Thursday, 18 June 2026

ਕੰਗਣਾ ਨੇ ਤਿੰਨ ਖੇਤੀ ਕਾਨੂੰਨ ਮੁੜ ਲਿਆਉਣ ਦੀ ਕਹੀ ਸੀ ਗੱਲ

ਨਵੀਂ ਦਿੱਲੀ/ਬਿਊਰੋ ਨਿਊਜ਼

ਕੰਗਨਾ ਰਣੌਤ ਨੇ ਤਿੰਨ ਖੇਤੀ ਕਾਨੂੰਨਾਂ ਬਾਰੇ ਦਿੱਤਾ ਆਪਣਾ ਬਿਆਨ ਵਾਪਸ ਲੈ ਲਿਆ ਹੈ। ਕੰਗਣਾ ਨੇ ਕਿਹਾ ਕਿ ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ ਅਤੇ ਮੇਰੇ ਸ਼ਬਦਾਂ ਤੇ ਸੋਚ ਨਾਲ ਜੇ ਕਿਸੇ ਨੂੰ ਵੀ ਠੇਸ ਪੁੱਜੀ ਹੈ, ਤਾਂ ਮੈਨੂੰ ਉਸ ਗੱਲ ਲਈ ਅਫਸੋਸ ਹੈ। ਕੰਗਨਾ ਨੇ ਕਿਹਾ ਕਿ ਮੇਰੇ ਬਿਆਨ ਤੋਂ ਬਹੁਤ ਸਾਰੇ ਲੋਕ ਨਿਰਾਸ਼ ਹਨ। ਇਸਦੇ ਨਾਲ ਹੀ ਮੈਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਮੈਂ ਹੁਣ ਇਕ ਕਲਾਕਾਰ ਨਹੀਂ ਬਲਕਿ ਭਾਜਪਾ ਦੀ ਵਰਕਰ ਹਾਂ ਅਤੇ ਮੇਰੇ ਵਿਚਾਰ ਆਪਣੇ ਨਹੀਂ, ਸਗੋਂ ਪਾਰਟੀ ਦਾ ਸਟੈਂਡ ਹੋਣੇ ਚਾਹੀਦੇ ਹਨ। ਧਿਆਨ ਰਹੇ ਕਿ ਕੰਗਣਾ ਰਣੌਤ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦੀ ਮੰਗ ਉਠਾਈ ਸੀ ਅਤੇ ਭਾਜਪਾ ਦੇ ਵੱਡੇ ਆਗੂਆਂ ਵਲੋਂ ਵੀ ਕੰਗਣਾ ਦੇ ਇਸ ਬਿਆਨ ਦੀ ਅਲੋਚਨਾ ਕੀਤੀ ਗਈ ਸੀ।

 

 

 

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ’ਚ ਵੋਟਾਂ ਦੀ ਤਰੀਕ ਨੇੜੇ ਆਉਣ ਦੇ ਨਾਲ ਹੀ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨੇ ਇਕ-ਦੂਜੇ ’ਤੇ ਸਿਆਸੀ ਹਮਲੇ ਤੇਜ਼ ਕਰ ਦਿੱਤੇ ਹਨ। ਪੰਜਾਬ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ ਇਕਜੁੱਟ ਹੋ ਕੇ ਲੜ ਰਹੀ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਸੀਨੀਅਰ ਆਬਜ਼ਰਵਰ ਵਜੋਂ ਨਿਯੁਕਤ ਕੀਤੇ ਗਏ ਬਾਜਵਾ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਕੁਝ ਆਗੂਆਂ ਵੱਲੋਂ ਮੁੱਖ ਮੰਤਰੀ ਬਣਨ ਦੀ ਇੱਛਾ ਜ਼ਾਹਰ ਕਰਨ ਨਾਲ ਸੱਤਾਧਾਰੀ ਪਾਰਟੀ ਵਿੱਚ ਫੁੱਟ ਪੈ ਗਈ ਹੈ। ਬਾਜਵਾ ਨੇ ਹਰਿਆਣਾ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੇ ਕੁਸ਼ਾਸ਼ਨ ਖਿਲਾਫ ਵੋਟ ਪਾਉਣ। ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਕਜੁੱਟ ਹੈ ਅਤੇ ਅਸੀਂ ਸਾਰੇ ਭਾਜਪਾ ਨੂੰ ਉਖਾੜਨ ਲਈ ਇਕਮੁੱਠ ਹੋ ਕੇ ਸਿਆਸੀ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਵੱਡੀ ਜਿੱਤ ਦਰਜ ਕਰੇਗੀ ਕਿਉਂਕਿ ਲੋਕ ਭਾਜਪਾ ਦੇ 10 ਸਾਲਾਂ ਦੇ ਕੁਸ਼ਾਸਨ ਵਿਰੁੱਧ ਵੋਟ ਪਾਉਣਗੇ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਆਉਂਦੀ 5 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣੇ ਹਨ।    

 

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੇਂਦਰ ਕਰੇਗਾ ਕਾਰਵਾਈ

ਚੰਡੀਗੜ੍ਹ/ਬਿਊਰੋ ਨਿਊਜ਼ 

ਦਿੱਲੀ-ਐਨ.ਸੀ.ਆਰ. ਵਿਚ ਆਉਣ ਵਾਲੇ ਦਿਨਾਂ ਦੌਰਾਨ ਵਧਣ ਵਾਲੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਕੇਂਦਰ ਵਲੋਂ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਲਈ ਸਖਤ ਹੁਕਮ ਜਾਰੀ ਕਰਕੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ ਕਾਰਜਯੋਜਨਾ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਦਫਤਰ ਵਿਚ ਪ੍ਰਧਾਨ ਮੰਤਰੀ ਦੇ ਪਿ੍ਰੰਸੀਪਲ ਸੈਕਟਰੀ ਡਾ. ਪੀ ਕੇ ਮਿਸ਼ਰਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਵੀ ਹੋਈ ਹੈ। ਇਸ ਮੀਟਿੰਗ ਦੌਰਾਨ ਮਿਸ਼ਰਾ ਵਲੋਂ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਐਕਸ਼ਨ ਪਲਾਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਉਸਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ। ਇਸਦੇ ਚੱਲਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਤੇ ਪੈਨਲਟੀ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

 

ਚੰਡੀਗੜ੍ਹ : ਭਾਰਤ ਤਿੱਬਤ ਸੀਮਾ ਪੁਲਿਸ ਦੇ ਸਾਬਕਾ ਸੈਨਿਕਾਂ ਦੀ ਕਾਨਫਰੰਸ ਵਿਚ 1962 ’ਚ ਗਠਿਤ ਫੋਰਸ ਦੇ ਪਹਿਲੇ ਬੈਚ ਦੇ ਜਵਾਨ ਤੇਜਾ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਹੀ 1966 ਵਿਚ ਆਈਟੀਬੀਪੀ ਦੇ ਪਹਿਲੇ ਬੈਚ ਦੇ ਅਧਿਕਾਰੀ ਐਨ.ਕੇ. ਮਿਸ਼ਰਾ ਨੂੰ ਵੀ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ’ਚ ਆਲ ਇੰਡੀਆ ਈਸਟ ਇੰਡੋ-ਤਿੱਬਤ ਬਾਰਡਰ ਪੁਲਿਸ ਫੋਰਸ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਕਾਨਫਰੰਸ ਵਿੱਚ ਦੇਸ਼ ਭਰ ਦੇ ਸਾਬਕਾ ਸੈਨਿਕਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ’ਤੇ ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਆਈਜੀ ਐਮ.ਐਸ. ਭੁਰਜੀ ਨੇ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਇਸ ਸਮੇਂ ਦੇਸ਼ ਦਾ ਵੱਡਾ ਅਰਧ ਸੈਨਿਕ ਕਲਿਆਣ ਸੰਗਠਨ ਹੈ। ਉਨ੍ਹਾਂ ਨੇ ਵਿਸਥਾਰ ਵਿਚ ਐਸੋਸੀਏਸ਼ਨ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸਾਬਕਾ ਆਈਜੀ ਕੇ.ਐਸ. ਬਾਜਵਾ ਨੇ ਦੱਸਿਆ ਕਿ ਸੰਗਠਨ ਨੇ ਦੇਸ਼ ਭਰ ਵਿਚ 12 ਸਥਾਨਾਂ ’ਤੇ ਸਾਬਕਾ ਸੈਨਿਕ ਸੰਮੇਲਣ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਹੈ। ਸਮਾਗਮ ਵਿਚ ਪੱਛਮੀ ਫਰੰਟੀਅਰ ਦੇ ਐਡੀਸ਼ਨਲ ਜਨਰਲ ਸਕੱਤਰ ਸੰਜੀਵ ਰੈਣਾ ਨੇ ਲੱਦਾਖ ਅਤੇ ਕਸ਼ਮੀਰ ਵਿਚ ਸ੍ਰੀ ਭੁਰਜੀ, ਸ੍ਰੀ ਬਾਜਵਾ ਅਤੇ ਹੋਰ ਅਫਸਰਾਂ ਤੋਂ ਲਈ ਗਈ ਟ੍ਰੇਨਿੰਗ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਅੱਜ ਜਿਸ ਮੁਕਾਮ ’ਤੇ ਹੈ, ਉਹ ਇਸੇ ਪ੍ਰੀਖਿਆ ਦਾ ਨਤੀਜਾ ਹੈ। ਸੰਗਠਨ ਦੇ ਮੀਤ ਪ੍ਰਧਾਨ ਸਾਬਕਾ ਕਮਾਂਡੈਂਟ ਦੇਸ ਰਾਜ ਸ਼ਰਮਾ, ਸਾਬਕਾ ਡੀਆਈਜੀ ਐਨ.ਕੇ. ਮਿਸ਼ਰਾ, ਹਰਭਜਨ ਸਿੰਘ, ਆਈ.ਜੀ. ਪ੍ਰੇਮ ਸਿੰਘ ਨੇ ਵੀ ਸਮਾਗਮ ਵਿਚ ਆਪਣੇ ਵਿਚਾਰ ਰੱਖੇ। ਸਾਬਕਾ ਸੈਨਿਕਾਂ ਨੇ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਅਤੇ ਸੰਗਠਨ ਤੋਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਉਚ ਅਧਿਕਾਰੀਆਂ ਨਾਲ ਮਿਲ ਕੇ ਕਰਾਇਆ ਜਾਏ। ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਬਾਰੇ ਕਈ ਵਾਰ ਡਾਇਰੈਕਟਰ ਜਨਰਲ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਕੁਝ ਮੁੱਦਿਆਂ ਦਾ ਹੱਲ ਨਿਕਲ ਆਇਆ ਹੈ ਅਤੇ ਕੁਝ ’ਤੇ ਵਿਚਾਰ ਚੱਲ ਰਿਹਾ ਹੈ। ਸਮਾਗਮ ਦੌਰਾਨ ਸਾਬਕਾ ਡਾਇਰੈਕਟਰ ਜਨਰਲ ਗੌਤਮ ਕੌਲ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।  1965 ਬੈਚ ਦੇ ਆਈਪੀਐਸ ਸ੍ਰੀ ਕੌਲ ਦਾ ਹਾਲ ਹੀ ਵਿਚ ਦਿੱਲੀ ’ਚ ਦਿਹਾਂਤ ਹੋ ਗਿਆ ਸੀ।   

 

 

 

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.