Saturday, 20 June 2026

ਸੀਐਮ ਵਲੋਂ ਮਿ੍ਰਤਕਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ

ਚੰਡੀਗੜ੍ਹ/ਬਿਊਰੋ ਨਿਊਜ਼ 

ਮੁੱਖ ਮੰਤਰੀ ਭਗਵੰਤ ਮਾਨ ਅੱਜ ਮਜੀਠਾ ਹਲਕੇ ਦੇ ਪਿੰਡ ਮਰੜੀ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਦੇ ਮੂੰਹ ਪਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ। ਇਸ ਘਟਨਾ ’ਤੇ ਸੀਐਮ ਨੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਜਾਨ ਗੁਆਉਣ ਵਾਲੇ ਹਰ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਮਾਇਕ ਮੱਦਦ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਸੂਬਾ ਸਰਕਾਰ ਵਲੋਂ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੰਦਭਾਗੀ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਨੂੰ ਸਖਤ ਸਜ਼ਾ ਮਿਲੇਗੀ, ਚਾਹੇ ਉਹ ਵਿਅਕਤੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ।  

 

ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ ਸਨ

ਫ਼ਿਰੋਜ਼ਪੁਰ/ਬਿਊਰੋ ਨਿਊਜ਼ 

ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਲੰਘੀ 9 ਮਈ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਜ਼ਖ਼ਮੀ ਹੋਏ ਪਰਿਵਾਰ ਦੇ ਤਿੰਨ ਜੀਆਂ ਵਿੱਚ ਸ਼ਾਮਲ ਇਕ ਮਹਿਲਾ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਹੈ। ਇਹ ਮਹਿਲਾ ਤੇ ਉਸ ਦਾ ਪਤੀ ਲਖਵਿੰਦਰ ਸਿੰਘ ਅਤੇ ਇਨ੍ਹਾਂ ਦਾ ਪੁੱਤਰ ਇਸ ਘਟਨਾ ਦੌਰਾਨ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਏ ਸਨ। ਡਾਕਟਰਾਂ ਦੇ ਦੱਸਣ ਮੁਤਾਬਕ ਸੁਖਵਿੰਦਰ ਕੌਰ ਸੌ ਫ਼ੀਸਦੀ ਅਤੇ ਲਖਵਿੰਦਰ ਸਿੰਘ 72 ਫੀਸਦੀ ਝੁਲਸ ਚੁੱਕੇ ਸਨ। ਜਾਣਕਾਰੀ ਮੁਤਾਬਕ ਸੁਖਵਿੰਦਰ ਕੌਰ ਨੇ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੰਜਾਬ ਸਰਕਾਰ ਵਲੋਂ ਮਿ੍ਰਤਕ ਮਹਿਲਾ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ।   

 

ਕਿਹਾ : ਭਾਰਤੀ ਫੌਜ ਨੇ ਦੇਸ਼ ਦਾ ਸਿਰ ਮਾਣ ਨਾਲ ਉਚਾ ਕੀਤਾ

ਜਲੰਧਰ/ਬਿਊਰੋ ਨਿਊਜ਼   

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲੰਧਰ ’ਚ ਪੈਂਦੇ ਆਦਮਪੁਰ ਏਅਰ ਬੇਸ ’ਤੇ ਪਹੁੰਚ ਕੇ ਫੌਜ ਦੇ ਜਵਾਨਾਂ ਦੀ ਹੌਸਲਾ ਅਫਜਾਈ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫੌਜ ਨੇ ਦੇਸ਼ ਵਾਸੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਮੋਦੀ ਨੇ ਕਿਹਾ ਕਿ ਜਵਾਨਾਂ ਦੇ ਦਰਸ਼ਨ ਕਰਨ ਨਾਲ ਉਨ੍ਹਾਂ ਦਾ ਜੀਵਨ ਸਫਲ ਹੋ ਗਿਆ। ਉਨ੍ਹਾਂ ਨੇ ਜਵਾਨਾਂ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਵਫਾਦਾਰੀ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ। ਮੋਦੀ ਨੇ ਕਿਹਾ ਕਿ ਪਾਕਿਸਤਾਨ ਦੇ ਝੂਠ ਨੂੰ ਪੂਰੀ ਤਰ੍ਹਾਂ ਨਾਲ ਬੇਨਕਾਬ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਬਹਾਦਰੀ ਦੀ ਗੱਲ ਹੋਵੇਗੀ, ਤਾਂ ਭਾਰਤੀ ਜਵਾਨਾਂ ਦਾ ਨਾਮ ਸਭ ਤੋਂ ਪਹਿਲਾਂ ਆਵੇਗਾ। ਪੀਐਮ ਨੇ ਕਿਹਾ ਕਿ ਪਾਕਿਸਤਾਨ ਖਿਲਾਫ ਕੀਤੇ ਅਪਰੇਸ਼ਨ ਸੰਦੂਰ ਦੀ ਗੂੰਜ ਸਾਰੀ ਦੁਨੀਆ ਵਿਚ ਸੁਣੀ ਗਈ ਹੈ।  

ਸੁਖਬੀਰ ਬਾਦਲ ਦਾ ਆਰੋਪ- ਇਸ ਗੈਰਕਾਨੂੰਨੀ ਧੰਦੇ ’ਚ ਸੱਤਾਧਾਰੀ ਪਾਰਟੀ ਦੇ ਆਗੂ ਸ਼ਾਮਲ  

ਚੰਡੀਗੜ੍ਹ/ਬਿਊਰੋ ਨਿਊਜ਼  

ਮਜੀਠਾ ਖੇਤਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਕਰਕੇ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਵਾਲ ਚੁੱਕੇ ਹਨ। ਇਸਦੇ ਚੱਲਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ’ਚ ਸੱਤਾਧਾਰੀ ਪਾਰਟੀ ਦੇ ਆਗੂ ਸਿੱਧੇ ਤੌਰ ’ਤੇ ਇਸ ਗੈਰਕਾਨੂੰਨੀ ਧੰਦੇ ਵਿਚ ਸ਼ਾਮਲ ਹਨ।  ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਮੁੱਖ ਮੁਲਜ਼ਮਾਂ ਨੂੰ ਬਚਾ ਰਹੀ ਹੈ। ਉਨ੍ਹਾਂ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਵੇਚਣ ਵਾਲਾ ਮਾਫੀਆ ਸ਼ਰ੍ਹੇਆਮ ਸ਼ਰਾਬ ਵੇਚ ਰਿਹਾ ਹੈ, ਪਰ ਸਰਕਾਰ ਉਸ ਖਿਲਾਫ ਕਾਰਵਾਈ ਕਰਨ ਦੀ ਬਜਾਏ, ਉਸ ਨੂੰ ਬਚਾ ਰਹੀ ਹੈ। ਇਸਦੇ ਚੱਲਦਿਆਂ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਸੂਬਾ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਨਕਲੀ ਸ਼ਰਾਬ ਨਾਲ ਕਈ ਪਰਿਵਾਰ ਟੁੱਟ ਗਏ, ਜਦੋਂ ਕਿ ਭਗਵੰਤ ਮਾਨ ਸਰਕਾਰ ਗੂੜ੍ਹੀ ਨੀਂਦ ਵਿਚ ਹੈ। ਇਸਦੇ ਚੱਲਦਿਆਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਜ਼ਹਿਰੀਲੀ ਸ਼ਰਾਬ ਨਾਲ ਪ੍ਰਭਾਵਿਤ ਪਿੰਡਾਂ ਵਿਚ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਸ਼ਰਾਬ ਮਾਮਲੇ ’ਚ ਦੋਸ਼ੀ ਵਿਅਕਤੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।    

 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.