Friday, 19 June 2026

ਕਿਸਾਨਾਂ ਵਲੋਂ ਮਹਾਂ ਪੰਚਾਇਤਾਂ ਦੀ ਸਫਲਤਾ ਲਈ ਤਿਆਰੀਆਂ

ਖਨੌਰੀ/ਬਿਊਰੋ ਨਿਊਜ਼

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ਰੱਖਿਆ ਹੋਇਆ ਹੈ ਅਤੇ ਡੱਲੇਵਾਲ ਦਾ ਇਹ ਮਰਨ ਵਰਤ ਅੱਜ 71ਵੇਂ ਦਿਨ ਵੀ ਜਾਰੀ ਰਿਹਾ। ਇਸ ਕਿਸਾਨ ਅੰਦੋਲਨ ਨੂੰ ਆਉਂਦੀ 13 ਫਰਵਰੀ ਨੂੰ ਇਕ ਸਾਲ ਹੋ ਜਾਵੇਗਾ ਅਤੇ ਇਸ ਨੂੰ ਲੈ ਕੇ ਕਿਸਾਨਾਂ ਵਲੋਂ 3 ਮਹਾਂ ਪੰਚਾਇਤਾਂ ਕੀਤੀਆਂ ਜਾਣੀਆਂ ਹਨ। ਪਹਿਲੀ ਮਹਾਂ ਪੰਚਾਇਤ 11 ਫਰਵਰੀ ਨੂੰ ਰਤਨਪੁਰਾ, ਦੂਜੀ ਮਹਾਂ ਪੰਚਾਇਤ 12 ਫਰਵਰੀ ਨੂੰ ਖਨੌਰੀ ਸਰਹੱਦ ’ਤੇ ਅਤੇ ਤੀਜੀ ਮਹਾਂ ਪੰਚਾਇਤ 13 ਫਰਵਰੀ ਨੂੰ ਸ਼ੰਭੂ ਸਰਹੱਦ ’ਤੇ ਹੋਵੇਗੀ। ਇਨ੍ਹਾਂ ਤਿੰਨਾਂ ਥਾਵਾਂ ’ਤੇ ਵੱਡੇ ਇਕੱਠ ਕਰਨ ਲਈ ਕਿਸਾਨ ਆਗੂਆਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਨ੍ਹਾਂ ਤਿੰਨਾਂ ਮਹਾਂ ਪੰਚਾਇਤਾਂ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਇਨਸਾਫ ਪਸੰਦ ਵਿਅਕਤੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ।

ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ’ਤੇ ਵੀ ਇਕ ਮਹੀਨੇ ਦੀ ਰੋਕ ਵਧੀ

ਅੰਮਿ੍ਰਤਸਰ/ਬਿਊਰੋ ਨਿਊਜ਼

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਅੰਤਿ੍ਰੰਗ ਕਮੇਟੀ ਵੱਲੋਂ ਤਿੰਨ ਮੈਂਬਰੀ ਜਾਂਚ ਕਮੇਟੀ ਨੂੰ ਜਾਂਚ ਲਈ ਇਕ ਮਹੀਨੇ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਹੈ। ਲੰਘੀ 19 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੀ ਅੰਤਿ੍ਰੰਗ ਕਮੇਟੀ ਵਲੋਂ ਹੰਗਾਮੀ ਇਕੱਤਰਤਾ ਸੱਦੀ ਗਈ ਸੀ। ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਆਰੋਪਾਂ ਦੀ ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਨੂੰ ਮਾਮਲੇ ਦੀ ਜਾਂਚ ਲਈ 15 ਦਿਨ ਦਾ ਸਮਾਂ ਦਿੱਤਾ ਸੀ, ਜਦਕਿ ਕਮੇਟੀ ਦੀ ਮੰਗ ਤੇ ਅੰਤਿ੍ਰੰਗ ਕਮੇਟੀ ਨੇ 31 ਦਸੰਬਰ ਦੀ ਇਕੱਤਰਤਾ ਵਿਚ ਇਕ ਮਹੀਨੇ ਦਾ ਸਮਾਂ ਹੋਰ ਵਧਾ ਦਿੱਤਾ ਸੀ। ਹੁਣ ਕਮੇਟੀ ਵੱਲੋਂ ਦੁਬਾਰਾ ਮੰਗ ਕਰਨ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਂਚ ਲਈ ਇਕ ਮਹੀਨੇ ਦਾ ਸਮਾਂ ਹੋਰ ਵਧਾ ਦਿੱਤਾ ਹੈ। ਇਸਦੇ ਚੱਲਦਿਆਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ’ਤੇ ਵੀ ਇਕ ਮਹੀਨੇ ਦੀ ਰੋਕ ਵਧ ਗਈ ਹੈ। ਦੱਸਣਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਨਿਭਾਉਣ ਲਈ ਰੋਕ ਲਗਾਈ ਗਈ ਹੈ।   

ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਵੀ ਦਿੱਤੇ ਜਾਣਗੇ ਮੰਗ ਪੱਤਰ

ਮੁਹਾਲੀ/ਬਿਊਰੋ ਨਿਊਜ਼

ਪੰਜਾਬ ਦੇ ਕਿਸਾਨਾਂ ਵੱਲੋਂ ਨਵੇਂ ਖੇਤੀ ਮੰਡੀਕਰਨ ਖਰੜੇ ਨੂੰ ਲੈ ਕੇ ਆਉਂਦੀ 5 ਮਾਰਚ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਹ ਫੈਸਲਾ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨਾਲ ਸਬੰਧਤ ਕੁਝ ਕਿਸਾਨ ਜਥੇਬੰਦੀਆਂ ਦੀ ਮੁਹਾਲੀ ਵਿਚ ਹੋਈ ਸਾਂਝੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਕਿਸਾਨ ਯੂਨੀਅਨ (ਮਾਨਸਾ) ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਿਸਾਨ ਯੂਨੀਅਨ (ਤੋਤੇਵਾਲ) ਦੇ ਪ੍ਰਧਾਨ ਸੁੱਖ ਗਿੱਲ ਮੋਗਾ ਤੇ ਜੰਗਵੀਰ ਸਿੰਘ ਚੌਹਾਨ ਸਣੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਅਤੇ ਸੁੱਖ ਗਿੱਲ ਮੋਗਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਮੁੱਢੋਂ ਰੱਦ ਕਰਨ ਸਣੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਲਈ 5 ਮਾਰਚ ਨੂੰ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਚੰਡੀਗੜ੍ਹ ’ਚ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੇ ਫੈਸਲੇ ਅਨੁਸਾਰ 9 ਫਰਵਰੀ ਨੂੰ ਪੰਜਾਬ ਭਰ ਵਿੱਚ ਸਾਰੇ ਲੋਕ ਸਭਾ ਮੈਂਬਰਾਂ ਅਤੇ ਰਾਜ ਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ 15 ਫਰਵਰੀ ਕਿਸਾਨ ਭਵਨ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਸੂਬਾ ਪੱਧਰੀ ਮੀਟਿੰਗ ਸੱਦੀ ਗਈ ਹੈ। 

ਇੰਟਰਵਿਊ ਨਾਲ ਹੋਵੇਗੀ ਅਧਿਆਪਕਾਂ ਦੀ ਚੋਣ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਰਕਾਰ ਵਲੋਂ ਸੂਬੇ ਦੀ ਸਕੂਲੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸਦੇ ਤਹਿਤ ਸਕੂਲ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ ਦੀ ਚੋਣ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਚੁਣੇ ਗਏ ਸਰਕਾਰੀ ਅਧਿਆਪਕਾਂ ਨੂੰ ਫਿਨਲੈਂਡ ਦੀ ਟਰਕੂ ਯੂਨੀਵਰਸਿਟੀ ਵਿਚ ਭੇਜਿਆ ਜਾਵੇਗਾ ਤਾਂ ਜੋ ਉਥੋਂ ਦੇ ਪੜ੍ਹਾਉਣ ਦੇ ਤਰੀਕਿਆਂ ਨੂੰ ਸਮਝਿਆ ਜਾ ਸਕੇ। ਸਰਕਾਰ ਵਲੋਂ ਇਹ ਉਪਰਾਲਾ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਬੱਚੇ ਵੀ ਵਿਦੇਸ਼ਾਂ ਵਾਂਗ ਸਿੱਖਿਆ ਹਾਸਲ ਕਰ ਸਕਣ। ਇਸ ਸਬੰਧੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 72 ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ ਦੇ ਦੂਜੇ ਬੈਚ ਨੂੰ ਟਰਕੂ ਯੂਨੀਵਰਸਿਟੀ ਫਿਨਲੈਂਡ ਵਿਚ ਸਿਖਲਾਈ ਲਈ ਭੇਜਿਆ ਜਾਵੇਗਾ। ਇਸ ਤਿੰਨ ਹਫਤਿਆਂ ਦੇ ਸਿਖਲਾਈ ਪ੍ਰੋਗਰਾਮ ਦੌਰਾਨ ਪੰਜਾਬ ਵਿਚ ਇਕ ਹਫਤਾ ਅਤੇ ਫਿਰ ਫਿਨਲੈਂਡ ਵਿਚ ਦੋ ਹਫਤੇ ਸਿਖਲਾਈ ਦਿੱਤੀ ਜਾਵੇਗੀ। ਚਾਹਵਾਨ ਅਧਿਆਪਕਾਂ ਕੋਲੋਂ 2 ਫਰਵਰੀ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.