Thursday, 25 June 2026

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਸੋਮਵਾਰ, 2 ਫਰਵਰੀ ਨੂੰ ਪੰਜਾਬ ਆਉਣਗੇ। ਪ੍ਰਧਾਨ ਮੰਤਰੀ ਦੇ ਦੌਰੇ ਦੀ ਇਹ ਤਾਰੀਖ਼ ਤੈਅ ਹੋ ਗਈ ਹੈ। ਇਸ ਦੀ ਪੁਸ਼ਟੀ ਦਿੱਲੀ ਦੇ ਮੰਤਰੀ ਅਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ। ਸਿਰਸਾ ਅੱਜ ਚੰਡੀਗੜ੍ਹ ਪਹੁੰਚੇ ਅਤੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੀਆਂ ਸ਼ੁਰੂਆਤੀ ਤਿਆਰੀਆਂ ਦੀ ਨਿਗਰਾਨੀ ਕਰ ਰਹੇ ਹਨ। ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਡੇਰਾ ਬੱਲਾਂ ਨਾਲ ਭਾਵਨਾਤਮਕ ਸੰਬੰਧ ਹੈ, ਇਸੇ ਲਈ ਉਹ ਵਿਸ਼ੇਸ਼ ਤੌਰ ’ਤੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਪ੍ਰਧਾਨ ਮੰਤਰੀ ਮੋਦੀ ਦੀ ਉਡੀਕ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ 1 ਫਰਵਰੀ ਨੂੰ ਪ੍ਰਧਾਨ ਮੰਤਰੀ ਦੇ ਆਉਣ ਦਾ ਐਲਾਨ ਕੀਤਾ ਸੀ।

ਮੁੱਖ ਚੋਣ ਅਧਿਕਾਰੀ ਨੇ ਤਿਆਰੀਆਂ ਕੀਤੀਆਂ ਸ਼ੁਰੂ

ਚੰਡੀਗੜ੍ਹ/ਬਿਊਰੋ ਨਿਊਜ਼

ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਪੰਜਾਬ ਵਿਚ ਵੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਹੋਣ ਜਾ ਰਹੀ ਹੈ। ਪੰਜਾਬ ਵਿਚ ਐਸ.ਆਈ.ਆਰ. (ਸਪੈਸ਼ਲ ਇਨਟੈਨਸ਼ਿਵ ਰੀਵਿਊ) ਦਾ ਕੰਮ ਆਉਂਦੇ ਫਰਵਰੀ ਜਾਂ ਮਾਰਚ ਮਹੀਨੇ ਵਿਚ ਸ਼ੁਰੂ ਹੋ ਜਾਵੇਗਾ। ਪੰਜਾਬ ਦੇ ਚੀਫ ਇਲੈਕਟੋਰਲ ਅਫਸਰ (ਸੀਈਓ) ਨੇ ਵੀ ਐਸ.ਆਈ.ਆਰ. ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਕੇਂਦਰੀ ਚੋਣ ਕਮਿਸ਼ਨ ਨੇ ਸਾਰੇ ਰਾਜਾਂ ਦੇ ਚੋਣ ਅਧਿਕਾਰੀਆਂ ਨਾਲ ਇਕ ਵਰਚੂਅਲ ਮੀਟਿੰਗ ਕੀਤੀ ਅਤੇ ਪੰਜਾਬ ਵਿਚ ਫਰਵਰੀ ਜਾਂ ਮਾਰਚ ਮਹੀਨੇ ਦੌਰਾਨ ਐਸ.ਆਈ.ਆਰ. ਸ਼ੁਰੂ ਕਰਨ ਬਾਰੇ ਗੱਲ ਕੀਤੀ ਗਈ। ਕੇਂਦਰੀ ਚੋਣ ਕਮਿਸ਼ਨ ਦੀ ਹਦਾਇਤ ਤੋਂ ਬਾਅਦ ਸੀ.ਈ.ਓ. ਪੰਜਾਬ ਨੇ ਵੋਟਰ ਸੂਚੀਆਂ ਦੀ ਗੜਬੜੀ ਨੂੰ ਠੀਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੀਫ ਇਲੈਕਟੋਰਲ ਪੰਜਾਬ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਪੋਲਿੰਗ ਬੂਥਾਂ ’ਤੇ ਇਲੈਕਟੋਰਲ ਮੈਪਿੰਗ ਪਰਸੈਂਟ 50 ਫੀਸਦੀ ਤੋਂ ਘੱਟ ਹੈ, ਉਨ੍ਹਾਂ ਦੀਆਂ ਵੋਟਰ ਸੂਚੀਆਂ ਦੀਆਂ ਗਲਤੀਆਂ ਨੂੰ ਠੀਕ ਕਰਵਾਓ ਅਤੇ ਉਨ੍ਹਾਂ ਦਾ ਮੈਪਿੰਗ ਪਰਸੈਂਟ ਸੁਧਾਰੋ। 

 

ਭਿ੍ਰਸ਼ਟਾਚਾਰ ਦੇ ਮਾਮਲਿਆਂ ਵਿਚ ਘਿਰੇ ਹੋਏ ਹਨ ਅਰੋੜਾ 

ਹੁਸ਼ਿਆਰਪੁਰ/ਬਿਊਰੋ ਨਿਊਜ਼ 

ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ’ਤੇ ਇਨਕਮ ਟੈਕਸ ਵਿਭਾਗ ਵਲੋਂ ਅੱਜ ਸ਼ੁੱਕਰਵਾਰ ਨੂੰ ਵੀ ਜਾਂਚ ਜਾਰੀ ਰਹੀ। ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ 28 ਜਨਵਰੀ ਨੂੰ ਸਵੇਰੇ 7 ਵਜੇ ਅਰੋੜਾ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ ਸੀ ਅਤੇ ਜਾਂਚ ਅੱਜ 30 ਜਨਵਰੀ ਨੂੰ ਵੀ ਜਾਰੀ ਰਹੀ ਹੈ। ਅਰੋੜਾ ਦੇ ਘਰ ਆਲੇ-ਦੁਆਲੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤੈਨਾਤ ਕੀਤੇ ਗਏ ਹਨ ਅਤੇ ਕਿਸੇ ਵੀ ਹੋਰ ਵਿਅਕਤੀ ਨੂੰ ਅੰਦਰ ਆਉਣ-ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀਆਂ ਵਲੋਂ ਅਰੋੜਾ ਦੀ ਰਿਹਾਇਸ਼ ਵਿਖੇ ਦਸਤਾਵੇਜ਼ਾਂ ਅਤੇ ਜ਼ਰੂਰੀ ਸਬੂਤਾਂ ਦੀ ਤਲਾਸ਼ ਕੀਤੀ ਗਈ ਹੈ ਅਤੇ ਡੂੰਘਾਈ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅਰੋੜਾ ਪਹਿਲਾਂ ਹੀ ਡਬਲ ਕੁਰੱਪਸ਼ਨ ਦੇ ਮਾਮਲੇ ਵਿਚ ਘਿਰੇ ਹੋਏ ਹਨ। 

 

ਗਿਆਨੀ ਹਰਪ੍ਰੀਤ ਸਿੰਘ ਦਾ ਸਵਾਲ - ਕੀ ਭੱਠਲ ਖਿਲਾਫ ਕੇਸ ਦਰਜ ਹੋਵੇਗਾ?

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੀ ਸਾਬਕਾ ਕਾਂਗਰਸੀ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਬੰਬ ਵਿਸਫੋਟ ਵਾਲੇ ਬਿਆਨ ’ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਬੰਬ ਵਿਸਫੋਟ ਵਾਲੇ ਬਿਆਨ ’ਤੇ ਭੱਠਲ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਇਸ ਨੂੰ ਲੈ ਕੇ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਕੀਤਾ ਹੈ ਕਿ ਕੀ ਪੰਜਾਬ ਸਰਕਾਰ ਰਾਜਿੰਦਰ ਕੌਰ ਭੱਠਲ ਖਿਲਾਫ ਕੇਸ ਦਰਜ ਕਰੇਗੀ? ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਦੋਂ ਪੰਜਾਬ ਕਾਂਗਰਸ ਦੇ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ  ਪੰਜਾਬ ਵਿਚ ਬੰਬ ਆ ਗਏ ਹਨ ਤਾਂ ਸਰਕਾਰ ਨੇ ਉਨ੍ਹਾਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਸਪੱਸ਼ਟ ਕੀਤਾ ਸੀ ਕਿ ਅਫਸਰਾਂ ਨੇ ਉਨ੍ਹਾਂ ਨੂੰ ਕਾਂਗਰਸ ਦੀ ਦੁਬਾਰਾ ਸਰਕਾਰ ਬਣਾਉਣ ਲਈ ਬੰਬ ਵਿਸਫੋਟ ਕਰਵਾਉਣ ਦੀ ਗੱਲ ਕਹੀ ਸੀ। ਭੱਠਲ ਦੇ ਇਸ ਬਿਆਨ ’ਤੇ ਹੁਣ ਸਿਆਸਤ ਗਰਮਾਉਂਦੀ ਜਾ ਰਹੀ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.