Thursday, 18 June 2026

2 ਕਰੋੜ ਰੁਪਏ ਤੱਕ ਲੱਗ ਗਈ ਸਰਬਸੰਮਤੀ ਨਾਲ ਸਰਪੰਚੀ ਲਈ ਬੋਲੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ, ਜਿਸ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸਦੇ ਚੱਲਦਿਆਂ ਕਈ ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਸਰਬਸੰਮਤੀ ਕਰਨ ਵਾਲੇ ਪਿੰਡਾਂ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣੀ ਹੈ। ਮੀਡੀਆ ਰਿਪੋਰਟਾਂ ਮੁਤਾਬਕਾਂ ਸੰਗਰੂਰ ਦੇ ਇਕ ਪਿੰਡ ਵਿਚ ਸਰਬਸੰਮਤੀ ਨਾਲ ਸਰਪੰਚੀ ਲੈਣ ਲਈ 35 ਲੱਖ ਰੁਪਏ ਦੀ ਬੋਲੀ ਲੱਗਣ ਦੀ ਖਬਰ ਆਈ ਹੈ। ਇਸੇ ਦੌਰਾਨ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਇਕ ਪਿੰਡ ਵਿਚ ਸਰਪੰਚੀ ਲੈਣ ਲਈ ਬੋਲੀ 2 ਕਰੋੜ ਰੁਪਏ ਲੱਗ ਗਈ ਹੈ ਅਤੇ ਇਹ ਬੋਲੀ ਹੋਰ ਵੀ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸਰਪੰਚੀ ਦੇ ਅਹੁਦੇ ਲਈ ਬੋਲੀ ਦੇਣ ਵਾਲੇ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਸਾਰਾ ਪੈਸਾ ਪਿੰਡ ਦੇ ਵਿਕਾਸ ’ਤੇ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਕੰਮ ਵੀ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। 

 

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ

ਮੁਹਾਲੀ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਅੱਜ ਐਤਵਾਰ ਨੂੰ ਉਨ੍ਹਾਂ ਨੂੰ ਮੁਹਾਲੀ ਦੇ ਸੁਪਰ ਸਪੈਸ਼ਲਿਟੀ ਫੋਰਟਿਸ ਹਸਪਤਾਲ ’ਚੋਂ ਛੁੱਟੀ ਮਿਲ ਗਈ  ਹੈ। ਡਾਕਟਰਾਂ ਨੇ ਹਾਲੇ ਕੁੱਝ ਦਿਨ ਉਨ੍ਹਾਂ ਨੂੰ ਬੈੱਡ ਰੈਸਟ ਕਰਨ ਦੀ ਸਲਾਹ ਦਿੱਤੀ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਫੋਰਟਿਸ ਹਸਪਤਾਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਜਾਣਿਆ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਵੀ ਸਜ਼ਾ ਲਗਾਉਣਗੇ, ਉਸ ਨੂੰ ਮੰਨਾਂਗੇ : ਰੱਖੜਾ

ਅੰਮਿ੍ਰਤਸਰ/ਬਿਊਰੋ ਨਿਊਜ਼

ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਮੰਤਰੀ ਰਹੇ ਸੁਰਜੀਤ ਸਿੰਘ ਰੱਖੜਾ ਨੇ ਵੀ ਆਪਣਾ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੌਂਪ ਦਿੱਤਾ ਹੈ। ਸੁਰਜੀਤ ਸਿੰਘ ਰੱਖੜਾ ਅੱਜ ਵੀਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਅਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਵੀ ਗਏ। ਜ਼ਿਕਰਯੋਗ ਹੈ ਕਿ ਸਿੰਘ ਸਾਹਿਬਾਨ ਵਲੋਂ ਪਿਛਲੇ ਦਿਨੀਂ ਹੋਰਨਾਂ ਸਾਬਕਾ ਅਕਾਲੀ ਮੰਤਰੀਆਂ ਸਮੇਤ ਸੁਰਜੀਤ ਸਿੰਘ ਰੱਖੜਾ ਤੋਂ ਵੀ 15 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਸੀ, ਜਿਸ ’ਤੇ ਉਨ੍ਹਾਂ ਨੇ ਵਿਦੇਸ਼ ਵਿਚ ਹੋਣ ਕਾਰਨ ਆਪਣਾ ਸਪੱਸ਼ਟੀਕਰਨ ਈ-ਮੇਲ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜ ਦਿੱਤਾ ਸੀ। ਹੁਣ ਉਹ ਭਾਰਤ ਵਾਪਸੀ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜੇ। ਇਸ ਮੌਕੇ ਗੱਲਬਾਤ ਕਰਦਿਆਂ ਰੱਖੜਾ ਨੇ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਜੋ ਵੀ ਜਾਣੇ ਅਣਜਾਣੇ ਵਿਚ ਭੁੱਲਾਂ ਚੁੱਕਾਂ ਹੋਈਆਂ ਹਨ, ਉਨ੍ਹਾਂ ਨੂੰੂ ਮਆਫ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਨੂੰ ਜੋ ਵੀ ਸਜ਼ਾ ਲਗਾਉਣਗੇ, ਅਸੀਂ ਉਸ ਨੂੰ ਮੰਨਾਂਗੇ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ  ਅਕਾਲੀ ਦਲ ਦੇ ਸਾਬਕਾ ਮੰਤਰੀਆਂ ਕੋਲੋਂ ਸਪੱਸ਼ਟੀਕਰਨ ਮੰਗਿਆ ਸੀ।   

 

13 ਹਜ਼ਾਰ ਤੋਂ ਵੱਧ ਪੰਚਾਇਤਾਂ ਦੀ ਹੋਵੇਗੀ ਚੋਣ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਪੰਚਾਇਤੀ ਚੋਣਾਂ 15 ਅਕਤੂਬਰ 2024 ਦਿਨ ਮੰਗਲਵਾਰ ਨੂੰ ਹੋਣ ਜਾ ਰਹੀਆਂ ਹਨ ਅਤੇ ਉਸੇ ਦਿਨ ਸ਼ਾਮ ਨੂੰ ਨਤੀਜੇ ਵੀ ਐਲਾਨ ਦਿੱਤੇ ਜਾਣਗੇ। ਇਹ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪਾਈਆਂ ਜਾ ਸਕਣਗੀਆਂ । ਇਸ ਸਬੰਧੀ ਐਲਾਨ ਪੰਜਾਬ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਕਰ ਦਿੱਤਾ ਹੈ। ਇਸਦੇ ਨਾਲ ਹੀ ਅੱਜ ਬੁੱਧਵਾਰ ਤੋਂ ਹੀ ਪੰਜਾਬ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਇਸਦੇ ਚੱਲਦਿਆਂ 27 ਸਤੰਬਰ ਨੂੰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸੇ ਦਿਨ ਤੋਂ ਹੀ ਉਮੀਦਵਾਰ ਨਾਮਜ਼ਦਗੀ ਫਾਰਮ ਭਰ ਸਕਣਗੇ। ਨਾਮਜ਼ਦਗੀਆਂ ਭਰਨ ਦਾ 4 ਅਕਤੂਬਰ ਨੂੰ ਆਖਰੀ ਦਿਨ ਹੋਵੇਗਾ। 

ਰਾਜ ਕਮਲ ਚੌਧਰੀ ਨੇ ਦੱਸਿਆ ਕਿ ਪੰਜਾਬ ਵਿਚ 13,237 ਪੰਚਾਇਤਾਂ ਹਨ ਅਤੇ ਇਨ੍ਹਾਂ ਚੋਣਾਂ ਲਈ ਪੰਜਾਬ ਵਿਚ 19,110 ਬੂਥ ਬਣਾਏ ਜਾਣਗੇ। ਚੋਣ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ। ਸਰਪੰਚ ਦੀ ਚੋਣ ਲਈ 38 ਅਤੇ ਪੰਚ ਦੀ ਚੋਣ ਲਈ 70 ਚੋਣ ਨਿਸ਼ਾਨ ਰੱਖੇ ਗਏ ਹਨ। ਬੈਲਟ ਪੇਪਰ ਵਿਚ ਨੋਟਾ ਵੀ ਰੱਖਿਆ ਗਿਆ ਹੈ। ਸਰਪੰਚ ਦੀ ਚੋਣ ਲਈ 40 ਹਜ਼ਾਰ ਰੁਪਏ ਤੇ ਪੰਚ ਦੀ ਚੋਣ ਵਾਸਤੇ ਉਮੀਦਵਾਰਾਂ ਲਈ ਖਰਚੇ ਦੀ ਲਿਮਟ 30 ਹਜ਼ਾਰ ਰੁਪਏ ਰੱਖੀ ਗਈ ਹੈ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.