Friday, 19 June 2026

ਡਿਪਟੀ ਕਮਿਸ਼ਨਰਾਂ ਨੂੰ ਦਿੱਤੀ ਗਈ ਇਨ੍ਹਾਂ ਕੈਮਰਿਆਂ ਸਬੰਧੀ ਜ਼ਿੰਮੇਵਾਰੀ 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਮਾਲ ਦਫਤਰਾਂ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੀ ਸਹੂਲਤ ਲਈ ਵੱਡਾ ਫੈਸਲਾ ਲੈਂਦਿਆਂ ਸਬ ਰਜਿਸਟਰਾਰ/ਜਾਇੰਟ ਸਬ ਰਜਿਸਟਰਾਰ ਦਫਤਰਾਂ ਵਿਚ ਸੀਸੀ ਟੀਵੀ ਕੈਮਰੇ ਲਗਾ ਦਿੱਤੇ ਹਨ। ਜਾਣਕਾਰੀ ਮੁਤਾਬਕ ਪੰਜਾਬ ਭਰ ਵਿੱਚ ਇਨ੍ਹਾਂ ਦਫਤਰਾਂ ਵਿਚ 180 ਕੈਮਰੇ ਲਗਾਏ ਗਏ ਹਨ। ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਹਰੇਕ ਕੈਮਰੇ ਨੂੰ ਕਾਰਜਸ਼ੀਲ ਬਣਾਉਣ ਨੂੰ ਆਖਿਆ ਗਿਆ ਹੈ। ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੇ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ ਰਾਹੀਂ ਕੈਮਰਿਆਂ ਦੀ ਚਾਲੂ ਸਥਿਤੀ ਬਾਰੇ 31 ਜਨਵਰੀ ਤੱਕ ਰਿਪੋਰਟ ਦੇਣ ਲਈ ਆਖਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੈੱਡਕੁਆਰਟਰ ਉਤੇ ਸੀਨੀਅਰ ਅਧਿਕਾਰੀ ਵੀ ਸੀਸੀ ਟੀਵੀ ਕੈਮਰਿਆਂ ਦੀ ਖੁਦ ਨਿਗਰਾਨੀ ਕਰਨਗੇ। ਇਹ ਵੀ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਜਦੋਂ ਚਾਹੁਣ ਇਨ੍ਹਾਂ ਕੈਮਰਿਆਂ ਰਾਹੀਂ ਮਾਲ ਦਫਤਰਾਂ ਦੀ ਜਾਂਚ ਅਤੇ ਚੈਕਿੰਗ ਕਰ ਸਕਣਗੇ। 

ਸੀਐਮ ਮਾਨ ਨੇ ਪਹਿਲਾਂ ਫਰੀਦਕੋਟ ਵਿਖੇ ਲਹਿਰਾਉਣਾ ਸੀ ਤਿਰੰਗਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਣਤੰਤਰ ਦਿਵਸ ਸਮਾਗਮਾਂ ’ਤੇ ਕੌਮੀ ਝੰਡਾ ਲਹਿਰਾਏ ਜਾਣ ਦੇ ਪ੍ਰੋਗਰਾਮਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਭੰਬਲਭੂਸੇ ਪਏ ਰਹੇ। ਇਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਏ ਜਾਣ ਦਾ ਆਖਰੀ ਫੈਸਲਾ ਹੋਇਆ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦਾ ਪ੍ਰੋਗਰਾਮ ਫਰੀਦਕੋਟ ਤੋਂ ਤਬਦੀਲ ਕਰਕੇ ਮੁਹਾਲੀ ਹੋ ਗਿਆ ਸੀ, ਜਿਸ ਦਾ ਬਕਾਇਦਾ ਪੱਤਰ ਵੀ ਜਾਰੀ ਹੋ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਇੱਕ ਚੈਨਲ ਵੱਲੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ 25 ਜਨਵਰੀ ਨੂੰ ਇੱਕ ਪ੍ਰੋਗਰਾਮ ਰੱਖਿਆ ਹੋਇਆ ਹੈ ਜੋ ਕਿ ਉਸ ਦਿਨ ਕਰੀਬ ਤਿੰਨ ਵਜੇ ਖਤਮ ਹੋਣ ਦੀ ਸੰਭਾਵਨਾ ਹੈ। ਪ੍ਰੋਟੋਕਾਲ ਅਨੁਸਾਰ 25 ਜਨਵਰੀ ਨੂੰ ਹੀ ਮੁੱਖ ਮੰਤਰੀ ਅਤੇ ਵਜ਼ੀਰਾਂ ਨੇ ਕੌਮੀ ਝੰਡਾ ਲਹਿਰਾਏ ਜਾਣ ਵਾਲੀ ਥਾਂ ’ਤੇ ਸ਼ਾਮ ਤੱਕ ਪੁੱਜਣਾ ਹੁੰਦਾ ਹੈ। ਗਣਤੰਤਰ ਦਿਵਸ ਕਰਕੇ ਦਿੱਲੀ ‘ਨੋ ਫਲਾਈ ਜ਼ੋਨ’ ਵਿੱਚ ਹੁੰਦੀ ਹੈ ਜਿਸ ਕਰਕੇ ਫਰੀਦਕੋਟ ਵਿਖੇ ਹਵਾਈ ਰਸਤੇ ਮੁੱਖ ਮੰਤਰੀ ਆ ਨਹੀਂ ਸਕਦੇ ਸਨ। ਇਸ ਸਭ ਨੂੰ ਦੇਖਦਿਆਂ ਹੀ ਪਟਿਆਲਾ ਵਿਖੇ ਮੁੱਖ ਮੰਤਰੀ ਵਲੋਂ ਕੌਮੀ ਝੰਡਾ ਲਹਿਰਾਏ ਜਾਣ ਦਾ ਪ੍ਰੋਗਰਾਮ ਫਾਈਨਲ ਹੋਇਆ ਹੈ। 

ਇਕੱਤਰਤਾ ’ਚ ਅਹਿਮ ਪੰਥਕ ਮਸਲਿਆਂ ’ਤੇ ਹੋਵੇਗਾ ਵਿਚਾਰ ਵਟਾਂਦਰਾ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 28 ਜਨਵਰੀ ਨੂੰ ਅੰਮਿ੍ਰਤਸਰ ਵਿਖੇ ਬੁਲਾਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 28 ਜਨਵਰੀ ਨੂੰ ਸਵੇਰੇ 11 ਵਜੇ ਹੋਣ ਵਾਲੀ ਇਸ ਇਕੱਤਰਤਾ ਵਿਚ ਅਹਿਮ ਅਤੇ ਭਖਦੇ ਪੰਥਕ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਇਕੱਤਰਤਾ ਦੇ ਏਜੰਡੇ ਬਾਰੇ ਅਜੇ ਸਪੱਸ਼ਟ ਨਹੀਂ ਹੈ, ਪਰ ਸਮਝਿਆ ਜਾ ਰਿਹਾ ਹੈ ਕਿ ਇਸ ਇਕੱਤਰਤਾ ਵਿਚ ਸ਼ੋ੍ਰਮਣੀ ਅਕਾਲੀ ਦਲ ’ਚ ਭਰਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਠਿਤ ਕੀਤੀ ਗਈ 11 ਮੈਂਬਰੀ ਕਮੇਟੀ ਸਬੰਧੀ ਗੱਲਬਾਤ ਹੋਵੇਗੀ। ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਅਹਿਮ ਪੰਥਕ ਮੁੱਦਿਆਂ ਬਾਰੇ ਸਿੰਘ ਸਾਹਿਬਾਨ ਵਲੋਂ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।

ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 58 ਦਿਨ

ਪਟਿਆਲਾ/ਬਿਊਰੋ ਨਿਊਜ਼   

ਖਨੌਰੀ ਬਾਰਡਰ ’ਤੇ ਉਸ ਸਮੇਂ ਅਫਰਾ-ਤਫਰੀ ਵਾਲਾ ਮਾਹੌਲ ਬਣ ਗਿਆ, ਜਦੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਗੁਲੂਕੋਜ਼ ਲਗਵਾਉਣ ਤੋਂ ਨਾਂਹ ਕਰ ਦਿੱਤੀ। ਜਾਣਕਾਰੀ ਮਿਲਣ ਸਾਰ ਮੌਕੇ ’ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀ ਡੀਐਸਪੀ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਗੁਲੂਕੋਜ਼ ਲਾਉਣ ਵਾਲਾ ਡਾਕਟਰ ਦੱਖਣੀ ਭਾਰਤ ਦਾ ਹੋਣ ਕਰਕੇ ਉਸਦੀ ਭਾਸ਼ਾ ਸਮਝ ਨਹੀਂ ਆਈ, ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਉਨ੍ਹਾਂ ਨੂੰ ਨਾਂਹ ਕੀਤੀ ਸੀ। ਹਾਲਾਂਕਿ ਬਾਅਦ ਵਿਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕਿਸਾਨ ਆਗੂ ਡੱਲੇਵਾਲ ਨੇ ਗੁਲੂਕੋਜ਼ ਲਗਵਾਉਣ ਲਈ ਹਾਮੀ ਭਰ ਦਿੱਤੀ। ਮੋਰਚੇ ਦੇ ਪ੍ਰਮੁੱਖ ਆਗੂ ਕਾਕਾ ਸਿੰਘ ਕੋਟੜਾ ਨੇ ਇਸ ਸਬੰਧੀ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਹੈ ਕਿ ਜੇਕਰ ਸਰਕਾਰੀ ਡਾਕਟਰ ਡੱਲੇਵਾਲ ਦਾ ਇਲਾਜ ਕਰਨ ਤੋਂ ਅਸਮਰੱਥ ਹਨ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ ਤਾਂ ਕਿ ਪ੍ਰਾਈਵੇਟ ਡਾਕਟਰਾਂ ਦਾ ਪ੍ਰਬੰਧ ਕੀਤਾ ਜਾ ਸਕੇ। ਧਿਆਨ ਰਹੇ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 58ਵੇਂ ਦਿਨ ਵੀ ਜਾਰੀ ਰਿਹਾ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.