Thursday, 18 June 2026

ਕਿਹਾ : ਪੰਜਾਬੀ ਭਾਸ਼ਾ ਨੂੰ ਤੁਰੰਤ ਖੇਤਰੀ ਭਾਸ਼ਾਵਾਂ ਦੀ ਸੂਚੀ ’ਚ ਕੀਤਾ ਜਾਵੇ ਸ਼ਾਮਲ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਜੂਕੇਸ਼ਨ ਪਾਲਿਸੀ 2020 ਦਾ ਵਿਰੋਧ ਕੀਤਾ ਹੈ। ਇਸ ਪਾਲਿਸੀ ਤਹਿਤ ਕੇਂਦਰ ਸਰਕਾਰ ਨੇ ਦਸਵੀਂ ਅਤੇ ਬਾਰਵੀਂ ਦੇ ਇਮਤਿਹਾਨਾਂ ’ਚੋਂ ਪੰਜਾਬੀ ਮਾਂ ਬੋਲੀ ਨੂੰ ਖੇਤਰੀ ਭਾਸ਼ਾਵਾਂ ਦੀ ਲਿਸਟ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਡਾ. ਚੀਮਾ ਨੇ ਕਿਹਾ ਕਿ ਇਹ ਪੰਜਾਬੀ ਮਾਂ ਬੋਲੀ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੁਨੀਆ ਭਰ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ’ਚੋਂ ਇਕ ਅਹਿਮ ਭਾਸ਼ਾ ਹੈ, ਪਰ ਕੇਂਦਰ ਸਰਕਾਰ ਨੇ ਪਹਿਲਾਂ ਜੰਮੂ-ਕਸ਼ਮੀਰ ਵਿਚ ਅਤੇ ਹੁਣ ਸੀਬੀਐਸਈ ਦੇ ਦਸਵੀਂ ਅਤੇ ਬਾਰਵੀਂ ਦੇ ਸਿਲੇਬਸ ਵਿਚੋਂ ਇਸ ਨੂੰ ਬਾਹਰ ਕੱਢ ਕੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਡਾ. ਚੀਮਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਇਸ ਫੈਸਲੇ ਵਿਰੋਧ ਕਰਦਾ ਹੈ ਅਤੇ ਕੇਂਦਰ ਸਰਕਾਰ ਅਤੇ ਬੋਰਡ ਤੋਂ ਮੰਗ ਕਰਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਖੇਤਰੀ ਭਾਸ਼ਾਵਾਂ ਦੀ ਲਿਸਟ ਵਿਚ ਸ਼ਾਮਿਲ ਕੀਤਾ ਜਾਵੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਸਖਤ ਸ਼ਬਦਾਂ ’ਚ ਵਿਰੋਧ ਕੀਤਾ ਹੈ।

  

ਡੀਲ ਕਰਨ ਲਈ ਅਮਰੀਕਾ ਪਹੁੰਚਣਗੇ ਵਲਾਦੀਮੀਰ ਜੇਲੇਂਸਕੀ

ਵਾਸ਼ਿੰਗਟਨ/ਬਿਊਰੋ ਨਿਊਜ਼ : ਯੂਕਰੇਨ ਅਮਰੀਕਾ ਨੂੰ ਦੁਰਲਭ ਖਣਿਜ ਪਦਾਰਥ ਦੇਣ ਲਈ ਰਾਜੀ ਹੋ ਗਿਆ ਹੈ ਅਤੇ ਇਸ ਸਬੰਧੀ ਅਮਰੀਕਾ ਅਤੇ ਯੂਕਰੇਨ ਦੇ ਅਧਿਕਾਰੀਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਉਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਡੀਲ ’ਤੇ ਸਾਈਨ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੇਂਸਕੀ ਸ਼ੁੱਕਰਵਾਰ ਨੂੰ ਅਮਰੀਕਾ ਦੌਰੇ ’ਤੇ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਨੇ ਇਕ ਮਹੀਨਾ ਪਹਿਲਾਂ ਯੂਕਰੇਨ ਸਰਕਾਰ ’ਤੇ ਦੁਰਲਭ ਖਣਿਜ ਪਦਾਰਥ ਦੇਣ ਲਈ ਦਬਾਅ ਬਣਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਯੂਕਰੇਨ ਨੂੰ ਅਮਰੀਕਾ ਤੋਂ ਮਦਦ ਚਾਹੀਦੀ ਹੈ ਤਾਂ ਉਸ ਨੂੰ 500 ਬਿਲੀਅਨ ਡਾਲਰ ਦੇ ਦੁਰਲਭ ਖਣਿਜ ਪਦਾਰਥ ਅਮਰੀਕਾ ਨੂੰ ਦੇਣਗੇ ਹੋਣਗੇ। ਟਰੰਪ ਨੇ ਜੇਲੇਂਸਕੀ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਯੂਕਰੇਨ ਇਸ ਤਰ੍ਹਾਂ ਨਹੀਂ ਕਰਦਾ ਤਾਂ ਅਮਰੀਕਾ ਉਸ ਨੂੰ ਮਦਦ ਦੇਣੀ ਬੰਦ ਕਰ ਦੇਵੇਗਾ।

  

ਡੱਲੇਵਾਲ ਦਾ ਬਲੱਡ ਪ੍ਰੈਸ਼ਰ ਖਤਰਨਾਕ ਪੱਧਰ ’ਤੇ ਪਹੁੰਚਿਆ

ਖਨੌਰੀ/ਬਿਊਰੋ ਨਿਊਜ਼ : ਪੰਜਾਬ ਦੇ ਖਨੌਰੀ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 92 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅੱਜ ਅਚਾਨਕ ਖਰਾਬ ਹੋ ਗਈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਖਤਰਨਾਕ ਪੱਧਰ ’ਤੇ ਪਹੁੰਚ ਗਿਆ, ਜਿਸ ਦੇ ਚਲਦਿਆਂ ਡਾਕਟਰਾਂ ’ਚ ਕਾਫ਼ੀ ਚਿੰਤਾ ਦੇਖੀ ਗਈ। ਕਿਸਾਨ ਮੋਰਚੇ ’ਤੇ ਮੌਜੂਦ ਡਾਕਟਰਾਂ ਦੀ ਟੀਮ ਵੱਲੋਂ ਲਗਾਤਾਰ ’ਤੇ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਭੁੱਖ ਹੜਤਾਲ ’ਤੇ ਬੈਠੇ ਹੋਣ ਕਾਰਨ ਡੱਲੇਵਾਲ ਦੀ ਸਿਹਤ ਲਗਾਤਾਰ ਕਮਜ਼ੋਰ ਹੋ ਰਹੀ ਹੈ। ਖਨੌਰੀ ਬਾਰਡਰ ’ਤੇ ਮੌਜੂਦ ਕਿਸਾਨ ਮੋਰਚੇ ਦੇ ਆਗੂਆਂ ਤੋਂ ਇਲਾਵਾ ਕਿਸਾਨਾਂ ਅੰਦਰ ਵੀ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਵਧ ਗਈ ਹੈ। ਮੋਰਚੇ ’ਤੇ ਮੌਜੂਦ ਕਿਸਾਨਾਂ ਵੱਲੋਂ ਡੱਲੇਵਾਲ ਦੀ ਸਿਹਤ ਸਬੰਧੀ ਪ੍ਰਾਥਨਾਵਾਂ ਕੀਤੀਆਂ ਜਾ ਰਹੀਆਂ ਅਤੇ ਡਾਕਟਰਾਂ ਦੀ ਟੀਮ ਵੱਲੋਂ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

 

ਪੀੜਤ ਧਿਰ ਨੇ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦੇਣ ਦੀ ਕੀਤੀ ਸੀ ਮੰਗ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਿੱਖ ਕਤਲੇਆਮ ਦੇ ਇਕ ਹੋਰ ਮਾਮਲੇ ’ਚ ਅੱਜ ਕਾਂਗਰਸ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਦੀ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਵੱਲੋਂ ਸੱਜਣ ਕੁਮਾਰ ਦੀ ਸਜ਼ਾ ਸਬੰਧੀ ਫੈਸਲਾ ਸੁਣਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਮਾਮਲਾ 1984 ’ਚ ਵਾਪਰੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਸਰਸਵਤੀ ਵਿਹਾਰ ’ਚ ਜਸਵੰਤ ਸਿੰਘ ਅਤੇ ਉਨ੍ਹਾਂ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਸੱਜਣ ਕੁਮਾਰ ਦਿੱਲੀ ਬਾਹਰੀ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਸਨ ਅਤੇ ਪੀੜਤ ਪਰਿਵਾਰ ਨੇ ਅਦਾਲਤ ਕੋਲੋਂ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।  ਸੱਜਣ ਕੁਮਾਰ ਨੂੰ ਇਸ ਮਾਮਲੇ ’ਚ ਲੰਘੀ 12 ਫਰਵਰੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਧਿਆਨ ਰਹੇ ਕਿ ਸੱਜਣ ਕੁਮਾਰ ਦਿੱਲੀ ਸਿੱਖ ਕਤਲੇਆਮ ਦੇ ਇਕ ਹੋਰ ਮਾਮਲੇ ਵਿਚ ਪਹਿਲਾਂ ਤੋਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਅਤੇ ਉਹ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.