Friday, 19 June 2026

ਕੇਂਦਰ ਅਤੇ ਹਰਿਆਣਾ ਸਰਕਾਰ ਖਿਲਾਫ ਲਿਆਂਦਾ ਜਾ ਸਕਦਾ ਹੈ ਮਤਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਦੇ ਮੱਦੇਨਜ਼ਰ ਆਉਂਦੀ 5 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਲਿਆ ਹੈ। ਵਿਸ਼ੇਸ਼ ਇਜਲਾਸ ਦੌਰਾਨ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ, ਹਰਿਆਣਾ ਸਰਕਾਰ ਅਤੇ ਬੀਬੀਐੱਮਬੀ ਦੇ ਫੈਸਲੇ ਖਿਲਾਫ ਮਤਾ ਲਿਆਉਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਅਤੇ ਵਜ਼ੀਰਾਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਇਸ ਸਬੰਧੀ ਜਾਣੂ ਕਰਾਇਆ। ਵਿਧਾਨ ਸਭਾ ਇਜਲਾਸ ਦੌਰਾਨ ਪੰਜਾਬ ਦੇ ਜਲ ਸਰੋਤਾਂ ਦੀ ਰੱਖਿਆ ਲਈ ਠੋਸ ਕਦਮ ਚੁੱਕੇ ਜਾਣ ਬਾਰੇ ਚਰਚਾ ਹੋਵੇਗੀ।

 

ਗਿਆਨੀ ਰਘਬੀਰ ਸਿੰਘ ਨੂੰ ਵੀ ਏਅਰਪੋਰਟ ’ਤੇ ਕੀਤਾ ਗਿਆ ਸੀ ਪ੍ਰੇਸ਼ਾਨ

ਗੁਰਦਾਸਪੁਰ/ਬਿਊਰੋ ਨਿਊਜ਼ 

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਅੱਜ ਦਿੱਲੀ ਏਅਰਪੋਰਟ ’ਤੇ ਵਿਦੇਸ਼ ਜਾਣ ਤੋਂ ਰੋਕ ਲਿਆ ਗਿਆ। ਦਿੱਲੀ ਏਅਰਪੋਰਟ ਤੋਂ ਗੱਲਬਾਤ ਕਰਦਿਆਂ ਜਥੇਦਾਰ ਛੋਟੇਪੁਰ ਨੇ ਕਿਹਾ ਕਿ ਉਹ ਨਿੱਜੀ ਸਮਾਗਮ ਲਈ ਅਮਰੀਕਾ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਰੋਕ ਲਿਆ ਹੈ। ਜਥੇਦਾਰ ਛੋਟੇਪੁਰ ਨੇ ਦੱਸਿਆ ਕਿ ਇਸ ਸੰਬੰਧੀ ਇਮੀਗ੍ਰੇਸ਼ਨ ਵਿਭਾਗ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਸਿਰਫ਼ ਪਾਸਪੋਰਟ ਦਫ਼ਤਰ ਨਾਲ ਤਾਲਮੇਲ ਕਰਨ ਲਈ ਹੀ ਕਿਹਾ ਗਿਆ ਹੈ ਜਦ ਕਿ ਉਨ੍ਹਾਂ ਕੋਲ ਵੈਲਿਡ ਪਾਸਪੋਰਟ ਅਤੇ ਵੀਜ਼ਾ ਉਪਲਬਧ ਹੈ। ਜਥੇਦਾਰ ਛੋਟੇਪੁਰ ਨੇ ਕਿਹਾ ਕਿ ਪਹਿਲਾਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਅਤੇ ਹੁਣ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। 

 

ਪੁਲਿਸ ਵਲੋਂ ਮਾਮਲਾ ਦਰਜ ਅਤੇ ਕੀਤੀ ਜਾ ਰਹੀ ਹੈ ਜਾਂਚ

ਬਠਿੰਡਾ/ਬਿਊਰੋ ਨਿਊਜ਼

ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਅਤੇ ਪੁਲਿਸ ਵੱਲੋਂ ਸ਼ੱਕੀ ਕਿਸਮ ਦੇ ਵਿਅਕਤੀਆਂ ਦੀ ਚੈਕਿੰਗ ਲਗਾਤਾਰ ਜਾਰੀ ਹੈ। ਇਸ ਦੌਰਾਨ ਬਠਿੰਡਾ ਕੈਂਟ ਤੋਂ ਇਕ ਮੋਚੀ ਨੂੰ ਪਾਕਿਸਤਾਨ ਦੀ ਇਕ ਮਹਿਲਾ ਨਾਲ ਸੰਪਰਕ ਰੱਖਣ ਦੇ ਆਰੋਪ ਹੇਠ ਗਿ੍ਰਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਮੁਲਜ਼ਮ ਬਿਹਾਰ ਦੇ ਸਮਸਤੀਪੁਰ ਦਾ ਰਹਿਣ ਵਾਲਾ ਹੈ। ਉਹ ਪਿਛਲੇ 10 ਸਾਲਾਂ ਤੋਂ ਬਠਿੰਡਾ ਵਿਚ ਰਹਿ ਰਿਹਾ ਸੀ ਅਤੇ ਬਠਿੰਡਾ ਛਾਉਣੀ ਵਿਚ ਮੋਚੀ ਦਾ ਕੰਮ ਕਰਦਾ ਸੀ। ਫੌਜ ਦੀ ਖੁਫੀਆ ਏਜੰਸੀ ਨੇ ਇਕ ਆਪਰੇਸ਼ਨ ਦੌਰਾਨ ਉਸਦੇ ਮੋਬਾਈਲ ਦੀ ਜਾਂਚ ਕੀਤੀ, ਜਿਸ ਵਿਚ ਪਾਕਿਸਤਾਨ ਦੀ ਇਕ ਔਰਤ ਨਾਲ ਸ਼ੱਕੀ ਵਟਸਐਪ ਚੈਟ ਮਿਲੀ। ਪੁਲਿਸ ਨੇ ਇਸ ਵਿਅਕਤੀ ਖਿਲਾਫ ਜਾਸੂਸੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਫੌਜ ਵੱਲੋਂ ਇਸ ਸਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

 

ਕਿਹਾ : ਪੰਜਾਬ ’ਚੋਂ ਹਰ ਤਰੀਕੇ ਨਾਲ ਨਸ਼ਾ ਕੀਤਾ ਜਾਵੇਗਾ ਖਤਮ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਨਸ਼ੇ ਖਿਲਾਫ ਪੁਲਿਸ ਦਾ ਐਕਸ਼ਨ ਪਲਾਨ ਤਿਆਰ ਹੋ ਚੁੱਕਾ ਹੈ। ਇਸਦੇ ਚੱਲਦਿਆਂ ਡੀ.ਜੀ.ਪੀ. ਵਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਅਤੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਨਾਲ ਲੈ ਕੇ ਪੰਜਾਬ ਪੁਲਿਸ ਨਸ਼ੇ ਖਿਲਾਫ਼ ਜੰਗ ਲੜੇਗੀ ਤੇ ਸਾਰੇ ਅਦਾਰੇ ਇਸ ਮੁਹਿੰਮ ਤਹਿਤ ਲੋਕਾਂ ਨਾਲ ਜੁੜਨਗੇ। ਉਨ੍ਹਾਂ ਅੱਗੇ ਕਿਹਾ ਕਿ 31 ਮਈ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਸਰਵੇਖਣ ਵੀ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਗੁਆਂਢੀ ਮੁਲਕ ਤੋਂ ਡਰੋਨ ਰਾਹੀਂ ਨਸ਼ਾ ਆਉਂਦਾ ਹੈ, ਪਰ ਪੰਜਾਬ ਪੁਲਿਸ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ਡੀਜੀਪੀ ਨੇ ਕਿਹਾ ਕਿ ਨਸ਼ਿਆਂ ਦੇ ਵਪਾਰ ’ਚ ਸ਼ਾਮਲ ਕਿਸੇ ਵੀ ਪੁਲਿਸ ਅਧਿਕਾਰੀ, ਸਰਕਾਰੀ ਕਰਮਚਾਰੀ ਜਾਂ ਕਿਸੇ ਹੋਰ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਬੀ.ਐਸ.ਐਫ਼. ਨਾਲ ਪੰਜਾਬ ਪੁਲਿਸ ਦਾ ਵਧੀਆ ਤਾਲਮੇਲ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਹਰ ਤਰੀਕੇ ਨਾਲ ਪੰਜਾਬ ਵਿਚੋਂ ਨਸ਼ੇ ਖਤਮ ਕੀਤੇ ਜਾਣਗੇ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.