Saturday, 18 April 2026

ਮੰਗਾਂ ਨਾ ਮੰਨਣ ’ਤੇ ਪੰਜਾਬ ਵਿੱਚ ਪੂਰਨ ਤੌਰ ’ਤੇ ਬੱਸਾਂ ਦਾ ਹੋਵੇਗਾ ਚੱਕਾ ਜਾਮ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦੀ ਬੇਰੁਖੀ ਨੂੰ ਦੇਖਦਿਆਂ ਸਰਕਾਰ ਖਿਲਾਫ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਗਿਆ। ਚੰਡੀਗੜ੍ਹ ਵਿੱਚ ਜਥੇਬੰਦੀ ਦੇ ਸੂਬਾ ਚੇਅਰਮੈਨ ਬਲਵਿੰਦਰ ਸਿੰਘ ਰਾਠ ਅਤੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਸਣੇ ਹੋਰ ਸੀਨੀਅਰ ਆਗੂਆਂ ਨੇ ਕਿਹਾ ਕਿ ਸਰਕਾਰ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਨਜ਼ਰਅੰਦਾਜ਼ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ 9 ਅਪਰੈਲ ਨੂੰ ਮੀਟਿੰਗ ਹੋਈ ਸੀ, ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਆਗੂਆਂ ਨੇ ਐਲਾਨ ਕੀਤਾ ਕਿ 30 ਜੂਨ ਨੂੰ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਜੇ ਫਿਰ ਵੀ ਕੋਈ ਸੁਣਵਾਈ ਨਾ ਹੋਈ ਤਾਂ 9, 10 ਅਤੇ 11 ਜੁਲਾਈ ਨੂੰ ਪੂਰਨ ਤੌਰ ’ਤੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਦਿੱਤਾ ਜਾਵੇਗਾ। 

 

 

 

 

  

ਹਿੰਦੀ ’ਚ ਪ੍ਰੋਫਾਰਮਾ ਭੇਜਣ ਕਰਕੇ ਹੋਈ ਆਲੋਚਨਾ, ਫਿਰ ਪ੍ਰੋਫਾਰਮਾ ਪੰਜਾਬੀ ’ਚ ਬਣਵਾਇਆ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਖਿਲਾਫ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਜ਼ਮੀਨੀ ਹਕੀਕਤ ਜਾਨਣ ਲਈ ਪੰਚਾਇਤਾਂ ਤੋਂ ਫੀਡਬੈਕ ਮੰਗੀ ਹੈ। ਪੰਚਾਇਤਾਂ ਨੂੰ ਬਾਕਾਇਦਾ ਪ੍ਰੋਫਾਰਮਾ ਭੇਜਿਆ ਗਿਆ ਹੈ, ਜਿਸ ਵਿਚ ਵੱਖ-ਵੱਖ ਕਾਲਮ ਬਣਾਏ ਗਏ ਹਨ, ਜੋ ਪੰਚਾਇਤਾਂ ਨੇ ਪੂਰੇ ਵੇਰਵੇ ਸਹਿਤ ਭਰਨੇ ਹਨ। ਪੰਚਾਇਤ, ਸਰਪੰਚ, ਪੰਚ ਤੋਂ ਇਲਾਵਾ ਪਿੰਡ ਡਿਫੈਂਸ ਕਮੇਟੀ ਦੇ ਮੈਂਬਰਾਂ ਨੂੰ ਵੀ ਆਪਣੀ ਰਾਇ ਇਸ ਪ੍ਰੋਫਾਰਮੇ ਵਿਚ ਦੇਣੀ ਹੋਵੇਗੀ। ਜਾਣਕਾਰੀ ਅਨੁਸਾਰ ਸਰਕਾਰ ਨੇ ਪੰਚਾਇਤਾਂ ਤੋਂ 24 ਜੂਨ ਤੱਕ ਰਿਪੋਰਟ ਮੰਗੀ ਹੈ। ਇਹ ਪ੍ਰੋਫਾਰਮਾ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਪ੍ਰੋਫਾਰਮਾ ਹਿੰਦੀ ਵਿਚ ਜਾਰੀ ਕੀਤੇ ਜਾਣ ਨੂੰ ਲੈ ਕੇ ਸਰਕਾਰ ਦੀ ਸੋਸ਼ਲ ਮੀਡੀਆਂ ’ਤੇ ਆਲੋਚਨਾ ਵੀ ਹੋ ਰਹੀ ਹੈ। ਦੱਸਿਆ ਜਾਂਦਾ ਹੈ ਕਿ ਆਲੋਚਨਾ ਹੋਣ ਤੋਂ ਬਾਅਦ ਸਰਕਾਰ ਨੇ ਪੰਜਾਬੀ ਵਿਚ ਵੀ ਪ੍ਰੋਫਾਰਮਾ ਤਿਆਰ ਕਰ ਲਿਆ ਹੈ।

ਡਾ. ਰਵਜੋਤ ਸਿੰਘ ਨੇ ਕਿਹਾ : ਸ਼ੋਸ਼ਲ ਮੀਡੀਆ ’ਤੇ ਫੋਟੋਆਂ ਦੇਖ ਕੇ ਬਹੁਤ ਦੁੱਖ ਹੋਇਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਮੰਤਰੀ ਡਾ. ਰਵਜੋਤ ਸਿੰਘ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਮਜੀਠੀਆ ਵਲੋਂ ਮੰਤਰੀ ਡਾ. ਰਵਜੋਤ ਸਿੰਘ ਦੀਆਂ ਇਤਰਾਜ਼ਯੋਗ ਫੋਟੋਆਂ ਵਾਇਰਲ ਕਰਨ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸਦੇ ਚੱਲਦਿਆਂ ਡਾ. ਰਵਜੋਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਅਜਿਹੀਆਂ ਤਸਵੀਰਾਂ ਦੇਖ ਕੇ ਬਹੁਤ ਦੁੱਖ ਹੋਇਆ ਹੈ। ਡਾ. ਰਵਜੋਤ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਮੇਰੀ ਸਾਬਕਾ ਪਤਨੀ ਦੀ ਫੋਟੋ ਐਡਿਟ ਕਰਕੇ ਮੇਰੇ ਨਾਲ ਜੋੜੀ ਗਈ ਹੈ। ਮੰਤਰੀ ਨੇ ਕਿਹਾ ਕਿ ਬਿਕਰਮ ਮਜੀਠੀਆ ਵਲੋਂ ਬਹੁਤ ਹੀ ਹਲਕੇ ਪੱਧਰ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਇਸ ਨੂੰੂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸਦੇ ਚੱਲਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੋੜਾ ਨੇ ਵੀ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਅਜਿਹੀ ਹਲਕੇ ਪੱਧਰ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਚੋਣ ਪ੍ਰਚਾਰ ਹੋਇਆ ਬੰਦ-ਹੁਣ ਉਮੀਦਵਾਰ ਘਰ-ਘਰ ਜਾ ਕੇ ਮੰਗ ਸਕਣਗੇ ਵੋਟਾਂ

ਲੁਧਿਆਣਾ/ਬਿਊਰੋ ਨਿਊਜ਼ 

ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਵਿਚ ਪਰਸੋਂ ਯਾਨੀ ਕਿ 19 ਜੂਨ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਅੱਜ ਸ਼ਾਮੀਂ ਸਮਾਪਤ ਹੋ ਗਿਆ ਹੈ। ਹੁਣ ਕੋਈ ਵੀ ਸਿਆਸੀ ਪਾਰਟੀ ਚੋਣ ਰੈਲੀ ਨਹੀਂ ਕਰ ਸਕੇਗੀ, ਪਰ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਜ਼ਰੂਰ ਮੰਗ ਸਕਣਗੇ। ਇਸ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਹੀ ਹੋਵੇਗਾ। ਵੈਸੇ ਤਾਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਵੀ ਆਪੋ-ਆਪਣੇ ਉਮੀਦਵਾਰ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਜ਼ਿਮਨੀ ਚੋਣ ਲਈ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿਚ ਹਨ।  ਧਿਆਨ ਰਹੇ ਕਿ ਲੁਧਿਆਣਾ (ਪੱਛਮੀ) ਜ਼ਿਮਨੀ ਚੋਣ ਲਈ 19 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੇ ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ। 

ਆਸ਼ੂ ਨੇ ਕਿਹਾ : ਪੰਜਾਬ ਪੁਲਿਸ ਧੱਕੇਸ਼ਾਹੀ ’ਤੇ ਉਤਰੀ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਭਲਕੇ 19 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ ਇਸ ਤੋਂ ਪਹਿਲਾਂ ਅੱਜ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੱਥੋਪਾਈ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਇਲਾਕੇ ਵਿਚ ਕਾਂਗਰਸੀਆਂ ਨੇ ਇਕ ਵਿਅਕਤੀ ਨੂੰ ਰਾਸ਼ਨ ਵੰਡਦੇ ਹੋਏ ਫੜ ਲਿਆ ਸੀ, ਪਰ ਇਹ ਵਿਅਕਤੀ ਆਪਣਾ ਐਕਟਿਵਾ ਛੱਡ ਕੇ ਭੱਜ ਗਿਆ। ਵਿਵਾਦ ਵਧਦਾ ਦੇਖ ਕੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਕਾਂਗਰਸੀ ਉਮੀਦਵਾਰ ਆਸ਼ੂ ਵੀ ਪਹੁੰਚ ਗਏ। ਇਸਦੇ ਚੱਲਦਿਆਂ ਭਾਰਤ ਭੂਸ਼ਣ ਆਸ਼ੂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹੱਥੋਪਾਈ ਵੀ ਹੋਈ। ਇਸ ਦੌਰਾਨ ਆਸ਼ੂ ਨੇ ਆਰੋਪ ਲਗਾਇਆ ਕਿ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਹੈ।  

ਹੁਣ ਮੋਬਾਇਲ ਫੋਨਾਂ ਨੂੰ ਪੋਲਿੰਗ ਸਟੇਸ਼ਨਾਂ ਦੇ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ

ਚੰਡੀਗੜ੍ਹ/ਬਿਊਰੋ ਨਿਊਜ਼ 

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ’ਤੇ 19 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੌਰਾਨ ਪ੍ਰਸ਼ਾਸਨ ਨੇ ਵੋਟਰਾਂ ਲਈ ਇਕ ਵੱਖਰੀ ਸਹੂਲਤ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੋਟ ਪਾਉਣ ਲਈ ਆਉਣ ਵਾਲੇ ਵੋਟਰ ਪੋਲਿੰਗ ਸਟੇਸ਼ਨਾਂ ਦੇ ਬਾਹਰ ਨਿਰਧਾਰਤ ਕਾਊਂਟਰਾਂ ’ਤੇ ਆਪਣੇ ਮੋਬਾਈਲ ਫੋਨ ਜਮ੍ਹਾਂ ਕਰਵਾ ਸਕਦੇ ਹਨ। ਹੁਣ ਮੋਬਾਇਲ ਫੋਨਾਂ ਨੂੰ ਪੋਲਿੰਗ ਸਟੇਸ਼ਨਾਂ ਦੇ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ, ਕਿਉਂਕਿ ਚੋਣ ਪ੍ਰਕਿਰਿਆ ਦੀ ਗੁਪਤਤਾ ਅਤੇ ਮਰਿਆਦਾ ਬਣਾਈ ਰੱਖਣ ਲਈ 100 ਮੀਟਰ ਦੇ ਘੇਰੇ ਅੰਦਰ ਮੋਬਾਇਲ ਫੋਨ ਬੰਦ ਰੱਖੇ ਜਾਣੇ ਚਾਹੀਦੇ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੌਰਾਨ ਮੋਬਾਈਲ ਫ਼ੋਨ ਜਮ੍ਹਾ ਕਰਾਉਣ ਦੀ ਸਹੂਲਤ ਲਾਗੂ ਕਰਨਾ ਸਾਡੇ ਵੋਟਰਾਂ ਦੀ ਸਹੂਲਤ ਨੂੰ ਬਿਹਤਰ ਬਣਾਉਣਾ ਹੈ। 

 

ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਚੋਣ ਜਿੱਤਣ ਲਈ ਲਾਇਆ ਪੂਰਾ ਜ਼ੋਰ

ਲੁਧਿਆਣਾ/ਬਿਊਰੋ ਨਿਊਜ਼ 

ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਵਿਚ ਭਲਕੇ 19 ਜੂਨ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਲੰਘੇ ਕੱਲ੍ਹ ਸ਼ਾਮੀਂ 6 ਵਜੇ ਸਮਾਪਤ ਹੋ ਗਿਆ ਸੀ।  ਇਸ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਹੀ ਹੋਵੇਗਾ। ਵੈਸੇ ਤਾਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਵੀ ਆਪੋ-ਆਪਣੇ ਉਮੀਦਵਾਰ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਜ਼ਿਮਨੀ ਚੋਣ ਲਈ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਹ ਜ਼ਿਮਨੀ ਚੋਣ ਜਿੱਤਣ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ।  ਧਿਆਨ ਰਹੇ ਕਿ ਲੁਧਿਆਣਾ (ਪੱਛਮੀ) ਜ਼ਿਮਨੀ ਚੋਣ ਲਈ ਭਲਕੇ 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ।   

 

ਐਸਜੀਪੀਸੀ ਦੇ ਸਕੱਤਰ ਵਲੋਂ ਦਿੱਤੀ ਗਈ ਜਾਣਕਾਰੀ 

ਅੰਮਿ੍ਰਤਸਰ/ਬਿਊਰੋ ਨਿਊਜ਼  

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ ਮਨਾਈ ਜਾ ਰਹੀ ਬਰਸੀ ਮੌਕੇ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਲਹਿੰਦੇ ਪੰਜਾਬ ਨਹੀਂ ਭੇਜਿਆ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਿੱਖ ਸ਼ਰਧਾਲੂਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਵਿਖੇ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਂਦਾ ਹੈ, ਪ੍ਰੰਤੂ ਇਸ ਵਾਰ ਦੋਹਾਂ ਦੇਸ਼ਾਂ ਵਿਚ ਬਣੇ ਤਨਾਅ ਵਾਲੇ ਮਾਹੌਲ ਅਤੇ ਭਾਰਤ ਸਰਕਾਰ ਵੱਲੋਂ ਯਾਤਰਾ ਸਬੰਧੀ ਲਾਈਆਂ ਪਾਬੰਦੀਆਂ ਤੇ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਇਹ ਜਥਾ ਨਾ ਭੇਜਣ ਦਾ ਫੈਸਲਾ ਲਿਆ ਹੈ।

 

ਮੈਡੀਕਲ ਕਾਲਜ ਦੇ ਤਿੰਨ ਜੂਨੀਅਰ ਡਾਕਟਰਾਂ ਨੂੰ ਹੋਇਆ ਕਰੋਨਾ

ਅੰਮਿ੍ਰਤਸਰ/ਬਿਊਰੋ ਨਿਊਜ਼

ਅੰਮਿ੍ਰਤਸਰ ’ਚ ਕਰੋਨਾ ਦੇ ਮਾਮਲੇ ਵਧਣ ਲੱਗੇ ਹਨ ਅਤੇ ਮੈਡੀਕਲ ਕਾਲਜ ਦੇ ਤਿੰਨ ਜੂਨੀਅਰ ਡਾਕਟਰ ਵੀ ਕਰੋਨਾ ਦੀ ਲਪੇਟ ਵਿਚ ਆ ਗਏ ਹਨ। ਸਿਹਤ ਵਿਭਾਗ ਨੇ ਚੌਕਸੀ ਵਰਤਦਿਆਂ ਇਨ੍ਹਾਂ ਡਾਕਟਰਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਹੈ। ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਭਾਵੇਂ ਕੋਵਿਡ ਦੇ ਨਵੇਂ ਵੈਰੀਐਂਟ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਪਰ ਫਿਰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਆਖਿਆ ਕਿ ਇਹ ਤਿੰਨੋਂ ਕੇਸ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਹਨ, ਜੋ ਕਿ ਇਸ ਸਮੇਂ ਹੋਮ ਆਈਸੋਲੇਟ ਹਨ ਅਤੇ ਬਿਲਕੁਲ ਸਿਹਤਮੰਦ ਹਨ। ਧਿਆਨ ਰਹੇ ਕਿ ਅੰਮਿ੍ਰਤਸਰ ਵਿਚ ਹੁਣ ਤੱਕ ਕਰੋਨਾ ਦੇ 6 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਦੌਰਾਨ ਸਿਹਤ ਵਿਭਾਗ ਨੇ ਲੋਕਾਂ ਨੂੰ ਗਾਈਡ ਲਾਈਨਜ਼ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ।  

 

ਆਰੋਪੀ ਵਿਅਕਤੀ ਖਿਲਾਫ ਮੰਗੀ ਗਈ ਕਾਰਵਾਈ 

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੋਲਕਾਤਾ ਵਿਖੇ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਵਲੋਂ ਇਕ ਸਿੱਖ ਵਿਅਕਤੀ ਦੀ ਦਸਤਾਰ ’ਤੇ ਚੱਪਲ ਸੁੱਟਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਘਟਨਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਉਨ੍ਹਾਂ ਆਖਿਆ ਕਿ ਦਸਤਾਰ ਸਿੱਖ ਧਰਮ ਦਾ ਅਟੁੱਟ ਅੰਗ ਅਤੇ ਸਿੱਖ ਪਛਾਣ ਦਾ ਪ੍ਰਤੀਕ ਹੈ, ਜਿਸਦੀ ਅਜਿਹੀਆਂ ਹਰਕਤਾਂ ਨਾਲ ਬੇਅਦਬੀ ਕਰਨਾ ਸਮੁੱਚੀ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਸੱਟ ਮਾਰਨ ਦੇ ਬਰਾਬਰ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੇਂਦਰ ਦੇ ਮੰਤਰੀਆਂ ਦਾ ਫਰਜ਼ ਹੈ ਕਿ ਉਹ ਹਰ ਧਰਮ ਦੇ ਲੋਕਾਂ ਦਾ ਸਤਿਕਾਰ ਕਰਨ ਅਤੇ ਸਮਾਜ ਵਿਰੋਧੀ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਖਿਲਾਫ਼ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਅੰਦਰ ਕੋਈ ਵੀ ਅਜਿਹੀ ਮਾਨਵ ਵਿਰੋਧੀ ਹਰਕਤ ਨਾ ਕਰੇ। 

ਦੋਵਾਂ ਸੂਬਿਆਂ ਦੀ ਮਜ਼ਬੂਤ ਸਾਂਝ ’ਤੇ ਦਿੱਤਾ ਜ਼ੋਰ

ਅੰਮਿ੍ਰਤਸਰ/ਬਿਊਰੋ ਨਿਊਜ਼

ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਆਪਸੀ ਭਾਈਚਾਰਕ ਸਾਂਝ ਵਾਲੇ ਰਿਸ਼ਤੇ ਬਣੇ ਰਹਿਣੇ ਚਾਹੀਦੇ ਹਨ ਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ। ਇਹ ਪ੍ਰਗਟਾਵਾ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕੀਤਾ ਹੈ, ਜੋ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ। ਅਗਨੀਹੋਤਰੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਉਨ੍ਹਾਂ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਤੋਂ ਵਿਧਾਇਕ ਹਰਦੀਪ ਸਿੰਘ ਬਾਵਾ ਤੇ ਹੋਰ ਸਮਰਥਕ ਵੀ ਸਨ। ਉਪ ਮੁੱਖ ਮੰਤਰੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਸਨਮਾਨਿਤ ਵੀ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਉਹ ਇਸ ਹੱਕ ਵਿੱਚ ਹਨ ਕਿ ਦੋਵਾਂ ਸੂਬਿਆਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਆਪਸੀ ਭਾਈਚਾਰਕ ਸਾਂਝ ਵਾਲੇ ਰਿਸ਼ਤੇ ਬਣੇ ਰਹਿਣੇ ਚਾਹੀਦੇ ਹਨ ਅਤੇ ਦੋਵਾਂ ਸੂਬਿਆਂ ਨੂੰ ਤਰੱਕੀ ਦੀ ਰਾਹ ’ਤੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ।

 

ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ

ਚੰਡੀਗੜ੍ਹ/ਬਿਊਰੋ ਨਿਊਜ਼ 

ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਸਰਬਜੋਤ ਸਿੰਘ ਸਾਬੀ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ। ਉਹ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਰਜਿੰਦਰ ਦੀਪਾ ਸਮੇਤ ਕਈ ਹੋਰ ਆਗੂ ਵੀ ਕਾਂਗਰਸ ਸ਼ਾਮਲ ਹੋਏ ਹਨ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.