Saturday, 18 April 2026

 

ਬਕਾਇਆ ਕੇਸਾਂ ਦੇ ਨਿਪਟਾਰੇ ਨੂੰ ਮਿਲੇਗੀ ਰਫਤਾਰ 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਤੇ ਹਰਿਆਣਾ ਦੇ 10 ਜ਼ਿਲ੍ਹਾ ਤੇ ਸੈਸ਼ਨ ਜੱਜਾਂ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਧੀਕ ਜੱਜਾਂ ਵਜੋਂ ਸਹੁੰ ਚੁੱਕੀ। ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਹਾਈਕੋਰਟ ਵਿਚ ਕੁੱਲ ਜੱਜਾਂ ਦੀ ਗਿਣਤੀ 59 ਹੋ ਗਈ ਹੈ, ਜਦੋਂਕਿ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 85 ਹੈ। ਇਨ੍ਹਾਂ ਨਿਯੁਕਤੀਆਂ ਨਾਲ ਬਕਾਇਆ ਕੇਸਾਂ ਦੇ ਨਿਪਟਾਰੇ ਨੂੰ ਵੀ ਰਫਤਾਰ ਮਿਲੇਗੀ। ਹਾਈਕੋਰਟ ਦੇ ਆਡੀਟੋਰੀਅਮ ਵਿੱਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਚੀਫ ਜਸਟਿਸ ਸ਼ੀਲ ਨਾਗੂ ਨੇ ਇਨ੍ਹਾਂ ਜੱਜਾਂ ਨੂੰ ਸਹੁੰ ਚੁਕਾਈ। ਹਲਫ ਲੈਣ ਵਾਲਿਆਂ ਵਿੱਚ ਵੀਰਿੰਦਰ ਅਗਰਵਾਲ, ਮਨਦੀਪ ਪੰਨੂ, ਅਮਰਿੰਦਰ ਸਿੰਘ ਗਰੇਵਾਲ, ਪਰਮੋਦ ਗੋਇਲ, ਰੁਪਿੰਦਰਜੀਤ ਚਾਹਲ, ਸ਼ਾਲਿਨੀ ਸਿੰਘ ਨਾਗਪਾਲ, ਸੁਭਾਸ਼ ਮੇਹਲਾ, ਸੂਰਿਆ ਪ੍ਰਤਾਪ ਸਿੰਘ, ਆਰਾਧਨਾ ਸਾਹਨੀ ਅਤੇ ਯਸ਼ਵੀਰ ਸਿੰਘ ਰਾਠੌਰ ਸ਼ਾਮਲ ਹਨ।

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਨਾ ਬੈਠਣ ਦੇਣ ਦੀਆਂ ਖਬਰਾਂ ਦੇ ਤੂਲ ਫੜਨ ਤੋਂ ਬਾਅਦ ਹੁਣ ਰਾਜਸਥਾਨ ਦੀ ਸਰਕਾਰ ਨੇ ਆਪਣਾ ਫੈਸਲਾ ਪਲਟ ਦਿੱਤਾ ਹੈ। ਹੁਣ ਰਾਜਸਥਾਨ ਸਰਕਾਰ ਨੇ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਵਿਚ ਸਿੱਖ ਕਕਾਰ ਪਹਿਨਣ ਦੀ ਇਜ਼ਾਜਤ ਦੇ ਦਿੱਤੀ ਹੈ। ਇਸਦੇ ਚੱਲਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਸਥਾਨ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਦੇ ਧੰਨਵਾਦੀ ਹਾਂ, ਕਿਉਂਕਿ ਉਨ੍ਹਾਂ ਨੇ ਸਾਡੀ ਬੇਨਤੀ ਦਾ ਸਕਾਰਾਤਮਕ ਅਤੇ ਤੁਰੰਤ ਜਵਾਬ ਦਿੱਤਾ ਹੈ। ਸੁਖਬੀਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਜਿਨ੍ਹਾਂ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਸੀ ਉਨ੍ਹਾਂ ਵਿਦਿਆਰਥੀਆਂ ਨੂੰ ਇਕ ਵਿਸ਼ੇਸ਼ ਮੌਕਾ ਪ੍ਰਦਾਨ ਕਰਨ।  

 

 

ਆਮ ਆਦਮੀ ਪਾਰਟੀ ਦੇ ਜ਼ੀਰਾ ਤੋਂ ਪ੍ਰਧਾਨ ਗੁਰਮਨਦੀਪ ਸਿੰਘ ਖਹਿਰਾ ਨੇ ਵੀ ਅਹੁਦੇ ਤੋਂ ਦਿੱਤਾ ਅਸਤੀਫਾ

ਜ਼ੀਰਾ/ਬਿਊਰੋ ਨਿਊਜ਼ 

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਨਾਲ ਸਹਿਮਤ ਨਾ ਹੁੰਦਿਆਂ  ਆਮ ਆਦਮੀ ਪਾਰਟੀ ਦੇ  ਅਹੁਦੇਦਾਰਾਂ ਵਲੋਂ ਅਸਤੀਫੇ ਦੇਣ ਦਾ ਸਿਲਸਿਲਾ ਜਾਰੀ ਹੈ। ਇਸਦੇ ਚੱਲਦਿਆਂ ਅੱਜ ਜ਼ੀਰਾ ਦੇ ਬਲਾਕ ਪ੍ਰਧਾਨ ਗੁਰਮਨਦੀਪ ਸਿੰਘ ਖਹਿਰਾ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨੀ ਸਾਡੇ ਲਈ ਸਿਰਫ ਇਕ ਕਿੱਤਾ ਨਹੀਂ, ਬਲਕਿ ਜ਼ਿੰਦਗੀ ਜਿਊਣ ਦੀ ਜਾਂਚ ਹੈ। ਉਨ੍ਹਾਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਸਲੇ ’ਤੇ ਮੁੜ ਵਿਚਾਰ ਕਰਕੇ ਪੰਜਾਬੀਆਂ ਵਲੋਂ ਪਾਰਟੀ ਪ੍ਰਤੀ ਕੀਤੇ ਅਥਾਹ ਵਿਸ਼ਵਾਸ ਨੂੰ ਟੁੱਟਣ ਨਾ ਦਿੱਤਾ ਜਾਵੇ। ਇਸ ਤੋਂ ਪਹਿਲਾਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ ‘ਆਪ’ ਦੇ ਆਗੂ ਅਤੇ ਮੋਗਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨ ਸਿੰਘ ਬਰਾੜ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਰਮਨ ਸਿੰਘ ਬਰਾੜ ਦਾ ਕਹਿਣਾ ਸੀ ਕਿ ਉਹ ਸੱਚ ਦੇ ਨਾਲ ਖੜ੍ਹੇ ਹਨ।

 

ਚੰਡੀਗੜ੍ਹ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਨੇ ਅਜੇ ਤੱਕ ਕੋਈ ਰਾਹਤ ਨਹੀਂ ਦਿੱਤੀ ਹੈ। ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪਾਂ ਤਹਿਤ ਮਜੀਠੀਆ ਨਾਭਾ ਦੀ ਜੇਲ੍ਹ ਵਿਚ ਬੰਦ ਹਨ।  ਇਸੇ ਦੌਰਾਨ ਮੁਹਾਲੀ ਦੀ ਅਦਾਲਤ ਵਿਚ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਸਵੇਰੇ ਸੁਣਵਾਈ ਹੋਈ ਅਤੇ ਦੋਵੇਂ ਧਿਰਾਂ ਦੇ ਵਕੀਲਾਂ ਨੇ ਆਪਣੀਆਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਇਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਆਉਂਦੀ 1 ਅਗਸਤ ਤੱਕ ਟਾਲ ਦਿੱਤੀ ਹੈ। ਉਧਰ ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਅਕਾਲੀ ਦਲ ਦਾ ਇਕ ਵਫਦ ਜੇਲ੍ਹ ’ਚ ਬੰਦ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਵੀ ਗਿਆ। ਇਸ ਵਫਦ ਵਿਚ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਿਕੰਦਰ ਸਿੰਘ ਮਲੂਕਾ ਵੀ ਸ਼ਾਮਲ ਸਨ।   

 

ਕਿਹਾ : ਪਿਕਅੱਪ ਟਰੱਕਾਂ ਦੀ ਗਲਤ ਖਰੀਦ ਦਾ ਮੁੱਦਾ ਚੁੱਕਦਾ ਰਹਾਂਗਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਵਲੋਂ ਭੇਜਿਆ ਗਿਆ ਮਾਣਹਾਨੀ ਨੋਟਿਸ ਨਹੀਂ ਮਿਲਿਆ ਹੈ। ਇਹ ਦਾਅਵਾ ਸੀਨੀਅਰ ਕਾਂਗਰਸੀ ਆਗੂ ਅਤੇ ਕਪੂਰਥਲਾ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਖੁਦ ਕੀਤਾ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਅਦਾਲਤ ਨੇ ਉਨ੍ਹਾਂ ਵਿਰੁੱਧ ਮਾਣਹਾਨੀ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਦੀ ਸ਼ਿਕਾਇਤ ’ਤੇ ਜਾਰੀ ਕੀਤਾ ਗਿਆ ਹੈ ਅਤੇ ਜਿਸ ’ਤੇ ਸੁਣਵਾਈ 11 ਅਗਸਤ ਨੂੰ ਹੋਣੀ ਹੈ। ਖਹਿਰਾ ਨੇ ਕਿਹਾ ਕਿ ਮੈਂ ਸੀ.ਐਮ. ਭਗਵੰਤ ਮਾਨ ਵਲੋਂ 144 ਟੋਇਟਾ ਹਾਈਲਕਸ ਵਾਹਨਾਂ ਦੀ ਗਲਤ ਖਰੀਦ ਦਾ ਮੁੱਦਾ ਉਠਾਉਂਦਾ ਰਹਾਂਗਾ। ਇਹ ਖਰੀਦ ਡੀਜੀਪੀ ਪੰਜਾਬ ਦੇ ਨਾਮ ’ਤੇ ਕੀਤੀ ਗਈ ਹੈ ਅਤੇ ਇਹ ਭਿ੍ਰਸ਼ਟਾਚਾਰ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਜੁੜਿਆ ਹੋਇਆ ਹੈ। 

 

ਕਿਹਾ : ਨੀਤੀ ਵਾਪਸ ਲਓ ਜਾਂ ਵੱਡੇ ਅੰਦੋਲਨ ਲਈ ਰਹੋ ਤਿਆਰ

ਚੰਡੀਗੜ੍ਹ/ਬਿਊਰੋ ਨਿਊਜ਼ 

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਆਗੂਆਂ ਦਾ ਸਰਕਾਰ ਨੂੰ ਕਹਿਣਾ ਹੈ ਕਿ ਇਹ ਨੀਤੀ ਵਾਪਸ ਲਓ ਜਾਂ ਵੱਡੇ ਅੰਦੋਲਨ ਲਈ ਤਿਆਰ ਰਹੋ। ਇਸੇ ਦੌਰਾਨ ਕਿਸਾਨਾਂ ਵਲੋਂ ਪੰਜਾਬ ਸਰਕਾਰ ਦੀ ਇਸ ਪਾਲਿਸੀ ਖਿਲਾਫ ਸੂਬੇ ਦੇ 116 ਪਿੰਡਾਂ ਵਿਚ ਟਰੈਕਟਰ ਮਾਰਚ ਕੱਢਿਆ ਗਿਆ। ਇਸ ਸਬੰਧੀ ਲੁਧਿਆਣਾ ਜ਼ਿਲ੍ਹਾ ਇਸ ਟਰੈਕਟਰ ਮਾਰਚ ਦਾ ਮੁੱਖ ਕੇਂਦਰ ਬਿੰਦੂ ਰਿਹਾ ਹੈ, ਜਿੱਥੇ 45 ਹਜ਼ਾਰ 861 ਏਕੜ ਜ਼ਮੀਨ ਐਕੁਆਇਰ ਕਰਨ ਦੀ ਤਜਵੀਜ਼ ਹੈ। ਇਸ ਵਿਚ ਰਿਹਾਇਸ਼ੀ ਮੰਤਵ ਲਈ 24 ਹਜ਼ਾਰ 311 ਏਕੜ ਅਤੇ ਸਨਅਤੀ ਜ਼ੋਨ ਸਥਾਪਤ ਕਰਨ ਲਈ 21 ਹਜ਼ਾਰ 550 ਏਕੜ ਜ਼ਮੀਨ ਸ਼ਾਮਲ ਹੈ। ਇਸਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਇਹ ਟਰੈਕਟਰ ਮਾਰਚ ਹੁਣ ਤੱਕ ਦਾ ਸਭ ਤੋਂ ਵੱਡਾ ਮਾਰਚ ਹੋਵੇਗਾ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿਚ ਲੋਕ ਆਪਣੀਆਂ ਉਪਜਾਊ ਜ਼ਮੀਨਾਂ ਖੋਹਣ ਅਤੇ ਆਪਣੇ ਘਰਾਂ ਤੋਂ ਉਜਾੜਨ ਦੀ ਸਰਕਾਰ ਦੀ ਇਸ ਕੋਸ਼ਿਸ਼ ਵਿਰੁੱਧ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਪੁਲਿਸ ਵਲੋਂ ਕਿਸਾਨਾਂ ਦੇ ਟਰੈਕਟਰ ਮਾਰਚ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।   

 

 

ਮੰਤਰੀ ਨੇ ਸੰਮੇਲਨ ’ਚ ਸ਼ਾਮਲ ਹੋਣ ਲਈ 4 ਤੋਂ 6 ਅਗਸਤ ਤੱਕ ਜਾਣਾ ਸੀ ਅਮਰੀਕਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਵਿਦੇਸ਼ ਮੰਤਰਾਲੇ ਨੇ ਅਮਰੀਕਾ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਹੈ। ਮੰਤਰੀ ਹਰਭਜਨ ਸਿੰਘ ਨੇ 4 ਤੋਂ 6 ਅਗਸਤ ਤੱਕ ਅਮਰੀਕਾ ਦੇ ਬੋਸਟਨ ਵਿਚ ਹੋਣ ਵਾਲੇ ਇਕ ਸੰਮੇਲਨ ਵਿਚ ਸ਼ਮੂਲੀਅਤ ਕਰਨ ਲਈ ਜਾਣਾ ਸੀ। ਇਹ ਸੰਮੇਲਨ ਦੁਨੀਆ ਭਰ ਵਿਚ ਵਿਧਾਨਕ ਆਗੂਆਂ, ਸਟਾਫ ਮਾਹਿਰਾਂ ਤੇ ਨੀਤੀ ਘਾੜਿਆਂ ਦੇ ਸਭ ਤੋਂ ਵੱਡੇ ਸੰਮੇਲਨਾਂ ਵਿਚੋਂ ਇਕ ਹੈ। ਇਸੇ ਦੌਰਾਨ ਪੰਜਾਬ ਸਰਕਾਰ ਨੇ ਭਾਰਤੀ ਵਿਦੇਸ਼ ਮੰਤਰਾਲੇ ਤੋਂ ਕੈਬਨਿਟ ਮੰਤਰੀ ਦੇ ਅਮਰੀਕਾ ਦੌਰੇ ਲਈ ਕੁਝ ਦਿਨ ਪਹਿਲਾਂ ਪ੍ਰਵਾਨਗੀ ਮੰਗੀ ਸੀ। ਵਿਦੇਸ਼ ਮੰਤਰਾਲੇ ਨੇ ਹੁਣ ਸੂਬਾ ਸਰਕਾਰ ਨੂੰ ਸੂਚਨਾ ਭੇਜ ਕੇ ਹਰਭਜਨ ਸਿੰਘ ਈਟੀਓ ਨੂੰ ਵਿਦੇਸ਼ ਦੌਰੇ ਲਈ ਰਾਜਸੀ ਪ੍ਰਵਾਨਗੀ ਨਾ ਦੇਣ ਸਬੰਧੀ ਜਾਣੂ ਕਰਵਾਇਆ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਭਾਜਪਾ ਆਪਣੇ ਸਿਆਸੀ ਵਿਰੋਧੀਆਂ ਨਾਲ ਮਤਰੇਆ ਸਲੂਕ ਕਰ ਰਹੀ ਹੈ। ਧਿਆਨ ਰਹੇ ਕਿ ਵਿਦੇਸ਼ ਮੰਤਰਾਲਾ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਹੋਰਨਾਂ ਮੰਤਰੀਆਂ ਨੂੰ ਵਿਦੇਸ਼ ਜਾਣ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਚੁੱਕਾ ਹੈ। 

 

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਕੈਬਨਿਟ ਮੀਟਿੰਗ ਹੋਈ ਹੈ। ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੀਟਿੰਗ ਵਿਚ ਲਏ ਗਏ ਫੈਸਲਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬ ਕੈਬਨਿਟ ਨੇ ਸੂਬੇ ਦੇ ਸਾਰੇ 154 ਬਲਾਕਾਂ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਹੈ।  ਉਨ੍ਹਾਂ ਦੱਸਿਆ ਕਿ ਇਹ ਪੁਨਰਗਠਨ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋਇਆ ਸੀ। ਇਸੇ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਬੀ.ਬੀ.ਐਮ.ਬੀ. ਨਾਲ ਸਬੰਧਿਤ ਸਾਰੇ ਡੈਮਾਂ ਦੀ ਸੁਰੱਖਿਆ ਪੰਜਾਬ ਪੁਲਿਸ ਹੀ ਕਰੇਗੀ। ਦੱਸਣਯੋਗ ਹੈ ਕਿ ਇਸ ਸੰਬੰਧੀ ਹਾਲ ਹੀ ’ਚ ਸਮਾਪਤ ਹੋਏ ਵਿਧਾਨ ਸਭਾ ਸੈਸ਼ਨ ’ਚ ਵੀ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਸੀ.ਆਈ.ਐਸ.ਐਫ. ਦਾ ਕੋਈ ਖਰਚਾ ਪੰਜਾਬ ਸਰਕਾਰ ਨਹੀਂ ਉਠਾਏਗੀ। ਚੀਮਾ ਨੇ ਦੱਸਿਆ ਕਿ ਇਸ ਗੱਲ ’ਤੇ ਵੀ ਚਰਚਾ ਕੀਤੀ ਗਈ ਕਿ ਭਾਖੜਾ ਮੇਨ ਲਾਈਨ ਨਾਲ ਸੰਬੰਧਿਤ ਖਰਚੇ, ਜੋ ਪਿਛਲੇ 8 ਸਾਲਾਂ ਤੋਂ ਹਰਿਆਣਾ ਸਰਕਾਰ ਨਹੀਂ ਦੇ ਰਹੀ ਸੀ, ਉਨ੍ਹਾਂ ਨੂੰ 113 ਕਰੋੜ ਰੁਪਏ ਦਾ ਬਿੱਲ ਭੇਜਿਆ ਗਿਆ ਹੈ।

ਮੁਹਾਲੀ ਦੀ ਈ.ਡੀ. ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ’ਚ ਲਿਆ ਫੈਸਲਾ

ਮੁਹਾਲੀ/ਬਿਊਰੋ ਨਿਊਜ਼  

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਵਿਸ਼ੇਸ਼ ਅਦਾਲਤ ਨੇ ਕਾਂਗਰਸ ਪਾਰਟੀ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਮੁੰਡੇ ਹਰਪ੍ਰੀਤ ਸਿੰਘ ਨੂੰ 2024 ਦੇ ਮਨੀ ਲਾਂਡਰਿੰਗ ਮਾਮਲੇ ਵਿਚ ਭਗੌੜਾ ਕਰਾਰ ਦੇ ਦਿੱਤਾ ਹੈ। ਅਦਾਲਤ ਨੇ ਹਰਪ੍ਰੀਤ ਸਿੰਘ ਦੀ ਜਾਇਦਾਦ ਦਾ ਬਿਉਰਾ ਵੀ ਮੰਗ ਲਿਆ ਹੈ ਤਾਂ ਕਿ ਕਾਨੂੰਨ ਮੁਤਾਬਕ ਉਸਦੀ ਜਾਇਦਾਦ ਦੀ ਕੁਰਕੀ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਅਦਾਲਤ ਦੇ ਆਦੇਸ਼ ਦੀ ਕਾਪੀ ਹਰਪ੍ਰੀਤ ਸਿੰਘ ਦੇ ਅਮਲੋਹ ਸਥਿਤ ਘਰ ’ਤੇ ਚਿਪਕਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਈਡੀ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਸੀ। ਧਰਮਸੋਤ ’ਤੇ ਆਰੋਪ ਸੀ ਕਿ ਉਨ੍ਹਾਂ ਨੇ ਜੰਗਲਾਤ ਵਿਭਾਗ ’ਚ ਭਿ੍ਰਸ਼ਟਾਚਾਰ ਅਤੇ ਗੈਰਕਾਨੂੰਨੀ ਕਮਾਈ ਦੇ ਜ਼ਰੀਏ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਸੀ। ਫਿਲਹਾਲ ਸਾਧੂ ਸਿੰਘ ਧਰਮਸੋਤ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲੀ ਹੋਈ ਹੈ।  ਦੱਸਣਯੋਗ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ। 

 

ਮਾਨ ਨੇ ਪਿਛਲੀਆਂ ਸਰਕਾਰਾਂ ’ਤੇ ਚੁੱਕੇ ਸਵਾਲ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਟੈਗੋਰ ਥੀਏਟਰ ਵਿਚ ਜੰਗਲਾਤ ਵਿਭਾਗ ਦੇ 942 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ’ਚ ਪੁਰਾਣੀਆਂ ਸਰਕਾਰਾਂ ’ਤੇ ਵੀ ਸਵਾਲ ਚੁੱਕੇ। ਸੀਐਮ ਮਾਨ ਨੇ ਕਿਹਾ ਪਿਛਲੀਆਂ ਸਰਕਾਰਾਂ ਨੇ ਸਿਰਫ ਖੁਦ ਦੇ ਫਾਇਦਿਆਂ ਲਈ ਹੀ ਕੰਮ ਕੀਤੇ ਅਤੇ ਜਨਤਾ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਲਗਾਤਾਰ ਨੌਕਰੀਆਂ ਦੇ ਰਹੇ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਨਵੇਂ ਨਿਯੁਕਤ ਉਮੀਦਵਾਰ ਹੋਰ ਵੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਦੁੱਖ-ਸੁੱਖ ਵਿਚ ਇਨ੍ਹਾਂ ਉਮੀਦਵਾਰਾਂ ਨਾਲ ਖੜ੍ਹੀ ਹੋਵੇਗੀ।   

 

ਵਿਜੀਲੈਂਸ ਦੀ ਕਾਰਵਾਈ ’ਚ ਰੁਕਾਵਟ ਪਾਉਣ ਦੇ ਲੱਗੇ ਇਲਜ਼ਾਮ

ਚੰਡੀਗੜ੍ਹ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਅੰਮਿ੍ਰਤਸਰ ਦੀ ਪੁਲਿਸ ਵਲੋਂ ਇਕ ਹੋਰ ਪਰਚਾ ਦਰਜ ਕੀਤਾ ਗਿਆ ਹੈ। ਮਜੀਠੀਆ ਖਿਲਾਫ ਇਹ ਪਰਚਾ ਪੁਲਿਸ ਕਰਮਚਾਰੀਆਂ ਨਾਲ ਹੱਥੋਪਾਈ ਕਰਨ ਅਤੇ ਵਿਜੀਲੈਂਸ ਦੀ ਕਾਰਵਾਈ ਵਿਚ ਰੁਕਾਵਟ ਪਾਉਣ ਦੇ ਲੱਗੇ ਇਲਜ਼ਾਮ ਤਹਿਤ ਦਰਜ ਹੋਇਆ ਹੈ। ਦੱਸਣਯੋਗ ਹੈ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਮਜੀਠੀਆ ਨਾਭਾ ਦੀ ਜੇਲ੍ਹ ਵਿਚ ਬੰਦ ਹੈ। ਹੁਣ ਨਵਾਂ ਕੇਸ ਦਰਜ ਹੋਣ ਨਾਲ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੀ ਵਧ ਸਕਦੀਆਂ ਹਨ। 

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਨਾਭਾ ਦੀ ਜੇਲ੍ਹ ’ਚ ਬੰਦ ਹਨ ਅਤੇ ਹਾਈਕੋਰਟ ਨੇ ਮਜੀਠੀਆ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਦਿੱਤੀ ਹੈ। ਮਜੀਠੀਆ ਦੀ ਗਿ੍ਰਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਅੱਜ ਸੁਣਵਾਈ ਹੋਈ। ਮਜੀਠੀਆ ਦੇ ਵਕੀਲਾਂ ਵਲੋਂ ਪਟੀਸ਼ਨ ਵਿਚ ਸੋਧ ਲਈ ਹੋਰ ਸਮਾਂ ਮੰਗਣ ਤੋਂ ਬਾਅਦ, ਅਦਾਲਤ ਨੇ ਕੇਸ ਦੀ ਸੁਣਵਾਈ 26 ਅਗਸਤ ਤੱਕ ਮੁਲਤਵੀ ਕਰ ਦਿੱਤੀ। ਧਿਆਨ ਰਹੇ ਕਿ ਲੰਘੀ 25 ਜੂਨ ਨੂੰ ਵਿਜੀਲੈਂਸ ਵਲੋਂ ਮਜੀਠੀਆ ਨੂੰ ਉਨ੍ਹਾਂ ਦੇ ਅੰਮਿ੍ਰਤਸਰ ’ਚ ਸਥਿਤ ਘਰ ’ਚੋਂ ਗਿ੍ਰਫਤਾਰ ਕੀਤਾ ਗਿਆ ਸੀ। ਸਰਕਾਰ ਦਾ ਦਾਅਵਾ ਹੈ ਕਿ ਮਜੀਠੀਆ ਵਿਰੁੱਧ ਪੁਖਤਾ ਸਬੂਤ ਹਨ ਅਤੇ ਇਸ ਤਹਿਤ ਪੰਜਾਬ, ਹਿਮਾਚਲ, ਦਿੱਲੀ ਅਤੇ ਯੂਪੀ ਵਿਚ ਉਨ੍ਹਾਂ ਦੀ ਜਾਇਦਾਦ ਦੀ ਜਾਂਚ ਲਈ ਛਾਪੇਮਾਰੀ ਕੀਤੀ ਗਈ ਹੈ। ਮਜੀਠੀਆ ਦੇ ਵਕੀਲ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਮਾਮਲਾ ਦੱਸ ਰਹੇ ਹਨ।  

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.