Thursday, 18 June 2026

‘ਆਪ’ ਵਿਧਾਇਕ ਐਲ ਜੀ ਦੇ ਭਾਸ਼ਣ ਦੌਰਾਨ ਕਰ ਰਹੇ ਸਨ ਹੰਗਾਮਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ਦੇ ਦੂਜੇ ਦਿਨ ਅੱਜ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਸਮੇਤ 13 ‘ਆਪ’ ਵਿਧਾਇਕਾਂ ਨੂੰ ਪੂਰੇ ਦਿਨ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਮਾਰਸ਼ਲਾਂ ਨੇ ਸਾਰੇ ਸਸਪੈਂਡ ਕੀਤੇ ਗਏ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਐਲ ਜੀ ਵੀ ਕੇ ਸਕਸੈਨਾ ਦੇ ਭਾਸ਼ਣ ਦੌਰਾਨ ਹੰਗਾਮਾ ਕਰ ਰਹੇ ਸਨ। ਇਸੇ ਦੌਰਾਨ ਜਵਾਬ ’ਚ ਭਾਜਪਾ ਵਿਧਾਇਕਾਂ ਨੇ ਸਦਨ ’ਚ ਮੋਦੀ-ਮੋਦੀ ਦੇ ਨਾਅਰੇ ਲਗਾਏ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ’ਚ ਨਵੀਂ ਬਣੀ ਭਾਜਪਾ ਸਰਕਾਰ ਵੱਲੋਂ ਕੈਗ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਗਲਤ ਸ਼ਰਾਬ ਨੀਤੀ ਕਾਰਨ ਦਿੱਲੀ ਨੂੰ 2026 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

11 ਮਾਰਚ ਨੂੰ ਲਾਲੂ ਯਾਦਵ, ਤੇਜ ਪ੍ਰਤਾਪ ਅਤੇ ਹੇਮਾ ਯਾਦਵ ਨੂੰ ਪੇਸ਼ ਹੋਣ ਦਾ ਦਿੱਤਾ ਹੁਕਮ

ਪਟਨਾ/ਬਿਊਰੋ ਨਿਊਜ਼ : ਲੈਂਡ ਫਾਰ ਜੌਬ ਮਾਮਲੇ ’ਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਲਾਲੂ ਯਾਦਵ ਦੇ ਪਰਿਵਾਰ ਨੂੰ ਝਟਕਾ ਦਿੱਤਾ ਹੈ। ਇਸ ਮਾਮਲੇ ’ਚ ਸੀਬੀਆਈ ਵੱਲੋਂ ਦਾਖਲ ਕੀਤੀ ਗਈ ਫਾਈਨਲ ਚਾਰਜਸ਼ੀਟ ’ਤੇ ਅਦਾਲਤ ਨੇ ਐਕਸ਼ਨ ਲੈਂਦੇ ਹੋਏ ਲਾਲੂ ਯਾਦਵ, ਪੁੱਤਰ ਤੇਜ ਪ੍ਰਤਾਪ ਅਤੇ ਬੇਟੀ ਹੇਮਾ ਸਮੇਤ ਸਾਰੇ ਆਰੋਪੀਆਂ ਨੂੰ ਸੰਮਨ ਭੇਜਿਆ ਹੈ। ਅਦਾਲਤ ਨੇ ਲਾਲੂ ਯਾਦਵ, ਉਨ੍ਹਾਂ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਅਤੇ ਬੇਟੀ ਹੇਮਾ ਯਾਦਵ ਨੂੰ 11 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ’ਚ ਸੀਬੀਆਈ ਵੱਲੋਂ ਲਾਲੂ ਯਾਦਵ ਸਮੇਤ 78 ਵਿਅਕਤੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਸੀਬੀਆਈ ਨੇ ਅਦਾਲਤ ਤੋਂ ਰੇਲਵੇ ਬੋਰਡ ਦੇ ਅਧਿਕਾਰੀ ਆਰ ਕੇ ਮਹਾਜਨ ਖਿਲਾਫ਼ ਕੇਸ ਚਲਾਉਣ ਦੀ ਵੀ ਆਗਿਆ ਲੈ ਲਈ ਹੈ ਅਤੇ ਉਨ੍ਹਾਂ ਖਿਲਾਫ਼ ਗਵਾਹਾਂ ਦੀ ਲਿਸਟ ਵੀ ਤਿਆਰ ਕਰ ਲਈ ਗਈ ਹੈ।

ਖੇਤੀ ਨੀਤੀ ਖਿਲਾਫ਼ ਵਿਸ਼ੇਸ਼ ਮਤਾ ਲਿਆਉਣ ਦੀ ਸੰਭਾਵਨਾ

ਚੰਡੀਗੜ੍ਹ/ਬਿਊਰੋ ਨਿਊਜ਼ :  ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਸੈਸ਼ਨ ਭਲਕੇ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਹੈ। ਬਜਟ ਇਜਲਾਸ ਤੋਂ ਐਨ ਪਹਿਲਾਂ ਹੋ ਰਹੇ ਇਸ ਸੈਸ਼ਨ ’ਚ ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਨੀਤੀ ਦੇ ਕੌਮੀ ਖਰੜੇ ਖਿਲਾਫ਼ ਵਿਸ਼ੇਸ਼ ਮਤਾ ਲਿਆਉਣ ਦੀ ਸੰਭਾਵਨਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਖਰੜੇ ਦੇ ਵਿਰੋਧ ’ਚ ਮਤਾ ਪਾਸ ਕੀਤੇ ਜਾਣ ਦੀ ਮੰਗ ਉਠਾਈ ਜਾ ਰਹੀ ਹੈ। ਪੰਜਾਬ ਸਰਕਾਰ ਕਿਸਾਨਾਂ ਦੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ਦੌਰਾਨ ਕੌਮੀ ਖੇਤੀ ਮੰਡੀ ਨੀਤੀ ਖਲਿਾਫ਼ ਅਜਿਹਾ ਮਤਾ ਲਿਆ ਸਕਦੀ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਸੂਚੀ ਅਨੁਸਾਰ ਵਿਧਾਨ ਸਭਾ ਦਾ ਸੈਸ਼ਨ ਭਲਕੇ 11 ਵਜੇ ਸ਼ੁਰੂ ਹੋਵੇਗਾ ਅਤੇ ਸਦਨ ਵਿੱਚ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਉਪਰੰਤ ਵਿਧਾਨਿਕ ਕੰਮ-ਕਾਰ ਹੋਵੇਗਾ। ਇਹ 16ਵੀਂ ਪੰਜਾਬ ਵਿਧਾਨ ਸਭਾ ਦਾ ਸੱਤਵਾਂ ਸਮਾਗਮ ਹੋਵੇਗਾ। ਇਸ ਉਪਰੰਤ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਹੋਵੇਗਾ। ਇਸੇ ਤਰ੍ਹਾਂ ਸਦਨ ’ਚ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀਆਂ ਦੀਆਂ ਰਿਪੋਰਟਾਂ ਪੇਸ਼ ਹੋਣਗੀਆਂ।

ਮੌਜੂਦਾ ਸਥਿਤੀ ਬਾਰੇ ਦਿੱਤੀ ਜਾਣਕਾਰੀ

ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਵਿੱਚੋਂ ਪੰਜ ਮੈਂਬਰਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਹੁਣ ਤੱਕ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਕਮੇਟੀ ਦੇ ਪੰਜ ਮੈਂਬਰਾਂ ਵੱਲੋਂ ਕਮੇਟੀ ਦੀ ਕਾਰਗੁਜ਼ਾਰੀ ਸਬੰਧੀ ਲਿਖਤੀ ਰਿਪੋਰਟ ਅਕਾਲ ਤਖਤ ਸਕੱਤਰੇਤ ਵਿਖੇ ਸੌਂਪੀ ਗਈ ਸੀ। ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਆਏ ਪੰਜ ਮੈਂਬਰਾਂ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਸਤਵੰਤ ਕੌਰ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ ਅਤੇ ਇਕਬਾਲ ਸਿੰਘ ਝੂੰਦਾਂ ਸ਼ਾਮਲ ਸਨ। ਕਮੇਟੀ ਮੈਂਬਰਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਹੈ।

ਇੱਕ ਘੰਟੇ ਦੇ ਕਰੀਬ ਚੱਲੀ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਜਥੇਦਾਰ ਨੂੰ ਕਮੇਟੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਸਬੰਧੀ ਜਾਣੂ ਕਰਾਇਆ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਅਤੇ ਉਹ ਭਰਤੀ ਆਪਣੇ ਤੌਰ ’ਤੇ ਹੀ ਕਰਨਾ ਚਾਹੁੰਦੇ ਹਨ। ਜਥੇਦਾਰ ਨਾਲ ਬੈਠਕ ਉਪਰੰਤ ਕਮੇਟੀ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਉਹ ਸ਼੍ਰੋਮਣੀ ਅਕਾਲ ਤਖਤ ਵੱਲੋਂ ਜਾਰੀ ਆਦੇਸ਼ਾਂ ਨੂੰ ਇਨ-ਬਿਨ ਲਾਗੂ ਕਰਵਾਉਣ ਵਾਸਤੇ ਜਥੇਦਾਰ ਨੂੰ ਮਿਲੇ ਹਨ। ਜਥੇਦਾਰ ਨੂੰ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਕਮੇਟੀ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਹੁਣ ਇਸ ਮਾਮਲੇ ਵਿੱਚ ਅਕਾਲ ਤਖਤ ਵੱਲੋਂ ਜੋ ਵੀ ਅਗਲਾ ਆਦੇਸ਼ ਦਿੱਤਾ ਜਾਵੇਗਾ, ਕਮੇਟੀ ਮੈਂਬਰ ਉਸ ਮੁਤਾਬਕ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਭਰੋਸਾ ਦਿੱਤਾ ਹੈ ਕਿ ਉਹ ਅਕਾਲ ਤਖਤ ਦੀ ਫਸੀਲ ਤੋਂ 2 ਦਸੰਬਰ ਨੂੰ ਜਾਰੀ ਕੀਤੇ ਗਏ ਆਦੇਸ਼ਾਂ ਨੂੰ ਇਨ ਬਿਨ ਲਾਗੂ ਕਰਾਉਣਗੇ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.