਪ ਪਾਠਕ ਨੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਉਂਦੀ 20 ਨਵੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਚਾਰੇ ਸੀਟਾਂ ’ਤੇ ਹਰ ਹਾਲਤ ਵਿਚ ਜਿੱਤ ਹਾਸਲ ਕਰਨਾ ਚਾਹੁੰਦੀ ਹੈ। ਜਿਸ ਦੇ ਚਲਦਿਆਂ ‘ਆਪ’ ਦੇ ਸੰਗਠਨ ਸਕੱਤਰ ਸੰਦੀਪ ਪਾਠਕ ਵੱਲੋਂ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਮਾਝਾ ਅਤੇ ਦੋਆਬੇ ਨਾਲ ਸਬੰਧਤ ਆਗੂ ਸ਼ਾਮਲ ਹੋਏ ਅਤੇ ਮੀਟਿੰਗ ਦੌਰਾਨ ਚੋਣ ਪ੍ਰਚਾਰ ’ਚ ਤੇਜੀ ਲਿਆਉਣ ਲਈ ਰਣਨੀਤੀ ਬਣਾਈ ਗਈ। ਸੱਤਾਧਾਰੀ ਧਿਰ ਵੱਲੋਂ ਇਨ੍ਹਾਂ ਜ਼ਿਮਨੀ ਚੋਣਾਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਆਉਂਦੇ ਦਿਨਾਂ ’ਚ ਪੰਜਾਬ ’ਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਵੀ ਹੋਣੀਆਂ ਹਨ। ਜਦਕਿ ਅਗਲੇ ਸਾਲ ਫਰਵਰੀ ਤੱਕ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਹਨ। ਜੇਕਰ ਪਾਰਟੀ ਜ਼ਿਮਨੀ ਚੋਣਾਂ ਦੌਰਾਨ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਇਸ ਅਸਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਦੇਖਣ ਨੂੰ ਮਿਲੇਗਾ।

 

ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਨੇ ਚੋਣ ਕਮਿਸ਼ਨ ਨੂੰ ਭੇਜਿਆ ਨੋਟਿਸ ਦਾ ਜਵਾਬ

ਚੰਡੀਗੜ੍ਹ/ਬਿਊਰੋ ਨਿਊਜ਼ : ਚੋਣ ਕਮਿਸ਼ਨ ਵੱਲੋਂ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜ ਰਹੇ ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਢਿੱਲੋਂ ਨੂੰ ਇਸ ਨੋਟਿਸ ਦਾ ਜਵਾਬ 24 ਘੰਟੇ ਅੰਦਰ ਦਾਖਲ ਕਰਨ ਲਈ ਕਿਹਾ ਗਿਆ ਹੈ ਅਤੇ ਢਿੱਲੋਂ ਖਿਲਾਫ਼ ਕਾਂਗਰਸ ਪਾਰਟੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕਾਂਗਰਸ ਪਾਰਟੀ ਦਾ ਆਰੋਪ ਹੈ ਕਿ ‘ਆਪ’ ਉਮੀਦਵਾਰ ਢਿੱਲੋਂ ਵੱਲੋਂ ਛਪਵਾਏ ਗਏ ਪੋਸਟਰਾਂ ’ਤੇ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਦੀ ਫੋਟੋ ਲਗਾਈ ਹੈ ਅਤੇ ਇਨ੍ਹਾਂ ਦੋਵੇਂ ਆਗੂਆਂ ਦੇ ਚਿਹਰਿਆਂ ’ਤੇ ਕਰਾਸ ਦਾ ਨਿਸ਼ਾਨ ਲਗਾਇਆ ਗਿਆ ਹੈ। ਰਿਟਰਨਿੰਗ ਅਫ਼ਸਰ ਨੇ ਨੋਟਿਸ ਜਾਰੀ ਕਰਦੇ ਹੋਏ ਕਿਹਾ ਕਿ ਬਿਨਾ ਮਨਜ਼ੂਰੀ ਤੋਂ ਪੋਸਟਰਾਂ ’ਤੇ ਤਸਵੀਰ ਨਹੀਂ ਲਗਾਈ ਜਾ ਸਕਦੀ ਅਤੇ ਅਜਿਹੇ ਪੋਸਟਰਾਂ ਨੂੰ ਤੁੰਰਤ ਹਟਾਉਣ ਦਾ ਹੁਕਮ ਦਿੱਤਾ ਗਿਆ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ‘ਆਪ’ ਉਮੀਦਵਾਰ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਨੂੰ ਨੋਟਿਸ ਭੇਜਿਆ ਗਿਆ ਸੀ ਅਤੇ ਦੋਵੇਂ ਆਗੂਆਂ ਵੱਲੋਂ ਚੋਣ ਕਮਿਸ਼ਨ ਨੂੰ ਆਪਣਾ-ਆਪਣਾ ਜਵਾਬ ਭੇਜ ਦਿੱਤਾ ਗਿਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.