Tuesday, 02 June 2026

ਮੰਡੀ ਗੋਬਿੰਦਗੜ੍ਹ, 11 ਮਈ: ਦੇਸ਼ ਭਗਤ ਗਲੋਬਲ ਸਕੂਲ ਵਿਖੇ ਮਾਵਾਂ ਦੇ ਪਿਆਰ, ਦੇਖਭਾਲ ਅਤੇ ਸਮਰਪਣ ਦਾ ਸਨਮਾਨ ਕਰਨ ਲਈ ਇੱਕ ਖੁਸ਼ੀਆਂ ਭਰਿਆ ਅਤੇ ਯਾਦਗਾਰੀ ਮਾਂ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਸਮਾਰੋਹ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਇੰਦੂ ਸ਼ਰਮਾ ਦੁਆਰਾ ਨਿੱਘੇ ਸਵਾਗਤ ਨਾਲ ਹੋਈ, ਜਿਸ ਤੋਂ ਬਾਅਦ ਅਧਿਆਪਕਾਂ ਦੁਆਰਾ ਸਾਰੀਆਂ ਮਾਵਾਂ ਨੂੰ ਵਿਸ਼ੇਸ਼ ਅਤੇ ਪ੍ਰਸ਼ੰਸਾਯੋਗ ਮਹਿਸੂਸ ਕਰਵਾਉਣ ਲਈ ਇੱਕ ਮਨਮੋਹਕ ਰੰਗਾਰੰਗ ਪ੍ਰੋਗਰਾਮ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਰੈਂਪ ਵਾਕ ਰਾਊਂਡ ਸੀ, ਜਿੱਥੇ ਮਾਵਾਂ ਨੇ ਪੂਰੇ ਵਿਸ਼ਵਾਸ ਨਾਲ ਸਟੇਜ ’ਤੇ ਚੱਲ ਕੇ ਆਪਣੀ ਸ਼ਾਨ, ਆਤਮਵਿਸ਼ਵਾਸ ਅਤੇ ਜੀਵੰਤ ਸ਼ਖਸੀਅਤ ਦਾ ਪ੍ਰਦਰਸ਼ਨ ਕੀਤਾ।
ਇਹ ਪ੍ਰੋਗਰਾਮ ਇੱਕ ਦਿਲਚਸਪ ਪ੍ਰਤਿਭਾ ਦੌਰ ਦੇ ਨਾਲ ਜਾਰੀ ਰਿਹਾ ਜਿਸ ਵਿੱਚ ਡਾਂਸ, ਗਾਇਕੀ, ਕਲਾ ਅਤੇ ਮਹਿੰਦੀ ਮੁਕਾਬਲੇ ਸ਼ਾਮਲ ਸਨ।
ਇਸ ਦੌਰਾਨ ਇਨਾਮ ਵੰਡ ਸਮਾਰੋਹ ਮੌਕੇ, ਪ੍ਰਿੰਸੀਪਲ ਸ਼੍ਰੀਮਤੀ ਇੰਦੂ ਸ਼ਰਮਾ ਨੇ ਜੇਤੂਆਂ ਨੂੰ ਡਾਂਸਿੰਗ ਦੀਵਾ, ਨਾਈਟਿੰਗੇਲ ਮੌਮ, ਹੀਨਾ ਕਵੀਨ, ਆਰਟਿਸਟਿਕ ਮੌਮ, ਗ੍ਰੇਸ ਇਨ ਸਟਾਈਲ ਅਤੇ ਮਿਲੀਅਨ ਡਾਲਰ ਸਮਾਈਲ ਸਮੇਤ ਵਿਸ਼ੇਸ਼ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਅਤੇ ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਸਾਰੀਆਂ ਮਾਵਾਂ ਦਾ ਆਪਣੀ ਮੌਜੂਦਗੀ ਨਾਲ ਇਸ ਮੌਕੇ ਨੂੰ ਸ਼ਾਨਦਾਰ ਬਣਾਉਣ ਲਈ ਧੰਨਵਾਦ ਕੀਤਾ।

ਚੰਡੀਗੜ੍ਹ : ਸਕੂਲੀ ਸਿੱਖਿਆ ਵਿੱਚ ਇਤਿਹਾਸਕ ਮੀਲ ਪੱਥਰ ਸਥਾਪਤ ਕਰਦਿਆਂ ਪੰਜਾਬ ਨੇ ਭਾਰਤ ਦੇ ਸਰਬੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਮਾਨਤਾ ਹਾਸਲ ਕੀਤੀ ਹੈ। ਨੀਤੀ ਆਯੋਗ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਪੰਜਾਬ ਨੇ ਸਕੂਲ ਸਿੱਖਿਆ ਦੇ ਅਹਿਮ ਬੁਨਿਆਦੀ ਸਿੱਖਿਆ ਮਾਪਦੰਡਾਂ ਵਿੱਚ ਭਾਰਤ ਦੀ ਲੰਬੇ ਸਮੇਂ ਤੋਂ ਅਗਵਾਈ ਕਰਨ ਵਾਲੇ ਕੇਰਲਾ ਨੂੰ ਪਛਾੜ ਦਿੱਤਾ ਹੈ।

ਪ੍ਰਣਾਲੀਗਤ ਸੁਧਾਰਾਂ ਅਤੇ ਜ਼ਮੀਨੀ ਪੱਧਰ 'ਤੇ ਸਮਰਪਣ ਰਾਹੀਂ ਹਾਸਲ ਕੀਤੀ ਇਸ ਪ੍ਰਾਪਤੀ ਨੂੰ 'ਪੰਜਾਬ ਦੇ ਦੌਰ' ਦੀ ਸ਼ੁਰੂਆਤ ਦੱਸਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਇਹ ਸਨਮਾਨ ਹਰ ਉਸ ਮਾਤਾ-ਪਿਤਾ, ਵਿਦਿਆਰਥੀ ਅਤੇ ਅਧਿਆਪਕ ਦਾ ਹੈ ਜਿਸ ਨੇ ਸਰਕਾਰੀ ਸਕੂਲਾਂ ਦਾ ਸਾਥ ਛੱਡਣ ਤੋਂ ਇਨਕਾਰ ਕਰ ਦਿੱਤਾ। ਇਹ ਇੱਕ ਦਿਨ ਵਿੱਚ ਹਾਸਲ ਕੀਤੀ ਉਪਲਬਧੀ ਨਹੀਂ ਹੈ ਬਲਕਿ ਇਹ ਬਿਹਤਰ ਨੀਤੀ, ਇਰਾਦੇ ਅਤੇ ਅਮਲ ਦਾ ਸੁਮੇਲ ਹੈ,  ਜਿਸ ਨਾਲ ਬਿਹਤਰ ਨਤੀਜੇ ਸਾਹਮਣੇ ਆਏ ਹਨ।"

ਨੀਤੀ ਆਯੋਗ ਦੀ ਰਿਪੋਰਟ ਸਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ, “ਪੰਜਾਬ ਨੇ ਤੀਜੀ ਜਮਾਤ ਵਿੱਚ ਭਾਸ਼ਾ 'ਚ 82 ਫ਼ੀਸਦ ਅਤੇ ਗਣਿਤ ਵਿੱਚ 78 ਫ਼ੀਸਦ ਅੰਕ ਹਾਸਲ ਕੀਤੇ, ਜੋ ਕੇਰਲਾ ਦੇ ਕ੍ਰਮਵਾਰ 75 ਫ਼ੀਸਦ ਅਤੇ 70 ਫ਼ੀਸਦ ਤੋਂ ਵੱਧ ਹਨ। 9ਵੀਂ ਜਮਾਤ ਦੇ ਗਣਿਤ ਵਿੱਚ ਪੰਜਾਬ ਨੇ 52 ਫ਼ੀਸਦ ਮੁਹਾਰਤ ਦਰਜ ਕੀਤੀ ਜੋ ਕਿ ਕੇਰਲਾ ਦੇ 45 ਫ਼ੀਸਦ ਨਾਲੋਂ ਜ਼ਿਆਦਾ ਹੈ।”

ਪੰਜਾਬ ਸਰਕਾਰ ਵੱਲੋਂ ਕੀਤੇ ਸੁਧਾਰਾਂ ਦੇ ਸਾਰਥਕ ਪ੍ਰਭਾਵਾਂ ਨੂੰ ਉਜਾਗਰ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮਿਸ਼ਨ ਸਮਰੱਥ ਅਤੇ ਸਕੂਲ ਆਫ਼ ਐਮੀਨੈਂਸ ਪ੍ਰੋਗਰਾਮ ਰਾਹੀਂ ਕੋਵਿਡ ਮਹਾਂਮਾਰੀ ਤੋਂ ਬਾਅਦ ਕੀਤੇ ਗਏ ਸੁਧਾਰਾਂ ਦੇ ਠੋਸ ਨਤੀਜੇ ਸਾਹਮਣੇ ਆਏ ਹਨ।”

ਨੀਤੀ ਆਯੋਗ ਦੀ ਰਿਪੋਰਟ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ, “ਸੂਬੇ ਦੇ 99.9 ਫ਼ੀਸਦ ਸਰਕਾਰੀ ਸਕੂਲਾਂ ਵਿੱਚ ਹੁਣ ਬਿਜਲੀ ਉਪਲੱਬਧ ਹੈ, 99 ਫ਼ੀਸਦ ਸਕੂਲਾਂ ਵਿੱਚ ਕਾਰਜਸ਼ੀਲ ਕੰਪਿਊਟਰ ਉਪਲੱਬਧ ਹਨ ਅਤੇ 80 ਫ਼ੀਸਦ ਤੋਂ ਵੱਧ ਸਕੂਲ ਸਮਾਰਟ ਕਲਾਸਰੂਮਾਂ ਨਾਲ ਲੈਸ ਹਨ। ਇਸ ਤੋਂ ਇਲਾਵਾ, 10ਵੀਂ ਜਮਾਤ ਦੇ 90 ਫ਼ੀਸਦ ਤੋਂ ਵੱਧ ਵਿਦਿਆਰਥੀ ਹੁਣ 11ਵੀਂ ਜਮਾਤ ਵਿੱਚ ਦਾਖ਼ਲਾ ਲੈ ਰਹੇ ਹਨ। ਇਹ ਦਰ ਸਕੂਲ ਛੱਡਣ ਦੀ ਦਰ ਵਿੱਚ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਦਰਸਾਉਂਦੀ ਹੈ। ਵਿਦਿਆਰਥੀ ਅਧਿਆਪਕ ਅਨੁਪਾਤ  22:1 ਹੋ ਗਿਆ ਹੈ।”

ਰਿਪੋਰਟ ਦਾ ਹਵਾਲਾ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ, “ਨੀਤੀ ਆਯੋਗ ਦੀ ਰਿਪੋਰਟ ਵਿੱਚ ਸਿੱਖਿਆ ਖੇਤਰ ਵਿੱਚ ਸ਼ਹਿਰੀ-ਪੇਂਡੂ ਖ਼ਿੱਤੇ ਦੇ ਪਾੜੇ ਨੂੰ ਪੂਰਨ ਅਤੇ ਪਿੰਡ ਦੇ ਵਿਦਿਆਰਥੀਆਂ ਅਤੇ ਕੁੜੀਆਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਪੰਜਾਬ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਹੈ। ਪੰਜਾਬ ਵੱਲੋਂ ਵਿਸ਼ਵ ਦੇ ਸਰਬੋਤਮ ਅਭਿਆਸਾਂ ਨੂੰ ਅਪਣਾਉਣ ਨਾਲ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਪ੍ਰੀਖਿਆ ਦੀ ਸਫਲਤਾ ਹਾਸਲ ਕਰਨ ਦੀ ਦਰ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹੁਣ ਤੱਕ ਸਰਕਾਰੀ ਸਕੂਲਾਂ ਦੇ 786 ਵਿਦਿਆਰਥੀਆਂ ਨੇ ਜੇਈਈ ਮੇਨ ਪ੍ਰੀਖਿਆ ਪਾਸ ਕੀਤੀ ਹੈ ਅਤੇ 1,284 ਵਿਦਿਆਰਥੀ ਨੀਟ ਪ੍ਰੀਖਿਆ ਪਾਸ ਕਰ ਚੁੱਕੇ ਹਨ।”

ਅਧਿਆਪਕ ਸਿਖਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ, ਪੰਜਾਬ ਦੇ ਸਿੱਖਿਆ ਮੰਤਰੀ ਨੇ ਕਿਹਾ, “ਸੂਬਾ ਸਰਕਾਰ ਵੱਲੋਂ ਕੀਤੇ ਸਿੱਖਿਆ ਸੁਧਾਰਾਂ ਤਹਿਤ ਸ਼ੁਰੂ ਕੀਤੇ ਗਏ ਫਿਨਲੈਂਡ ਅਤੇ ਸਿੰਗਾਪੁਰ ਵਿੱਚ ਅਧਿਆਪਕ ਸਿਖਲਾਈ ਪ੍ਰੋਗਰਾਮਾਂ ਦੇ ਜ਼ਮੀਨੀ ਪੱਧਰ 'ਤੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਕਲਾਸਰੂਮ ਸਰਬੋਤਮ ਨਾਲ ਮੁਕਾਬਲਾ ਕਰ ਸਕਦੇ ਹਨ। ਪੰਜਾਬ ਸਰਕਾਰ ਵੱਲੋਂ 13,000 ਅਧਿਆਪਕਾਂ ਅਤੇ ਸਟਾਫ ਦੀ ਭਰਤੀ ਕੀਤੀ ਗਈ ਹੈ ਅਤੇ ਲਗਭਗ 3 ਲੱਖ ਵਿਦਿਆਰਥੀਆਂ ਲਈ ਇੰਗਲਿਸ਼ ਐੱਜ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ 118 ਸਕੂਲ ਆਫ਼ ਐਮੀਨੈਂਸ ਖੋਲ੍ਹੇ ਜਾ ਰਹੇ ਹਨ।”

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਿਹਤਰ ਨੀਤੀ, ਇਰਾਦੇ ਅਤੇ ਅਮਲ ਨਾਲ ਮਿਆਰੀ ਸਿੱਖਿਆ ਯਕੀਨੀ ਬਣਾਈ ਜਾ ਸਕਦੀ ਹੈ ਅਤੇ ਸਾਡੇ ਅਧਿਆਪਕਾਂ ਨੇ ਇਹ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜ਼ਮੀਨੀ ਪੱਧਰ 'ਤੇ ਕੀਤੇ ਗਏ ਸੁਧਾਰਾਂ ਨੂੰ ਨੀਤੀ ਆਯੋਗ ਵੱਲੋਂ ਹੁਣ ਪ੍ਰਮਾਣਿਤ ਕੀਤਾ ਗਿਆ ਹੈ। ਸਰਕਾਰੀ ਸਕੂਲ ਦੇ ਬੱਚੇ ਸਿਰਫ਼ ਸਿਖਲਾਈ ਹੀ ਨਹੀਂ ਲੈ ਰਹੇ ਸਗੋਂ ਉਹ ਅਗਵਾਈ ਵੀ ਕਰ ਰਹੇ ਹਨ।

ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਅਤੇ ਸੁਨੀਲ ਜਾਖੜ ਨੇ ਗਿਆਨ ਸਿੰਘ ਦਾ ਕੀਤਾ ਸਨਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਗਿਆਨ ਸਿੰਘ ਦਾ ਭਾਜਪਾ ਵਿਚ ਸਵਾਗਤ ਕੀਤਾ। ਦੱਸਿਆ ਗਿਆ ਕਿ ਗਿਆਨ ਸਿੰਘ  2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਕੰਪੇਨ ਇੰਚਾਰਜ ਵੀ ਰਹੇ ਹਨ। ਨਾਇਬ ਸਿੰਘ ਸੈਣੀ ਅਤੇ ਸੁਨੀਲ ਜਾਖੜ ਨੇ ਕਿਹਾ ਕਿ ਗਿਆਨ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਇਨ੍ਹਾਂ ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ ਹੈ।

ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਹਲਕੇ ਦੇ ਪਿੰਡ ਸਾਹਿਬ ਚੰਦ ਵਿਖੇ ਅੱਜ ਲੋਕ ਮਿਲਣੀ ਦੌਰਾਨ ਗੂੰਜਦੇ ਨਾਅਰਿਆਂ ਅਤੇ ਲੋਕਾਂ ਦੇ ਪਿਆਰ ਤੇ ਸਨੇਹ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਪਾਸੋਂ ਆਸ਼ੀਰਵਾਦ, ਸਿਰੋਪੇ ਅਤੇ ਚਿੱਤਰ ਪ੍ਰਾਪਤ ਕੀਤੇ। ਲੋਕਾਂ ਦੇ ਉਤਸ਼ਾਹ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੁੱਟ ਪਾਊ ਰਾਜਨੀਤੀ 'ਤੇ ਤਿੱਖਾ ਹਮਲਾ ਬੋਲਦੇ ਹੋਏ ਐਲਾਨ ਕੀਤਾ ਕਿ ਸਿਆਸੀ ਲਾਭ ਲਈ ਪੰਜਾਬ ਦੀ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਕਦੇ ਵੀ ਭੰਗ ਨਹੀਂ ਹੋਣ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਚਿਤਾਵਨੀ ਦਿੰਦੇ ਹੋਏ ਕਿ ਪੰਜਾਬ ਵਿਰੋਧੀ ਤਾਕਤਾਂ ਫਿਰਕੂ ਧਰੁਵੀਕਰਨ ਰਾਹੀਂ ਸੂਬੇ ਨੂੰ ਕਾਲੇ ਦਿਨਾਂ ਵਿੱਚ ਵਾਪਸ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਮਿੱਟੀ ਨਫ਼ਰਤ ਅਤੇ ਦੁਸ਼ਮਣੀ ਤੋਂ ਇਲਾਵਾ ਸਭ ਕੁਝ ਪੈਦਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਡਰ ਅਤੇ ਫੁੱਟ ਫੈਲਾਉਣ ਦੀ ਹਰ ਕੋਸ਼ਿਸ਼ ਨੂੰ ਇੱਕਜੁੱਟ ਹੋ ਕੇ ਹਰਾਉਣਗੇ। ਭਾਜਪਾ 'ਤੇ "ਭਾਈਚਾਰਿਆਂ ਵਿਚਕਾਰ ਵੰਡੀਆਂ ਪਾਉਣ ਦੀ ਰਾਜਨੀਤੀ" ਦਾ ਨਿਸ਼ਾਨਾ ਲਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਹਰ ਤਿਉਹਾਰ ਇਕੱਠੇ ਮਨਾਉਂਦਾ ਹੈ ਅਤੇ ਅਜਿਹੇ ਏਜੰਡਿਆਂ ਨੂੰ ਸਖ਼ਤੀ ਨਾਲ ਰੱਦ ਕਰੇਗਾ। ਨਾਲ ਹੀ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ, 2026 ਇਹ ਯਕੀਨੀ ਬਣਾਏਗਾ ਕਿ ਬੇਅਦਬੀ ਦਾ ਕੋਈ ਵੀ ਦੋਸ਼ੀ ਕਾਨੂੰਨ ਦੀਆਂ ਕਮੀਆਂ ਦਾ ਫਾਇਦਾ ਉਠਾ ਕੇ ਸਜ਼ਾ ਤੋਂ ਬਚ ਨਾ ਸਕੇ।
ਲੋਕ ਮਿਲਣੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨਫ਼ਰਤ ਅਤੇ ਵੰਡ ਪਾਊ ਰਾਜਨੀਤੀ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪੰਜਾਬੀਆਂ ਨੂੰ ਸੂਬੇ ਨੂੰ ਕਾਲੇ ਦਿਨਾਂ ਵਿੱਚ ਵਾਪਸ ਧੱਕਣ ਦੇ ਉਦੇਸ਼ ਨਾਲ ਕੀਤੇ ਜਾਣ ਵਾਲੇ ਹਰ ਯਤਨ ਨੂੰ ਹਰਾਉਣ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਜਿਨ੍ਹਾਂ ਨੇ ਆਪਸੀ ਪਿਆਰ, ਸਹਿਣਸ਼ੀਲਤਾ ਅਤੇ ਸਦਭਾਵਨਾ ਦਾ ਰਸਤਾ ਦਿਖਾਇਆ ਹੈ। ਉਨ੍ਹਾਂ ਕਿਹਾ, "ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਅਤੇ ਇਸ 'ਤੇ ਨਫ਼ਰਤ ਅਤੇ ਦੁਸ਼ਮਣੀ ਤੋਂ ਇਲਾਵਾ ਕੁਝ ਵੀ ਉੱਗ ਸਕਦਾ ਹੈ। ਲੋਕਾਂ ਵਿੱਚ ਸਮਾਜਿਕ ਸਾਂਝ ਪਹਿਲਾਂ ਹੀ ਬਹੁਤ ਮਜ਼ਬੂਤ ਹੈ ਅਤੇ ਲੋਕਾਂ ਨੂੰ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਇਕੱਠੇ ਹੋਣਾ ਚਾਹੀਦਾ ਹੈ।"
ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀਆਂ ਨੂੰ ਇੱਕਜੁੱਟ ਹੋ ਕੇ ਸੂਬੇ ਦੀ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਦੇ ਵਿਰੁੱਧ ਫੁੱਟ ਪਾਊ ਤਾਕਤਾਂ ਨੂੰ ਢੁਕਵਾਂ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਜੋ ਲੋਕ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਪੰਜਾਬ ਦੇ ਦੁਸ਼ਮਣ ਹਨ ਕਿਉਂਕਿ ਉਹ ਸੂਬੇ ਨੂੰ ਫਿਰ ਤੋਂ ਕਾਲੇ ਦਿਨਾਂ ਵਿੱਚ ਧੱਕਣਾ ਚਾਹੁੰਦੇ ਹਨ।"
ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਗਵਾਂ ਪਾਰਟੀ ਨੇ ਫੁੱਟ ਪਾਊ ਰਾਜਨੀਤੀ ਰਾਹੀਂ ਮਹਾਰਾਸ਼ਟਰ, ਹਰਿਆਣਾ, ਬਿਹਾਰ, ਉੱਤਰ ਪ੍ਰਦੇਸ਼ ਅਤੇ ਬੰਗਾਲ ਵਿੱਚ ਸੱਤਾ ਹਾਸਲ ਕੀਤੀ ਹੈ, ਪਰ ਪੰਜਾਬ ਵਿੱਚ ਕਦੇ ਵੀ ਸਫਲ ਨਹੀਂ ਹੋਵੇਗੀ ਕਿਉਂਕਿ ਪੰਜਾਬੀ ਹਰ ਤਿਉਹਾਰ ਇਕੱਠੇ ਮਨਾਉਂਦੇ ਹਨ। ਉਨ੍ਹਾਂ ਕਿਹਾ, "ਕੁਝ ਰਾਜਨੀਤਿਕ ਪਾਰਟੀਆਂ ਧਰਮ ਦੇ ਨਾਮ 'ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਭਾਜਪਾ ਦੀ ਰਾਜਨੀਤੀ ਭਾਈਚਾਰਿਆਂ ਵਿੱਚ ਫੁੱਟ ਪਾਉਣ ਅਤੇ ਫਿਰ ਵੋਟਾਂ ਲਈ ਦੋਵਾਂ ਧਿਰਾਂ ਨੂੰ ਡਰਾਉਣ ਦੇ ਆਲੇ-ਦੁਆਲੇ ਘੁੰਮਦੀ ਹੈ। ਪੰਜਾਬ ਨੂੰ ਅਜਿਹੀਆਂ ਤਾਕਤਾਂ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਚਾਹੀਦਾ ਹੈ ਕਿਉਂਕਿ ਸੂਬਾ ਪਹਿਲਾਂ ਹੀ ਪਿਛਲੇ ਸਮੇਂ ਵਿੱਚ ਕਾਲੇ ਦਿਨ ਦੇਖ ਚੁੱਕਾ ਹੈ ਜਿਸ ਨੇ ਇਸਦੇ ਵਿਕਾਸ ਨੂੰ ਪਟੜੀ ਤੋਂ ਉਤਾਰ ਦਿੱਤਾ ਸੀ।"
"ਸ਼ੁਕਰਾਨਾ ਯਾਤਰਾ" ਬਾਰੇ ਬੋਲਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਯਾਤਰਾ ਪਰਮਾਤਮਾ ਦਾ ਧੰਨਵਾਦ ਕਰਨ ਲਈ ਕੀਤੀ ਹੈ ਜਿਸਨੇ ਉਨ੍ਹਾਂ ਨੂੰ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਐਕਟ, 2026 ਨੂੰ ਲਾਗੂ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸੰਗਤ ਦੇ ਵੱਡੇ ਇਕੱਠ ਨੇ ਉਨ੍ਹਾਂ ਦਾ ਸਵਾਗਤ ਅਸ਼ੀਰਵਾਦ, ਫੁੱਲਾਂ ਅਤੇ ਸਿਰੋਪਿਆਂ ਨਾਲ ਕੀਤਾ ਗਿਆ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਗਏ ਸਨ। ਉਨ੍ਹਾਂ ਕਿਹਾ, "ਤੇਜ਼ ਗਰਮੀ ਦੇ ਬਾਵਜੂਦ, ਮਾਵਾਂ, ਭੈਣਾਂ ਅਤੇ ਲੱਖਾਂ ਲੋਕ ਰਸਤੇ 'ਤੇ ਇਕੱਠੇ ਹੋਏ ਹਨ। ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਆਪਣਾ ਆਸ਼ੀਰਵਾਦ ਅਤੇ ਸਮਰਥਨ ਦਿੱਤਾ।"
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਤਾਂ ਲੱਖਾਂ ਲੋਕਾਂ ਦੀ ਮਾਨਸਿਕਤਾ ਨੂੰ ਬਹੁਤ ਠੇਸ ਪਹੁੰਚੀ। ਉਨ੍ਹਾਂ ਕਿਹਾ ਕਿ ਹਮੇਸ਼ਾ ਉਮੀਦ ਸੀ ਕਿ ਦੋਸ਼ੀਆਂ ਨੂੰ ਫੜਿਆ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ, ਪਰ ਕਾਨੂੰਨ ਵਿੱਚ ਕਮੀਆਂ ਨੇ ਉਨ੍ਹਾਂ ਨੂੰ ਆਪਣੇ ਆਪ ਨੂੰ ਮਾਨਸਿਕ ਰੋਗੀ ਐਲਾਨ ਕੇ ਸਜ਼ਾ ਤੋਂ ਬਚਣ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਕਈ ਵਾਰ, ਦੋਸ਼ੀ 'ਮੇਰਾ ਮਨ ਪਰੇਸ਼ਾਨ ਹੈ' ਜਾਂ 'ਉਹ ਮਾਨਸਿਕ ਤੌਰ 'ਤੇ ਬਿਮਾਰ ਹੈ' ਕਹਿ ਕੇ ਫਾਂਸੀ ਦੇ ਤਖ਼ਤੇ ਤੋਂ ਬਚ ਗਏ, ਅਤੇ ਉਹ ਆਜ਼ਾਦ ਹੋ ਗਏ।"
ਹਾਲਾਂਕਿ, ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਮਾਨਸਿਕ ਰੋਗੀ ਦਾ ਦਾਅਵਾ ਕਰਨ ਵਾਲਾ ਵਿਅਕਤੀ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ "ਜੇਕਰ ਕੋਈ ਸੱਚਮੁੱਚ ਮਾਨਸਿਕ ਤੌਰ 'ਤੇ ਬਿਮਾਰ ਹੈ, ਤਾਂ ਉਹ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦਾ ਹੈ? ਉਹ ਰੇਲਗੱਡੀ ਦੇ ਇੰਜਣ ਨਾਲ ਕਿਉਂ ਨਹੀਂ ਟਕਰਾਉਂਦਾ ਜਾਂ ਬਿਜਲੀ ਦੀਆਂ ਤਾਰਾਂ ਨੂੰ ਕਿਉਂ ਨਹੀਂ ਛੂਹਦਾ? ਸੱਚਾਈ ਇਹ ਹੈ ਕਿ ਅਜਿਹੀਆਂ ਕਾਰਵਾਈਆਂ ਅਕਸਰ ਜਾਣਬੁੱਝ ਕੇ ਅਤੇ ਯੋਜਨਾਬੱਧ ਢੰਗ ਨਾਲ ਕੀਤੀਆਂ ਜਾਂਦੀਆਂ ਸਨ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਨਵੇਂ ਕਾਨੂੰਨ ਰਾਹੀਂ ਅਜਿਹੀਆਂ ਕਮੀਆਂ ਨੂੰ ਦੂਰ ਕਰ ਦਿੱਤਾ ਹੈ, ਜਿਸ ਵਿੱਚ ਇੱਕ ਧਾਰਾ ਸ਼ਾਮਲ ਕੀਤੀ ਗਈ ਹੈ ਕਿ ਭਾਵੇਂ ਕਿਸੇ ਨੂੰ ਡਾਕਟਰੀ ਤੌਰ 'ਤੇ ਮਾਨਸਿਕ ਰੋਗੀ ਐਲਾਨਿਆ ਜਾਂਦਾ ਹੈ, ਉਨ੍ਹਾਂ ਦੇ ਰੱਖਿਅਕ, ਮਾਪੇ, ਸਰਪ੍ਰਸਤ ਜਾਂ ਦੇਖਭਾਲ ਕਰਨ ਵਾਲਿਆਂ ਨੂੰ ਵੀ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਅੱਗੇ ਕਿਹਾ, "ਘੱਟੋ-ਘੱਟ ਦਸ ਸਾਲਾਂ ਲਈ ਕੋਈ ਜ਼ਮਾਨਤ ਨਹੀਂ ਹੋਵੇਗੀ ਅਤੇ ਗੰਭੀਰ ਮਾਮਲਿਆਂ ਵਿੱਚ ਸਜ਼ਾ ਉਮਰ ਕੈਦ ਤੱਕ ਵਧ ਸਕਦੀ ਹੈ।"
ਮੁੱਖ ਮੰਤਰੀ ਨੇ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਇਹ ਬਿੱਲ ਲਿਆਉਣ ਲਈ ਬਲ-ਬੁੱਧੀ ਬਖਸ਼ੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਾਨੂੰਨ ਨੂੰ ਧਿਆਨ ਨਾਲ ਤਿਆਰ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੀ ਸੋਧ ਜਾਂ ਕਮੀਆਂ ਇਸਨੂੰ ਕਮਜ਼ੋਰ ਨਾ ਕਰ ਸਕਣ।
ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਕਦੇ ਵੀ ਇਸ ਕਾਨੂੰਨ ਦਾ ਸਮਰਥਨ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦੇ ਆਪਣੇ ਨਾਮ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ, "ਲੋਕ ਉਨ੍ਹਾਂ ਨੂੰ ਇਹ ਮੰਨ ਕੇ ਵੋਟ ਦਿੰਦੇ ਰਹੇ ਕਿ ਉਹ ਬਾਬਾ ਨਾਨਕ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ, ਪਰ ਉਨ੍ਹਾਂ ਨੇ ਜਾਣਬੁੱਝ ਕੇ ਸੜਕਾਂ 'ਤੇ ਬਾਬਾ ਨਾਨਕ ਦੀ ਬਾਣੀ ਦਾ ਅਪਮਾਨ ਹੋਣ ਦਿੱਤਾ। ਉਨ੍ਹਾਂ ਨੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸ਼ਰਧਾਲੂਆਂ ਉਤੇ ਪਾਣੀ ਦੀਆਂ ਤੋਪਾਂ ਅਤੇ ਗੋਲੀਆਂ ਚਲਾਉਣ ਦਾ ਹੁਕਮ ਵੀ ਦਿੱਤਾ। ਉਨ੍ਹਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ?"  
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਇਹ ਕਾਨੂੰਨ ਪਾਸ ਹੋਇਆ ਹੈ, ਪੰਜਾਬ ਵਿੱਚ ਇੱਕ ਅਕਾਲੀ ਆਗੂ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਉਹ ਚੁੱਪ-ਚਾਪ ਵਿਦੇਸ਼ਾਂ ਵਿੱਚ ਚਲੇ ਗਏ ਸਨ ਅਤੇ ਉਨ੍ਹਾਂ ਦਾ ਨਾਮ ਸਾਹਮਣੇ ਆਉਣ ਤੋਂ ਡਰਦੇ ਸਨ। ਉਨ੍ਹਾਂ ਕਿਹਾ,"ਇਹ ਉਹੀ ਲੋਕ ਹਨ ਜਿਨ੍ਹਾਂ ਨੇ ਕਦੇ ਦਾਅਵਾ ਕੀਤਾ ਸੀ ਕਿ ਉਹ 25 ਸਾਲ ਪੰਜਾਬ 'ਤੇ ਰਾਜ ਕਰਨਗੇ। ਅੱਜ ਉਨ੍ਹਾਂ ਕੋਲ ਚੋਣ ਟਿਕਟਾਂ ਵੰਡਣ ਲਈ 25 ਉਮੀਦਵਾਰ ਵੀ ਨਹੀਂ ਬਚੇ ਹਨ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਰਾਜਨੀਤਿਕ ਗੁਮਨਾਮੀ ਵਿੱਚ ਭੇਜ ਦਿੱਤਾ ਹੈ।"
ਅਕਾਲੀਆਂ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੱਤਾ ਵਿੱਚ ਰਹਿੰਦਿਆਂ ਅਜਿਹਾ ਕਾਨੂੰਨ ਲਿਆਉਣ ਲਈ ਕਦੇ ਵੀ ਇਮਾਨਦਾਰ ਨਹੀਂ ਸਨ ਕਿਉਂਕਿ ਉਨ੍ਹਾਂ ਦੇ ਇਰਾਦੇ ਗਲਤ ਸਨ। ਉਨ੍ਹਾਂ ਕਿਹਾ, "ਅਕਾਲੀਆਂ ਨੇ ਰਾਜਨੀਤਿਕ ਲਾਭ ਲਈ ਬੇਅਦਬੀ ਦੀਆਂ ਘਟਨਾਵਾਂ ਨੂੰ ਹੋਣ ਦਿੱਤਾ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਅੱਗੇ ਆਪਣੀਆਂ ਗਲਤੀਆਂ ਮੰਨੀਆਂ ਪਰ ਬਾਅਦ ਵਿੱਚ ਜਨਤਕ ਤੌਰ 'ਤੇ ਉਨ੍ਹਾਂ ਤੋਂ ਇਨਕਾਰ ਕਰ ਦਿੱਤਾ। ਜੋ ਤਖ਼ਤ ਅੱਗੇ ਝੂਠ ਬੋਲ ਸਕਦੇ ਹਨ ਉਹ ਕਦੇ ਵੀ ਕਿਸੇ ਦੇ ਵਫ਼ਾਦਾਰ ਨਹੀਂ ਹੋ ਸਕਦੇ।"  
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੇ ਆਗੂਆਂ ਤੋਂ ਸਾਵਧਾਨ ਰਹਿਣ ਜੋ ਸਿਰਫ ਪੰਜਾਬ ਨੂੰ ਲੁੱਟਣ ਲਈ ਰਾਜਨੀਤਿਕ ਸ਼ਕਤੀ ਚਾਹੁੰਦੇ ਹਨ। ਭਾਜਪਾ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਹਿੰਸਾ, ਫੁੱਟ ਪਾਉਣਾ ਅਤੇ ਫਿਰਕੂ ਤਣਾਅ ਭਗਵਾਂ ਪਾਰਟੀ ਦਾ ਪੇਟੈਂਟ ਹੈ ਅਤੇ ਇਸ ਦੀ ਰਾਜਨੀਤੀ ਦਾ ਅਨਿੱਖੜਵਾਂ ਅੰਗ ਹੈ। ਮੁੱਖ ਮੰਤਰੀ ਨੇ ਕਿਹਾ, "ਭਾਜਪਾ ਆਉਣ ਵਾਲੀਆਂ ਚੋਣਾਂ ਜਿੱਤਣ ਲਈ ਬੰਗਾਲ ਦੀ ਤਰਜ਼ 'ਤੇ ਪੰਜਾਬ ਵਿੱਚ ਹਿੰਸਾ ਅਤੇ ਡਰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸਦੇ ਨਾਪਾਕ ਮਨਸੂਬੇ ਪੰਜਾਬ ਵਿੱਚ ਕਦੇ ਵੀ ਸਫਲ ਨਹੀਂ ਹੋਣਗੇ।"
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਵਜੋਂ ਖੜ੍ਹਾ ਰਿਹਾ ਹੈ, ਅਤੇ ਇਸਦੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ, "ਹਿੰਸਾ ਭਾਜਪਾ ਦੀ ਰਾਜਨੀਤੀ ਦਾ ਬ੍ਰਾਂਡ ਹੈ ਅਤੇ ਇਸ ਦਾ ਉਦੇਸ਼ ਸਿਰਫ਼ ਦਹਿਸ਼ਤ ਅਤੇ ਡਰ ਪੈਦਾ ਕਰਕੇ ਵੋਟਾਂ ਹਾਸਲ ਕਰਨਾ ਹੈ। ਇਹ ਫੁੱਟ ਪਾਉਣ ਵਾਲੀ ਰਾਜਨੀਤੀ ਭਾਜਪਾ ਵੱਲੋਂ ਹਰ ਚੋਣ-ਮੁਕਾਬਲੇ ਵਾਲੇ ਸੂਬੇ ਵਿੱਚ ਚੋਣਾਂ ਵਿੱਚ ਲਾਹਾ ਲੈਣ ਲਈ ਕੀਤੀ ਜਾ ਰਹੀ ਹੈ।"
ਉਨ੍ਹਾਂ ਕਿਹਾ ਕਿ ਹੁਣ ਜਦੋਂ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ, 2026 ਪਾਸ ਹੋ ਗਿਆ ਹੈ ਤਾਂ ਪੰਜਾਬ ਵਿਰੋਧੀ ਤਾਕਤਾਂ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਨਹੀਂ ਕਰ ਸਕਣਗੀਆਂ। ਉਨ੍ਹਾਂ ਕਿਹਾ, “ਇਸ ਤੋਂ ਹੈਰਾਨ-ਪ੍ਰੇਸ਼ਾਨ ਹੋ ਕੇ ਭਾਜਪਾ ਹੁਣ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਉਦੇਸ਼ ਨਾਲ ਕਾਰਵਾਈਆਂ ਕਰ ਰਹੀ ਹੈ, ਪਰ ਇਸ ਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”  
ਮੁੱਖ ਮੰਤਰੀ ਨੇ ਕਿਹਾ ਕਿ ਉਹ ਹਮੇਸ਼ਾ ਵਿਕਾਸ-ਮੁਖੀ ਅਤੇ ਨਾਗਰਿਕ-ਕੇਂਦ੍ਰਿਤ ਨੀਤੀਆਂ ਬਣਾਉਣ ਲਈ ਲੋਕਾਂ ਤੋਂ ਫੀਡਬੈਕ ਲੈਦੇਂ ਹਨ, ਜਿਸ ਨੇ ਵਿਰੋਧੀ ਪਾਰਟੀਆਂ ਨੂੰ ਪ੍ਰੇਸ਼ਾਨ ਕੀਤਾ ਹੈ। ਉਨ੍ਹਾਂ ਕਿਹਾ,“ਪੂਰੀ ਵਿਰੋਧੀ ਧਿਰ ਨੇ ਝੂਠੇ ਅਤੇ ਤਰਕਹੀਣ ਦੋਸ਼ ਲਗਾ ਕੇ ਮੈਨੂੰ ਬਦਨਾਮ ਕਰਨ ਲਈ ਸਪੱਸ਼ਟ ਰਣਨੀਤੀ ਨਾਲ ਮੇਰੇ ਵਿਰੁੱਧ ਹੱਥ ਮਿਲਾਇਆ ਹੈ। ਇਹ ਤਾਕਤਾਂ ਝੂਠੇ ਅਤੇ ਅਪਮਾਨਜਨਕ ਬਿਰਤਾਂਤ ਘੜ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਲੋਕ ਉਨ੍ਹਾਂ ਨੂੰ ਸਬਕ ਸਿਖਾਉਣਗੇ।”  
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਵਿਰੋਧੀ ਆਗੂਆਂ ਦੇ ਸ਼ੱਕੀ ਅਤੇ ਧੋਖੇਬਾਜ਼ ਕਿਰਦਾਰ ਤੋਂ ਪੂਰੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਨੂੰ ਜ਼ਰੂਰ ਸਬਕ ਸਿਖਾਉਣਗੇ।  
ਵਿਰੋਧੀ ਧਿਰ 'ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਪੰਜਾਬ ਸਰਕਾਰ ਵਿਰੁੱਧ ਕੋਈ ਏਜੰਡਾ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਨੇ ਲੋਕ ਭਲਾਈ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ।
ਅਕਾਲੀ ਦਲ ਦੀ "ਪੰਜਾਬ ਬਚਾਓ ਯਾਤਰਾ" 'ਤੇ ਚੁਟਕੀ ਲੈਂਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਅਸਲ ਨਾਮ "ਪਰਿਵਾਰ ਬਚਾਓ ਯਾਤਰਾ" ਹੈ। ਉਨ੍ਹਾਂ ਕਿਹਾ, “15 ਸਾਲ ਪੰਜਾਬ ਨੂੰ ਲੁੱਟਣ ਤੋਂ ਬਾਅਦ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਸੂਬੇ ਨੂੰ ਕਿਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।”
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ ਹੈ, ਪੰਜਾਬੀਆਂ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਈ ਅਤੇ ਕਈ ਮਾਫੀਏ ਨੂੰ ਸਰਪ੍ਰਸਤੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਕਾਲੀ ਲੀਡਰਸ਼ਿਪ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਦੀਆਂ ਪੀੜ੍ਹੀਆਂ ਤਬਾਹ ਹੋ ਗਈਆਂ ਸਨ ਕਿਉਂਕਿ ਉਨ੍ਹਾਂ ਦੇ ਕੁਸ਼ਾਸਨ ਦੇ ਲੰਬੇ ਦੌਰ ਦੌਰਾਨ ਨਸ਼ਿਆਂ ਦਾ ਵਪਾਰ ਵਧਿਆ ਸੀ।”
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ 'ਤੇ ਪੀੜ੍ਹੀਆਂ ਦੀ ਨਸਲਕੁਸ਼ੀ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਨਸ਼ਿਆਂ ਦੇ ਵਪਾਰ ਨੂੰ ਉਨ੍ਹਾਂ ਦੁਆਰਾ ਸਰਪ੍ਰਸਤੀ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਸ਼ਾਸਨ ਦੌਰਾਨ ਇਹ ਵਧਿਆ-ਫੁੱਲਿਆ ਸੀ। ਉਨ੍ਹਾਂ ਕਿਹਾ,"ਇਨ੍ਹਾਂ ਆਗੂਆਂ ਦੇ ਹੱਥ ਲੱਖਾਂ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ ਜੋ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਸੂਬੇ ਵਿੱਚ ਸਪਲਾਈ ਕੀਤੇ ਜਾਂਦੇ ਨਸ਼ਿਆਂ ਦਾ ਸ਼ਿਕਾ ਰ ਹੋ ਗਏ। ਉਨ੍ਹਾਂ ਦੇ ਪਾਪ ਮੁਆਫ਼ ਨਹੀਂ ਕੀਤੇ ਜਾ ਸਕਦੇ ਅਤੇ ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਕੁਕਰਮਾਂ ਲਈ ਕਦੇ ਵੀ ਮੁਆਫ਼ ਨਹੀਂ ਕਰ ਸਕਦੇ।"
ਅਕਾਲੀ ਲੀਡਰਸ਼ਿਪ 'ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੌਕਾਪ੍ਰਸਤ ਆਗੂ ਸਨ ਜਿਨ੍ਹਾਂ ਨੇ ਰਾਜਨੀਤਿਕ ਸਹੂਲਤ ਅਨੁਸਾਰ ਗਿਰਗਿਟ ਵਾਂਗ ਰੰਗ ਅਤੇ ਸਟੈਂਡ ਬਦਲ ਲਏ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪਰਿਵਾਰ ਅੰਗਰੇਜ਼ਾਂ ਦਾ ਪਿੱਠੂ ਸੀ ਅਤੇ ਦੇਸ਼ ਲਈ ਲੜਨ ਵਾਲੇ ਦੇਸ਼ ਭਗਤਾਂ ਵਿਰੁੱਧ ਸ਼ਰੇਆਮ ਹਿੰਸਾ ਕਰਨ ਲਈ ਉਨ੍ਹਾਂ ਨੂੰ "ਸਰ" ਦਾ ਖਿਤਾਬ ਦਿੱਤਾ ਗਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ 13 ਅਪ੍ਰੈਲ, 1919 ਨੂੰ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਪਰਿਵਾਰ ਨੇ ਜਨਰਲ ਡਾਇਰ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਸੀ। ਉਨ੍ਹਾਂ ਕਿਹਾ, "ਸਿਰਫ ਇਹ ਹੀ ਨਹੀਂ, ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਜਨਰਲ ਡਾਇਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰੋਪਾ ਅਤੇ ਮੁਆਫ਼ੀ ਦਿੱਤੀ ਜਾਵੇ। ਸਿਰੋਪਾ ਦੇਣ ਵਾਲੇ ਜਥੇਦਾਰ ਅਰੂੜ ਸਿੰਘ ਸਾਬਕਾ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਨਾਨਾ ਜੀ ਸਨ।"
ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਮਿਟਾਇਆ ਨਹੀਂ ਜਾ ਸਕਦਾ ਅਤੇ ਬਾਦਲ ਦੇ ਪੁਰਖਿਆਂ ਦੇ ਸ਼ੱਕੀ ਕਿਰਦਾਰ ਨੂੰ ਇਤਿਹਾਸ ਵਿੱਚ ਹਮੇਸ਼ਾ ਲਈ ਉੱਕਰਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ, "ਇਸ ਪਰਿਵਾਰ ਦੇ ਹੱਥ ਦੇਸ਼ ਭਗਤਾਂ ਦੇ ਖੂਨ ਨਾਲ ਰੰਗੇ ਹੋਏ ਹਨ ਅਤੇ ਦੇਸ਼ ਭਗਤਾਂ ਨਾਲ ਉਨ੍ਹਾਂ ਦੇ ਵਿਸ਼ਵਾਸਘਾਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।"
ਕਾਂਗਰਸ ਵਿਰੁੱਧ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਕਾਂਗਰਸੀ ਆਗੂ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦਾ ਹੈ ਅਤੇ ਪਾਰਟੀ ਕੋਲ ਆਮ ਵਰਕਰਾਂ ਨਾਲੋਂ ਵੱਧ ਮੁੱਖ ਮੰਤਰੀ ਅਹੁਦੇ ਦੇ ਚਾਹਵਾਨ ਹਨ। ਸੱਤਾ ਵਿੱਚ ਵਾਪਸੀ ਦਾ ਸੁਪਨਾ ਦੇਖ ਰਹੇ ਕਾਂਗਰਸੀ ਆਗੂਆਂ 'ਤੇ ਚੁਟਕੀ ਲੈਂਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਵੰਡਿਆ ਹੋਇਆ ਘਰ ਹੈ ਜੋ ਅੰਦਰੂਨੀ ਝਗੜੇ ਕਾਰਨ ਢਹਿ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ, 1984 ਦੇ ਦੰਗਿਆਂ ਅਤੇ ਕਈ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਫੈਸਲਿਆਂ ਲਈ ਕਾਂਗਰਸ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ।
ਪੰਜਾਬ ਸਰਕਾਰ ਦੀਆਂ ਭਲਾਈ ਪਹਿਲਕਦਮੀਆਂ ਨੂੰ ਉਜਾਗਰ ਕਰਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ ਜਨਤਕ ਪੈਸਾ ਹੁਣ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਵਿਕਾਸ 'ਤੇ ਪਾਰਦਰਸ਼ੀ ਢੰਗ ਨਾਲ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, 65,000 ਤੋਂ ਵੱਧ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਤੋਂ ਬਿਨਾਂ ਨੌਕਰੀਆਂ ਮਿਲੀਆਂ ਹਨ, ਸੜਕਾਂ ਵਿੱਚ ਸੁਧਾਰ ਹੋਇਆ ਹੈ ਅਤੇ ਟੋਲ ਪਲਾਜ਼ਾ ਬੰਦ ਹੋ ਗਏ ਹਨ, ਜਿਸ ਨਾਲ ਰੋਜ਼ਾਨਾ ਲਗਭਗ 70 ਲੱਖ ਰੁਪਏ ਦੀ ਬਚਤ ਹੋਈ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਈ ਵੀ ਮੁਫ਼ਤ ਜਾਂ ਰਿਆਇਤੀ ਕਾਰਡ ਗਰੀਬੀ ਨੂੰ ਸਥਾਈ ਤੌਰ 'ਤੇ ਖਤਮ ਨਹੀਂ ਕਰ ਸਕਦਾ, ਅਤੇ ਸਿਰਫ਼ ਸਿੱਖਿਆ ਹੀ ਲੋਕਾਂ ਨੂੰ ਗਰੀਬੀ ਦੇ ਚੱਕਰ ਵਿੱਚੋਂ ਬਾਹਰ ਕੱਢਣ ਦੀ ਸ਼ਕਤੀ ਰੱਖਦੀ ਹੈ।  
ਮੁੱਖ ਮੰਤਰੀ ਨੇ ਕਿਹਾ ਕਿ ਨੀਤੀ ਆਯੋਗ ਦੀ 2026 ਦੀ ਰਿਪੋਰਟ ਵਿੱਚ ਪੰਜਾਬ ਨੇ ਬੁਨਿਆਦੀ ਸਿੱਖਿਆ ਵਿੱਚ ਕੇਰਲਾ ਨੂੰ ਪਛਾੜਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਜੋ ਬਹੁਤ ਮਾਣ ਵਾਲੀ ਗੱਲ ਹੈ।
ਸਿਹਤ ਖੇਤਰ ਦੇ ਸੁਧਾਰਾਂ ਨੂੰ ਉਜਾਗਰ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ 30 ਲੱਖ ਤੋਂ ਵੱਧ ਲਾਭਪਾਤਰੀ ਪਹਿਲਾਂ ਹੀ ਸਿਹਤ ਕਾਰਡ ਪ੍ਰਾਪਤ ਕਰ ਚੁੱਕੇ ਹਨ ਅਤੇ ਇਸ ਯੋਜਨਾ ਤਹਿਤ 1.65 ਲੱਖ ਲੋਕਾਂ ਨੇ ਮੁਫ਼ਤ ਇਲਾਜ ਦਾ ਲਾਭ ਉਠਾਇਆ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ, ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਅੱਠ ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਸਿੰਚਾਈ ਲਈ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਰਹੀ ਹੈ।
ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਅਤੇ 18 ਸਾਲ ਤੋਂ ਵੱਧ ਉਮਰ ਦੀਆਂ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਦੇਣ ਦੀ ਸਨਮਾਨ ਰਾਸ਼ੀ ਦੇਣ ਯੋਜਨਾ ਸ਼ੁਰੂ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਆਖਰਕਾਰ ਝਾੜੂ ਨੂੰ ਵੋਟ ਦਿੱਤੀ, ਜਿਸ ਦੇ ਨਤੀਜੇ ਵਜੋਂ ਪੰਜਾਬ ਭਰ ਵਿੱਚ ਸਕੂਲ, ਹਸਪਤਾਲ ਅਤੇ ਪ੍ਰਸ਼ਾਸਨ ਵਿੱਚ ਬਦਲਾਅ ਆਇਆ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਗੂ ਹੁਣ ਲੋਕਾਂ ਤੋਂ ਪਹਿਲਾਂ ਹੀ ਪੰਜ ਮੌਕੇ ਮਿਲਣ ਦੇ ਬਾਵਜੂਦ ਇੱਕ ਹੋਰ ਮੌਕਾ ਮੰਗ ਰਹੇ ਹਨ। ਉਨ੍ਹਾਂ ਕਿਹਾ,“ਲੋਕਾਂ ਦੀ ਸੇਵਾ ਕਰਨ ਦੀ ਬਜਾਏ ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਇਸੇ ਲਈ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ। ਇਹ ਪਾਰਟੀਆਂ ਸਿਰਫ਼ ਸੱਤਾ ਵਿੱਚ ਆਪਣੀ ਵਾਰੀ ਦੀ ਉਡੀਕ ਕਰਦੀਆਂ ਹਨ ਤਾਂ ਜੋ ਉਹ ਪੰਜਾਬ ਨੂੰ ਦੁਬਾਰਾ ਲੁੱਟ ਸਕਣ।”
ਸਿੰਚਾਈ ਸੁਧਾਰਾਂ ਨੂੰ ਉਜਾਗਰ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਹੁਣ 68% ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ ਤੱਕ ਇਸ ਨੂੰ 85 ਫੀਸਦੀ ਤੱਕ ਵਧਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 14,000 ਕਿਲੋਮੀਟਰ ਪਾਈਪਲਾਈਨਾਂ ਅਤੇ ਖਾਲੇ ਬਣਾਏ ਹਨ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ 21,000 ਕਿਊਸਿਕ ਪਾਣੀ ਛੱਡਿਆ ਹੈ।
ਮੁੱਖ ਮੰਤਰੀ ਨੇ ਕਿਹਾ,“ਇਹ ਪਾਣੀ ਦੋ ਭਾਖੜਾ ਨਹਿਰਾਂ ਦੀ ਸਪਲਾਈ ਦੇ ਬਰਾਬਰ ਹੈ। ਨਹਿਰਾਂ ਅਤੇ ਦਰਿਆਵਾਂ ਵਿੱਚ ਰੀਚਾਰਜ ਪੁਆਇੰਟ ਬਣਾਏ ਗਏ ਹਨ ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਦੋ ਤੋਂ ਚਾਰ ਮੀਟਰ ਵਧਿਆ ਹੈ। ਇਹ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ ਕਿਉਂਕਿ ਪੰਜਾਬ ਦੀ ਹੋਂਦ ਪਾਣੀ ਨਾਲ ਜੁੜੀ ਹੋਈ ਹੈ।”

26 ਮਈ ਨੂੰ ਪੈਣਗੀਆਂ ਵੋਟਾਂ ਅਤੇ 29 ਮਈ ਨੂੰ ਆਏਗਾ ਨਤੀਜਾ
ਚੰਡੀਗੜ੍ਹ/ਬਿਊਰੋ ਨਿਊਜ਼    
ਪੰਜਾਬ ਦੇ ਸਟੇਟ ਇਲੈਕਸ਼ਨ ਕਮਿਸ਼ਨਰ ਵਲੋਂ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸਦੇ ਨਾਲ ਹੀ ਸੂਬੇ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਹੈ। ਰਾਜ ਕਮਲ ਚੌਧਰੀ ਨੇ ਦੱਸਿਆ ਕਿ 26 ਮਈ ਨੂੰ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਵੋਟਾਂ ਲਈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ।  ਇਨ੍ਹਾਂ ਵੋਟਾਂ ਦੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਸੂਬੇ ਦੇ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦੀ ਪ੍ਰਕਿਰਿਆ 13 ਮਈ ਤੋਂ ਸ਼ੁਰੂ ਹੋ ਕੇ 16 ਮਈ ਤੱਕ ਚੱਲੇਗੀ ਅਤੇ 19 ਮਈ ਨੂੰ ਨਾਮਜ਼ਦਗੀ ਕਾਗਜ਼ ਵਾਪਸ ਲਏ ਜਾ ਸਕਣਗੇ। ਰਾਜ ਕਮਲ ਚੌਧਰੀ ਨੇ ਦੱਸਿਆ ਕਿ 8 ਨਗਰ ਨਿਗਮਾਂ ਵਿਚ ਇਹ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿਚ ਮੁਹਾਲੀ, ਬਠਿੰਡਾ, ਅਬੋਹਰ, ਬਰਨਾਲਾ, ਕਪੂਰਥਲਾ, ਮੋਗਾ, ਬਟਾਲਾ ਅਤੇ ਪਠਾਨਕੋਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਵਿਚ ਵੀ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ 3977 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਇਹ ਚੋਣਾਂ ਸ਼ਹਿਰਾਂ ਵਿਚ ਹੀ ਹੋਣਗੀਆਂ।

ਚੰਡੀਗੜ੍ਹ/ਬਿਊਰੋ ਨਿਊ
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਈਡੀ ਨੂੰ ਚੁਣੌਤੀ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਮੈਸਰਜ਼ ਧੀਰ ਕੰਸਟਰੱਕਸ਼ਨ ਦੇ ਮਾਲਕ ਗੌਰਵ ਧੀਰ ਨਾਲ ਕੋਈ ਬਿਜਨਸ ਸਬੰਧ ਨਹੀਂ ਹੈ। ਅਰੋੜਾ ਨੇ ਕਿਹਾ ਕਿ ਗੌਰਵ ਧੀਰ ਨਾਲ ਸਿਰਫ ਦੋਸਤਾਨਾ ਰਿਸ਼ਤਾ ਹੈ। ਦੱਸਣਯੋਗ ਹੈ ਕਿ ਈਡੀ ਤਰਫੋਂ ਲੰਘੇ ਕੱਲ੍ਹ ਜਾਰੀ ਬਿਆਨ ਵਿਚ ਛਾਪੇਮਾਰੀ ਦੀ ਲਪੇਟ ਵਿਚ ਆਏ ਗੌਰਵ ਧੀਰ ਨੂੰ ‘ਆਪ’ ਨੇਤਾ ਅਮਨ ਅਰੋੜਾ ਦਾ ਕਰੀਬੀ ਦੱਸਿਆ ਗਿਆ ਸੀ। ਇਸਦੇ ਚੱਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਤਰਫੋਂ ਉਸ ਨੂੰ ਸਿਰਫ ਬਦਨਾਮ ਕਰਨ ਵਾਸਤੇ ਟਾਰਗੇਟ ਕੀਤਾ ਜਾ ਰਿਹਾ ਹੈ, ਪਰੰਤੂ ਉਹ ਕਿਸੇ ਵੀ ਤਰ੍ਹਾਂ ਝੁਕਣ ਵਾਲੇ ਨੇਤਾ ਨਹੀਂ ਹਨ। ਅਰੋੜਾ ਨੇ ਸਪੱਸ਼ਟ ਕੀਤਾ ਕਿ ਉਹ 1991 ਤੋਂ ਸਿਆਸਤ ਵਿਚ ਹਨ ਅਤੇ ਇਸ ਅਰਸੇ ਦੌਰਾਨ ਕਿਤੇ ਵੀ ਕੋਈ ਗਲਤ ਕੰਮ ਸਾਬਤ ਹੋ ਜਾਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਅਰੋੜਾ ਨੇ ਇਹ ਵੀ ਦਾਅਵੇ ਨਾਲ ਕਿਹਾ ਕਿ ਗੌਰਵ ਧੀਰ ਨਾਲ ਹਮੇਸ਼ਾ ਦੋਸਤੀ ਰਹੀ ਹੈ ਅਤੇ ਭਵਿੱਖ ਵਿਚ ਵੀ ਦੋਸਤਾਨਾ ਰਿਸ਼ਤਾ ਰਹੇਗਾ।

ਮੁਹਾਲੀ/ਬਿਊਰੋ ਨਿਊਜ਼    
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਦਾ ਕੁੱਲ ਪਾਸ ਫੀਸਦੀ 94.52 ਰਿਹਾ ਹੈ। ਨਤੀਜਿਆਂ ਵਿੱਚ ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਹੈ। ਫਰੀਦਕੋਟ ਜ਼ਿਲ੍ਹੇ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜੇ ਸਥਾਨ ’ਤੇ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਨੌਲੀ ਬਸੀ ਦਾ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਰਿਹਾ, ਜਿਸ ਨੇ 645 ਅੰਕ ਪ੍ਰਾਪਤ ਕੀਤੇ। ਹੁਸ਼ਿਆਰਪੁਰ ਦੀ ਰੀਆ ਰਾਣੀ ਨੇ ਵੀ 645 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਬੋਰਡ ਦੇ ਅੰਕੜਿਆਂ ਅਨੁਸਾਰ ਇਸ ਸਾਲ ਕੁੱਲ 2,69,505 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਵਿੱਚੋਂ 2,54,744 ਵਿਦਿਆਰਥੀ ਪਾਸ ਹੋਏ ਹਨ ਅਤੇ ਕੁੜੀਆਂ ਦੀ ਪਾਸ ਫੀਸਦੀ ਮੁੰਡਿਆਂ ਨਾਲੋਂ ਬਿਹਤਰ ਰਹੀ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਿੱਤਾ ਸਪੱਸ਼ਟੀਕਰਨ
ਅੰਮਿ੍ਰਤਸਰ/ਬਿਊਰੋ ਨਿਊਜ਼    
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ 8 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਪਹੁੰਚੇ, ਜਿੱਥੇ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣਾ ਸਪੱਸ਼ਟੀਕਰਨ ਵੀ ਦਿੱਤਾ। ਬੇਅਦਬੀ ਦੇ ਖਿਲਾਫ ਭਗਵੰਤ ਮਾਨ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਨੂੰ ਲੈ ਕੇ ਜਥੇਦਾਰ ਨੇ ਉਨ੍ਹਾਂ ਨੂੰ ਤਲਬ ਕੀਤਾ ਸੀ। ਜਥੇਦਾਰ ਦੇ ਸਾਹਮਣੇ ਆਪਣਾ ਪੱਖ ਰੱਖਣ ਤੋਂ ਬਾਅਦ ਸਪੀਕਰ ਸੰਧਵਾਂ ਨੇ ਮੀਡੀਆ ਨੂੰ ਵੀ ਸੰਬੋਧਨ ਕੀਤਾ। ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਭਰੋਸਾ ਦਿੱਤਾ ਹੈ ਕਿ ਅੱਗੇ ਜੋ ਵੀ ਕਾਰਜ ਕੀਤਾ ਜਾਵੇਗਾ, ਉਹ ਗੁਰੂ ਪੰਥ ਦੀ ਚੜ੍ਹਦੀ ਕਲਾ, ਸਿੱਖ ਭਾਵਨਾਵਾਂ ਅਤੇ ਸਮਾਜ ਦੀ ਭਲਾਈ ਨੂੰ ਧਿਆਨ ਵਿਚ ਰੱਖ ਕੇ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਵੀ ਗੂੁਰੂ ਪੰਥ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਹੀ ਲਿਆ ਗਿਆ ਹੈ। ਸੰਧਵਾਂ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਉਹਨਾਂ ਕਿਹਾ ਕਿ ਅਸੀਂ ਜੋ ਵੀ ਕੰਮ ਕੀਤਾ ਜਾਂ ਕਰਾਂਗੇ ਉਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਹੋਵੇਗਾ। ਉਨ੍ਹਾਂ ਕਿਹਾ ਕਿ  ਬੇਅਦਬੀ ਖਿਲਾਫ ਕਾਨੂੰਨ ਬਣਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਬਕਾਇਦਾ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਸਨ ਅਤੇ ਸੁਝਾਅ ਮੰਗੇ ਗਏ ਸਨ।


ਜਥੇਦਾਰ ਗੜਗੱਜ ਨੇ ਬੇਅਦਬੀ ਕਾਨੂੰਨ ਲੈ ਕੇ ਦਿੱਤਾ 15 ਦਿਨ ਦਾ ਅਲਟੀਮੇਟਮ
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤਲਬ ਕੀਤਾ ਸੀ। ਇਸ ਦੌਰਾਨ ਜਥੇਦਾਰ ਗੜਗੱਜ ਨੇ ਬੇਅਦਬੀਆਂ ਬਾਰੇ ਕਾਨੂੰਨ ਦੀਆਂ ਕੁਝ ਮੱਦਾਂ ’ਤੇ ਸਵਾਲ ਕੀਤੇ ਹਨ ਅਤੇ 15 ਦਿਨਾਂ ਦੇ ਅੰਦਰ-ਅੰਦਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਨ੍ਹਾਂ ਮੱਦਾਂ ਨੂੰ ਵਾਪਸ ਲੈਣ ਜਾਂ ਕਾਨੂੰਨ ਵਿਚ ਸੋਧ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ 15 ਦਿਨਾਂ ਵਿਚ ਨਹੀਂ ਕੀਤਾ ਗਿਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਇਸਦੇ ਨਾਲ ਹੀ ਜਥੇਦਾਰ ਗੜਗੱਜ ਨੇ ਆਖਿਆ ਕਿ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਹੁਕਮ ਜਾਰੀ ਕੀਤੇ ਜਾਣਗੇ। ਜਥੇਦਾਰ ਗੜਗੱਜ ਨੇ ਕਿਹਾ ਕਿ ਹੋਰ ਵੀ ਕਈ ਮੁੱਦਿਆਂ ਬਾਰੇ ਉਨ੍ਹਾਂ ਨੇ ਸਪੀਕਰ ਸੰਧਵਾਂ ਨੂੰੂ ਸਵਾਲ ਕੀਤੇ, ਜਿਨ੍ਹਾਂ ਦੇ ਜਵਾਬ ਵਿਚ ਸੰਧਵਾਂ ਦਾ ਕਹਿਣਾ ਸੀ ਕਿ ਉਹ ਪੂਰੇ ਮਾਮਲੇ ਨੂੰ ਸਰਕਾਰ ਦੇ ਧਿਆਨ ਵਿਚ ਲਿਆ ਦੇਣਗੇ।

ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਕੀਤੀ ਅਪੀਲ  
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਆਰਮੀ ਸਕੂਲਾਂ ਵਿਚ ਸੰਸਕ੍ਰਿਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਇਕ ਬਦਲਵਾਂ ਵਿਸ਼ਾ ਬਣਾਉਣ ਦੇ ਫੈਸਲੇ ਨੇ ਸੂਬੇ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਮਾਪਿਆਂ ਨੂੰ ਭੇਜੇ ਗਏ ਇਕ ਸੁਨੇਹੇ ਵਿਚ ਕਿਹਾ ਗਿਆ ਹੈ ਕਿ ਸਾਲ 2026-27 ਦੇ ਸੈਸ਼ਨ ਲਈ ਸੰਸਕ੍ਰਿਤ ਲਾਜ਼ਮੀ ਹੋਵੇਗੀ, ਜਦੋਂ ਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਪਵੇਗਾ। ਕਈ ਸਿਆਸੀ ਅਤੇ ਸਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ-2008 ਦੀ ਉਲੰਘਣਾ ਦੱਸਿਆ ਹੈ, ਜੋ ਸੂਬੇ ਦੇ ਸਾਰੇ ਸਕੂਲਾਂ ਵਿਚ ਦਸਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਭਰ ਵਿਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਹਨ, ਇਸ ਲਈ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਅੰਗਰੇਜ਼ੀ, ਹਿੰਦੂ ਅਤੇ ਸੰਸਕ੍ਰਿਤ ਵਰਗੀਆਂ ਮਿਆਰੀ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਹਨ। ਇਸੇ ਦੌਰਾਨ ਪੰਜਾਬ ਚੇਤਨਾ ਮੰਚ ਅਤੇ ਹੋਰ ਕਈ ਲੇਖਕਾਂ ਨੇ ਇਸ ਫੈਸਲੇ ਨੂੰ ‘ਮਨਮਾਨੀ’ ਕਰਾਰ ਦਿੱਤਾ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਸ ਮਾਮਲੇ ਵਿਚ ਦਖਲ ਦੇਣ ਅਤੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।  

ਚੰਡੀਗੜ੍ਹ/ਫ਼ਰੀਦਕੋਟ : ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਰਾਜਸਥਾਨ ਫੀਡਰ ਨਹਿਰ ਦੀ ਰੀਲਾਈਨਿੰਗ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਸ੍ਰੀ ਗੋਇਲ ਨੇ ਦੱਸਿਆ ਕਿ ਇਹ ਨਹਿਰ ਪੰਜਾਬ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਦੇ ਨੇੜੇ ਤੋਂ ਲੰਘਦੀ ਹੈ ਅਤੇ ਲਗਭਗ 60 ਸਾਲ ਪੁਰਾਣੀ ਹੋਣ ਕਾਰਨ ਇਸ ਦੀ ਲਾਈਨਿੰਗ ਕਾਫ਼ੀ ਖਸਤਾਹਾਲ ਹੋ ਚੁੱਕੀ ਸੀ। ਪਿਛਲੇ ਸਮੇਂ ਦੌਰਾਨ ਰਾਜਸਥਾਨ ਫੀਡਰ ਨਹਿਰ ਅਤੇ ਸਰਹਿੰਦ ਫੀਡਰ ਦੇ ਕਾਮਨ ਬੈਂਕ ਟੁੱਟਣ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਸੀ। ਇਸ ਨੁਕਸਾਨ ਨੂੰ ਰੋਕਣ ਦੇ ਮੱਦੇਨਜ਼ਰ ਇਹ ਕੰਮ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸਰਹਿੰਦ ਫੀਡਰ ਨਹਿਰ ਦੀ ਮੁੜ ਉਸਾਰੀ ਦਾ ਕੰਮ 800 ਕਰੋੜ ਰੁਪਏ ਦੀ ਲਾਗਤ ਨਾਲ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਰਾਜਸਥਾਨ ਫੀਡਰ ਨਹਿਰ ਦੀ ਰੀਲਾਈਨਿੰਗ ਪੂਰੀ ਹੋਣ ਨਾਲ ਦੋਵੇਂ ਨਹਿਰਾਂ ਦੇ ਨਾਲ ਲਗਦੇ ਪਿੰਡਾਂ ਅਤੇ ਸ਼ਹਿਰਾਂ ਦਾ ਸੰਭਾਵਿਤ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇਗਾ ਅਤੇ ਖੇਤਾਂ ਨੂੰ ਵੱਧ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ।

ਕੈਬਨਿਟ ਮੰਤਰੀ ਦੱਸਿਆ ਕਿ  ਫ਼ਰੀਦਕੋਟ ਦੀਆਂ ਸਮਾਜਿਕ ਸੰਸਥਾਵਾਂ ਅਤੇ ਸਥਾਨਕ ਕਿਸਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਰੀਦਕੋਟ ਸ਼ਹਿਰ ਦੇ ਨੇੜੇ ਰਾਜਸਥਾਨ ਫੀਡਰ ਦੀ 12.50 ਕਿਲੋਮੀਟਰ ਬੈੱਡ ਵਿੱਚ ਕੰਕਰੀਟ ਦੀ ਥਾਂ ਇੱਟਾਂ ਦੀ ਲਾਈਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਭੂਮੀਗਤ ਪਾਣੀ ਦੇ ਰੀਚਾਰਜ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਰੀਲਾਈਨਿੰਗ ਦੇ ਕੰਮ ਤੋਂ ਬਾਅਦ ਨਹਿਰ ਨੂੰ ਸਮਰੱਥਾ ਅਨੁਸਾਰ ਚਲਾਇਆ ਜਾਵੇਗਾ ਅਤੇ ਰਾਜਸਥਾਨ ਨੂੰ ਉਸ ਦੇ ਬਣਦੇ ਹਿੱਸੇ ਅਨੁਸਾਰ ਹੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸਿੰਚਾਈ ਦੇ ਪ੍ਰਬੰਧ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਅਤੇ ਜ਼ਮੀਨੀ ਪਾਣੀ ਦੀ ਸੰਭਾਲ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ।

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਰਾਜਸਥਾਨ ਫੀਡਰ ਨਹਿਰ ਦੀ 80 ਕਿਲੋਮੀਟਰ ਰੀਲਾਈਨਿੰਗ ਦਾ ਕੰਮ ਸਾਲ 2023 ਤੱਕ ਸਫ਼ਲਤਾਪੂਰਵਕ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਨਹਿਰ ਦੀ ਬੰਦੀ ਨਾ ਦਿੱਤੇ ਜਾਣ ਕਾਰਨ ਬਾਕੀ ਕੰਮ ਨਹੀਂ ਹੋ ਸਕਿਆ ਸੀ। ਹੁਣ ਸਾਲ 2026 ਦੀ ਬੰਦੀ ਦੌਰਾਨ ਬਾਕੀ ਰਹਿੰਦੀ 16.62 ਕਿਲੋਮੀਟਰ ਲਾਈਨਿੰਗ ਦਾ ਕੰਮ ਜੰਗੀ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ, ਜਿਸ ‘ਤੇ ਲਗਭਗ 170 ਕਰੋੜ ਰੁਪਏ ਦੀ ਲਾਗਤ ਆਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪਾਣੀ ਬਚਾਉਣ ਲਈ 6700 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਜਿਸ ਨਾਲ ਸਿੰਚਾਈ ਲਈ ਵਰਤੇ ਜਾਂਦੇ ਨਹਿਰੀ ਪਾਣੀ ਨੂੰ 26 ਫ਼ੀਸਦੀ ਤੋਂ ਵਧਾ ਕੇ 78 ਫ਼ੀਸਦੀ ਕਰ ਦਿੱਤਾ ਗਿਆ ਹੈ ਜਿਸ ਨਾਲ ਕਿਸਾਨਾਂ ਦੇ ਟੇਲਾਂ 'ਤੇ ਪੈਂਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਕਿਸਾਨ ਨਹਿਰੀ ਪਾਣੀ ਵਰਤ ਕੇ ਆਪਣੇ ਖੇਤਾਂ ਦੀ ਸਿੰਚਾਈ ਕਰ ਰਿਹਾ ਹੈ।

ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਫਰੀਦਕੋਟ ਸ਼ਹਿਰ ਨੂੰ ਏਨਾ ਵੱਡਾ ਪ੍ਰਾਜਕੈਟ ਦੇਣ ਲਈ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਨਤੀ 'ਤੇ ਸਰਕਾਰ ਨੇ ਨਹਿਰ ਦਾ ਬੈੱਡ ਕੰਕਰੀਟ ਦੀ ਥਾਂ ਇੱਟਾਂ ਦਾ ਬਣਾਇਆ ਹੈ, ਜਿਸ ਲਈ ਉਹ ਸਰਕਾਰ ਦੇ ਧੰਨਵਾਦੀ ਹਨ। ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਨ੍ਹਾਂ ਨਹਿਰਾਂ ਦੀ ਰੀਲਾਇਨਿੰਗ ਨਾਲ ਇਲਾਕੇ ਵਿੱਚ ਸੇਮ ਦੀ ਸਮੱਸਿਆ ਦਾ ਪੱਕਾ ਹੱਲ ਹੋਵੇਗਾ।

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਸ. ਅਮਨਦੀਪ ਸਿੰਘ ਬਾਬਾ, ਐਸ.ਡੀ.ਐਮ. ਫਰੀਦਕੋਟ ਪੁਨੀਤ ਸ਼ਰਮਾ, ਮੁੱਖ ਇੰਜੀਨੀਅਰ ਨਹਿਰਾਂ ਸ. ਸ਼ੇਰ ਸਿੰਘ, ਨਿਗਰਾਨ ਇੰਜੀਨੀਅਰ ਫਿਰੋਜ਼ਪੁਰ ਨਹਿਰਾਂ ਸ੍ਰੀ ਸੰਦੀਪ ਗੋਇਲ, ਐਕਸੀਅਨ ਰਮਨਪ੍ਰੀਤ ਸਿੰਘ ਮਾਨ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

ਚੰਡੀਗੜ੍ਹ : ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਸਮਾਂਬੱਧ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 13 ਮਈ, 2026 ਦਿਨ ਬੁੱਧਵਾਰ ਨੂੰ ਸਵੇਰੇ 11:00 ਵਜੇ (ਭਾਰਤੀ ਸਮੇਂ ਅਨੁਸਾਰ) “ਆਨਲਾਈਨ ਮਿਲਣੀ” ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਇਸ ਆਨਲਾਈਨ ਮਿਲਣੀ ਦੌਰਾਨ ਉਹ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ, ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਸੁਣਨਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਹੱਲ ਲਈ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਸਬੰਧਤ ਵਿਅਕਤੀ ਆਪਣੀਆਂ ਸ਼ਿਕਾਇਤਾਂ This email address is being protected from spambots. You need JavaScript enabled to view it. ਈਮੇਲ ‘ਤੇ ਭੇਜ ਸਕਦੇ ਹਨ। ਇਸ ਤੋਂ ਇਲਾਵਾ, ਆਨਲਾਈਨ ਮਿਲਣੀ ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ https://forms.gle/KKUutEpVTeccLSta6 ਲਿੰਕ ਰਾਹੀਂ ਕਰਵਾਈ ਜਾ ਸਕਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਨਿਰਧਾਰਤ ਦਿਨ ਅਤੇ ਸਮੇਂ ਅਨੁਸਾਰ “ਆਨਲਾਈਨ ਮਿਲਣੀ” ਵਿੱਚ ਸ਼ਾਮਲ ਹੋਣ ਲਈ https://new.bharatvc.nic.in/join/8833894922 ਲਿੰਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੁਆਇਨ ਕਰਨ ਲਈ ਆਈ.ਡੀ. 8833894922 ਅਤੇ ਪਾਸਵਰਡ 742627 ਹੋਵੇਗਾ।

ਐਨ.ਆਰ.ਆਈ. ਮੰਤਰੀ ਨੇ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਇਸ “ਆਨਲਾਈਨ ਮਿਲਣੀ” ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਇਆ ਜਾ ਸਕੇ।

ਅੰਮ੍ਰਿਤਸਰ : ਚਾਰ ਰੋਜ਼ਾ ਸ਼ੁਕਰਾਨਾ ਯਾਤਰਾ ਅੱਜ ਦੂਜੇ ਦਿਨ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ‘ਲੋਕ ਸੇਵਾ ਦੀ ਸਿਆਸਤ’ ਕਰ ਰਹੀ ਹੈ ਅਤੇ ਦੂਜੇ ਪਾਸੇ ਭਾਜਪਾ ‘ਪੰਜਾਬ ਵਿਰੋਧੀ ਸਿਆਸਤ’ ਖੇਡ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ਼ ਚਾਰ ਸਾਲਾਂ ਦੇ ਅੰਦਰ ਮੁਫ਼ਤ ਬਿਜਲੀ, 65,000 ਸਰਕਾਰੀ ਨੌਕਰੀਆਂ, ਖੇਤਾਂ ਨੂੰ ਨਹਿਰੀ ਪਾਣੀ, 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ ਅਤੇ ਔਰਤਾਂ ਲਈ ਮਹੀਨਾਵਾਰ ਸਨਮਾਨ ਰਾਸ਼ੀ ਪ੍ਰਦਾਨ ਕੀਤੀ ਹੈ। ਦੂਜੇ ਪਾਸੇ ਕੇਂਦਰ ਵਿੱਚ ਬੈਠੀ ਭਾਜਪਾ ਵਾਰ-ਵਾਰ ਪੰਜਾਬ ਵਿਰੋਧੀ ਫੈਸਲੈ ਕੇ ਪੰਜਾਬੀਆਂ ਨਾਲ ਧੋਖਾ ਕਰ ਰਹੀ ਹੈ।
ਕਿਸਾਨ ਅੰਦੋਲਨ ਦੌਰਾਨ 700 ਕਿਸਾਨਾਂ ਦੀਆਂ ਮੌਤਾਂ ਹੋਣ 'ਤੇ ਭਾਜਪਾ ਉੱਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ ਨਹੀਂ ਕਰੇਗਾ, ਜਿਨ੍ਹਾਂ ਨੇ ਅੰਨਦਾਤੇ ਦੀ ਆਵਾਜ਼ ਨੂੰ ਕੁਚਲਿਆ ਅਤੇ ਸੂਬੇ ਦੇ ਅਧਿਕਾਰਾਂ, ਵਸੀਲਿਆਂ ਅਤੇ ਪਛਾਣ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ।
"ਸ਼ੁਕਰਾਨਾ ਯਾਤਰਾ" ਦੇ ਦੂਜੇ ਦਿਨ ਰਈਆ ਅਤੇ ਹੋਰ ਥਾਵਾਂ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਕਈ ਵਾਰ ਪ੍ਰਗਟਾਵਾ ਹੋ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 700 ਕਿਸਾਨਾਂ ਦੀਆਂ ਮੌਤਾਂ ਹੋਈਆਂ, ਪੰਜਾਬ ਦੀਆਂ ਝਾਕੀਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਹੋਈਆਂ, ਬੀ.ਬੀ.ਐਮ.ਬੀ. ਰਾਹੀਂ ਪੰਜਾਬ ਦੇ ਪਾਣੀਆਂ ਨੂੰ ਧੱਕੇ ਨਾਲ ਹਰਿਆਣਾ ਨੂੰ ਦੇਣ ਦੀਆਂ ਕੋਸ਼ਿਸ਼ਾਂ, ਪੰਜਾਬ ਯੂਨੀਵਰਸਿਟੀ ਨੂੰ ਖੋਹਣ ਦੀ ਸਾਜ਼ਿਸ਼, ਚੰਡੀਗੜ੍ਹ 'ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਅਤੇ ਆਮ ਆਦਮੀ ਕਲੀਨਿਕਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਨਫ਼ਰਤ ਅਤੇ ਫੁੱਟ ਪਾਊ ਰਾਜਨੀਤੀ 'ਤੇ ਚਲਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਕੋਈ ਵੀ ਨਵਾਂ ਗਠਜੋੜ ਇੱਕ ਵਾਰ ਫਿਰ ਸਾਬਤ ਕਰੇਗਾ ਕਿ ਦੋਵੇਂ ਪਾਰਟੀਆਂ "ਇੱਕੋ ਸਿੱਕੇ ਦੇ ਦੋ ਪਾਸੇ" ਹਨ। ਉਨ੍ਹਾਂ ਨੇ ਸੁਚੇਤ ਕੀਤਾ ਕਿ ਜੇਕਰ ਅਜਿਹਾ ਗਠਜੋੜ ਦੁਬਾਰਾ ਬਣ ਜਾਂਦਾ ਹੈ ਤਾਂ ਪੰਜਾਬ ਲਈ ਘਾਤਕ ਹੋਵੇਗਾ ਕਿਉਂਕਿ ਇਹ ਗਠਜੋੜ ਪੰਜਾਬੀਆਂ ਦੀ ਭਲਾਈ ਦੀ ਬਜਾਏ ਸਿਰਫ਼ ਰਾਜਨੀਤਿਕ ਬਚਾਅ ਅਤੇ ਸਵੈ-ਹਿੱਤ ਦੁਆਰਾ ਚਲਾਇਆ ਜਾਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ,"ਇਹ ਅਪਵਿੱਤਰ ਗਠਜੋੜ ਪੰਜਾਬ ਵਿਰੋਧੀ ਹੈ ਅਤੇ ਦੋਵੇਂ ਪਾਰਟੀਆਂ ਅੰਤ ਵਿੱਚ ਇੱਕ-ਦੂਜੇ ਨੂੰ ਰਾਜਨੀਤਿਕ ਤੌਰ 'ਤੇ ਤਬਾਹ ਕਰ ਦੇਣਗੀਆਂ,"
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਦੀ ਰਾਖੀ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਹੁਣ ਘੱਟੋ-ਘੱਟ 10 ਸਾਲ ਦੀ ਕੈਦ ਦੀ ਸਜ਼ਾ ਹੋਵੇਗੀ ਜੋ ਉਮਰ ਕੈਦ ਤੱਕ ਵਧ ਸਕਦੀ ਹੈ ਅਤੇ ਨਾਲ ਹੀ 50 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਪਿਛਲੀਆਂ ਸਰਕਾਰਾਂ ਪਹਿਲਾਂ ਏਨਾ ਸਖ਼ਤ ਕਾਨੂੰਨ ਕਿਉਂ ਨਹੀਂ ਬਣਾ ਸਕੀਆਂ ਕਿਉਂਕਿ ਉਨ੍ਹਾਂ ਦੀ ਨੀਅਤ ਵਿੱਚ ਖੋਟ ਸੀ। ਮੁੱਖ ਮੰਤਰੀ ਨੇ ਕਿਹਾ, "ਇਹ ਸਰਕਾਰਾਂ ਖੁਦ ਬੇਅਦਬੀ ਦੀਆਂ ਘਟਨਾਵਾਂ ਦੀਆਂ ਗੁਨਾਹਗਾਰ ਹਨ ਅਤੇ ਇੱਥੋਂ ਤੱਕ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸ਼ਰਧਾਲੂਆਂ 'ਤੇ ਗੋਲੀ ਚਲਾਉਣ ਦਾ ਹੁਕਮ ਵੀ ਦਿੱਤਾ।" ਉਨ੍ਹਾਂ ਕਿਹਾ ਕਿ ਗੋਲੀਬਾਰੀ ਲਈ ਜ਼ਿੰਮੇਵਾਰ ਅਫਸਰਾਂ ਨੂੰ ਬਾਅਦ ਵਿੱਚ ਇਨਾਮ ਅਤੇ ਤਰੱਕੀ ਦਿੱਤੀ ਗਈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਬਾਦਲ ਪਰਿਵਾਰ ਅੱਜ ਸਿਆਸੀ ਤੌਰ 'ਤੇ ਖੇਰੂੰ-ਖੇਰੂੰ ਹੋ ਚੁੱਕੇ ਹਨ ਕਿਉਂਕਿ "ਪ੍ਰਮਾਤਮਾ ਦੀ ਕਚਹਿਰੀ ਵਿੱਚ ਇਨਸਾਫ ਹੁੰਦਾ ਹੈ।" ਲੋਕਾਂ ਦੇ ਨਿਰੰਤਰ ਪਿਆਰ ਤੇ ਸਮਰਥਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਕਾਂਗਰਸ ਦੇ ਸ਼ੱਕੀ ਸਿਆਸੀ ਕਿਰਦਾਰ ਕਾਰਨ ਇਨ੍ਹਾਂ ਉਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅਕਾਲੀਆਂ 'ਤੇ ਧਰਮ ਅਤੇ ਧਾਰਮਿਕ ਸੰਸਥਾਵਾਂ ਨੂੰ ਸਿਆਸੀ ਲਾਭ ਲਈ ਕੰਟਰੋਲ ਕਰਨ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਸਿੱਧੇ ਤੌਰ 'ਤੇ ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਨਿਯੁਕਤ ਕੀਤੇ ਜਾਂਦੇ ਹਨ।
ਧਾਰਮਿਕ ਸੰਸਥਾਵਾਂ ਦੇ ਕੰਮਕਾਜ 'ਤੇ ਸਵਾਲ ਉਠਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ। ਉਨ੍ਹਾਂ ਪੁੱਛਿਆ ਕਿ ਲੰਮੇ ਸਮੇਂ ਤੋਂ ਚੋਣਾਂ ਨਾ ਹੋਣ ਕਾਰਨ ਅਜਿਹੇ ਅਦਾਰੇ ਸੰਵਿਧਾਨਕ ਸੰਸਥਾ ਹੋਣ ਦਾ ਦਾਅਵਾ ਕਿਵੇਂ ਜਾਰੀ ਰੱਖ ਸਕਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ 'ਤੇ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਹਰਜਿੰਦਰ ਸਿੰਘ ਧਾਮੀ ਨੂੰ ਆਪਣੇ ਆਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਪਾਹੀ ਕਹਿਣਾ ਚਾਹੀਦਾ ਹੈ, ਪਰ ਉਹ ਆਪਣੇ ਆਪ ਨੂੰ ਸੁਖਬੀਰ ਬਾਦਲ ਦਾ ਸਿਪਾਹੀ ਦੱਸ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਬਾਦਲ ਪਰਿਵਾਰ ਹੀ ਬੇਅਦਬੀ ਵਿਰੋਧੀ ਕਾਨੂੰਨ ਦਾ ਵਿਰੋਧ ਕਰ ਰਿਹਾ ਹੈ ਜਦੋਂ ਕਿ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਇਸ ਨੂੰ ਪੂਰੇ ਦਿਲ ਨਾਲ ਸਵੀਕਾਰ ਕੀਤਾ ਅਤੇ ਸਮਰਥਨ ਦਿੱਤਾ ਸੀ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲੀ ਦਲ ਦੇ ਵਿਧਾਇਕ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਗੈਰ-ਹਾਜ਼ਰ ਰਹਿਣ 'ਤੇ ਵੀ ਨਿਸ਼ਾਨਾ ਬਣਾਇਆ ਜਿਸ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਪਾਸ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਬਹਿਸ ਤੋਂ ਇਸ ਕਰਕੇ ਭੱਜ ਗਏ ਕਿਉਂਕਿ ਉਨ੍ਹਾਂ ਦੇ ਆਪਣੇ ਕਾਰਜਕਾਲ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਬਾਰੇ ਸਵਾਲ ਉੱਠ ਰਹੇ ਹਨ। ਉਨ੍ਹਾਂ ਕਿਹਾ, "ਇਸ ਸਖ਼ਤ ਕਾਨੂੰਨ ਦੇ ਲਾਗੂ ਹੋਣ ਨਾਲ ਹੁਣ ਕੋਈ ਵੀ ਬੇਅਦਬੀ ਕਰਨ ਦੀ ਜੁਅੱਰਤ ਨਹੀਂ ਕਰੇਗਾ।" ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੰ  ਇਹ ਪਵਿੱਤਰ ਸੇਵਾ ਸੌਂਪੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਨੁੱਖਤਾ ਦੇ ਸਾਂਝੇ ਹਨ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਪ੍ਰਤੀਕ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਮਨੁੱਖਤਾ ਅਤੇ ਵਿਸ਼ਵ ਭਲਾਈ ਦਾ ਸੰਦੇਸ਼ ਫੈਲਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਨੂੰ ਕਾਨੂੰਨ ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੁਹਰਾਇਆ ਕਿ ਬੇਅਦਬੀ ਦੀ ਸਜ਼ਾ ਘੱਟੋ-ਘੱਟ 10 ਸਾਲ ਦੀ ਕੈਦ ਤੋਂ ਲੈ ਕੇ ਉਮਰ ਕੈਦ ਤੱਕ ਅਤੇ 50 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਹੋਵੇਗੀ।
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸਾਲ 2022 ਵਿੱਚ ਲੋਕਾਂ ਦੁਆਰਾ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਫ਼ਤ ਇਲਾਜ ਪ੍ਰਦਾਨ ਕਰਨ ਲਈ ਪੰਜਾਬ ਭਰ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਵਿਸ਼ਵ ਪੱਧਰੀ ਸਰਕਾਰੀ ਸਕੂਲ ਬਣਾਏ ਜਾ ਰਹੇ ਹਨ, 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, ਸੀਵਰੇਜ ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਹਸਪਤਾਲਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਅਤੇ ਹਰ ਪਰਿਵਾਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਇਲਾਜ ਪ੍ਰਾਪਤ ਕਰ ਸਕਦਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਦਿਨ ਵੇਲੇ ਮੁਫ਼ਤ ਬਿਜਲੀ ਮਿਲ ਰਹੀ ਹੈ, ਜਦੋਂ ਕਿ ਲਗਭਗ 14,000 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ ਅਤੇ ਨਹਿਰਾਂ ਨੂੰ ਮੁੜ ਬਹਾਲ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਦੇ ਹਰ ਖੇਤ ਤੱਕ ਪਾਣੀ ਪਹੁੰਚ ਸਕੇ।
ਅੰਮ੍ਰਿਤਸਰ ਦੱਖਣੀ ਅਤੇ ਪੂਰਬੀ ਹਲਕਿਆਂ ਵਿੱਚ ਮੁੱਖ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਸਮਾਜ ਵਿੱਚ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਕਦੇ ਵੀ ਸਫਲ ਨਹੀਂ ਹੋਣਗੀਆਂ। ਉਨ੍ਹਾਂ ਕਿਹਾ, "ਪੰਜਾਬ ਦੀ ਧਰਤੀ ਉਪਜਾਊ ਹੈ, ਪਰ ਇੱਥੇ ਨਫ਼ਰਤ ਦਾ ਬੀਜ ਕਦੇ ਵੀ ਨਹੀਂ ਪੁੰਗਰ ਸਕਦਾ।" ਉਨ੍ਹਾਂ ਕਿਹਾ ਕਿ ਕੁਝ ਰਾਜਨੀਤਿਕ ਪਾਰਟੀਆਂ ਲੋਕਾਂ ਵਿੱਚ ਡਰ ਅਤੇ ਭੈਅ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਫੁੱਟ ਪਾਊ ਰਾਜਨੀਤੀ ਨਾਲ ਇਸ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਦਾ। "ਸ਼ੁਕਰਾਨਾ ਯਾਤਰਾ" ਨੂੰ ਅਧਿਆਤਮਕ ਯਾਤਰਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿੱਚ ਬੇਅਦਬੀ ਵਿਰੋਧੀ ਇਤਿਹਾਸਕ ਕਾਨੂੰਨ ਬਣਾਉਣ ਦਾ ਬਲ ਬਖਸ਼ਿਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕੀਤਾ ਕਿ ਇਸ ਯਾਤਰਾ ਦਾ ਕੋਈ ਰਾਜਨੀਤਿਕ ਸਬੰਧ ਨਹੀਂ ਹੈ ਅਤੇ ਇਸ ਦਾ ਉਦੇਸ਼ ਸਿਰਫ਼ ਗੁਰੂ ਸਾਹਿਬ ਜੀ ਦਾ ਸ਼ੁਕਰਗੁਜ਼ਾਰ ਕਰਨਾ ਸੀ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਸਖ਼ਤ ਕਾਨੂੰਨ ਲਿਆਉਣ ਦਾ ਮੌਕਾ ਬਖਸ਼ਿਆ। ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬਾ ਭਰ ਵਿੱਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਣਥੱਕ ਮਿਹਨਤ ਕਰਦੀ ਰਹੇਗੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.