Friday, 19 June 2026

ਅੰਮਿ੍ਰਤਸਰ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣਾਂ ਰੱਦ

ਅੰਮਿ੍ਰਤਸਰ/ਬਿਊਰੋ ਨਿਊਜ਼ 

ਭਾਰਤ ਦੇ ਗ੍ਰਹਿ ਮੰਤਰਾਲੇ ਦੀ ਇਮੀਗ੍ਰੇਸ਼ਨ ਬਿਊਰੋ ਨੇ ਅਗਲੇ ਹੁਕਮਾਂ ਤੱਕ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਹੈ। ਇੰਟੈਗਰੇਟਿਡ ਚੈੱਕ ਪੋਸਟ ’ਤੇ ਇਕੱਤਰ ਹੋਏ 150 ਸ਼ਰਧਾਲੂਆਂ ਨੂੰ ਅੱਜ ਸਵੇੇਰੇ ਡੇਢ ਘੰਟੇ ਦੀ ਉਡੀਕ ਮਗਰੋਂ ਵਾਪਸ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਹੁਕਮਾਂ ਤੱਕ ਲਾਂਘਾ ਬੰਦ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਅਜਿਹੀਆਂ ਅਫਵਾਹਾਂ ਸਨ ਕਿ ਲਾਂਘਾ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ, ਅੱਜ ਸਵੇਰ ਤੱਕ ਅਜਿਹੀ ਕੋਈ ਗੱਲ ਨਹੀਂ ਸੀ, ਪਰ ਫਿਰ ਲਾਂਘਾ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ। ਇਸਦੇ ਚੱਲਦਿਆਂ ਅੰਮਿ੍ਰਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਕੁਝ ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਕੁਝ ਨੂੰ ਹੋਰਨਾਂ ਥਾਵਾਂ ’ਤੇ ਡਾਇਵਰਟ ਕਰ ਦਿੱਤਾ ਗਿਆ ਹੈ। ਅੰਮਿ੍ਰਤਸਰ ਦਾ ਹਵਾਈ ਅੱਡਾ ਭਾਰਤ ਪਾਕਿ ਸਰਹੱਦ ਤੋਂ ਮਹਿਜ਼ 20 ਕਿਲੋਮੀਟਰ ਦੀ ਦੂਰੀ ’ਤੇ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਵਾਈ ਅੱਡੇ ’ਤੇ ਜਾਣ ਤੋਂ ਪਹਿਲਾਂ ਸਬੰਧਤ ਏਅਰਲਾਈਨਾਂ ਤੋਂ ਆਪਣੀਆਂ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਨ।  

 

ਮੁੱਖ ਮੰਤਰੀ ਨੇ ਟਵੀਟ ਕਰਕੇ ਪ੍ਰਗਟਾਈ ਇਕਜੁੱਟਤਾ

ਚੰਡੀਗੜ੍ਹ/ਬਿਊੁਰੋ ਨਿਊਜ਼ 

ਭਾਰਤੀ ਹਥਿਆਰਬੰਦ ਸੈਨਾ ਵੱਲੋਂ ਪਾਕਿਸਤਾਨ ਦੇ ਦਹਿਸ਼ਤੀ ਟਿਕਾਣਿਆਂ ’ਤੇ ਕੀਤੇ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ’ਤੇ ਇਕ ਟਵੀਟ ਵਿਚ ਕਿਹਾ ਕਿ ਅੱਤਵਾਦ ਖਿਲਾਫ ਇਸ ਲੜਾਈ ਵਿੱਚ ਪੂਰਾ ਦੇਸ਼ ਇਕਜੁੱਟ ਹੈ। ਮਾਨ ਨੇ ਕਿਹਾ ਕਿ ਸਾਨੂੰ ਸਾਡੀ ਭਾਰਤੀ ਫੌਜ ਅਤੇ ਆਪਣੇ ਵੀਰ ਜਵਾਨਾਂ ’ਤੇ ਮਾਣ ਹੈ ਅਤੇ 140 ਕਰੋੜ ਦੇਸ਼ ਵਾਸੀ ਭਾਰਤੀ ਫੌਜ ਨਾਲ ਖੜ੍ਹੇ ਹਨ। ਜਵਾਨਾਂ ਦੀ ਹਿੰਮਤ ਅਤੇ ਹੌਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਨਾਲ ਖੜ੍ਹੇ ਹਨ।

 

ਮਿ੍ਰਤਕ ਦੀ ਪਛਾਣ ਹਰਿਆਣਾ ਦੇ ਚਰਖੀ ਦਾਦਰੀ ਦੇ ਵਿਅਕਤੀ ਵਜੋਂ ਹੋਈ

ਬਠਿੰਡਾ/ਬਿਊਰੋ ਨਿਊਜ਼ 

ਬਠਿੰਡਾ ਦੇ ਪਿੰਡ ਆਕਲੀਆ ਖੁਰਦ ਦੇ ਖੇਤਾਂ ਵਿਚ ਅੱਜ ਬੁੱਧਵਾਰ ਨੂੰ ਵੱਡੇ ਤੜਕੇ ਕਰੀਬ 1.30 ਵਜੇ ਅਣਪਛਾਤਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਜਹਾਜ਼ ’ਚ ਧਮਾਕਾ ਹੋਣ ਕਾਰਨ ਕਈ ਵਿਅਕਤੀ ਇਸਦੀ ਲਪੇਟ ਵਿਚ ਆ ਗਏ। ਹਾਲਾਂਕਿ ਘਟਨਾ ਸਥਾਨ ’ਤੇ ਪੁਲਿਸ ਪ੍ਰਸਾਸ਼ਨ ਨੇ ਪਹੁੰਚ ਕੇ ਮੌਕੇ ਦੀ ਸਥਿਤੀ ਨੂੰ ਸੰਭਾਲਿਆ। ਪੁਲਿਸ ਅਤੇ ਫੌਜ ਪ੍ਰਸ਼ਾਸਨ ਦੀ ਸਖਤੀ ਕਾਰਨ ਕਿਸੇ ਨੂੰ ਵੀ ਹਾਦਸੇ ਵਾਲੀ ਥਾਂ ਨੇੜੇ ਨਹੀਂ ਢੁੱਕਣ ਦਿੱਤਾ ਗਿਆ। ਇਹ ਜਹਾਜ਼ ਡਿੱਗਣ ਦੀ ਘਟਨਾ ਨੂੰ ਲੋਕਾਂ ਵੱਲੋਂ ਪਾਕਿਸਤਾਨੀ ਫੌਜੀ ਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਮੌਕੇ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਅਤੇ ਇਹ ਵਿਅਕਤੀ ਹਰਿਆਣਾ ਦੇ ਚਰਖੀ ਦਾਦਰੀ ਦਾ ਰਹਿਣ ਵਾਲਾ ਇੱਕ ਖੇਤ ਮਜ਼ਦੂਰ ਸੀ। ਦੱਸਿਆ ਗਿਆ ਕਿ ਕਈ ਖੇਤ ਮਜ਼ਦੂਰ ਮੰਗਲਵਾਰ ਦੇਰ ਰਾਤ ਸਥਾਨਕ ਅਨਾਜ ਮੰਡੀ ਵਿਚ ਸਨ, ਜਦੋਂ ਉਨ੍ਹਾਂ ਨੇ ਇੱਕ ਜਹਾਜ਼ ਨੂੰ ਅਸਾਧਾਰਨ ਤੌਰ ’ਤੇ ਹੇਠਾਂ ਆਉਂਦੇ ਦੇਖਿਆ ਅਤੇ ਕੁਝ ਪਲਾਂ ਬਾਅਦ ਇਹ ਖੇਤਾਂ ਵਿੱਚ ਹਾਦਸਾਗ੍ਰਸਤ ਹੋ ਗਿਆ।

 

ਚੰਡੀਗੜ੍ਹ  : ਭਾਰਤੀ ਜਨਤਾ ਪਾਰਟੀ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਥਾਣੇ ਸੱਦ ਕੇ ਜਲੀਲ ਕੀਤੇ ਜਾਣ ਲਈ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਇਸ਼ਤਿਹਾਰਾਂ ਵਾਲੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਜਿਹੀ ਸੌੜੀ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ।

ਇਸ ਸਬੰਧੀ ਕੀਤੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਇੱਕ ਪਾਸੇ ਜਿੱਥੇ ਦੇਸ਼ ਜੰਗ ਦੇ ਮੁਹਾਨੇ ਤੇ ਖੜਾ ਹੈ ਉੱਥੇ ਇਸ਼ਤਿਹਾਰਾਂ ਵਾਲੀ ਸਰਕਾਰ ਅੱਜ ਫਿਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੂੰ ਥਾਣੇ ਬੁਲਾ ਕੇ ਜਲੀਲ ਕਰਨ ਤੇ ਲੱਗੀ ਹੋਈ ਹੈ। ਉਨਾਂ ਅਨੁਸਾਰ ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੰਬਾਂ ਬਾਰੇ ਦਿੱਤਾ  ਗਿਆ ਬਿਆਨ ਵੀ ਹਾਸੋਹੀਣਾ ਸੀ ਅਤੇ ਸਰਕਾਰ ਵੱਲੋਂ ਉਸ ਤੇ ਕੀਤੀ ਗਈ ਕਾਰਵਾਈ ਉਸ ਤੋਂ ਵੀ ਵੱਧ ਹਾਸੋਹੀਣੀ ਹੈ, ਪਰ ਇਸ ਸਾਰੀ ਕਾਰਵਾਈ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚ ਰਹੀ ਹੈ ਉੱਥੇ ਹੀ ਇਹ ਲੋਕਤੰਤਰੀ ਪਰੰਪਰਾਵਾਂ ਦਾ ਵੀ ਮਜ਼ਾਕ ਬਣ ਰਿਹਾ ਹੈ ਅਤੇ ਸਰਕਾਰ ਦੀ ਵੀ ਇਸ ਤੋਂ ਸਿਰਫ ਪਬਲੀਸਿਟੀ ਪ੍ਰਾਪਤ ਕਰਨ ਦੀ ਭੁੱਖ ਝਲਕਦੀ ਹੈ। ਸਰਕਾਰ ਨੂੰ ਇਸ ਸੌੜੀ ਰਾਜਨੀਤੀ ਤੋਂ ਉੱਪਰ ਉੱਠਣਾ ਚਾਹੀਦਾ ਹੈ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.