Monday, 20 April 2026

ਫਾਜ਼ਿਲਕਾ/ਬਿਊਰੋ ਨਿਊਜ਼

ਪੰਜਾਬ ਦੇ ਫਾਜ਼ਿਲਕਾ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਤਾਰ ਸਿੱਧੇ ਭਗਵਾਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਸਿੱਧੀ ਗੱਲਬਾਤ ਭਗਵਾਨ ਨਾਲ ਹੁੰਦੀ ਹੈ। ਜਿਆਣੀ ਨੇ ਕਿਹਾ ਕਿ  ਉਹ ਜਿਸਦੇ ਸਿਰ ’ਤੇ ਹੱਥ ਰੱਖ ਦਿੰਦੇ ਹਨ, ਉਹ ਵਿਧਾਇਕ ਬਣ ਜਾਂਦਾ ਹੈ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਤੋਂ ਬੱਸ ਇਕ ਗਲਤੀ ਹੋਈ ਹੈ ਕਿ ਉਨ੍ਹਾਂ ਨੇ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਨਰਿੰਦਰਪਾਲ ਸਵਨਾ ਦੇ ਸਿਰ ’ਤੇ ਹੱਥ ਰੱਖ ਦਿੱਤਾ ਸੀ, ਜੋ ਵਿਧਾਇਕ ਬਣ ਗਿਆ। ਜਿਆਣੀ ਦੇ ਇਸ ਦਾਅਵੇ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਵਨਾ ਦੇ ਇਕ ਨੇੜਲੇ ਸਾਥੀ ਨੇ ਕਿਹਾ ਕਿ ਮੌਜੂਦਾ ਵਿਧਾਇਕ ਨਰਿੰਦਰਪਾਲ ਸਵਨਾ ਜਦੋਂ ਅਕਾਲੀ-ਭਾਜਪਾ ਸਰਕਾਰ ਸਮੇਂ ਸੁਰਜੀਤ ਜਿਆਣੀ ਦੇ ਨਾਲ ਸਨ, ਤਾਂ ਉਦੋਂ ਸੁਰਜੀਤ ਜਿਆਣੀ ਨੇ ਹੀ ਉਸਦੇ ਸਿਰ ’ਤੇ ਹੱਥ ਰੱਖ ਦਿੱਤਾ ਸੀ ਅਤੇ ਜਦੋਂ ਹੁਣ ਨਰਿੰਦਰਪਾਲ ਸਵਨਾ ਵਿਧਾਇਕ ਬਣ ਗਏ ਤਾਂ ਜਿਆਣੀ ਨੂੰ ਬਰਦਾਸ਼ਤ ਨਹੀਂ ਹੋ ਰਿਹਾ।

ਸੀਐਮ ਮਾਨ ਨੇ ਕਿਹਾ : ਰਹਿੰਦੀਆਂ ਗਾਰੰਟੀਆਂ ਵੀ ਜਲਦੀ ਪੂਰੀਆਂ ਕਰਾਂਗੇ 

ਮੁਹਾਲੀ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਮੁਹਾਲੀ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਈ ਧੱਕੇਸ਼ਾਹੀ ਨਹੀਂ ਕੀਤੀ ਅਤੇ ਮੈਂ ਚੋਣਾਂ ਜਿੱਤਣ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੰਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਗਾਰੰਟੀਆਂ ਰਹਿੰਦੀਆਂ ਹਨ, ਉਨ੍ਹਾਂ ਨੂੰ ਵੀ ਅਸੀਂ ਜਲਦੀ ਪੂਰੀਆਂ ਕਰਾਂਗੇ। ਮਾਨ ਨੇ ਕਿਹਾ ਕਿ ਮੇਰੇ ਪਿੰਡ ਵਿਚੋਂ ਸਿਰਫ ਇਕ ਵੋਟ ਭਾਰਤੀ ਜਨਤਾ ਪਾਰਟੀ ਨੂੰੂ ਪਈ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਅਸੀਂ ਵਿਕਾਸ ਦੇ ਮੁੱਦੇ ’ਤੇ ਲੜਾਂਗੇ। ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਵੀ ਇਹ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਨੇ ਵਿਕਾਸ ਦੇ ਨਾਮ ’ਤੇ ਵੋਟਾਂ ਪਾਈਆਂ ਹਨ। ਦੱਸਣਯੋਗ ਹੈ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ 63 ਫੀਸਦੀ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ। ਇਸਦੇ ਚੱਲਦਿਆਂ ਮਜੀਠੀਆ ਨੇ ਆਪਣੀ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਇਸੇ ਦੌਰਾਨ ਸੁਪਰੀਮ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕੀਤੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਚਾਰ ਹਫਤਿਆਂ ਦੇ ਅੰਦਰ-ਅੰਦਰ ਆਪਣਾ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ।  

 

 

 

  

ਪੁਲਿਸ ਅਧਿਕਾਰੀ ਦੀ ਬਦਸਲੂਕੀ ਖਿਲਾਫ ਹੋ ਰਿਹਾ ਸੀ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਨੇ ਪਿਛਲੇ ਦਿਨਾਂ ਤੋਂ ਚੱਲ ਰਹੀ ਹੜਤਾਲ ਵਾਪਸ ਲੈ ਲਈ ਹੈ। ਬਾਰ ਐਸੋਸੀਏਸ਼ਨ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਉਦੋਂ ਲਿਆ ਗਿਆ, ਜਦੋਂ ਹਿਸਾਰ ਪੁਲਿਸ ਦੇ ਐਸ.ਐਚ.ਓ. ਦੇ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਗਈ। ਇਹ ਮਾਮਲਾ ਹਿਸਾਰ ਵਿਚ ਇਕ ਵਕੀਲ ਨਾਲ ਹੋਈ ਪੁਲਿਸ ਦੀ ਬਦਸਲੂਕੀ ਨਾਲ ਜੁੜਿਆ ਹੋਇਆ ਹੈ। ਵਕੀਲਾਂ ਨੇ ਇਲਜ਼ਾਮ ਲਗਾਇਆ ਸੀ ਕਿ ਪੁਲਿਸ ਨੇ ਇਕ ਵਕੀਲ ਦੇ ਘਰ ਵਿਚ ਵੜ ਕੇ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਘਟਨਾ ਤੋਂ ਨਰਾਜ਼ ਹੋ ਕੇ ਵਕੀਲਾਂ ਵਲੋਂ ਹੜਤਾਲ ਕੀਤੀ ਗਈ ਸੀ ਅਤੇ ਦੋਸ਼ੀ ਪੁਲਿਸ ਅਧਿਕਾਰੀ ਦੇ ਖਿਲਾਫ ਕਾਰਵਾਈ ਦੀ ਮੰਗ ਹੋ ਰਹੀ ਸੀ। ਐਸ.ਐਚ.ਓ. ਖਿਲਾਫ ਹੋਈ ਵਿਭਾਗੀ ਕਾਰਵਾਈ ਤੋਂ ਬਾਅਦ ਵਕੀਲਾਂ ਨੇ ਹੜਤਾਲ ਖਤਮ ਕਰ ਦਿੱਤੀ ਅਤੇ ਹੁਣ ਅਦਾਲਤ ਦਾ ਕੰਮਕਾਜ ਆਮ ਵਾਂਗ ਚੱਲ ਸਕੇਗਾ। 

ਆਉਂਦੇ ਦੋ ਦੌਰਾਨ ਵਿਚ ਹਲਕਾ ਮੀਂਹ ਪੈਣ ਦੀ ਵੀ ਸੰਭਾਵਨਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ, ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ਵਿਚ ਪੈ ਰਹੀ ਸੰਘਣੀ ਧੁੰਦ ਨੇ ਆਮ ਜਨ-ਜੀਵਨ ਪ੍ਰਭਾਵਿਤ ਕੀਤਾ ਹੈ ਅਤੇ ਠੰਡ ਨੇ ਵੀ ਜ਼ੋਰ ਫੜ ਲਿਆ ਹੈ। ਇਸ ਸੰਘਣੀ ਧੁੰਦ ਨਾਲ ਜਿੱਥੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ, ਉਥੇ ਹਵਾਈ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਪੰਜਾਬ ਵਿਚ ਕਈ ਥਾਵਾਂ ’ਤੇ ਧੁੰਦ ਕਾਰਨ ਗੱਡੀਆਂ ਦੇ ਆਪਸ ਵਿਚ ਭਿੜਨ ਦੀਆਂ ਖਬਰਾਂ ਆ ਰਹੀਆਂ ਹਨ। ਸਕੂਲ ਜਾਣ ਵਾਲੇ ਛੋਟੇ ਬੱਚਿਆਂ ਨੂੰ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਚੱਲਦਿਆਂ ਨਵਾਂਸ਼ਹਿਰ ਸੂਬੇ ਦਾ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ ਹੈ।  ਮੌਸਮ ਵਿਭਾਗ ਨੇ ਭਲਕੇ ਸ਼ਨੀਵਾਰ ਨੂੰ ਵੀ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ ਅਤੇ ਨਾਲ ਹੀ ਭਲਕੇ 20 ਦਸੰਬਰ ਤੋਂ 22 ਦਸੰਬਰ ਤੱਕ ਕੁਝ ਇਲਾਕਿਆਂ ਵਿਚ ਹਲਕਾ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਅਜਿਹੇ ਧੁੰਦ ਦੇ ਮੌਸਮ ਵਿਚ ਬਗੈਰ ਕੰਮ ਤੋਂ ਬਾਹਰ ਨਾ ਜਾਇਆ ਜਾਵੇ।

 

 

 

  

ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਨੇ ਕੀਤਾ ਸਵਾਗਤ

ਚੰਡੀਗੜ੍ਹ/ਬਿਊਰੋ ਨਿਊਜ਼ 

ਅੰਬਰ ਗਰੁੱਪ ਆਫ ਇੰਡਸਟਰੀਜ਼ ਨੇ ਰਾਜਪੁਰਾ ਵਿਖੇ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਅਤਿ-ਆਧੁਨਿਕ ਖੋਜ ਅਤੇ ਵਿਕਾਸ ਕੇਂਦਰ ਦੀ ਸਥਾਪਨਾ ਰਾਹੀਂ ਇਕ ਵੱਡੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਐਲਾਨ ਦਾ ਪੰਜਾਬ ਦੇ ਉਦਯੋਗ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਵਿਖੇ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਇਕ ਵੱਡੇ ਪੱਧਰ ਦਾ ਖੋਜ ਅਤੇ ਵਿਕਾਸ ਕੇਂਦਰ ਸਥਾਪਿਤ ਕਰਨ ਦੇ ਅੰਬਰ ਗਰੁੱਪ ਦੇ ਫੈਸਲੇ ਨੇ ਪੰਜਾਬ ਦੀਆਂ ਉਦਯੋਗਿਕ ਨੀਤੀਆਂ ਦਾ ਸਮਰਥਨ ਕੀਤਾ ਹੈ। ਅੰਬਰ ਗਰੁੱਪ ਆਫ ਇੰਡਸਟਰੀਜ਼ ਇਕ ਮੋਹਰੀ ਨਿਰਮਾਣ ਗਰੁੱਪ ਹੈ। ਇਹ ਗਰੁੱਪ ਏਅਰ ਕੰਡੀਸ਼ਨਰ, ਪਾਵਰ ਇਲੈਕਟ੍ਰਾਨਿਕਸ, ਰੇਲਵੇ, ਬੱਸਾਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਲਈ ਅਨੇਕਾਂ ਮੁੱਖ ਖੇਤਰਾਂ ਵਿਚ ਸਰਗਰਮ ਹੈ।  

 

ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਮਗਨਰੇਗਾ ਸਕੀਮ ਨੂੰ ਬਦਲਣ ਦਾ ਕੀਤਾ ਵਿਰੋਧ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਲਿਆ ਹੈ। ਉਨ੍ਹਾਂ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਗਰੀਬਾਂ ਅਤੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਦਾ ਸਾਧਨ ‘ਮਗਨਰੇਗਾ’ ਸਕੀਮ ਨੂੰ ਬਦਲ ਕੇ ਗਰੀਬਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ਨੂੰ ਬਦਲ ਕੇ ‘ਵਿਕਸਤ ਭਾਰਤ-ਰਾਮ ਜੀ ਰਾਮ’ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਇਸ ਸਕੀਮ ਵਿੱਚ ਹੋਰ ਵੀ ਕਈ ਸੋਧਾਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੀਆਂ ਇਨ੍ਹਾਂ ਸੋਧਾਂ ਦਾ ਪੰਜਾਬ ਦੀਆਂ ਸਮੂਹ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਹਨ। ਧਿਆਨ ਰਹੇ ਕਿ ਪਹਿਲਾਂ ਮਗਨਰੇਗਾ ਸਕੀਮ ਅਧੀਨ ਕੇਂਦਰ ਸਰਕਾਰ ਵਲੋਂ 90 ਫੀਸਦ ਅਤੇ ਸੂਬਾ ਸਰਕਾਰਾਂ ਵਲੋਂ 10 ਫੀਸਦ ਹਿੱਸਾ ਪਾਇਆ ਜਾਂਦਾ ਸੀ। ਹੁਣ ਕੇਂਦਰ ਸਰਕਾਰ ਵਲੋਂ ਇਸ ਸਕੀਮ ਵਿਚ 60 ਫੀਸਦ ਅਤੇ ਸੂਬਾ ਸਰਕਾਰਾਂ ਵਲੋਂ 40 ਫੀਸਦ ਹਿੱਸਾ ਪਾਇਆ ਜਾਵੇਗਾ। 

‘ਆਪ’ ਨੂੰ ਅਕਾਲੀ ਦਲ ਤੇ ਕਾਂਗਰਸ ਨੇ ਦਿੱਤੀ ਸਖਤ ਟੱਕਰ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਲੰਘੇ ਐਤਵਾਰ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਾਂ ਪਈਆਂ ਸਨ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ। ਅਖੀਰੀ ਖਬਰਾਂ ਮਿਲਣ ਤੱਕ ਇਨ੍ਹਾਂ ਚੋਣਾਂ ਵਿਚ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੀ ਝੰਡੀ ਰਹੀ ਹੈ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਸਖਤ ਟੱਕਰ ਦਿੱਤੀ ਹੈ। ਇਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਅਕਾਲੀ ਦਲ ਨੇ ਸਿਆਸੀ ਨੁਕਸਾਨ ਪਹੁੰਚਾਇਆ ਹੈ। ਇਸਦੇ ਚੱਲਦਿਆਂ ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ਵਿਚ ਹੰਗਾਮਾ ਵੀ ਹੁੰਦਾ ਰਿਹਾ। ਵਿਰੋਧੀ ਸਿਆਸੀ ਪਾਰਟੀਆਂ ਨੇ ਆਮ ਆਦਮੀ ਪਾਰਟੀ ’ਤੇ ਧੱਕਾਸ਼ਾਹੀ ਕਰਨ ਦੇ ਇਲਜ਼ਾਮ ਵੀ ਲਗਾਏ ਹਨ। ਇਹ ਵੀ ਦੱਸਣਯੋਗ ਹੈ ਕਿ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਤੋਂ ਸ਼ੋ੍ਰਮਣੀ ਅਕਾਲੀ ਦਲ ਦਾ ਉਮੀਦਵਾਰ ਜਿੱਤਿਆ ਹੈ। ਇਸੇ ਤਰ੍ਹਾਂ ਹੋਰ ਵੀ ਕਈ ਅਜਿਹੇ ਇਲਾਕੇ ਹਨ, ਜਿੱਥੇ ਆਮ ਆਦਮੀ ਪਾਰਟੀ ਦਾ ਬੋਲਬਾਲਾ ਸੀ, ਪਰ ਉਨ੍ਹਾਂ ਇਲਾਕਿਆਂ ਵਿਚੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੇ ਹਨ। 

 

 

ਕਪੂਰਥਲਾ ’ਚ ਰੀ-ਕਾਊਂਟਿੰਗ ਦੀ ਮੰਗ ਨੂੰ ਲੈ ਕੇ ਹੰਗਾਮਾ

ਕਾਂਗਰਸੀ ਉਮੀਦਵਾਰਾਂ ਦੀ ਗੈਰਹਾਜ਼ਰੀ ’ਚ ਨਤੀਜੇ ਐਲਾਨਣ ਦੇ ਇਲਜ਼ਾਮ

ਕਪੂਰਥਲਾ/ਬਿਊਰੋ ਨਿਊਜ਼ 

ਕਪੂਰਥਲਾ ਜ਼ਿਲ੍ਹੇ ਦੇ ਕਸਬਾ ਨਡਾਲਾ ਦੇ ਕਾਲਜ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਜੰਮ ਕੇ ਹੰਗਾਮਾ ਕੀਤਾ। ਕਾਂਗਰਸ ਪਾਰਟੀ ਦੇ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਉਮੀਦਵਾਰਾਂ ਦੀ ਗੈਰਹਾਜ਼ਰੀ ਵਿਚ ਹੀ ਬਲਾਕ ਸੰਮਤੀ ਜ਼ੋਨ ਦੇ ਨਤੀਜੇ ਐਲਾਨ ਦਿੱਤੇ ਗਏ, ਜਦੋਂ ਕਿ ਉਨ੍ਹਾਂ ਦੇ ਪਾਰਟੀ ਉਮੀਦਵਾਰ ਉਥੇ ਮੌਜੂਦ ਨਹੀਂ ਸਨ। ਇਸ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਵੀ ਲਗਾਏ। ਉਨ੍ਹਾਂ ਨੇ ਵੋਟਾਂ ਦੀ ਦੁਬਾਰਾ ਗਿਣਤੀ ਦੀ ਵੀ ਮੰਗ ਕੀਤੀ। ਖਹਿਰਾ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਆਪਣੀ ਸੰਭਾਵਿਤ ਹਾਰ ਤੋਂ ਘਬਰਾ ਕੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਦੁਰਉਪਯੋਗ ਕਰ ਰਹੀ ਹੈ।

ਮੰਡੀ ਗੋਬਿੰਦਗੜ੍ਹ, 18 ਦਸੰਬਰ:ਦੇਸ਼ ਭਗਤ ਯੂਨੀਵਰਸਿਟੀ ਅਮਰੀਕਾਸ (ਡੀਬੀਯੂ ਅਮਰੀਕਾਸ) ਨੇ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਦੇ ਰਾਸ਼ਟਰੀ ਮਾਨਤਾ ਬੋਰਡ (ਐਨਏਬੀ) ਤੋਂ 4 ਵਿੱਚੋਂ 3.11 ਰੇਟਿੰਗ ਪ੍ਰਾਪਤ ਕਰਕੇ ਇੱਕ ਵੱਡਾ ਸੰਸਥਾਗਤ ਮੀਲ ਪੱਥਰ ਸਥਾਪਿਤ ਕੀਤਾ ਹੈ। ਇਹ ਰੇਟਿੰਗ, ਅਧਿਕਾਰਤ ਤੌਰ ’ਤੇ ਏ+ ਗ੍ਰੇਡ ਦੇ ਬਰਾਬਰ ਮਾਨਤਾ ਪ੍ਰਾਪਤ ਹੈ, ਡੀਬੀਯੂ ਅਮਰੀਕਾਸ ਨੂੰ ਕੈਰੇਬੀਅਨ ਖੇਤਰ ਵਿੱਚ ਕੰਮ ਕਰਨ ਵਾਲੀਆਂ ਸਭ ਤੋਂ ਉੱਚ ਦਰਜਾ ਪ੍ਰਾਪਤ ਭਾਰਤ-ਮੂਲ ਦੀਆਂ ਮੈਡੀਕਲ ਯੂਨੀਵਰਸਿਟੀਆਂ ਵਿੱਚ ਸ਼ਾਮਲ ਕਰਦੀ ਹੈ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਡੀਬੀਯੂ ਅਮਰੀਕਾਸ ਦੀ ਲੀਡਰਸ਼ਿਪ ਅਤੇ ਫੈਕਲਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਦੇਸ਼ ਭਗਤ ਯੂਨੀਵਰਸਿਟੀ ਦੀ ਵਿਸ਼ਵਵਿਆਪੀ ਉੱਤਮਤਾ, ਅਕਾਦਮਿਕ ਇਮਾਨਦਾਰੀ ਅਤੇ ਭਵਿੱਖ ਲਈ ਤਿਆਰ ਮੈਡੀਕਲ ਪੇਸ਼ੇਵਰਾਂ ਦੇ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਜਦੋਂ ਕਿ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਯੂਨੀਵਰਸਿਟੀ ਦੇ ਅਕਾਦਮਿਕ ਦ੍ਰਿਸ਼ਟੀਕੋਣ ਅਤੇ ਗੁਣਵੱਤਾ ਪ੍ਰਣਾਲੀਆਂ ਦੀ ਪ੍ਰਸ਼ੰਸਾ ਕੀਤੀ।

ਡਾ. ਸੰਦੀਪ ਸਿੰਘ ਨੇ ਅੱਗੇ ਕਿਹਾ ਕਿ ਇਹ ਮਾਨਤਾ ਡੀਬੀਯੂ ਅਮਰੀਕਾਸ ਦੀ ਅਕਾਦਮਿਕ ਉੱਤਮਤਾ, ਰੈਗੂਲੇਟਰੀ ਪਾਲਣਾ ਅਤੇ ਮੈਡੀਕਲ ਸਿੱਖਿਆ ਵਿੱਚ ਵਿਸ਼ਵ ਪੱਧਰੀ ਮਿਆਰਾਂ ਦੇ ਨਾਲ ਇਕਸਾਰਤਾ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਇਸ ਮਾਨਤਾ ਦੇ ਨਾਲ, ਯੂਨੀਵਰਸਿਟੀ ਕੈਰੇਬੀਅਨ ਮੈਡੀਕਲ ਸੰਸਥਾਵਾਂ ਦੇ ਇੱਕ ਉੱਚ ਸਮੂਹ ਵਿੱਚ ਸ਼ਾਮਲ ਹੋ ਗਈ ਹੈ ਜੋ ਮਜ਼ਬੂਤ ਗੁਣਵੱਤਾ ਵਾਲੇ ਢਾਂਚੇ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਬੈਂਚਮਾਰਕ ਕੀਤੇ ਅਕਾਦਮਿਕ ਪ੍ਰਣਾਲੀਆਂ ਲਈ ਜਾਣੀ ਜਾਂਦੀ ਹੈ।    

ਇਸ ਮੌਕੇ ਬੋਲਦਿਆਂ, ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਐਨਏਬੀ ਦੇ ਅਨੁਸਾਰ, ਏ+ ਬਰਾਬਰ ਰੇਟਿੰਗ ਕਈ ਮੁੱਖ ਮੁਲਾਂਕਣ ਮਾਪਦੰਡਾਂ ਵਿੱਚ ਡੀਬੀਯੂ ਅਮਰੀਕਾਸ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਦਰਸਾਉਂਦੀ ਹੈ, ਜਿਸ ਵਿੱਚ ਅਕਾਦਮਿਕ ਸ਼ਾਸਨ ਅਤੇ ਲੀਡਰਸ਼ਿਪ, ਅਮਰੀਕਾ-ਅਲਾਈਨ M4 ਪਾਠਕ੍ਰਮ ਡਿਜ਼ਾਈਨ, ਫੈਕਲਟੀ ਯੋਗਤਾਵਾਂ, ਖੋਜ ਆਉਟਪੁੱਟ, ਵਿਦਿਆਰਥੀ ਸਹਾਇਤਾ ਪ੍ਰਣਾਲੀਆਂ, ਸਿੱਖਣ ਦਾ ਬੁਨਿਆਦੀ ਢਾਂਚਾ ਅਤੇ ਸੰਸਥਾਗਤ ਗੁਣਵੱਤਾ ਭਰੋਸਾ ਵਿਧੀ ਸ਼ਾਮਲ ਹਨ।

ਇਸ ਪ੍ਰਾਪਤੀ ਦੇ ਨਾਲ, ਡੀਬੀਯੂ ਅਮਰੀਕਾਸ ਨੇ ਮਾਨਤਾ ਪ੍ਰਾਪਤ ਕੈਰੇਬੀਅਨ ਮੈਡੀਕਲ ਯੂਨੀਵਰਸਿਟੀਆਂ ਦੇ ਉੱਚ-ਪੱਧਰੀ ਸਮੂਹ ਦੇ ਅੰਦਰ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ, ਜੋ ਕਿ ਇਸਦੀ ਅੰਤਰਰਾਸ਼ਟਰੀ ਭਰੋਸੇਯੋਗਤਾ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਂਦਾ ਹੈ।

ਐਨਏਬੀ ਮਾਨਤਾ ਡੀਬੀਯੂ ਅਮਰੀਕਾਸ ਦੇ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਸੰਭਾਵਨਾਵਾਂ ਨੂੰ ਮਹੱਤਵਪੂਰਨ ਤੌਰ ’ਤੇ ਵਧਾਉਂਦੀ ਹੈ, ਜੋ ਕਿ ਸੰਯੁਕਤ ਰਾਜ ਮੈਡੀਕਲ ਲਾਇਸੈਂਸਿੰਗ ਪ੍ਰੀਖਿਆ (USMLE), ਯੂਕੇ ਪ੍ਰੋਫੈਸ਼ਨਲ ਐਂਡ ਲਿੰਗੁਇਸਟਿਕ ਅਸੈਸਮੈਂਟ ਬੋਰਡ (PLAB), ਮੈਡੀਕਲ ਕੌਂਸਲ ਆਫ਼ ਕੈਨੇਡਾ ਕੁਆਲੀਫਾਈਂਗ ਪ੍ਰੀਖਿਆ ( MCCQE), ਅਤੇ ਭਾਰਤ ਦੇ  FMGE/NExT ਵਰਗੇ ਪ੍ਰਮੁੱਖ ਗਲੋਬਲ ਮੈਡੀਕਲ ਲਾਇਸੈਂਸਿੰਗ ਮਾਰਗਾਂ ਵਿੱਚ ਯੋਗਤਾ ਦਾ ਸਮਰਥਨ ਕਰਦੀ ਹੈ।

ਇਹ FAIMER (ID: F0006367) ਵਰਗੀਆਂ ਸੰਸਥਾਵਾਂ ਰਾਹੀਂ ਯੂਨੀਵਰਸਿਟੀ ਦੀ ਵਿਸ਼ਵਵਿਆਪੀ ਮਾਨਤਾ ਨੂੰ ਵੀ ਮਜ਼ਬੂਤ ਕਰਦਾ ਹੈ।

ਦੇਸ਼ ਭਗਤ ਯੂਨੀਵਰਸਿਟੀ ਅਮਰੀਕਾਸ ਦੇ ਸੰਚਾਲਨ ਨਿਰਦੇਸ਼ਕ ਈ.ਆਰ. ਅਰੁਣ ਮਲਿਕ ਨੇ ਵੀ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਡੀਬੀਯੂ ਅਮਰੀਕਾਸ ਕੈਰੇਬੀਅਨ-ਅਧਾਰਿਤ ਮੈਡੀਕਲ ਯੂਨੀਵਰਸਿਟੀ ਹੈ, ਜੋ ਕਿ ਇੱਕ ਯੂਐਸ-ਸ਼ੈਲੀ ਦਾ ਐਮਡੀ ਪ੍ਰੋਗਰਾਮ ਪੇਸ਼ ਕਰਦੀ ਹੈ। ਇਹ ਸੰਸਥਾ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਵਿੱਚ ਪ੍ਰੀ-ਕਲੀਨਿਕਲ ਸਿੱਖਿਆ ਪ੍ਰਦਾਨ ਕਰਦੀ ਹੈ, ਨਾਲ ਹੀ ਅਮਰੀਕਾ, ਯੂਕੇ ਅਤੇ ਕੈਰੇਬੀਅਨ ਵਿੱਚ ਕਲੀਨਿਕਲ ਰੋਟੇਸ਼ਨ ਵੀ ਪ੍ਰਦਾਨ ਕਰਦੀ ਹੈ। ਯੂਨੀਵਰਸਿਟੀ ਵਿਦਿਆਰਥੀਆਂ ਨੂੰ ਗਲੋਬਲ ਮੈਡੀਕਲ ਲਾਇਸੈਂਸ, ਅੰਤਰਰਾਸ਼ਟਰੀ ਰੈਜ਼ੀਡੈਂਸੀ ਪਲੇਸਮੈਂਟ ਅਤੇ ਆਧੁਨਿਕ ਸਿਹਤ ਸੰਭਾਲ ਵਿੱਚ ਕਰੀਅਰ ਲਈ ਤਿਆਰ ਕਰਨ ’ਤੇ ਕੇਂਦ੍ਰਿਤ ਹੈ।

ਕਿਹਾ : ਪੰਜਾਬ ’ਚ ਗੈਰ ਕਾਨੂੰਨੀ ਹਥਿਆਰਾਂ ਦੀ ਹੋਵੇ ਜਾਂਚ

ਚੰਡੀਗੜ੍ਹ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਵਿਚੋਂ ਮੁਅੱਤਲ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਅਤੇ ਲੋਕ ਸਹਿਮ ਦੇ ਮਾਹੌਲ ਵਿਚ ਜੀਅ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀਐਮ ਭਗਵੰਤ ਮਾਨ ਨੂੰ ਪੰਜਾਬ ਦੇ ਹਾਲਾਤ ਸੁਧਾਰਨ ਲਈ ਇਕ ਸਲਾਹ ਵੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਰਕਾਨੂੰਨੀ ਹਥਿਆਰਾਂ ਦੀ ਜਾਂਚ ਹੋਣੀ ਚਾਹੀਦੀ ਹੈ। ਡਾ. ਨਵਜੋਤ ਕੌਰ ਨੇ ਕਿਹਾ ਕਿ ਸੀਐਮ ਮਾਨ ਨੇ ਜਪਾਨ ਦਾ ਦੌਰਾ ਕੀਤਾ ਹੈ ਅਤੇ ਉਥੋਂ ਦੇ ਸਕਿਉਰਿਟੀ ਸਿਸਟਮ ਨੂੰ ਪੰਜਾਬ ਵਿਚ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾ ਕਿਸੇ ਦਿਨ ਸਾਨੂੰ ਹਾਈਟੈਕ ਹੋਣਾ ਹੀ ਪਵੇਗਾ। ਡਾ. ਸਿੱਧੂ ਨੇ ਇਹ ਵੀ ਜ਼ਿਕਰ ਕੀਤਾ ਕਿ ਬਾਹਰਲੇ ਦੇਸ਼ਾਂ ਦੇ ਉਦਯੋਗਪਤੀ ਪੰਜਾਬ ਵਿਚ ਤਾਂ ਹੀ ਨਿਵੇਸ਼ ਕਰਨਗੇ, ਜਦੋਂ ਪੰਜਾਬ ਵਿਚ ਸ਼ਾਂਤੀ ਵਾਲਾ ਮਾਹੌਲ ਹੋਵੇਗਾ। 

8 ਸਾਲ ਪੁਰਾਣੇ ਮਾਮਲੇ ’ਚ ਹੁਣ ਸੁਖਬੀਰ ਨੂੰ ਪੇਸ਼ ਹੋਣਾ ਪਵੇਗਾ ਅਦਾਲਤ ’ਚ

ਚੰਡੀਗੜ੍ਹ/ਬਿਊਰੋ ਨਿਊਜ਼ 

8 ਸਾਲ ਪੁਰਾਣੇ ਮਾਣਹਾਨੀ ਮਾਮਲੇ ਵਿਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਉਨ੍ਹਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਸੁਖਬੀਰ ਬਾਦਲ ਦੇ ਅਦਾਲਤ ਵਿਚ ਪੇਸ਼ ਨਾ ਹੋਣ ’ਤੇ ਮਾਨਯੋਗ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਰਾਹੁਲ ਗਰਗ ਨੇ ਇਹ ਕਾਰਵਾਈ ਕੀਤੀ ਹੈ। ਧਿਆਨ ਰਹੇ ਕਿ ਇਹ ਮਾਮਲਾ 2017 ’ਚ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਰਾਜਿੰਦਰਪਾਲ ਸਿੰਘ ਵਲੋਂ ਦਾਇਰ ਸ਼ਿਕਾਇਤ ਨਾਲ ਜੁੜਿਆ ਹੈ। ਇਹ ਕੇਸ ਆਈ.ਪੀ.ਸੀ. ਦੀ ਧਾਰਾ 499 ਤਹਿਤ ਦਰਜ ਕੀਤਾ ਗਿਆ ਸੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 9 ਜਨਵਰੀ 2026 ਨੂੰ ਤੈਅ ਕੀਤੀ ਹੈ।

 

ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਭੇਜਿਆ ਜੇਲ੍ਹ

ਯਾਦਵਿੰਦਰ ਯਾਦੂ ਦੇ ਮਾਮਲੇ ਨੂੰ ਲੈ ਕੇ ਹਾਈਕੋਰਟ ਜਾਵੇਗਾ ਅਕਾਲੀ ਦਲ

ਲੁਧਿਆਣਾ/ਬਿਊਰੋ ਨਿਊਜ਼ 

ਲੁਧਿਆਣਾ ਦੇ ਕਸਬਾ ਖੰਨਾ ਵਿਚ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਖਿਲਾਫ ਵੋਟਾਂ ਦੀ ਗਿਣਤੀ ਦੌਰਾਨ ਕੰਮ ਵਿਚ ਵਿਘਨ ਪਾਉਣ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਹੋਇਆ ਹੈ। ਇਸੇ ਦੌਰਾਨ ਪੁਲਿਸ ਨੇ ਯਾਦਵਿੰਦਰ ਸਿੰਘ ਯਾਦੂ ਨੂੰ ਗਿ੍ਰਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸਦੇ ਚੱਲਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਖੰਨਾ ਪ੍ਰਸ਼ਾਸਨ ਅਤੇ ਪੁਲਿਸ ਦੀ ਇਸ ਕਾਰਵਾਈ ਦੇ ਖਿਲਾਫ ਉਹ ਹਾਈਕੋਰਟ ਜਾਣਗੇ। ਅਕਾਲੀ ਆਗੂ ਨੇ ਆਮ ਆਦਮੀ ਪਾਰਟੀ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਪਹਿਲਾਂ ਹੀ ਕਹਿ ਰਹੇ ਸਨ ਕਿ ਚੋਣਾਂ ਜਿੱਤਣ ਲਈ ਉਹ ਸਭ ਕੁਝ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸ਼ਰ੍ਹੇਆਮ ਧੱਕਾ ਕੀਤਾ ਅਤੇ ਵਿਰੋਧੀਆਂ ਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਸਨ। 

20 ਦਸੰਬਰ ਨੂੰ ਪੈ ਸਕਦਾ ਹੈ ਮੀਂਹ 

ਚੰਡੀਗੜ੍ਹ/ਬਿਊਰੋ ਨਿਊਜ਼

ਚੰਡੀਗੜ੍ਹ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਅਗਲੇ ਤਿੰਨ ਦਿਨਾਂ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ, ਮੁਹਾਲੀ ਅਤੇ ਅੰਮਿ੍ਰਤਸਰ ਸਣੇ ਪੰਜਾਬ ਦੇ ਕਈ ਹਿੱਸਿਆਂ ਅਤੇ ਪੰਚਕੂਲਾ ਵਿੱਚ ਹਲਕੀ ਧੁੰਦ ਪਈ ਹੈ। ਜਲੰਧਰ ਅਤੇ ਲੁਧਿਆਣਾ ਵਿੱਚ ਵੀ ਅੱਜ ਸਵੇਰੇ ਸੀਜ਼ਨ ਦੀ ਪਹਿਲੀ ਸੰਘਣੀ ਧੁੰਦ ਪਈ। ਮੌਸਮ ਵਿਭਾਗ ਮੁਤਾਬਕ 20 ਦਸੰਬਰ ਨੂੰ ਮੀਂਹ ਪੈਣ ਤੇ ਉੱਚੇ ਇਲਾਕਿਆਂ ਵਿੱਚ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਮੌਸਮ ਦੇ ਮੱਦੇਨਜ਼ਰ ਯਾਤਰੀਆਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਬਹੁਤ ਜ਼ਰੂਰੀ ਹੋਣ ’ਤੇ ਹੀ ਯਾਤਰਾ ਕਰੋ ਅਤੇ ਧੀਮੀ ਤੇ ਸਥਿਰ ਰਫਤਾਰ ’ਤੇ ਗੱਡੀ ਚਲਾਓ। ਇਸੇ ਦੌਰਾਨ ਸਿਹਤ ਵਿਭਾਗ ਨੇ ਵੀ ਨੰਡ ਦੇ ਮੌਸਮ ਵਿਚ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣ ਲਈ ਕਿਹਾ ਹੈ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.