ਚੰਡੀਗੜ੍ਹ : ਭਾਰਤ ਤਿੱਬਤ ਸੀਮਾ ਪੁਲਿਸ ਦੇ ਸਾਬਕਾ ਸੈਨਿਕਾਂ ਦੀ ਕਾਨਫਰੰਸ ਵਿਚ 1962 ’ਚ ਗਠਿਤ ਫੋਰਸ ਦੇ ਪਹਿਲੇ ਬੈਚ ਦੇ ਜਵਾਨ ਤੇਜਾ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਹੀ 1966 ਵਿਚ ਆਈਟੀਬੀਪੀ ਦੇ ਪਹਿਲੇ ਬੈਚ ਦੇ ਅਧਿਕਾਰੀ ਐਨ.ਕੇ. ਮਿਸ਼ਰਾ ਨੂੰ ਵੀ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ’ਚ ਆਲ ਇੰਡੀਆ ਈਸਟ ਇੰਡੋ-ਤਿੱਬਤ ਬਾਰਡਰ ਪੁਲਿਸ ਫੋਰਸ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਕਾਨਫਰੰਸ ਵਿੱਚ ਦੇਸ਼ ਭਰ ਦੇ ਸਾਬਕਾ ਸੈਨਿਕਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ’ਤੇ ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਆਈਜੀ ਐਮ.ਐਸ. ਭੁਰਜੀ ਨੇ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਇਸ ਸਮੇਂ ਦੇਸ਼ ਦਾ ਵੱਡਾ ਅਰਧ ਸੈਨਿਕ ਕਲਿਆਣ ਸੰਗਠਨ ਹੈ। ਉਨ੍ਹਾਂ ਨੇ ਵਿਸਥਾਰ ਵਿਚ ਐਸੋਸੀਏਸ਼ਨ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸਾਬਕਾ ਆਈਜੀ ਕੇ.ਐਸ. ਬਾਜਵਾ ਨੇ ਦੱਸਿਆ ਕਿ ਸੰਗਠਨ ਨੇ ਦੇਸ਼ ਭਰ ਵਿਚ 12 ਸਥਾਨਾਂ ’ਤੇ ਸਾਬਕਾ ਸੈਨਿਕ ਸੰਮੇਲਣ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਹੈ। ਸਮਾਗਮ ਵਿਚ ਪੱਛਮੀ ਫਰੰਟੀਅਰ ਦੇ ਐਡੀਸ਼ਨਲ ਜਨਰਲ ਸਕੱਤਰ ਸੰਜੀਵ ਰੈਣਾ ਨੇ ਲੱਦਾਖ ਅਤੇ ਕਸ਼ਮੀਰ ਵਿਚ ਸ੍ਰੀ ਭੁਰਜੀ, ਸ੍ਰੀ ਬਾਜਵਾ ਅਤੇ ਹੋਰ ਅਫਸਰਾਂ ਤੋਂ ਲਈ ਗਈ ਟ੍ਰੇਨਿੰਗ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਅੱਜ ਜਿਸ ਮੁਕਾਮ ’ਤੇ ਹੈ, ਉਹ ਇਸੇ ਪ੍ਰੀਖਿਆ ਦਾ ਨਤੀਜਾ ਹੈ। ਸੰਗਠਨ ਦੇ ਮੀਤ ਪ੍ਰਧਾਨ ਸਾਬਕਾ ਕਮਾਂਡੈਂਟ ਦੇਸ ਰਾਜ ਸ਼ਰਮਾ, ਸਾਬਕਾ ਡੀਆਈਜੀ ਐਨ.ਕੇ. ਮਿਸ਼ਰਾ, ਹਰਭਜਨ ਸਿੰਘ, ਆਈ.ਜੀ. ਪ੍ਰੇਮ ਸਿੰਘ ਨੇ ਵੀ ਸਮਾਗਮ ਵਿਚ ਆਪਣੇ ਵਿਚਾਰ ਰੱਖੇ। ਸਾਬਕਾ ਸੈਨਿਕਾਂ ਨੇ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਅਤੇ ਸੰਗਠਨ ਤੋਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਉਚ ਅਧਿਕਾਰੀਆਂ ਨਾਲ ਮਿਲ ਕੇ ਕਰਾਇਆ ਜਾਏ। ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਬਾਰੇ ਕਈ ਵਾਰ ਡਾਇਰੈਕਟਰ ਜਨਰਲ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਕੁਝ ਮੁੱਦਿਆਂ ਦਾ ਹੱਲ ਨਿਕਲ ਆਇਆ ਹੈ ਅਤੇ ਕੁਝ ’ਤੇ ਵਿਚਾਰ ਚੱਲ ਰਿਹਾ ਹੈ। ਸਮਾਗਮ ਦੌਰਾਨ ਸਾਬਕਾ ਡਾਇਰੈਕਟਰ ਜਨਰਲ ਗੌਤਮ ਕੌਲ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। 1965 ਬੈਚ ਦੇ ਆਈਪੀਐਸ ਸ੍ਰੀ ਕੌਲ ਦਾ ਹਾਲ ਹੀ ਵਿਚ ਦਿੱਲੀ ’ਚ ਦਿਹਾਂਤ ਹੋ ਗਿਆ ਸੀ।


