Thursday, 25 June 2026

ਕਿਹਾ : ਨਿਰਪੱਖ ਨਿਆਂਪ੍ਰਣਾਲੀ ’ਤੇ ਭਰੋਸਾ ਹੋਰ ਮਜ਼ਬੂਤ ਹੋਵੇਗਾ

ਅੰਮਿ੍ਰਤਸਰ/ਬਿਊਰੋ ਨਿਊਜ਼

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਸੁਪਰੀਮ ਕੋਰਟ ਵਲੋਂ ਜ਼ਮਾਨਤ ਦਿੱਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਨਿਆਂਪਾਲਿਕਾ ’ਤੇ ਸਮਾਜ ਦਾ ਹਮੇਸ਼ਾ ਯਕੀਨ ਰਿਹਾ ਹੈ ਅਤੇ ਹਰ ਵਿਅਕਤੀ ਅਦਾਲਤਾਂ ਤੋਂ ਇਨਸਾਫ ਦੀ ਆਸ ਰੱਖਦਾ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦਾ ਮਜੀਠੀਆ ਸਬੰਧੀ ਇਹ ਇਕ ਚੰਗਾ ਫੈਸਲਾ ਹੈ, ਜਿਸ ਨਾਲ ਨਿਰਪੱਖ ਨਿਆਂਪ੍ਰਣਾਲੀ ’ਤੇ ਭਰੋਸਾ ਹੋਰ ਮਜ਼ਬੂਤ ਹੋਵੇਗਾ। ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮਜੀਠੀਆ ਨੂੰ ਜ਼ਮਾਨਤ ਮਿਲਣ ’ਤੇ ਖੁਸ਼ੀ ਪ੍ਰਗਟ ਕੀਤੀ ਹੈ। ਚੀਮਾ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਲੱਖ ਜ਼ੋਰ ਲਾ ਲਿਆ, ਪਰ ਫਿਰ ਵੀ ਅੱਜ ਸਚਾਈ ਸਾਹਮਣੇ ਆ ਗਈ ਹੈ। 

ਮਾਨ ਨੇ ਸਮੁੱਚੇ ਖਾਲਸਾ ਪੰਥ ਤੋਂ ਮੰਗ ਲਈ ਮੁਆਫੀ

ਅੰਮਿ੍ਰਤਸਰ/ਬਿਊਰੋ ਨਿਊਜ਼

ਪੰਜਾਬ ਦੇ ਸਾਬਕਾ ਸੰਸਦ ਮੈਂਬਰ ਅਤੇ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਦਾ ਵਿਆਹ ਵੀ ਵਿਵਾਦਾਂ ਵਿਚ ਘਿਰ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਗੋਬਿੰਦ ਸਿੰਘ ਸੰਧੂ ਦੇ ਵਿਆਹ ਦੀ ਇਕ ਫੋਟੋ ਸ਼ੇਅਰ ਕਰਕੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਸੰਧੂ ਨੇ ਵਿਆਹ ਦੇ ਦੌਰਾਨ ਕੁਝ ਰਸਮਾਂ ਦੌਰਾਨ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਹੈ। ਇਸੇ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੇਰੇ ਦੋਹਤੇ ਗੋਬਿੰਦ ਸਿੰਘ ਸੰਧੂ ਦਾ ਪਿਛਲੇ ਦਿਨੀਂ ਵਿਆਹ ਪ੍ਰੋਗਰਾਮ ਹੋਇਆ ਹੈ। ਬੇਸ਼ੱਕ ਮੈਂ ਉਸ ਦਿਨ ਚੰਡੀਗੜ੍ਹ ਵਿਚ ਹੀ ਸੀ, ਪਰ ਜਦੋਂ ਬੱਚਿਆਂ ਤੇ ਪਰਿਵਾਰ ਨੇ ਛੱਤਰ ਦੇ ਨਾਲ ਚੌਰ ਸਾਹਿਬ ਝੁਲਾਉਣ ਦੇ ਅਮਲ ਕੀਤੇ, ਉਸ ਕਾਰਜ ਸਮੇਂ ਮੈਂ ਉਥੇ ਨਹੀਂ ਸੀ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਮੈਂ ਆਪਣੇ ਦੋਹਤੇ ਦੇ ਵਿਆਹ ਮੌਕੇ ਹੋਈ ਇਸ ਉਲੰਘਣਾ ਨੂੰ ਲੈ ਕੇ ਖਾਲਸਾ ਪੰਥ ਤੋਂ ਮੁਆਫੀ ਮੰਗਦਾ ਹੈ।

ਗੁਰਦਾਸਪੁਰ ਦੇ ਹਸਪਤਾਲ ’ਚ ਚੱਲ ਰਿਹਾ ਬਿਮਾਰ ਬੱਚਿਆਂ ਦਾ ਇਲਾਜ

ਚੰਡੀਗੜ੍ਹ/ਬਿਊਰੋ ਨਿਊਜ਼

ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜ ਗਈ। ਇਸਦੇ ਚੱਲਦਿਆਂ 10 ਦੇ ਕਰੀਬ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਖਾਣੇ ਦੇ ਮਿਆਰ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਲੰਘੇ ਕੱਲ੍ਹ ਐਤਵਾਰ ਰਾਤ ਕਰੀਬ ਸਕੂਲ ਦੇ ਹੋਸਟਲ ਵਿਚ ਰਹਿਣ ਵਾਲੇ 10 ਵਿਦਿਆਰਥੀ ਅਚਾਨਕ ਬਿਮਾਰ ਹੋ ਗਏ। ਵਿਦਿਆਰਥੀਆਂ ਨੇ ਪੇਟ ਵਿਚ ਤੇਜ਼ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ। ਸਕੂਲ ਸਟਾਫ ਨੇ ਤੁਰੰਤ ਉਨ੍ਹਾਂ ਨੂੰ ਨਜ਼ਦੀਕੀ ਸਿਵਲ ਹਸਪਤਾਲ ਪਹੁੰਚਾਇਆ। ਇਸੇ ਦੌਰਾਨ ਸਾਰੇ ਬੱਚਿਆਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਦੂਜੇ ਪਾਸੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ’ਤੇ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ ਲਗਾਏ ਹਨ। 

ਭੱਠਲ ਨੇ ਕਿਹਾ : ਉਹ ਕਾਂਗਰਸ ਪਾਰਟੀ ਵਿਚ ਹੀ ਰਹਿਣਗੇ

ਲਹਿਰਾਗਾਗਾ/ਬਿਊਰੋ ਨਿਊਜ਼

ਸੋਸ਼ਲ ਮੀਡੀਆ ’ਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਜ਼ੋਰ-ਸ਼ੋਰ ਨਾਲ ਪ੍ਰਚਾਰੀਆਂ ਜਾ ਰਹੀਆਂ ਸਨ। ਇਨ੍ਹਾਂ ਅਫਵਾਹਾਂ ਨੂੰ ਲੈ ਕੇ ਬੀਬੀ ਭੱਠਲ ਨੇ ਆਪਣੀ ਚੁੱਪੀ ਤੋੜਦਿਆਂ ਇਨ੍ਹਾਂ ਨੂੰ ਬੇਬੁਨਿਆਦ ਅਤੇ ਗਲਤ ਕਰਾਰ ਦਿੱਤਾ ਹੈ। ਬੀਬੀ ਭੱਠਲ ਨੇ ਸਪੱਸ਼ਟ ਕਿਹਾ ਕਿ ਉਹ ਕਾਂਗਰਸੀ ਸਨ, ਕਾਂਗਰਸੀ ਹਨ ਅਤੇ ਕਾਂਗਰਸ ਵਿੱਚ ਹੀ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਪਰ ਅਸਲ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਕਦੇ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਸੋਚਿਆ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.