Friday, 19 June 2026

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਰਹੇ ਮੌਜੂਦ

ਚੰਡੀਗੜ੍ਹ/ਬਿਊਰੋ ਨਿਊਜ਼ : ਮਿਸ਼ਨ ਰੁਜ਼ਗਾਰ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਪੁਲਿਸ ਵਿਚ ਭਰਤੀ ਹੋਏ 1205 ਉਮੀਦਵਾਰਾਂ ਨੂੰ ਚੰਡੀਗੜ੍ਹ ਸਥਿਤ ਟੈਗੋਰ ਥੀਏਟਰ ਵਿਚ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਢਾਈ ਸਾਲਾਂ ਦੌਰਾਨ 48 ਹਜ਼ਾਰ ਤੋਂ ਵੱਧ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਾਫ਼ ਸੁਥਰੇ ਅਤੇ ਪਾਰਦਰਸ਼ ਤਰੀਕੇ ਨਾਲ ਭਰਤੀ ਕੀਤੀ ਗਈ ਅਤੇ ਅਸੀਂ ਨਵੇਂ ਨਿਯੁਕਤ ਹੋਏ ਉਮੀਦਵਾਰਾਂ ਤੋਂ ਵੀ ਉਮੀਦ ਕਰਦੇ ਹਾਂ ਕਿ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਨਗੇ। ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਪੁਲਿਸ ਨੂੰ ਅਪਡੇਟ ਅਤੇ ਹਾਈਟੈਕ ਬਣਾਉਣ ਲਈ 10 ਹਜ਼ਾਰ ਤੋਂ ਜ਼ਿਆਦਾ ਹੋਰ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦ ਸੂਬਾ ਹੈ, ਜਿਸ ਕਾਰਨ ਪੰਜਾਬ ਪੁਲਿਸ ਨੂੰ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

 

ਵਧੇ ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨ ਸਰਕਾਰ ਨੇ ਲਿਆ ਫੈਸਲਾ

ਅਟਾਰੀ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਵਧ ਰਹੇ ਹਵਾ ਕਾਰਨ ਪਾਕਿਸਤਾਨ ਸਰਕਾਰ ਨੇ ਅੱਜ 16 ਨਵੰਬਰ ਤੋਂ ਲੈ ਕੇ 24 ਨਵੰਬਰ ਤੱਕ ਮੁਕੰਮਲ ਤੌਰ ’ਤੇ ਮੁਲਤਾਨ ਅਤੇ ਲਾਹੌਰ ਅੰਦਰ ਲਾਕਡਾਊਨ ਲਗਾ ਦਿੱਤਾ ਹੈ। ਪਾਕਿਸਤਾਨੀ  ਪੰਜਾਬ ਦੇ ਵਾਤਾਵਰਨ ਸਾਂਭ ਸੰਭਾਲ ਮਹਿਕਮੇ ਵਲੋਂ ਜਾਰੀ ਕੀਤੇ ਗਏ ਹੁਕਮ ਵਿੱਚ ਦੱਸਿਆ ਗਿਆ ਹੈ ਕਿ ਇਹ ਲਾਕਡਾਊਨ ਕੋਰੋਨਾ ਦੀ ਤਰ੍ਹਾਂ ਹੋਵੇਗਾ। ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਘਰ ਬੈਠੇ ਹੀ ਆਨਲਾਈਨ ਪੜ੍ਹਾਈ ਕਰਨਗੇ ਤੇ ਇਸ ਦੇ ਨਾਲ ਹੀ ਹਾਈ ਪਾਵਰ ਵਾਹਨ ਤੇ ਇੱਟਾਂ ਦੇ ਭੱਠੇ ਬੰਦ ਰੱਖੇ ਜਾਣਗੇ ਤੇ ਹੋਟਲ ਰੈਸਟੋਰੈਂਟ ਦੁਕਾਨਾਂ ਸ਼ਾਮ ਚਾਰ ਵਜੇ ਤੱਕ ਖੁੱਲ੍ਹਿਆ ਕਰਨਗੀਆਂ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਇਸ ਲਾਕਡਾਊਨ ਵਿਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਉਸਾਰੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਸੇਵਾਵਾਂ ਲਈ ਐਮਰਜੈਂਸੀ ਵਾਲੇ ਵਹੀਕਲ ਨੂੰ ਆਉਣ ਜਾਣ ਲਈ ਕੋਈ ਵੀ ਕਿਸੇ ਤਰ੍ਹਾਂ ਦੀ ਮਨਾਹੀ ਨਹੀਂ ਹੋਵੇਗੀ।

ਕਿਹਾ : ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਖੋਅ ਦਿੱਤਾ ਹੈ ਪ੍ਰਮਾਤਮਾ ਉਨ੍ਹਾਂ ਨੂੰ ਦੁੱਖ ਸਹਿਨ ਕਰਨ ਦੀ ਸ਼ਕਤੀ ਦੇਵੇ

ਝਾਂਸੀ/ਬਿਊਰੋ ਨਿੳਜ਼ : ਉਤਰ ਪ੍ਰਦੇਸ਼ ਦੇ ਝਾਂਸੀ ’ਚ ਰਾਣੀ ਲਕਸ਼ਮੀ ਬਾਈ ਹਸਪਤਾਲ ਵਿਚ ਹੋਈ 10 ਬੱਚਿਆਂ ਦੀ ਮੌਤ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਉਤਰ ਪ੍ਰਦੇਸ਼ ’ਚ ਝਾਂਸੀ ਦੇ ਮੈਡੀਕਲ ਕਾਲਜ ’ਚ ਅੱਗ ਲੱਗਣ ਕਾਰਨ ਵਾਪਰੇ ਹਾਦਸੇ ਨੇ ਦਿਲ ਨੂੰ ਹਲੂਣ ਕੇ ਰੱਖ ਦਿੱਤਾ ਹੈ। ਇਸ ਹਾਦਸੇ ਦੌਰਾਨ ਜਿਨ੍ਹਾਂ ਨੇ ਆਪਣੇ ਮਾਸੂਮ ਬੱਚਿਆਂ ਨੂੰ ਖੋਅ ਦਿੱਤਾ ਹੈ, ਉਨ੍ਹਾਂ ਪ੍ਰਤੀ ਮੈਂ ਦਿਲੋਂ ਦੁੱਖ ਪ੍ਰਗਟ ਕਰਦਾ ਹਾਂ ਅਤੇ ਈਸ਼ਵਰ ਉਨ੍ਹਾਂ ਨੂੰ ਦੁੱਖ ਸਹਿਨ ਕਰਨ ਦੀ ਸ਼ਕਤੀ ਦੇਵੇ। ਉਧਰ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਕਿਹਾ 10 ਨਵਜਨਮੇ ਬੱਚਿਆਂ ਦੀ ਮੌਤ ਨੇ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਜ਼ਿੰਮੇਵਾਰ ਵਿਅਕਤੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਹਾਦਸੇ ਦੌਰਾਨ ਮਾਰੇ ਗਏ ਨਵਜੰਮੇ ਬੱਚਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਜਦਕਿ ਜ਼ਖਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

39 ਬੱਚਿਆਂ ਨੂੰ ਖਿੜਕੀਆਂ ਤੋੜ ਕੇ ਸੁਰੱਖਿਅਤ ਕੱਢਿਆ ਬਾਹਰ

ਝਾਂਸੀ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੇ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਦੇ ਬੱਚਾ ਵਾਰਡ ਵਿੱਚ ਲੰਘੀ ਦੇਰ ਅੱਗ ਲੱਗਣ ਕਾਰਨ 10 ਬੱਚਿਆਂ ਦੀ ਮੌਤ ਹੋ ਗਈ। ਜਦਕਿ ਵਾਰਡ ਦੀ ਖਿੜਕੀ ਤੋੜ ਕੇ 39 ਬੱਚਿਆਂ ਸੁਰੱਖਿਅਤ ਬਾਹਰ ਕੱਢਿਆ ਗਿਆ। ਰਾਤ 10 ਵਜੇ ਆਕਸੀਜਨ ਕੰਸੈਂਟਰ ’ਚ ਸਪਾਰਕਿੰਗ ਕਾਰਨ ਅੱਗ ਲੱਗ ਗਈ ਅਤੇ ਫਿਰ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਅੱਗ ਪੂਰੇ ਵਾਰਡ ’ਚ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿ੍ਰਗੇਡ ਦੀਆਂ 6 ਗੱਡੀਆਂ ਨੇ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਹਾਦਸੇ ਤੋਂ ਬਾਅਦ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਉਚ ਪੱਧਰੀ ਮੀਟਿੰਗ ਕੀਤੀ ਅਤੇ ਉਨ੍ਹਾਂ ਘਟਨਾ ਸਬੰਧੀ ਡੀਆਈਜੀ ਨੂੰ 12 ਘੰਟਿਆਂ ’ਚ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ। ਝਾਂਸੀ ਪਹੁੰਚੇ ਸਿਹਤ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਕਿ ਹਾਦਸੇ ਦੀ ਤਿੰਨ ਪੱਧਰ ’ਤੇ ਜਾਂਚ ਕੀਤੀ ਜਾਵੇਗੀ। ਪਹਿਲੀ ਜਾਂਚ ਸਿਹਤ ਵਿਭਾਗ ਵੱਲੋਂ ਕੀਤੀ ਜਾਵੇਗੀ, ਦੂਜੀ ਪੁਲਿਸ ਵਿਭਾਗ ਵੱਲੋਂ ਅਤੇ ਤੀਜੀ ਜਾਂਚ ਮੈਜਿਸਟ੍ਰੇਟ ਪੱਧਰ ’ਤੇ ਕੀਤੀ ਜਾਵੇਗੀ। ਜੇਕਰ ਕੋਈ ਕੁਤਾਹੀ ਪਾਈ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.