ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਨੇ ਕੀਤਾ ਸਵਾਗਤ
ਚੰਡੀਗੜ੍ਹ/ਬਿਊਰੋ ਨਿਊਜ਼
ਅੰਬਰ ਗਰੁੱਪ ਆਫ ਇੰਡਸਟਰੀਜ਼ ਨੇ ਰਾਜਪੁਰਾ ਵਿਖੇ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਅਤਿ-ਆਧੁਨਿਕ ਖੋਜ ਅਤੇ ਵਿਕਾਸ ਕੇਂਦਰ ਦੀ ਸਥਾਪਨਾ ਰਾਹੀਂ ਇਕ ਵੱਡੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਐਲਾਨ ਦਾ ਪੰਜਾਬ ਦੇ ਉਦਯੋਗ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਵਿਖੇ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਇਕ ਵੱਡੇ ਪੱਧਰ ਦਾ ਖੋਜ ਅਤੇ ਵਿਕਾਸ ਕੇਂਦਰ ਸਥਾਪਿਤ ਕਰਨ ਦੇ ਅੰਬਰ ਗਰੁੱਪ ਦੇ ਫੈਸਲੇ ਨੇ ਪੰਜਾਬ ਦੀਆਂ ਉਦਯੋਗਿਕ ਨੀਤੀਆਂ ਦਾ ਸਮਰਥਨ ਕੀਤਾ ਹੈ। ਅੰਬਰ ਗਰੁੱਪ ਆਫ ਇੰਡਸਟਰੀਜ਼ ਇਕ ਮੋਹਰੀ ਨਿਰਮਾਣ ਗਰੁੱਪ ਹੈ। ਇਹ ਗਰੁੱਪ ਏਅਰ ਕੰਡੀਸ਼ਨਰ, ਪਾਵਰ ਇਲੈਕਟ੍ਰਾਨਿਕਸ, ਰੇਲਵੇ, ਬੱਸਾਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਲਈ ਅਨੇਕਾਂ ਮੁੱਖ ਖੇਤਰਾਂ ਵਿਚ ਸਰਗਰਮ ਹੈ।


