Thursday, 18 June 2026

ਰੁਜ਼ਗਾਰ ਦੀ ਮੰਗ ਕਰਦਿਆਂ ਇੱਕ ਬੇਰੁਜ਼ਗਾਰ ਦੀ ਪੱਗ ਤੇ ਲੜਕੀਆਂ ਦੀਆਂ ਚੁੰਨੀਆਂ ਲੱਥੀਆਂ

ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰਾਂ ਅਤੇ ਪੁਲੀਸ ਦਰਮਿਆਨ ਝੜਪ ਹੋਈ ਜਿਸ ਦੌਰਾਨ ਇੱਕ ਬੇਰੁਜ਼ਗਾਰ ਦੀ ਪੱਗ, ਕਈ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਦੀਆਂ ਚੁੰਨੀਆਂ ਲੱਥ ਗਈਆਂ ਅਤੇ ਇੱਕ ਡੀਐਸਪੀ ਦੀ ਵਰਦੀ ਦਾ ਬੈਜ ਵੀ ਉਖੜ ਗਿਆ। ਖਿੱਚ-ਧੂਹ ਦੌਰਾਨ ਪੁਲੀਸ ਪੰਜ ਪ੍ਰਦਰਸ਼ਨਕਾਰੀ ਲੜਕੀਆਂ ਸਮੇਤ ਅੱਠ ਬੇਰੁਜ਼ਗਾਰਾਂ ਨੂੰ ਜਬਰੀ ਧੂਹ ਕੇ ਲੈ ਗਈ ਅਤੇ ਹਿਰਾਸਤ ’ਚ ਲੈ ਕੇ ਬੱਸ ’ਚ ਬਿਠਾ ਲਿਆ। ਇੱਕ ਪ੍ਰਦਰਸ਼ਨਕਾਰੀ ਲੜਕੀ ਨੂੰ ਤਾਂ ਪੁਲੀਸ ਨੇ ਲੱਤਾਂ-ਬਾਹਾਂ ਤੋਂ ਫੜ ਘਸੀਟਦਿਆਂ ਜਬਰੀ ਹਿਰਾਸਤ ’ਚ ਲਿਆ। ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਨੂੰ ਭਾਰੀ ਜਦੋਜਹਿਦ ਕਰਨੀ ਪਈ। ਇਹ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਤੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸਨ। ਬੇਰੁਜ਼ਗਾਰ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮਤਰੀ ਦੀ ਕੋਠੀ ਵੱਲ ਵਧ ਰਹੇ ਸੀ ਪਰੰਤੂ ਪੁਲੀਸ ਨੇ ਸਖਤ ਨਾਕੇਬੰਦੀ ਕਰਕੇ ਬੇਰੁਜ਼ਗਾਰਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲੀਸ ਨਾਲ ਖਿੱਚਧੂਹ ਹੋਈ। 

ਸਟਾਕ ਮਾਰਕੀਟ ਧੋਖਾਧੜੀ ਮਾਮਲੇ ’ਚ 30 ਦਿਨਾਂ ’ਚ ਮੰਗੀ ਰਿਪੋਰਟ

ਮੁੰਬਈ/ਬਿਊਰੋ ਨਿਊਜ਼ : ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਭਿ੍ਰਸ਼ਟਾਚਾਰ ਰੋਕੂ ਬਿਊਰੋ  ਨੂੰ ਸੇਬੀ ਦੀ ਸਾਬਕਾ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਪੰਜ ਹੋਰ ਅਧਿਕਾਰੀਆਂ ਵਿਰੁੱਧ ਸਟਾਕ ਮਾਰਕੀਟ ਧੋਖਾਧੜੀ ਅਤੇ ਰੈਗੂਲੇਟਰੀ ਬੇਨਿਯਮੀਆਂ ਦੇ ਦੋਸ਼ ਹੇਠ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਅਧਿਕਾਰੀ ਬੰਬੇ ਸਟਾਕ ਐਕਸਚੇਂਜ ਤੇ ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨਾਲ ਸਬੰਧਤ ਹਨ। ਵਿਸ਼ੇਸ਼ ਅਦਾਲਤ ਦੇ ਜੱਜ ਸ਼ਸ਼ੀਕਾਂਤ ਏਕਨਾਥਰਾਓ ਬਾਂਗੜ ਨੇ ਹੁਕਮਾਂ ਵਿਚ ਕਿਹਾ ਕਿ ਇਸ ਸਬੰਧੀ ਪਹਿਲੀ ਨਜ਼ਰੇ ਬੇਨੇਮੀਆਂ ਅਤੇ ਮਿਲੀਭੁਗਤ ਕਰਨ ਦਾ ਪਤਾ ਲੱਗਦਾ ਹੈ ਜਿਸ ਲਈ ਨਿਰਪੱਖ ਜਾਂਚ ਦੀ ਲੋੜ ਹੈ। ਬੁਚ ਤੋਂ ਇਲਾਵਾ ਜਿਨ੍ਹਾਂ ਹੋਰ ਅਧਿਕਾਰੀਆਂ ਵਿਰੁੱਧ ਅਦਾਲਤ ਨੇ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ ਉਨ੍ਹਾਂ ਵਿੱਚ ਬੀਐਸਈ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰਰਾਮਨ ਰਾਮਾਮੂਰਤੀ, ਤਤਕਾਲੀ ਚੇਅਰਮੈਨ ਅਤੇ ਜਨਹਿਤ ਨਿਰਦੇਸ਼ਕ ਪ੍ਰਮੋਦ ਅਗਰਵਾਲ ਅਤੇ ਸੇਬੀ ਦੇ ਤਿੰਨ ਮੈਂਬਰ ਅਸ਼ਵਨੀ ਭਾਟੀਆ, ਅਨੰਤ ਨਰਾਇਣ ਅਤੇ ਕਮਲੇਸ਼ ਚੰਦਰ ਵਰਸ਼ਨੇ ਸ਼ਾਮਲ ਹਨ। ਅਦਾਲਤ ਨੇ ਕਿਹਾ ਕਿ ਉਹ ਜਾਂਚ ਦੀ ਨਿਗਰਾਨੀ ਕਰੇਗੀ ਅਤੇ ਇਸ ਮਾਮਲੇ ਦੀ 30 ਦਿਨਾਂ ਦੇ ਅੰਦਰ ਰਿਪੋਰਟ ਸੌਂਪੀ ਜਾਵੇ।  

 

2027 ਦੀਆਂ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਹੋਣ ਦਾ ਦਿੱਤਾ ਸੱਦਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਆਪਣੇ ਦੋ ਦਿਨਾ ਪੰਜਾਬ ਦੌਰੇ ’ਤੇ ਹਨ। ਉਨ੍ਹਾਂ ਅੱਜ ਚੰਡੀਗੜ੍ਹ ਪਾਰਟੀ ਦਫ਼ਤਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਕੀਤੀ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਸਮੇਤ ਹੋਰ ਆਗੂ ਮੌਜੂਦ ਸਨ। ਇਸ ਮੌਕੇ ਭੁਪੇਸ਼ ਬਘੇਲ ਨੇ ਕਾਂਗਰਸੀ ਆਗੂਆਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਵੀ ਮੀਟਿੰਗ ਕੀਤੀ ਗਈ।

  

ਕਿਹਾ : ਜੇ ਸਾਡਾ ਮੁੱਖ ਮੰਤਰੀ ਨਸ਼ਾ-ਮੁਕਤ ਨਹੀਂ ਹੈ, ਤਾਂ ਪੰਜਾਬ ਨਸ਼ਾ-ਮੁਕਤ ਕਿਵੇਂ ਹੋਵੇਗਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦੀ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਦੀ ਆਲੋਚਨਾ ਕਰਦੇ ਹੋਏ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਰਵਾਈ ਦੇ ਸਮੇਂ ਅਤੇ ਇਰਾਦੇ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦੁਆਰਾ ਨਸ਼ਿਆਂ ਵਿਰੁੱਧ ਲਏ ਗਏ ਕਿਸੇ ਵੀ ਫੈਸਲੇ ਦਾ, ਹਰ ਕੋਈ ਖਾਸ ਕਰਕੇ ਮੁੱਖ ਵਿਰੋਧੀ ਪਾਰਟੀ ਇਸ ਦਾ ਸਵਾਗਤ ਕਰੇਗੀ। ਪਰ ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਲਈ ਸਮਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡਾ ਮੁੱਖ ਮੰਤਰੀ ਨਸ਼ਾ-ਮੁਕਤ ਨਹੀਂ ਹੈ, ਤਾਂ ਪੰਜਾਬ ਨਸ਼ਾ-ਮੁਕਤ ਕਿਵੇਂ ਹੋਵੇਗਾ? ਤਿੰਨ ਸਾਲਾਂ ਬਾਅਦ, ਜਦੋਂ ਪੰਜਾਬ ਦੇ ਨੌਜਵਾਨ ਤਬਾਹ ਹੋ ਰਹੇ ਹਨ, ਜਦੋਂ ਪੰਜਾਬ ਆਰਥਿਕ ਤਬਾਹੀ ਦੇ ਕੰਢੇ ’ਤੇ ਹੈ, ਤੁਸੀਂ ਇਹ ਛਾਪੇਮਾਰੀ ਸ਼ੁਰੂ ਕੀਤੀ ਹੈ। ਤੁਹਾਨੂੰ ਇਹ ਵਿਚਾਰ ਕਿਸੇ ਹੋਰ ਰਾਜ ਤੋਂ ਮਿਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉੱਚ ਪੁਲਿਸ ਅਧਿਕਾਰੀ ਨਸ਼ਿਆਂ ਦੇ ਵਪਾਰ ਨੂੰ ਸੌਖਾ ਬਣਾਉਂਦੇ ਹਨ ਅਤੇ ਸਵਾਲ ਕੀਤਾ ਕਿ ਕੀ ਉਨ੍ਹਾਂ ਦੀ ਕਿਸੇ ਵੀ ਰਿਹਾਇਸ਼ ਨੂੰ ਢਾਹ ਦਿੱਤਾ ਗਿਆ ਹੈ। ਇਸ ਤਰ੍ਹਾਂ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਤਿੰਨ ਸਾਲ ਕੀ ਕਰਦੀ ਰਹੀ। ਤਿੰਨ ਸਾਲਾਂ ਦੌਰਾਨ ਨਸ਼ਾ ਪੰਜਾਬ ਅੰਦਰ ਖੂਬ ਫੈਲਿਆ ਅਤੇ ਹੁਣ ਸਰਕਾਰ ਨੂੰ ਨਸ਼ੇ ਨੂੰ ਰੋਕਣ ਦੀ ਗੱਲ ਕਰਦੀ ਹੈ।

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.