Thursday, 25 June 2026

ਨਾਭਾ/ਬਿਊਰੋ ਨਿਊਜ਼  

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਮੰਗਲਵਾਰ ਨੂੰ ਨਾਭਾ ਜੇਲ੍ਹ ਤੋਂ ਬਾਹਰ ਆ ਗਏ ਹਨ। ਮਜੀਠੀਆ ਨੂੰ ਲੰਘੇ ਕੱਲ੍ਹ ਜ਼ਮਾਨਤ ਮਿਲ ਗਈ ਸੀ, ਪਰ ਅਦਾਲਤ ਦੀ ਕੁਝ ਜ਼ਰੂਰੀ ਕਾਰਵਾਈ ਕਾਰਨ ਉਨ੍ਹਾਂ ਦੀ ਜੇਲ੍ਹ ਵਿਚੋਂ ਰਿਹਾਈ ਅੱਜ ਹੋਈ ਹੈ। ਮਜੀਠੀਆ ਦੇ ਜੇਲ੍ਹ ਵਿਚੋਂ ਬਾਹਰ ਆਉਂਦੇ ਸਾਰ ਹੀ ਬੋਲੇ ਸੋ ਨਿਹਾਲ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਵਿਧਾਇਕ ਗਨੀਵ ਕੌਰ ਮਜੀਠੀਆ ਅਤੇ ਹਜ਼ਾਰਾਂ ਦੀ ਤਾਦਾਦ ਵਿਚ ਅਕਾਲੀ ਵਰਕਰ ਤੇ ਸੀਨੀਅਰ ਅਕਾਲੀ ਆਗੂ ਪਹੁੰਚੇ ਹੋਏ ਸਨ। ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ ਆਪਣੀਆਂ ਮੁੱਛਾਂ ਨੂੰ ਤਾਅ ਵੀ ਦਿੱਤਾ।

 

 

ਜੇਲ੍ਹ ਤੋਂ ਬਾਹਰ ਆਉਂਦਿਆਂ ਮਜੀਠੀਆ ਦਾ ਵੱਡਾ ਬਿਆਨ

ਕਿਹਾ : ਨਾ ਮਜੀਠੀਆ ਰੁਕੇਗਾ ਤੇ ਨਾ ਕਦੇ ਝੁਕੇਗਾ

ਨਾਭਾ/ਬਿਊਰੋ ਨਿਊਜ਼ 

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ’ਚੋਂ ਬਾਹਰ ਆਉਂਦੇ ਸਾਰ ਕਿਹਾ ਕਿ ਉਹ ਨਾ ਕਦੇ ਰੁਕਣਗੇ ਅਤੇ ਨਾ ਹੀ ਕਦੇ ਝੁਕਣਗੇ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਜੇਲ੍ਹ ਵਿਚ ਰਹਿੰਦਿਆਂ ਸਮੇਂ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਅਤੇ ਉਨ੍ਹਾਂ ਖਿਲਾਫ ਝੂਠੇ ਪਰਚੇ ਵੀ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਚਾਹੁੰਦੀ ਹੀ ਨਹੀਂ ਸੀ ਕਿ ਉਹ ਜੇਲ੍ਹੋਂ ਬਾਹਰ ਆਏ, ਪਰ ਚਾਹੁਣ ਵਾਲਿਆਂ ਦੀਆਂ ਅਰਦਾਸਾਂ ਕਾਰਨ ਮੈਂ ਜੇਲ੍ਹ ਵਿਚੋਂ ਬਾਹਰ ਆਇਆਂ ਹਾਂ। ਮਜੀਠੀਆ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀ, ਮੇਰੀ ਲੜਾਈ ਪੰਜਾਬ ਦੇ ਮੁੱਦਿਆਂ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਾਲੇ ਪੰਜਾਬ ਵਿਚੋਂ ਭਜਾਉਣੇ ਹਨ। ਦਿੱਲੀ ਵਾਲਿਆਂ ਨੂੰ ਅਸੀਂ ਇਥੇ ਸਰਕਾਰ ਨਹੀਂ ਚਲਾਉਣ ਦਿਆਂਗੇ। ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਮੇਰੀ ਪਤਨੀ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਗਿਆ।

ਮਾਨ ਨੇ ਕਿਹਾ : ਅਦਾਲਤਾਂ ਦਾ ਉਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ‘ਐਕਸ’ ਅਕਾਊਂਟ ’ਤੇ ਬਿਨਾ ਕਿਸੇ ਦਾ ਨਾਮ ਲਏ ਇਕ ਪੋਸਟ ਪਾ ਕੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ’ਤੇ ਤਨਜ਼ ਕੱਸਿਆ ਹੈ। ਉਨ੍ਹਾਂ ਨੇ ਲਿਖਿਆ ਕਿ ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ, ਉਥੇ ਅਦਾਲਤਾਂ ਦਾ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ। ਧਿਆਨ ਰਹੇ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਲੰਘੇ ਕੱਲ੍ਹ ਨਾਭਾ ਜੇਲ੍ਹ ਵਿਚ ਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਬਾਹਰ ਆਏ ਤਾਂ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋ ਮਹੱਤਵਪੂਰਨ ਟਿੱਪਣੀਆਂ ਕੀਤੀਆਂ। ਪਹਿਲਾਂ ਤਾਂ ਉਨ੍ਹਾਂ ਨੇ ਆਪਣੀ ਮੁਲਾਕਾਤ ਨੂੰ ਆਪਣੇ ਰਿਸ਼ਤੇਦਾਰ ਨਾਲ ਮੁਲਾਕਾਤ ਦੱਸਿਆ। ਦੂਜਾ ਉਨ੍ਹਾਂ ਨੇ ਮਜੀਠੀਆ ਵਿਰੁੱਧ ਸਰਕਾਰ ਵਲੋਂ ਲਗਾਏ ਇਲਜ਼ਾਮਾਂ ਨੂੰ ਝੂਠਾ ਦੱਸਿਆ। ਧਿਆਨ ਰਹੇ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਮਜੀਠੀਆ ਨਾਲ ਕੀਤੀ ਗਈ ਮੁਲਾਕਾਤ ਤੋਂ ਇਕ ਘੰਟੇ ਬਾਅਦ ਹੀ ਸੁਪਰੀਮ ਕੋਰਟ ਨੇ ਅਕਾਲੀ ਆਗੂ ਨੂੰ ਜ਼ਮਾਨਤ ਦੇ ਦਿੱਤੀ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੇ ਸੀਐਮ ਭਗਵੰਤ ਮਾਨ ਦੀ ਆਲੋਚਨਾ ਕੀਤੀ ਹੈ। 

ਕਿਹਾ : ਮੁੱਖ ਮੰਤਰੀ ਭਗਵੰਤ ਮਾਨ ਹੱਦ ਪਾਰ ਕਰ ਗਏ

ਚੰਡੀਗੜ੍ਹ/ਬਿਊਰੋ ਨਿਊਜ਼

ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਬਿਆਨ ’ਤੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਇਸ ਸਬੰਧੀ ਸੀਐਮ ਮਾਨ ਦੇ ਟਵੀਟ ਦੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਵਲੋਂ ਸਤਿਕਾਰ ਦੀ ਹੱਦ ਪਾਰ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਦੇ ਬਿਆਨ ਦਾ ਬੁਰਾ ਮੰਨ ਰਹੇ ਹਨ। ਬਿੱਟੂ ਨੇ ਕਿਹਾ ਕਿ ਮਹਾਂਪੁਰਖ ਸਭ ਦੇ ਸਾਂਝੇ ਹੁੰਦੇ ਹਨ ਅਤੇ ਸਾਰੇ ਹੀ ਲੀਡਰ ਅਤੇ ਆਮ ਲੋਕ ਉਨ੍ਹਾਂ ਦਾ ਅਸ਼ੀਰਵਾਦ ਲੈਣ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਵੀ ਬਹੁਤ ਸਾਰੇ ਆਗੂੁ ਅਤੇ ਵਰਕਰ ਡੇਰਾ ਬਿਆਸ ਅਸ਼ੀਰਵਾਦ ਲੈਣ ਪਹੁੰਚਦੇ ਹਨ। ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ। 

ਦੇਹਰਾਦੂਨ ’ਚ ਵੀ ਸਰਕਾਰੀ ਬੱਸ ਡੂੰਘੀ ਖੱਡ ’ਚ ਡਿੱਗਣ ਕਾਰਨ 4 ਵਿਅਕਤੀਆਂ ਦੀ ਗਈ ਜਾਨ

ਹੁਸ਼ਿਆਰਪੁਰ/ਬਿਊਰੋ ਨਿਊਜ਼

ਹੁਸ਼ਿਆਰਪੁਰ ’ਚ ਮੁਕੇਰੀਆਂ-ਪਠਾਨਕੋਟ ਕੌਮੀ ਮਾਰਗ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਐਕਟਿਵਾ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ਵਿੱਚ ਦੋ ਪਰਵਾਸੀ ਮਜ਼ਦੂਰ ਸ਼ਾਮਲ ਹਨ ਅਤੇ ਉਹ ਮੈਰਿਜ ਪੈਲੇਸ ਵਿੱਚ ਕੰਮ ਕਰਨ ਉਪਰੰਤ ਵਾਪਸ ਪਰਤ ਰਹੇ ਸਨ। ਇਹ 4 ਵਿਅਕਤੀ ਐਕਟਿਵਾ ’ਤੇ ਸਵਾਰ ਸਨ ਅਤੇ ਇੱਕ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਐਕਟਿਵਾ ’ਤੇ ਸਵਾਰ ਚਾਰੋਂ ਜਣਿਆਂ ਦੀ ਮੌਤ ਹੋ ਗਈ। ਉਧਰ ਦੂੁਜੇ ਪਾਸੇ ਉਤਰਾਖੰਡ ਦੇ ਦੇਹਰਾਦੂਨ ਵਿਚ ਹਿਮਾਚਲ ਪ੍ਰਦੇਸ਼ ਦੀ ਇਕ ਸਰਕਾਰੀ ਬੱਸ ਡੂੰਘੀ ਖੱਡ ਵਿਚ ਡਿੱਗ ਗਈ, ਜਿਸ ਕਾਰਨ ਬੱਸ ਵਿਚ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਬੱਸ ’ਚ ਸਵਾਰ ਜਿਨ੍ਹਾਂ 4 ਵਿਅਕਤੀਆਂ ਦੀ ਜਾਨ ਗਈ ਹੈ, ਉਹ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਇਹ ਬੱਸ ਹਿਮਾਚਲ ਦੇ ਕਸਬਾ ਨੇਰਵਾ-ਚੌਪਾਲ ਤੋਂ ਪਾਉਂਟਾ ਸਾਹਿਬ ਜਾ ਰਹੀ ਸੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.