Saturday, 18 April 2026

 

ਕਿਹਾ : ਪਾਣੀ ਬਚਾਉਣਾ ਅੱਜ ਦੇ ਸਮੇਂ ਦੀ ਵੱਡੀ ਲੋੜ

ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਵਿੱਤਰ ਕਾਲੀ ਵੇਈਂ ਦੀ 25ਵੀਂ ਵਰ੍ਹੇਗੰਢ ਮੌਕੇ ਸੁਲਤਾਨਪੁਰ ਲੋਧੀ ਪਹੁੰਚੇ। ਇਸ ਮੌਕੇ ਸੀਐਮ ਮਾਨ ਨੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਕੰਮ ਨੂੰ ਅਸੰਭਵ ਮੰਨਿਆ ਜਾਂਦਾ ਸੀ, ਉਸ ਕੰਮ ਨੂੰ ਸੰਤ ਸੀਚੇਵਾਲ ਹੋਰਾਂ ਨੇ ਸੰਭਵ ਕਰ ਦਿੱਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਾਣੀ ਬਚਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸੇ ਦੌਰਾਨ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਪਾਣੀ ਬਰਬਾਦ ਹੋ ਰਿਹਾ ਹੈ, ਉਸ ਨੂੰ ਰੋਕਣ ਦੀ ਕੋਸ਼ਿਸ਼ ਕਰੋ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰੋ। ਸੀਐਮ ਮਾਨ ਨੇ ਹਰਿਆਣਾ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਕਿ ਹਰਿਆਣਾ ਵਾਲੇ ਵੀ ਸਾਡੇ ਭਰਾ ਹਨ। ਉਨ੍ਹਾਂ ਕਿਹਾ ਕਿ ਪਿਆਰ ਨਾਲ ਸਾਡੇ ਕੋਲੋਂ ਜੋ ਚੀਜ਼ ਮੰਗੀ ਜਾਵੇਗੀ ਤਾਂ ਅਸੀਂ ਦਿਆਂਗੇ, ਪਰ ਜ਼ਬਰਦਸਤੀ ਕੋਈ ਵੀ ਚੀਜ਼ ਨਹੀਂ ਦਿਆਂਗੇ।

 

 

ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ’ਚ ਜੇਲ੍ਹ ਵਿਚ ਬੰਦ ਹਨ ਮਜੀਠੀਆ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਜੀਠਾ ਸਥਿਤ ਦਫਤਰ ਅਤੇ ਅੰਮਿ੍ਰਤਸਰ ਦੇ ਗਰੀਨ ਐਵੇਨਿਊ ਸਥਿਤ ਘਰ ’ਚ ਵਿਜੀਲੈਂਸ ਦੀ ਟੀਮ ਨੇ ਫਿਰ ਛਾਪਾ ਮਾਰਿਆ ਹੈ। ਜਾਣਕਾਰੀ ਮੁਤਾਬਕ ਵਿਜੀਲੈਂਸ ਵਲੋਂ ਇਹ ਕਾਰਵਾਈ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਮਜੀਠੀਆ ਦੇ ਦਫਤਰ ਦੀ ਪੂਰੀ ਇਮਾਰਤ ਦੀ ਪੈਮਾਇਸ਼ ਕੀਤੀ ਹੈ। ਇਸੇ ਦੌਰਾਨ ਪੰਜਾਬ ਪੁਲਿਸ ਨੇ ਵਿਜੀਲੈਂਸ ਦੀ ਰੇਡ ਨੂੰ ਦੇਖਦਿਆਂ ਇਲਾਕੇ ਵਿਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਸਨ ਅਤੇ ਕਿਸੇ ਨੂੰ ਵੀ ਅੱਗੇ ਨਹੀਂ ਸੀ ਜਾਣ ਦਿੱਤਾ ਜਾ ਰਿਹਾ।  ਦੱਸ ਦੇਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਬਿਕਰਮ ਸਿੰਘ ਮਜੀਠੀਆ ਨਾਭਾ ਜੇਲ੍ਹ ’ਚ ਬੰਦ ਹੈ।  

 

ਕੇ.ਡੀ. ਭੰਡਾਰੀ ਅਤੇ ਰਵੀ ਕਰਨ ਕਾਹਲੋਂ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਵੀ ਜ਼ਿਮਨੀ ਚੋਣ ਹੋਣੀ ਹੈ। ਇਸ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਅਜੇ ਤੱਕ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।  ਧਿਆਨ ਰਹੇ ਕਿ ਪਿਛਲੇ ਦਿਨੀਂ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਵਿਧਾਨ ਸਭਾ ਹਲਕਾ ਤਰਨਤਾਰਨ  ਦੀ ਸੀਟ ਖਾਲੀ ਐਲਾਨ ਦਿੱਤੀ ਗਈ ਸੀ। ਇਸਦੇ ਚੱਲਦਿਆਂ ਪੰਜਾਬ ਭਾਜਪਾ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਤਿਆਰੀ ਵਿੱਢ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਹਲਕਾ ਤਰਨਤਾਰਨ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਸਾਬਕਾ ਸੀਪੀਐੱਸ ਕੇ.ਡੀ. ਭੰਡਾਰੀ ਅਤੇ ਸਾਬਕਾ ਵਿਧਾਇਕ ਰਵੀ ਕਰਨ ਸਿੰਘ ਕਾਹਲੋਂ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। 

 

 

ਸੰਦੋਆ ਨੇ ‘ਆਪ’ ਦੇ ਵਿਧਾਇਕ ਦਿਨੇਸ਼ ਚੱਢਾ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਅੱਜ ਸ਼ੁਰੂਆਤ ਮੌਕੇ ਆਮ ਆਦਮੀ ਪਾਰਟੀ ਦੇ ਮੁਅੱਤਲ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਪਣੇ ਸਮਰਥਕਾਂ ਨਾਲ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪੁਲਿਸ ਨੇ ਸੰਦੋਆ ਅਤੇ ਉਹਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਹਾਲ ਹੀ ਵਿੱਚ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਤਹਿਤ ਪਾਰਟੀ ਵਲੋਂ ਮੁਅੱਤਲ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਖੁੱਲ੍ਹ ਕੇ ਪਾਰਟੀ ਵਿਰੁੱਧ ਮੋਰਚਾ ਖੋਲ੍ਹਿਆ ਹੈ। ਸੰਦੋਆ ਨੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਸੰਦੋਆ ਨੇ ਆਪਣੇ ਇੱਕ ਦਰਜਨ ਸਾਥੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਆਪਣੀ ਪਾਰਟੀ ਦੇ ਵਿਧਾਇਕ ਵਿਰੁੱਧ ਨਾਅਰੇ ਲਾਏ। ਇਸੇ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਸਥਿਤੀ ਨੂੰ ਕਾਬੂ ਵਿੱਚ ਲਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਵਿਧਾਨ ਸਭਾ ਕੰਪਲੈਕਸ ਤੋਂ ਪਾਸੇ ਕਰ ਦਿੱਤਾ।

 

 

ਚੰਡੀਗੜ੍ਹ ਪੁਲਿਸ ਵੱਲੋ ਗਠਿਤ ਸਿੱਟ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹਨ ਬਾਠ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਪਟਿਆਲਾ ਵਿਚ ਕਰਨਲ ਪੁਸ਼ਪਿੰਦਰ ਸਿੰਘ ਬਾਠ ’ਤੇ ਹੋਏ ਹਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਕਰਨਲ ਬਾਠ ਦਾ ਪਰਿਵਾਰ ਚੰਡੀਗੜ੍ਹ ਪੁਲਿਸ ਵੱਲੋ ਗਠਿਤ ਸਿੱਟ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਹੁਣ ਇਹ ਜਾਂਚ ਸੀਬੀਆਈ ਹਵਾਲੇ ਕੀਤੀ ਹੈ। ਇਸ ਸਬੰਧੀ ਕਰਨਲ ਬਾਠ ਦੇ ਪਰਿਵਾਰ ਨੇ ਹਾਈਕੋਰਟ ਨੂੰ ਬੇਨਤੀ ਕੀਤੀ ਸੀ ਕਿ ਅਦਾਲਤ ਦੁਆਰਾ ਬਣਾਈ ਗਈ ਐੱਸ.ਆਈ.ਟੀ. ਕੰਮ ਨਹੀਂ ਕਰ ਰਹੀ ਹੈ। ਲੰਘੇ ਦਿਨੀਂ ਕਰਨਲ ਬਾਠ ਦੀ ਪਤਨੀ ਨੇ ਇੱਕ ਇੰਟਰਵਿਊ ਦੌਰਾਨ ਇਤਰਾਜ਼ ਜਤਾਇਆ ਸੀ ਕਿ ਚੰਡੀਗੜ੍ਹ ਪੁਲਿਸ ਵੱਲੋਂ ਇਸ ਮਾਮਲੇ ਵਿਚ ਹੁਣ ਤੱਕ ਇੱਕ ਵੀ ਗਿ੍ਰਫਤਾਰੀ ਨਹੀਂ ਕੀਤੀ ਗਈ ਹੈ। ਕਰਨਲ ਬਾਠ ਦੇ ਪਰਿਵਾਰ ਵੱਲੋਂ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ ਜਾਂ ਐੱਸਆਈਟੀ ਨੂੰ ਬਦਲ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਕਰਨਲ ਬਾਠ ਨੇ ਪਟਿਆਲਾ ’ਚ ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਅਤੇ ਉਨ੍ਹਾਂ ਦੇ ਹਥਿਆਰਬੰਦ ਮੁਲਾਜ਼ਮਾਂ ’ਤੇ ਕੁੱਟਮਾਰ ਕਰਨ ਦਾ ਆਰੋਪ ਲਗਾਇਆ ਸੀ।

 

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

ਚੰਡੀਗੜ੍ਹ/ਬਿਊਰੋ ਨਿਊਜ਼       

ਪੰਜਾਬ ਵਿਧਾਨ ਸਭਾ ਵਿਚ ਅੱਜ ਮੰਗਲਵਾਰ ਨੂੰ ਸਦਨ ਨੇ ਬੇਅਦਬੀ ਖਿਲਾਫ ਬਿੱਲ ’ਤੇ ਲੋਕ ਰਾਏ ਲੈਣ ਲਈ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਫੈਸਲਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਮਸ਼ਵਰਾ ਦਿੱਤਾ ਸੀ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿਲੈਕਟ ਕਮੇਟੀ ਦਾ ਗਠਨ ਕਰਨ ਅਤੇ ਇਸ ਕਮੇਟੀ ਵੱਲੋਂ 6 ਮਹੀਨੇ ਵਿਚ ਰਿਪੋਰਟ ਦਿੱਤੇ ਜਾਣ ਦੀ ਗੱਲ ਕਹੀ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਅੱਜ ਚੌਥੇ ਤੇ ਆਖਰੀ ਦਿਨ ਸਦਨ ਵਿਚ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁਧ ਅਪਰਾਧ ਰੋਕਥਾਮ ਬਿੱਲ 2025’ ਉੱਤੇ ਚਰਚਾ ਹੋਈ। ਬੇਅਦਬੀ ਖਿਲਾਫ ਬਿੱਲ ’ਤੇ ਚਰਚਾ ਦੀ ਸ਼ੁਰੂਆਤ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਗਈ। ਉਨ੍ਹਾਂ ਅਜਿਹੇ ਮਾਮਲਿਆਂ ਦੀ ਸਮਾਂਬੱਧ ਜਾਂਚ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਜਾਂਚ 30 ਦਿਨਾਂ ਵਿੱਚ ਪੂਰੀ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਬਾਜਵਾ ਨੇ ਬੇਅਦਬੀ ਦੀਆਂ ਘਟਨਾਵਾਂ ’ਤੇ ਕਾਰਵਾਈ ਲਈ ਸੂਬਾ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਉੱਤੇ ਸਵਾਲ ਵੀ ਚੁੱਕੇ। ਇਸਦੇ ਚੱਲਦਿਆਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਵੀ ਕਰ ਦਿੱਤੀ ਗਈ ਹੈ। 

ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਕੀਤੀ ਮੰਗ

ਚੰਡੀਗੜ੍ਹ/ਬਿਊਰੋ ਨਿਊਜ਼

ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਨੂੰ ਧਮਕੀ ਭਰੀਆਂ ਈਮੇਲ ਆਉਣੀਆਂ ਇਕ ਗੰਭੀਰ ਮੁੱਦਾ ਬਣ ਗਿਆ ਹੈ। ਇਸਦੇ ਚੱਲਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਗੰਭੀਰ ਮੁੱਦਾ ਦੱਸਦਿਆਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਗੁਰੂ ਘਰ ਜਾਣ ਵਾਲੀ ਸੰਗਤ ਦੇ ਮਨ ਵਿਚ ਕੋਈ ਵੀ ਅਸੁਰੱਖਿਆ ਦੀ ਭਾਵਨਾ ਪੈਦਾ ਨਾ ਹੋਵੇ।  ਸੁਖਬੀਰ ਬਾਦਲ ਨੇ ਟਵੀਟ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿ੍ਰਫਤਾਰ ਕੀਤਾ ਜਾਣਾ ਚਾਹੀਦਾ ਹੈ। 

 

 

ਸੰਜੇ ਰਾਊੁਤ ਨੇ ਕਿਹਾ : ਨਰਿੰਦਰ ਮੋਦੀ ਵੀ 75 ਸਾਲ ਦੇ ਹੋ ਰਹੇ 

ਨਵੀਂ ਦਿੱਲੀ/ਬਿਊਰੋ ਨਿਊਜ਼  

ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ 75 ਸਾਲ ਦੀ ਉਮਰ ਹੋਣ ਤੋਂ ਬਾਅਦ ਸਿਆਸਤ ਵਿਚ ਦੂਜਿਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ 75 ਸਾਲ ਦੀ ਉਮਰ ਹੋਣ ’ਤੇ ਸ਼ਾਲ ਦਿੱਤੀ ਜਾਂਦੀ ਹੈ ਤਾਂ ਇਸਦਾ ਮਤਲਬ ਹੋਣਾ ਚਾਹੀਦਾ ਹੈ ਕਿ ਸਾਡੀ ਉਮਰ ਹੋ ਚੁੱਕੀ ਹੈ ਅਤੇ ਹੁਣ ਥੋੜ੍ਹਾ ਕਿਨਾਰੇ ਹੋਣਾ ਚਾਹੀਦਾ ਹੈ। ਭਾਗਵਤ ਨੇ ਇਹ ਗੱਲਾਂ ਨਾਗਪੁਰ ’ਚ ਇਕ ਸਮਾਗਮ ਦੌਰਾਨ ਕਹੀਆਂ ਹਨ। ਮੋਹਨ ਭਾਗਵਤ ਨੇ ਆਪਣੇ ਬਿਆਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਨਹੀਂ ਲਿਆ, ਪਰ ਸਿਆਸੀ ਵਿਰੋਧੀ ਇਸ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਜੋੜ ਰਹੇ ਹਨ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਅਤੇ ਮੋਹਨ ਭਾਗਵਤ ਇਸ ਸਾਲ ਸਤੰਬਰ ਮਹੀਨੇ 75 ਸਾਲ ਦੇ ਹੋ ਜਾਣਗੇ। ਉਧਰ ਦੂਜੇ ਪਾਸੇ ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਜਸਵੰਤ ਸਿੰਘ ਵਰਗੇ ਬੜੇ ਆਗੂਆਂ ਨੂੰ ਜ਼ਬਰੀ ਰਿਟਾਇਰਮੈਂਟ ਕਰਵਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹੁਣ ਦੇਖਦੇ ਹਾਂ ਕਿ ਕੀ ਨਰਿੰਦਰ ਮੋਦੀ ਇਸ ਦਾ ਖੁਦ ਪਾਲਣ ਕਰਨਗੇ ਜਾਂ ਨਹੀਂ।

 

 

 

ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਵੀ ਚਿੰਤਾ ਦਾ ਪ੍ਰਗਟਾਵਾ

ਅੰਮਿ੍ਰਤਸਰ/ਬਿਊਰੋ ਨਿਊਜ਼    

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖੁਲਾਸਾ ਕੀਤਾ ਹੈ ਕਿ ਅੱਜ ਬੁੱਧਵਾਰ ਨੂੰ ਇੱਕ ਹੋਰ ਈਮੇਲ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੰਬ ਰੱਖੇ ਹੋਣ ਦੀ ਧਮਕੀ ਆਈ ਹੈ ਅਤੇ ਹੁਣ ਤੱਕ ਅਜਿਹੀਆਂ ਪੰਜ ਈਮੇਲ ਆ ਚੁੱਕੀਆਂ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਵਾਈ ਜਾਵੇ। ਉਨ੍ਹਾਂ ਨਿਰਾਸ਼ਾ ਪਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਨਹੀਂ ਕੀਤੀ ਗਈ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਈਮੇਲ ਕਿੱਥੋਂ ਅਤੇ ਕਿਸ ਵੱਲੋਂ ਭੇਜੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਹੁਣ ਆਈਆਂ ਈਮੇਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅੰਮਿ੍ਰਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਵੀ ਨਾਲ ਐਡ ਕੀਤਾ ਗਿਆ ਹੈ, ਪਰ ਇਸਦੇ ਬਾਵਜੂਦ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਇਸੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੰਬ ਹੋਣ ਬਾਰੇ ਧਮਕੀ ਈਮੇਲ ਭੇਜੇ ਜਾਣ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ ਕੀਤੇ ਗਏ ਚਿੰਤਾ ਦੇ ਪ੍ਰਗਟਾਵੇ ਬਾਰੇ ਜਾਣਕਾਰੀ ਦਿੱਤੀ ਹੈ।  ਉਨ੍ਹਾਂ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਵੀ ਭਰੋਸਾ ਦਿੱਤਾ ਹੈ।

 

ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ 

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਹੈ। ਇਸੇ ਦੌਰਾਨ ਗੁਰਦੁਆਰਾ ਗੁਰੂ ਕਾ ਮਹਿਲ ਭੋਰਾ ਸਾਹਿਬ ਤੋਂ ਸ਼ੁਰੂ ਹੋਈ ਧਰਮ ਬਚਾਓ ਯਾਤਰਾ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਹ  ਯਾਤਰਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰੂ ਕਾ ਤਾਲ ਆਗਰਾ ਵਿਖੇ ਪੁੱਜੇਗੀ ਅਤੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਪੁੱਜ ਕੇ 14 ਜੁਲਾਈ ਨੂੰ ਸੰਪੰਨ ਹੋਵੇਗੀ। ਰਾਜਪਾਲ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਗਈ ਅਦੁਤੀ ਸ਼ਹਾਦਤ ਨੂੰ ਨਮਨ ਕੀਤਾ। ਇਸੇ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਅੰਦਰ ਹੋ ਰਹੇ ਧਰਮ ਪਰਿਵਰਤਨ ’ਤੇ ਡੂੰਘੀ ਚਿੰਤਾ ਵੀ ਜਤਾਈ ਹੈ। 

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਐਮ ਭਗਵੰਤ ਮਾਨ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ/ਬਿਊਰੋ ਨਿਊਜ਼ 

ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਐਥਲੀਟ ਫੌਜਾ ਸਿੰਘ ਦਾ 114 ਸਾਲ ਦੀ ਉਮਰ ਵਿਚ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਜਦੋਂ ਫੌਜਾ ਸਿੰਘ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪੁਲਿਸ ਨੇ ਫੌਜਾ ਸਿੰਘ ਦੇ ਪੁੱਤਰ ਧਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫੌਜਾ ਸਿੰਘ ਜਲੰਧਰ ਦੇ ਨੇੜਲੇ ਬਿਆਸ ਪਿੰਡ ਵਿਚ ਆਪਣੇ ਪੁੱਤਰ ਨਾਲ ਰਹਿੰਦੇ ਸਨ। ਫੌਜਾ ਸਿੰਘ ਨੇ 80 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ ਸੀ। ਫੌਜਾ ਸਿੰਘ ਨੇ ਐਥਲੀਟ ਦੇ ਖੇਤਰ ਵਿਚ ਅਨੇਕਾਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਅਨੇਕਾਂ ਹੀ ਸਨਮਾਨ ਮਿਲੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜਾ ਸਿੰਘ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਹੈ।  ਮੋਦੀ ਨੇ ਕਿਹਾ ਕਿ ਫੌਜਾ ਸਿੰਘ ਦਿ੍ਰੜ ਇਰਾਦੇ ਵਾਲੇ ਅਥਲੀਟ ਸਨ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਬਹੁਤ ਸਾਰੇ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਫੌਜਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ। 

 

ਵਿਦੇਸ਼ ਮੰਤਰਾਲੇ ਨੇ ਭਗਵੰਤ ਮਾਨ ਦੇ ਬਿਆਨ ਨੂੰ ਦੱਸਿਆ ਅਫਸੋਸਨਾਕ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਹੈ ਕਿ ਉਹ ਵਿਦੇਸ਼ਾਂ ਦਾ ਦੌਰਾ ਕਰਨ ਲਈ ਸਮਾਂ ਕੱਢ ਲੈਂਦੇ ਹਨ ਪਰ 140 ਕਰੋੜ ਭਾਰਤੀਆਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਵਿੱਚ ਅਸਫਲ ਹਨ। ਮਾਨ ਨੇ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਹ 10 ਹਜ਼ਾਰ ਦੀ ਆਬਾਦੀ ਵਾਲੇ ਦੇਸ਼ ਤੋਂ ਮਿਲੇ ਵਿਦੇਸ਼ੀ ਸਨਮਾਨ ਦਾ ਜਸ਼ਨ ਮਨਾਉਂਦੇ ਹਨ ਜਦੋਂ ਕਿ ਦੇਸ਼ ਦੇ ਜ਼ਰੂਰੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਮਾਨ ਨੇ ਕਿਹਾ ਸੀ ਕਿ ਜਿਨ੍ਹਾਂ ਦੇਸ਼ਾਂ ਵਿੱਚ ਪ੍ਰਧਾਨ ਮੰਤਰੀ ਜਾ ਰਹੇ ਹਨ, ਉਨ੍ਹਾਂ ਦੀ ਆਬਾਦੀ 10 ਹਜ਼ਾਰ ਹੈ ਅਤੇ ਉਨ੍ਹਾਂ ਨੂੰ ਉੱਥੇ ਸਭ ਤੋਂ ਵੱਡਾ ਪੁਰਸਕਾਰ ਮਿਲਿਆ। ਮਾਨ ਨੇ ਕਿਹਾ ਕਿ ਇੱਥੇ 10 ਹਜ਼ਾਰ ਵਿਅਕਤੀ ਜੇ.ਸੀ.ਬੀ. ਮਸ਼ੀਨ ਦੇਖਣ ਲਈ ਇਕੱਠੇ ਹੋ ਜਾਂਦੇ ਹਨ। ਇਸਦੇ ਚੱਲਦਿਆਂ ਵਿਦੇਸ਼ ਮੰਤਰਾਲੇ ਨੇ ਸੀਐਮ ਭਗਵੰਤ ਮਾਨ ਦੇ ਬਿਆਨ ਨੂੰ ਗੈਰਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਅਜਿਹੇ ਬਿਆਨ ਕਿਸੇ ਸੂਬੇ ਦੇ ਮੁਖੀ ਨੂੰ ਸ਼ੋਭਾ ਨਹੀਂ ਦਿੰਦੇ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.