Friday, 19 June 2026

ਮੰਡੀ ਗੋਬਿੰਦਗੜ੍ਹ, 6 ਮਈ: ਦੇਸ਼ ਭਗਤ ਯੂਨੀਵਰਸਿਟੀ ਦੇ ਇੰਜੀਨੀਅਰਿੰਗ, ਤਕਨਾਲੋਜੀ ਅਤੇ ਕੰਪਿਊਟਿੰਗ ਫੈਕਲਟੀ ਨੇ 132 ਵਿਦਿਆਰਥੀਆਂ ਅਤੇ 2 ਫੈਕਲਟੀ ਮੈਂਬਰਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ, ਜਿਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ਼ ਰਿਮੋਟ ਸੈਂਸਿੰਗ (IIRS), ਦੇਹਰਾਦੂਨ ਦੁਆਰਾ ਕਰਵਾਏ ਗਏ ਇਸਰੋ ਸਪੇਸ ਸਾਇੰਸ ਐਂਡ ਟੈਕਨਾਲੋਜੀ ਜਾਗਰੂਕਤਾ ਸਿਖਲਾਈ ਸਟਾਰਟ (START) ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸ ਸਨਮਾਨ ਸਮਾਰੋਹ ਵਿੱਚ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਇਸ ਦੌਰਾਨ ਕੁੱਲ ਭਾਗੀਦਾਰਾਂ ਵਿੱਚੋਂ ਸੱਤ ਵਿਦਿਆਰਥੀ  ਅਹਿਮਦ ਹੁਸੈਨ, ਅਮਨਦੀਪ ਸਿੰਘ, ਨਵਜੋਤ ਸਿੰਘ, ਹਰਮਨ ਸਿੰਘ, ਖੁਸ਼ੀ, ਮਨੀਸ਼ਾ ਰਾਣੀ, ਜਤਿਨ ਵਰਮਾ ਅਤੇ ਦੋ ਫੈਕਲਟੀ ਮੈਂਬਰ ਡਾ. ਗੁਰਿੰਦਰ ਕੌਰ ਸੋਢੀ, ਸ਼੍ਰੀਮਤੀ ਰਵਿੰਦਰ ਕੌਰ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦੇ ਹੋਏ, ਇਸਰੋ ਦੁਆਰਾ 1+ ਗ੍ਰੇਡ ਦੇ ਨਾਲ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

ਇਸ ਸਮਾਗਮ ਦੌਰਾਨ, ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ‘ਸਪੇਸ ਟੈਕਨਾਲੋਜੀ ਅਤੇ ਐਪਲੀਕੇਸ਼ਨਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ’ ਵਿਸ਼ੇ ’ਤੇ ਇੱਕ ਪੇਸ਼ਕਾਰੀ ਵੀ ਦਿੱਤੀ, ਜਿਸ ਵਿੱਚ ਪੁਲਾੜ ਖੋਜ ਨੂੰ ਅੱਗੇ ਵਧਾਉਣ ਵਿੱਚ ਏਆਈ ਦੀ ਉੱਭਰ ਰਹੀ ਭੂਮਿਕਾ ਅਤੇ ਭਵਿੱਖ ਲਈ ਇਸਦੀ ਸੰਭਾਵਨਾ ਨੂੰ ਉਜਾਗਰ ਕੀਤਾ ਗਿਆ।

ਡਾ. ਸਦਾਵਰਤੀ ਨੇ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਰਾਸ਼ਟਰੀ ਆਊਟਰੀਚ ਪ੍ਰੋਗਰਾਮਾਂ ਅਤੇ ਅਕਾਦਮਿਕ ਪਹਿਲਕਦਮੀਆਂ ਵਿੱਚ ਨਿਰੰਤਰ ਭਾਗੀਦਾਰੀ ਰਾਹੀਂ ਪਾਏ ਗਏ ਮਹੱਤਵਪੂਰਨ ਯੋਗਦਾਨ ਨੂੰ ਵੀ ਸਾਂਝਾ ਕੀਤਾ।

ਯੂਨੀਵਰਸਿਟੀ ਲਈ ਇਸ ਮਾਣ ਦੇ ਪਲ ਵਿੱਚ, ਡਾ. ਹਰਸ਼ ਸਦਾਵਰਤੀ ਨੂੰ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ ਨੇ 99RS ਆਊਟਰੀਚ ਪ੍ਰੋਗਰਾਮ, ਇਸਰੋ, ਦੇਹਰਾਦੂਨ ਦੁਆਰਾ ਭਾਰਤ ਵਿੱਚ ਸਰਵੋਤਮ START ਕੋਆਰਡੀਨੇਟਰ ਵਜੋਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਲਈ ਸਨਮਾਨਿਤ ਵੀ ਕੀਤਾ।

ਚਾਂਸਲਰ ਡਾ. ਜ਼ੋਰਾ ਸਿੰਘ ਨੇ ਡਾ. ਸਦਾਵਰਤੀ ਦੀ ਦੂਰਦਰਸ਼ੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਰਾਸ਼ਟਰੀ ਮਾਨਤਾ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਵਧ ਰਹੇ ਕੱਦ ਦਾ ਪ੍ਰਮਾਣ ਹੈ। ਸਾਨੂੰ ਆਪਣੇ ਵਿਦਿਆਰਥੀਆਂ, ਫੈਕਲਟੀ ਅਤੇ ਆਪਣੇ ਵਾਈਸ ਚਾਂਸਲਰ ’ਤੇ ਮਾਣ ਹੈ ਕਿ ਉਨ੍ਹਾਂ ਨੇ ਸੰਸਥਾ ਨੂੰ ਅਜਿਹਾ ਸਨਮਾਨ ਦਿੱਤਾ ਹੈ।

 

ਤਹਿਸੀਲ ਵਿਚ ਅਧਿਕਾਰੀਆਂ ਦੀ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ’ਚ ਕਿਹਾ ਗਿਆ ਹੈ ਕਿ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸਵੇਰੇ 9 ਵਜੇ ਤੋਂ ਸ਼ਾਮ ਤੱਕ ਸਰਕਾਰੀ ਦਫਤਰਾਂ ਵਿਚ ਹਾਜ਼ਰੀ ਯਕੀਨੀ ਬਣਾਉਣਗੇ। ਇਸ ਸਬੰਧੀ ਬਕਾਇਦਾ ਡਿਪਟੀ ਕਮਿਸ਼ਨਰਾਂ ਨੂੰ ਤਹਿਸੀਲ ਦਫਤਰਾਂ ਵਿਚ ਅਧਿਕਾਰੀਆਂ ਦੀ ਮੌਜੂੁਦਗੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਨ ਸਰਕਾਰ ਨੇ ਕਿਹਾ ਕਿ ਹੁਣ ਤਹਿਸੀਲ ਦਫਤਰਾਂ ਵਿਚ ਅਧਿਕਾਰੀਆਂ ਦਾ ਮਨਮਾਨੀ ਵਾਲਾ ਵਿਵਹਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਾਨ ਸਰਕਾਰ ਨੇ ਅਫਸਰਾਂ ਦੀ ਫਰਲੋ ਖਤਮ ਕਰਨ ਦਾ ਫੈਸਲਾ ਵੀ ਲਿਆ ਹੈ।   

 

 

ਹਵਾਈ ਹਮਲੇ ਦੀ ਚਿਤਾਵਨੀ ਵਾਲੇ ਸਾਇਰਨ ਵਜਾਏ ਜਾਣਗੇ

ਚੰਡੀਗੜ੍ਹ/ਬਿਊਰੋ ਨਿਊਜ਼  

ਭਲਕੇ 7 ਮਈ ਨੂੰ ਹੋਣ ਵਾਲੀ ਮੌਕ ਡਰਿੱਲ ਦੇ ਚੱਲਦਿਆਂ ਪੰਜਾਬ ਵਿਚ ਕੁੱਲ 20 ਜ਼ਿਲ੍ਹਿਆਂ ਨੂੰ ਲਿਸਟ ਆਊਟ ਕੀਤਾ ਗਿਆ ਹੈ, ਜਿਨ੍ਹਾਂ ਵਿਚ ਮੌਕ ਡਰਿੱਲ ਕੀਤੀ ਜਾਵੇਗੀ। ਇਸ ਦੌਰਾਨ ਕੈਟੇਗਰੀ 2 ਵਿਚ 17 ਜ਼ਿਲ੍ਹੇ ਰੱਖੇ ਗਏ ਹਨ, ਜਿੱਥੇ ਭਲਕੇ ਮੌਕ ਡਰਿੱਲ ਹੋਣੀ ਹੈ। ਜਦੋਂ ਕਿ ਕੈਟੇਗਰੀ 3 ਵਿਚ 3 ਜ਼ਿਲ੍ਹਿਆਂ ਨੂੰ ਰੱਖਿਆ ਗਿਆ ਹੈ। ਇਸ ਮੌਕ ਡਰਿੱਲ ਦੌਰਾਨ ਹਵਾਈ ਹਮਲੇ ਦੀ ਚਿਤਾਵਨੀ ਵਾਲੇ ਸਾਇਰਨ ਵੀ ਵਜਾਏ ਜਾਣਗੇ ਅਤੇ ਕੁਝ ਸਮੇਂ ਲਈ ਬਲੈਕ ਆਊਟ ਵੀ ਹੋਵੇਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸੂਬੇ ਵਿਚ ਵੀ ਮੌਕ ਡਰਿੱਲ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਅਭਿਆਸ ਵਿਚ ਸਿਵਲ ਡਿਫੈਂਸ, ਪੰਜਾਬ ਪੁਲਿਸ ਅਤੇ ਗ੍ਰਹਿ ਮੰਤਰਾਲੇ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਇਸ ਮੌਕ ਡਰਿੱਲ ਦਾ ਉਦੇਸ਼ ਕਿਸੇ ਵੀ ਐਮਰਜੈਂਸੀ ਵਾਲੀ ਸਥਿਤੀ ਲਈ ਤਿਆਰੀਆਂ ਨੂੰ ਯਕੀਨੀ ਬਣਾਉਣਾ ਹੈ। ਹਰਪਾਲ ਚੀਮਾ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਸ ਪ੍ਰਕਿਰਿਆ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਸੀਐਮ ਮਾਨ ਇਸ ਸਾਰੇ ਮਾਮਲੇ ਦੀ ਨਜ਼ਰਸਾਨੀ ਕਰ ਰਹੇ ਹਨ।  

 

ਬੀਬੀਐਮਬੀ ਡੈਮ ’ਤੇ ਤਾਇਨਾਤ ਹਰਿਆਣਾ ਦੇ ਸਟਾਫ ’ਤੇ ਦਬਾਅ ਬਣਾਉਣ ਲੱਗਾ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ ਚੁੱਪ ਚੁਪੀਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਦੀ ਯੋਜਨਾ ਨਾਕਾਮ ਕਰ ਦਿੱਤੀ ਹੈ। ਮੀਡੀਆ ਤੋਂ  ਮਿਲੀ ਜਾਣਕਾਰੀ ਅਨੁਸਾਰ ਬੀਬੀਐੱਮਬੀ ਨੇ ਲੰਘੀ ਰਾਤ 11 ਵਜੇ ਡੈਮ ’ਤੇ ਤਾਇਨਾਤ ਹਰਿਆਣਾ ਦੇ ਸਟਾਫ ਉੱਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਜੋ ਹਰਿਆਣਾ ਲਈ ਵਾਧੂ ਪਾਣੀ ਛੱਡਿਆ ਜਾ ਸਕੇ। ਜਲ ਸਰੋਤ ਵਿਭਾਗ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਵਿਭਾਗ ਨੇ ਫੌਰੀ ਸਰਕਾਰ ਨੂੰ ਜਾਣਕਾਰੀ ਦਿੱਤੀ। ਇਸ ਦੇ ਚੱਲਦਿਆਂ ਸਰਕਾਰ ਨੇ ਬੀਬੀਐੱਮਬੀ ਨੂੰ ਕਿਹਾ ਕਿ ਭਾਖੜਾ ਨਹਿਰ ਦੇ ਕਈ ਜਗ੍ਹਾ ਤੋਂ ਕਿਨਾਰੇ ਟੁੱਟਣ ਦਾ ਖ਼ਤਰਾ ਹੈ ਜਿਸ ਕਰਕੇ ਪੰਜਾਬ ਸਰਕਾਰ ਨੂੰ ਬਿਨਾਂ ਦੱਸੇ ਇਸ ਨਹਿਰ ਵਿੱਚ ਪਾਣੀ ਨਾ ਛੱਡਿਆ ਜਾਵੇ। ਜੇਕਰ ਕੋਈ ਅਜਿਹੀ ਕੋਸ਼ਿਸ਼ ਕੀਤੀ ਤਾਂ ਨਹਿਰ ਦੇ ਪਾਣੀ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰਾ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਬੀਬੀਐੱਮਬੀ ਦੀ ਹੋਵੇਗੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.