Friday, 19 June 2026

ਝਾਰਖੰਡ ’ਚ ਝਾਰਖੰਡ ਮੁਕਤੀ ਮੋਰਚਾ 51 ਸੀਟਾਂ ’ਤੇ ਅੱਗੇ

ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੀਆਂ 288 ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਆਏ ਰੁਝਾਨਾਂ ਅਨੁਸਾਰ ਮਹਾਰਾਸ਼ਟਰ ’ਚ ਭਾਰਤੀ ਜਨਤਾ ਪਾਰਟੀ 200 ਸੀਟਾਂ ’ਤੇ ਅੱਗੇ ਚੱਲ ਰਹੀ ਹੈ।  ਜਦਕਿ ਕਾਂਗਰਸੀ ਗੱਠਜੋੜ ਪਿਛੜਦਾ ਹੋਇਆ ਨਜ਼ਰ ਆਇਆ ਰਿਹਾ ਅਤੇ ਕਾਂਗਰਸ ਪਾਰਟੀ ਨੇ 55 ਸੀਟਾਂ ’ਤੇ ਲੀਡ ਬਣਾਈ ਹੋਈ ਹੈ। ਉਧਰ ਮੁੰਬਈ ਵਿਚ ਮੁੱਖ ਮੰਤਰੀ ਏਕਨਾਥ ਛਿੰਦੇ ਅਤੇ ਡਿਪਟੀ  ਸੀਐਮ ਅਜੀਤ ਪਵਾਰ ਵੀ ਅੱਗੇ ਚੱਲ ਰਹੇ ਹਨ। ਉਧਰ ਝਾਰਖੰਡ ਦੀਆਂ 81 ਸੀਟਾਂ ਲਈ ਦੋ ਗੇੜਾਂ ਵਿਚ ਪਈਆਂ ਵੋਟਾਂ ਲਈ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ ਝਾਰਖੰਡ ਮੁਕਤੀ ਮੋਰਚਾ ਗੱਠਜੋੜ ਨੂੰ 51 ਸੀਟਾਂ ’ਤੇ ਅੱਗੇ ਚੱਲ ਰਹੀ ਹੈ ਅਤੇ ਇਹ ਅੰਕੜਾ ਬਹੁਮਤ ਲਈ ਜ਼ਰੂਰੀ 41 ਸੀਟਾਂ ਨਾਲੋਂ 10 ਸੀਟਾਂ ਜ਼ਿਆਦਾ ਹਨ ਜਦਕਿ ਭਾਰਤੀ ਜਨਤਾ ਪਾਰਟੀ ਗੱਠਜੋੜ 28 ਸੀਟਾਂ ’ਤੇ ਅੱਗੇ ਰਹੀ ਹੈ ਜਦਕਿ ਫਾਈਨਲ ਨਤੀਜੇ ਆਉਣੇ ਹਾਲੇ ਬਾਕੀ ਹਨ।

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਮੰਚ ਤੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਸਾਡੀ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਜਦਕਿ ਚੰਡੀਗੜ੍ਹ ਪ੍ਰਸ਼ਾਸਨ ਵੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਫੈਸਲੇ ਲੈਣ ਦਾ ਚੰਗਾ ਤਜਰਬਾ ਹੈ ਕਿਉਂਕਿ ਉਹ ਵਿਧਾਇਕ, ਮੰਤਰੀ ਅਤੇ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਇਹ ਤਜ਼ਰਬਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਫਾਇਦੇਮੰਦ ਸਾਬਤ ਹੋ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਜ਼ਿਲ੍ਹੇ ਦੇ ਡੇਰਾਬਸੀ ਦੇ ਮੁਬਾਰਕਪੁਰ ਵਿਖੇ ਜੈਨ ਸਮਾਜ ਵੱਲੋਂ ਆਯੋਜਿਤ ਕੀਤੇ ਗਏ ਸਮਾਰੋਹ ਦੌਰਾਨ ਆਖੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਸ਼ਤੇ ਕੋਈ ਬਹੁਤੇ ਵਧੀਆ ਨਹੀਂ ਸਨ।

23 ਨਵੰਬਰ ਨੂੰ ਐਲਾਨੇ ਜਾਣਗੇ ਜ਼ਿਮਨੀ ਚੋਣਾਂ ਦੇ ਨਤੀਜੇ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਤੇ ਹੋਈ ਜ਼ਿਮਨੀ ਚੋਣ ਲਈ 20 ਨਵੰਬਰ ਨੂੰ ਵੋਟਾਂ ਪਾਈਆਂ ਗਈਆਂ। ਇਨ੍ਹਾਂ ਜ਼ਿਮਨੀ ਚੋਣਾਂ ਦੇ ਨਤੀਜੇ ਆਉਂਦੀ 23 ਨਵੰਬਰ ਦਿਨ ਸ਼ਨੀਵਾਰ ਨੂੰ ਐਲਾਨੇ ਜਾਣਗੇ ਅਤੇ ਪਈਆਂ ਵੋਟਾਂ ਦੀ ਗਿਣਤੀ ਲਈ ਚਾਰ ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਲੰਘੀ 20 ਨਵੰਬਰ ਨੂੰ ਸ਼ਾਮ 6 ਵਜੇ ਤੱਕ ਚਾਰ ਸੀਟਾਂ ’ਤੇ 63 ਫੀਸਦੀ ਵੋਟਿੰਗ ਹੋਈ ਸੀ ਅਤੇ ਇਸ ਸਬੰਧੀ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਸਿਬਿਨ ਸੀ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅੰਕੜਿਆ ਅਨੁਸਾਰ ਸਭ ਤੋਂ ਜ਼ਿਆਦਾ 81 ਫੀਸਦੀ ਵੋਟਿੰਗ ਗਿੱਦੜਬਾਹਾ ਵਿਧਾਨ ਸਭਾ ਹਲਕੇ ’ਚ ਹੋਈ। ਜਦਕਿ ਡੇਰਾ ਬਾਬਾ ਨਾਨਕ ’ਚ 63 ਫੀਸਦੀ, ਬਰਨਾਲਾ ’ਚ 54 ਫੀਸਦੀ ਅਤੇ ਚੱਬੇਵਾਲ ’ਚ 53 ਫੀਸਦੀ ਵੋਟਿੰਗ ਹੋਈ। ਵੋਟਿੰਗ ਦੇ ਇਨ੍ਹਾਂ ਅੰਕੜਿਆਂ ਨੂੰ ਸਿਆਸੀ ਮਾਹਿਰਾਂ ਵੱਲੋਂ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।  

ਕਾਂਗਰਸ ਪਾਰਟੀ ਨੇ ਮਾਨ ਸਰਕਾਰ ’ਤੇ ਗੁੰਡਾਗਰਦੀ ਕਰਨ ਦਾ ਲਗਾਇਆ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਅੱਜ ਵੋਟਾਂ ਪਾਈਆਂ ਗਈਆਂ। ਅੱਜ ਹੋਈ ਵੋਟਿੰਗ ਦੌਰਾਨ ਡੇਰਾ ਬਾਬਾ ਨਾਨਕ ’ਚ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ। ਉਨ੍ਹਾਂ ਨੂੰ ਸ਼ਾਂਤ ਕਰਨ ਲਈ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ। ਜਦਕਿ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਰੋਪ ਲਗਾਇਆ ਕਿ ਵੋਟਿੰਗ ਦੌਰਾਨ ਭਗਵੰਤ ਮਾਨ ਸਰਕਾਰ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਧਰ ਬਰਨਾਲਾ ਵਿਖੇ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰ ਇਕ-ਦੂਜੇ ਖਿਲਾਫ਼ ਖੜ੍ਹੇ ਨਜ਼ਰ ਆਏ ਅਤੇ ਉਨ੍ਹਾਂ ਵੀ ਸੱਤਾਧਾਰੀ ਧਿਰ ’ਤੇ ਧੱਕੇਸ਼ਾਹੀ ਕਰਨ ਦਾ ਆਰੋਪ ਲਗਾਇਆ। ਇਸੇ ਤਰ੍ਹਾਂ ਚੱਬੇਵਾਲ ਅਤੇ ਗਿੱਦੜਬਾਹਾ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਇਕ-ਦੂਜੇ ਨਾਲ ਬਹਿਸ ਕਰਦੇ ਹੋਏ ਦੇਖੇ ਗਏ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.