Monday, 20 April 2026

ਜੇਲ੍ਹ ਤੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ - ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆ ਕੇ ਮੁੱਛਾਂ ਨੂੰ ਦਿੱਤਾ ਫਿਰ ਤਾਅ

ਨਾਭਾ/ਬਿਊਰੋ ਨਿਊਜ਼  

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਮੰਗਲਵਾਰ ਨੂੰ ਨਾਭਾ ਜੇਲ੍ਹ ਤੋਂ ਬਾਹਰ ਆ ਗਏ ਹਨ। ਮਜੀਠੀਆ ਨੂੰ ਲੰਘੇ ਕੱਲ੍ਹ ਜ਼ਮਾਨਤ ਮਿਲ ਗਈ ਸੀ, ਪਰ ਅਦਾਲਤ ਦੀ ਕੁਝ ਜ਼ਰੂਰੀ ਕਾਰਵਾਈ ਕਾਰਨ ਉਨ੍ਹਾਂ ਦੀ ਜੇਲ੍ਹ ਵਿਚੋਂ ਰਿਹਾਈ ਅੱਜ ਹੋਈ ਹੈ। ਮਜੀਠੀਆ ਦੇ ਜੇਲ੍ਹ ਵਿਚੋਂ ਬਾਹਰ ਆਉਂਦੇ ਸਾਰ ਹੀ ਬੋਲੇ ਸੋ ਨਿਹਾਲ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਵਿਧਾਇਕ ਗਨੀਵ ਕੌਰ ਮਜੀਠੀਆ ਅਤੇ ਹਜ਼ਾਰਾਂ ਦੀ ਤਾਦਾਦ ਵਿਚ ਅਕਾਲੀ ਵਰਕਰ ਤੇ ਸੀਨੀਅਰ ਅਕਾਲੀ ਆਗੂ ਪਹੁੰਚੇ ਹੋਏ ਸਨ। ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ ਆਪਣੀਆਂ ਮੁੱਛਾਂ ਨੂੰ ਤਾਅ ਵੀ ਦਿੱਤਾ।

 

 

ਜੇਲ੍ਹ ਤੋਂ ਬਾਹਰ ਆਉਂਦਿਆਂ ਮਜੀਠੀਆ ਦਾ ਵੱਡਾ ਬਿਆਨ

ਕਿਹਾ : ਨਾ ਮਜੀਠੀਆ ਰੁਕੇਗਾ ਤੇ ਨਾ ਕਦੇ ਝੁਕੇਗਾ

ਨਾਭਾ/ਬਿਊਰੋ ਨਿਊਜ਼ 

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ’ਚੋਂ ਬਾਹਰ ਆਉਂਦੇ ਸਾਰ ਕਿਹਾ ਕਿ ਉਹ ਨਾ ਕਦੇ ਰੁਕਣਗੇ ਅਤੇ ਨਾ ਹੀ ਕਦੇ ਝੁਕਣਗੇ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਜੇਲ੍ਹ ਵਿਚ ਰਹਿੰਦਿਆਂ ਸਮੇਂ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਅਤੇ ਉਨ੍ਹਾਂ ਖਿਲਾਫ ਝੂਠੇ ਪਰਚੇ ਵੀ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਚਾਹੁੰਦੀ ਹੀ ਨਹੀਂ ਸੀ ਕਿ ਉਹ ਜੇਲ੍ਹੋਂ ਬਾਹਰ ਆਏ, ਪਰ ਚਾਹੁਣ ਵਾਲਿਆਂ ਦੀਆਂ ਅਰਦਾਸਾਂ ਕਾਰਨ ਮੈਂ ਜੇਲ੍ਹ ਵਿਚੋਂ ਬਾਹਰ ਆਇਆਂ ਹਾਂ। ਮਜੀਠੀਆ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀ, ਮੇਰੀ ਲੜਾਈ ਪੰਜਾਬ ਦੇ ਮੁੱਦਿਆਂ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਾਲੇ ਪੰਜਾਬ ਵਿਚੋਂ ਭਜਾਉਣੇ ਹਨ। ਦਿੱਲੀ ਵਾਲਿਆਂ ਨੂੰ ਅਸੀਂ ਇਥੇ ਸਰਕਾਰ ਨਹੀਂ ਚਲਾਉਣ ਦਿਆਂਗੇ। ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਮੇਰੀ ਪਤਨੀ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਗਿਆ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.