Thursday, 18 June 2026

ਕਾਂਗਰਸੀਆਂ ਨੇ ਰਵਨੀਤ ਬਿੱਟੂ ਖਿਲਾਫ ਚੁੱਕਿਆ ਝੰਡਾ

ਚੰਡੀਗੜ੍ਹ/ਬਿਊਰੋ ਨਿਊਜ਼ 

ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਰਾਹੁਲ ਗਾਂਧੀ ਖਿਲਾਫ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ। ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਰਵਨੀਤ ਬਿੱਟੂ ’ਤੇ ਸਵਾਲ ਚੁੱਕੇ ਜਾ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਅਹਿਸਾਨ ਫਰਾਮੋਸ ਦੱਸਿਆ ਹੈ। ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਟਿਕਟ ’ਤੇ ਬਿੱਟੂ ਤਿੰਨ ਵਾਰ ਸੰਸਦ ਮੈਂਬਰ ਰਹੇ ਹਨ ਅਤੇ ਹੁਣ ਭਾਜਪਾ ਵਿਚ ਜਾ ਕੇ ਕਾਂਗਰਸੀ ਆਗੂਆਂ ਨੂੰ ਮੰਦਾ ਬੋਲ ਰਹੇ ਹਨ। ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਦਿਮਾਗੀ ਸੰਤੁਲਣ ਵਿਗੜ ਗਿਆ ਹੈ। ਉਨ੍ਹਾਂ ਕਿਹਾ ਕਿ ਬਿੱਟੂ ਭਾਜਪਾ ਆਗੂਆਂ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ। ਬਾਜਵਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰਵਨੀਤ ਬਿੱਟੂ ਦੇ ਅਜਿਹੇ ਬਿਆਨਾਂ ਦਾ ਨੋਟਿਸ ਲਵੇ। ਧਿਆਨ ਰਹੇ ਕਿ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਦੱਸਿਆ ਸੀ। ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਰਵਨੀਤ ਬਿੱਟੂ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ।  

 

 

ਅਕਤੂਬਰ ਮਹੀਨੇ ਵਿਚ ਪੰਜਾਬ ’ਚ ਹੋ ਸਕਦੀਆਂ ਹਨ ਪੰਚਾਇਤੀ ਚੋਣਾਂ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਪੰਚਾਇਤੀ ਚੋਣਾਂ ਸਬੰਧੀ ਤਰੀਕਾਂ ਦਾ ਐਲਾਨ ਕਿਸੇ ਸਮੇਂ ਵੀ ਸੰਭਵ ਹੈ। ਪੰਜਾਬ ਸਰਕਾਰ ਸੂਬੇ ਵਿਚ ਪੰਚਾਇਤੀ ਚੋਣਾਂ ਅਕਤੂਬਰ ਮਹੀਨੇ ’ਚ ਕਰਵਾ ਸਕਦੀ ਹੈ। ਜਾਣਕਾਰੀ ਮਿਲੀ ਹੈ ਕਿ ਪੰਜਾਬ ਵਿਚ ਪੰਚਾਇਤੀ ਚੋਣਾਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਕਰਾਈਆਂ ਜਾਣਗੀਆਂ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਸ ਸਬੰਧੀ ਪ੍ਰਕਿਰਿਆ ਵੀ ਆਰੰਭੀ ਹੋਈ ਹੈ। ਪੰਜਾਬ ਸਰਕਾਰ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੱਖਰੇ ਤੌਰ ’ਤੇ ਕਰਾਏਗੀ। ਪੰਚਾਇਤੀ ਚੋਣਾਂ ਮਗਰੋਂ ਹੀ ਨਗਰ ਨਿਗਮਾਂ ਆਦਿ ਦੀਆਂ ਚੋਣਾਂ ਲਈ ਰਾਹ ਪੱਧਰਾ ਹੋਣਾ ਹੈ। ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਵੀ ਹੋਣੀਆਂ ਹਨ ਜਿਨ੍ਹਾਂ ਦਾ ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਜਾਣਾ ਬਾਕੀ ਹੈ। ਪੰਚਾਇਤੀ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਪਿੰਡਾਂ ਵਿਚ ਫੰਡ ਦੇਣੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਖਤਿਆਰੀ ਕੋਟੇ ਦੇ ਕਰੀਬ 50 ਕਰੋੜ ਰੁਪਏ ਦੇ ਫੰਡ ਸਾਰੇ ਹਲਕਿਆਂ ਨੂੰ ਜਾਰੀ ਕਰ ਦਿੱਤੇ ਹਨ। ਸੂਬਾ ਸਰਕਾਰ ਨੇ ਇਸ ਵਾਰ ਬਿੱਲ ਰਾਹੀਂ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੇ ਅਹੁਦੇ ਦੇ ਰਾਖਵੇਂਕਰਨ ਵਿੱਚ ਤਬਦੀਲੀ ਕਰ ਦਿੱਤੀ ਹੈ, ਜਿਸ ਵਾਸਤੇ ਹੁਣ ਬਲਾਕ ਨੂੰ ਆਧਾਰ ਬਣਾਇਆ ਜਾਵੇਗਾ ਜਦਕਿ ਪਹਿਲਾਂ ਜ਼ਿਲ੍ਹੇ ਨੂੰ ਇਕਾਈ ਮੰਨ ਕੇ ਰਾਖਵੇਂਕਰਨ ਦਾ ਢਾਂਚਾ ਤਿਆਰ ਕੀਤਾ ਜਾਂਦਾ ਸੀ।

ਚੰਡੀਗੜ੍ਹ/ਬਿਊਰੋ ਨਿਊਜ਼

ਕਾਂਗਰਸੀ ਨੇਤਾ ਜਗਦੀਸ਼ ਟਾਇਟਲਰ ਖਿਲਾਫ ਅਦਾਲਤ ਵਲੋਂ ਹੱਤਿਆ ਦੇ ਦੋਸ਼ ਤੈਅ ਹੋਣ ਤੋਂ ਬਾਅਦ ਤੇ ਮੋਦੀ ਸਰਕਾਰ ਵੱਲੋ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਲਗਾਤਾਰ ਸਖਤ ਐਕਸ਼ਨ ਤੋਂ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਘਬਰਾਈ ਹੋਈ ਹੈ। ਕਾਂਗਰਸ ਪਾਰਟੀ ਦੇ ਲੀਡਰ ਊਲ-ਜਲੂਲ ਬਿਆਨ ਦੇ ਰਹੇ ਹਨ। ਅਪ੍ਰੇਸ਼ਨ ਬਲਿਊ ਸਟਾਰ ਬਾਰੇ ਚੰਨੀ ਦਾ ਬਿਆਨ ਹਾਸੋਹੀਣਾ ਤੇ ਗੁਮਰਾਹਕੁਨ ਹੈ, ਕਾਂਗਰਸ਼ ਪਾਰਟੀ ਨੇ ਕਦੇ ਵੀ ਦੇਸ਼ ਤੇ ਸਿੱਖਾਂ ਤੋਂ ਮੁਆਫੀ ਨਹੀਂ ਮੰਗੀ, ਰਾਹੁਲ ਗਾਂਧੀ ਕਾਂਗਰਸ ਪਾਰਟੀ ਵੱਲੋ ਸਿੱਖਾਂ ਤੇ ਕੀਤੇ ਜ਼ੁਲਮਾਂ ’ਤੇ ਪਰਦਾ ਪਾਉਣ ਦੀ ਨਾਕਾਮ ਕੋਸ਼ਿਸ ਕਰ ਰਿਹਾ ਹੈ। ਕਾਂਗਰਸ ਪਾਰਟੀ ਦੇ ਆਗੂ ਝੂਠ ਬੋਲਣਾ ਤੇ ਸਿੱਖਾਂ ਦੇ ਜਜਬਾਤਾਂ ਨਾਲ ਖੇਡਣਾ ਬੰਦ ਕਰਨ, ਸਿੱਖਾਂ ਨੂੰ ਭਟਕਾਉਣ, ਭੜਕਾਉਣ ਤੇ ਗੰੁਮਰਾਹ ਕਰਨ ਦੀ ਕੋਸ਼ਿਸ ਨਾ ਕਰਨ ਕਿਉਕਿ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਦੇ ਕਾਰਨ ਪੰਜਾਬ ਦੇ ਲੋਕ ਪਹਿਲਾਂ ਬਹੁਤ ਸੰਤਾਪ ਭੋਗ ਚੁੱਕੇ ਹਨ। ਕਾਂਗਰਸ ਪਾਰਟੀ ਸਿੱਖਾਂ ’ਤੇ ਕੀਤੇ ਜ਼ੁਲਮਾਂ ਤੋਂ ਬਚ ਨਹੀਂ ਸਕਦੀ। ਭਾਜਪਾ ਦਾ ਆਪ੍ਰੇਸ਼ਨ ਬਲਿਊ ਸਟਾਰ ਨਾਲ ਕੋਈ ਲੈਣਾ ਦੇਣਾ ਨਹੀਂ। ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ, ਰਾਸ਼ਟਰੀ ਕਾਰਜਕਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਅੱਜ ਬੀਜੇਪੀ ਦਫ਼ਤਰ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਭਾਜਪਾ ਦੇ ਸੂਬਾ ਪ੍ਰੈਸ ਸਕੱਤਰ ਹਰਦੇਵ ਸਿੰਘ ਉਭਾ ਮੌਜੂਦ ਸਨ। ਗਰੇਵਾਲ ਨੇ ਦੱਸਿਆ ਕਿ ਅਡਵਾਨੀ ਜੀ ਨੇ ਆਪਣੀ ਕਿਤਾਬ ‘ਮੇਰਾ ਦੇਸ਼ ਮੇਰੇ ਲੋਕ’ ਦੇ ਚੌਥੇ ਹਿੱਸੇ, ਸੱਤਵੇ ਚੈਪਟਰ ‘ਪੰਜਾਬ ਦੀ ਵੇਦਨਾ’ ਵਿੱਚ ਵਿਸਥਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਨੇ ਸੱਤਾ ਦੀ ਲਾਲਸਾ ਵਿੱਚ ਪੰਜਾਬ ਦੀਆਂ ਗੈਰ ਕਾਂਗਰਸੀ ਸਰਕਾਰਾਂ ਨੂੰ ਵਾਰ ਵਾਰ ਤੋੜਿਆ, ਪਰ ਪੰਜਾਬ ਦੇ ਲੋਕ ਕਾਂਗਰਸ ਨੂੰ ਨਕਾਰਦੇ ਰਹੇ। ਫਿਰ ਇੰਦਰਾ ਗਾਂਧੀ ਨੇ ਪੰਜਾਬ ਦੀ ਸੱਤਾ ’ਤੇ ਕਾਬਜ ਹੋਣ ਲਈ ਹੱਥ ਕੰਢੇ ਵਰਤਣੇ ਸੁਰੂ ਕਰ ਦਿੱਤੇ। ਗਰੇਵਾਲ ਨੇ ਕਿਹਾ ਕਿ ਕਾਂਗਰਸ ਦੀਆਂ ਗ਼ਲਤ ਨੀਤੀਆਂ ਤੇ ਸੱਤਾ ਦੀ ਲਾਲਸਾ ਕਰਨ ਆਪ੍ਰੇਸ਼ਨ ਬਲਿਊ ਸਟਾਰ ਦੀ ਉੱਪਜ ਹੋਈ ਜਿਸ ਨਾਲ ਦੇਸ਼ ਤੇ ਪੰਜਾਬ ਦਾ ਨੁਕਸਾਨ ਹੋਇਆ। ਅਡਵਾਨੀ ਜੀ ਨੇ ਕਿਤਾਬ ਰਾਹੀ ਦੱਸਿਆ ਕਿ ਓਪਰੇਸ਼ਨ ਬਲੂ ਸਟਾਰ ਲਈ ਇੰਦਰਾ ਗਾਂਧੀ ਤੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਜਿੰਮੇਵਾਰ ਸੀ। ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋ ਵਿਦੇਸ਼ ਜਾ ਕੇ ਇਹ ਕਹਿਣਾ ਕੇ ਸਿੱਖ ਕੜਾ ਤੇ ਪੱਗ ਨਹੀਂ ਪਹਿਨ ਸਕਦੇ ਝੂਠਾ ਤੇ ਬਹੁਤ ਨਿੰਦਣਯੋਗ ਹੈ। ਇਸਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ। ਉਹਨਾਂ ਨੂੰ ਦੇਸ਼ ਅਤੇ ਸਿੱਖਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਮੇਂ ਸਮੇਂ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਖੁਦ ਪੱਗ ਬੰਨਦੇ ਹਨ ਤੇ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਤੇ ਸਤਿਕਾਰ ਰੱਖਦੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਕਰਵਾਇਆ, ਪੂਰੇ ਸੰਸਾਰ ਵਿੱਚ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਦੇ ਤੌਰ ’ਤੇ ਮਨਾਇਆ ਜਾਣ ਲੱਗਿਆ ਹੈ, ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੀ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਐਫ ਸੀ ਆਰ ਏ ਤਹਿਤ ਸ਼੍ਰੀ ਦਰਬਾਰ ਸਾਹਿਬ ਨੂੰ ਫੰਡਿੰਗ ਆਉਣ ਲੱਗੀ, ਲੰਗਰ ਤੋਂ ਜੀਐਸਟੀ ਖਤਮ ਕੀਤੀ। ਅਫਗਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਭਾਰਤ ਲਿਆਂਦਾ, ਅਫਗਾਨਿਸਤਾਨ ਵਿੱਚੋ ਸਿੱਖਾਂ ਨੂੰ ਮੋਦੀ ਸਰਕਾਰ ਨੇ ਭਾਰਤ ਲਿਆਦਾਂ ਤੇ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ। ਹਰਜੀਤ ਗਰੇਵਾਲ ਨੇ ਕਿਹਾ ਕਿ 40 ਸਾਲ ਬਾਅਦ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲਣਾ ਭਾਜਪਾ ਦੀ ਮੋਦੀ ਸਰਕਾਰ ਕਾਰਨ ਹੀ ਸੰਭਵ ਹੋ ਸਕਿਆ ਕਿਉਕਿ ਕਾਂਗਰਸ ਪਾਰਟੀ ਨੇ ਬਹੁਤ ਸਾਰੇ ਸਬੂਤ ਨਸ਼ਟ ਕਰ ਦਿੱਤੇ ਸਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਭੋਗਿਆ ਤੇ ਹੁਣ ਦੇਸ਼ ਦੇ ਲੋਕ ਕਾਂਗਰਸ ਪਾਰਟੀ ਨੂੰ ਮੂੰਹ ਨਹੀ ਲਗਾਉਣਗੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਅਜਿਹੇ ਬਿਆਨ ਦੇ ਕੇ ਚੋਣਾਂ ਵਿੱਚ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਫਲ ਨਹੀ ਹੋਣਗੇ। ਗਰੇਵਾਲ ਨੇ ਕਿਹਾ ਕਿ ਨਹਿਰੂ ਨੇ ਸੱਤਾ ਦੀ ਲਾਲਸਾ ਕਾਰਨ ਪਾਕਿਸਤਾਨ ਬਣਾਉਣ ਲਈ ਸਹਿਮਤੀ ਦਿੱਤੀ, ਇੰਦਰਾ ਨੇ ਐਮਰਜੈਂਸੀ ਲਗਾਈ, ਪੰਜਾਬ ਵਿੱਚ ਆਪ੍ਰੇਸ਼ਨ ਬਲਿਊ ਸਟਾਰ ਦੀ ਉੱਪਜ ਕੀਤੀ ਤੇ ਹੁਣ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਉਸੇ ਰਸਤੇ ’ਤੇ ਚੱਲ ਰਹੇ ਹਨ। ਗਰੇਵਾਲ ਨੇ ਕਿਹਾ ਅਰਵਿੰਦ ਕੇਜਰੀਵਾਲ ਦਾ ਅਸਤੀਫੇ ਦਾ ਐਲਾਨ ਆਮ ਆਦਮੀ ਪਾਰਟੀ ਦੀ ਈਵੈਂਟ ਮੈਨੇਜਮੈਂਟ ਹੈ। ਅਰਵਿੰਦ ਕੇਜਰੀਵਾਲ ਨੂੰ ਤਾਂ ਬਹੁਤ ਪਹਿਲਾਂ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ, ਹੁਣ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਤੁਸੀ ਸਰਕਾਰੀ ਕੰਮ ਨਹੀ ਕਰ ਸਕਦੇ ਤੇ ਪਰ ਬੇਸ਼ਰਮੀ ਦੀ ਹੱਦ ਅਰਵਿੰਦ ਕੇਜਰੀਵਾਲ ਅਜੇ ਵੀ ਸਮਾਂ ਲੈ ਰਿਹਾ ਹੈ।

  

 

 

 

  

 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿੱਚ ਲੰਮੇ ਸਮੇਂ ਤੋਂ ਵਾਤਾਵਰਨ ਦੀ ਸੰਭਾਲ ਲਈ ਕੰਮ ਕਰ ਰਹੀਆਂ ਸੰਸਥਾਵਾਂ ਨਰੋਆ ਪੰਜਾਬ ਮੰਚ, ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ, ਪੰਜਾਬ ਵਾਤਾਵਰਨ ਚੇਤਨਾ ਲਹਿਰ ਤੇ ਹੋਰਨਾਂ ਜਥੇਬੰਦੀਆਂ ਵੱਲੋਂ ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬ ਦੇ ਪਾਣੀਆਂ ਅਤੇ ਬੁੱਢਾ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਤੋਂ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਤੋਂ ਮਨਪ੍ਰੀਤ ਇਆਲੀ, ਕਾਂਗਰਸ ਦੇ ਸਾਬਕਾ ਮੰਤਰੀ ਪਰਗਟ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਭਾਜਪਾ ਤੋਂ ਅਨਿਲ ਸਰੀਨ, ਬਸਪਾ ਤੋਂ ਬਲਵਿੰਦਰ ਕੁਮਾਰ, ਕਾਰਕੁਨ ਅਮਿਤੋਜ ਮਾਨ, ਲੱਖਾ ਸਿਧਾਣਾ ਸਣੇ ਵੱਡੀ ਗਿਣਤੀ ਵਿੱਚ ਵਾਤਾਵਰਨ ਪ੍ਰੇਮੀ ਮੌਜੂਦ ਸਨ। ਦੂਜੇ ਪਾਸੇ ਇਸ ਸਮਾਗਮ ਵਿਚ ‘ਆਪ’ ਵੱਲੋਂ ਕੋਈ ਵੀ ਆਗੂ ਨਹੀਂ ਪੁੱਜਿਆ। ਸੈਮੀਨਾਰ ਵਿੱਚ ਬੁੱਧੀਜੀਵੀਆਂ ਵੱਲੋਂ ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਗਏ। ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਕੁਝ ਨਹੀਂ ਕਰ ਰਹੀ, ਜਿਸ ਨੇ ਪਹਿਲਾਂ ਵਿਧਾਨ ਸਭਾ ਵਿੱਚ ਬੁੱਢੇ ਦਰਿਆ ਦੇ ਪਾਣੀ ਦੇ ਪ੍ਰਦੂਸ਼ਿਤ ਹੋਣ ਬਾਰੇ ਵਿਚਾਰ-ਚਰਚਾ ਤੋਂ ਟਾਲਾ ਵੱਟ ਲਿਆ ਹੈ। ਜਦੋਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵਿਚਾਰ-ਚਰਚਾ ਲਈ ਸਾਰਿਆਂ ਨੂੰ ਸੱਦਿਆ ਗਿਆ ਤਾਂ ਵੀ ਸੂਬਾ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਜੇ ਸੂਬਾ ਸਰਕਾਰ ਵੱਲੋਂ ਜਲਦ ਹੀ ਬੁੱਢੇ ਦਰਿਆ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਨਾ ਰੋਕਿਆ ਗਿਆ ਤਾਂ ਵਾਤਾਵਰਨ ਪੱਖੀ ਲੋਕ ਅੱਗੇ ਆਉਣਗੇ ਅਤੇ ਪਾਣੀ ਅੱਗੇ ਜਾਣ ਤੋਂ ਰੋਕਣ ਲਈ ਬੰਨ੍ਹ ਲਾਉਣ ਦਾ ਕੰਮ ਕਰਨਗੇ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.