Thursday, 23 April 2026

 

ਲਗਾਤਾਰ ਪੈ ਰਹੇ ਮੀਂਹ ਤੇ ਅਗਲੇ ਦਿਨਾਂ ’ਚ ਮੌਸਮ ਖਰਾਬ ਰਹਿਣ ਕਰਕੇ ਮੈਨੇਜਮੈਂਟ ਟਰੱਸਟ ਨੇ ਲਿਆ ਫੈਸਲਾ 

ਅੰਮਿ੍ਰਤਸਰ/ਬਿਊਰੋ ਨਿਊਜ਼ 

ਉੱਤਰਾਖੰਡ ਵਿਚ ਲਗਾਤਾਰ ਪੈ ਰਹੇ ਮੀਂਹ ਅਤੇ ਅਗਲੇ ਦਿਨਾਂ ਵਿਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੋ ਦਿਨ 13 ਅਤੇ 14 ਅਗਸਤ ਲਈ ਰੋਕ ਦਿੱਤੀ ਗਈ ਹੈ। ਭਾਰੀ ਮੀਂਹ ਦੀ ਸੰਭਾਵਨਾ ਕਰਕੇ ਸੂਬੇ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਹੈ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਅਗਲੇ ਕੁਝ ਦਿਨ ਲਗਾਤਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਕਾਰਨ ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬਦਰੀਨਾਥ ਮਾਰਗ ਨੂੰ ਦੋ ਦਿਨਾਂ ਲਈ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸਦੇ ਚੱਲਦਿਆਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੋ ਦਿਨਾਂ ਲਈ ਰੋਕ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੂਆਂ ਨੂੰ ਗੁਰਦੁਆਰਾ ਰਿਸ਼ੀਕੇਸ਼ ਵਿਖੇ ਹੀ ਇਸ ਸਬੰਧੀ ਸੂਚਨਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਉਥੇ ਹੀ ਰੁਕਣ ਲਈ ਆਖਿਆ ਗਿਆ ਹੈ।

 

ਸ਼ਿਮਲਾ/ਬਿਊਰੋ ਨਿਊਜ਼  

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ ਹੀ ਪਰਿਵਾਰ ਦੇ 4 ਜੀਆਂ ਸਣੇ 6 ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਕਾਰ ਆਪਣਾ ਸੰਤੁਲਣ ਗੁਆ ਬੈਠੀ ਤੇ ਕਰੀਬ 500 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਦੌਰਾਨ ਕਾਰ ’ਚ ਸਵਾਰ ਦੋ ਪੁਰਸ਼, ਦੋ ਮਹਿਲਾਵਾਂ ਅਤੇ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ’ਤੇ ਪੁੱਜੀ ਤੇ ਮਿ੍ਰਤਕ ਵਿਅਕਤੀਆਂ ਨੂੰ ਬਾਹਰ ਕੱਢਿਆ। ਇਸਦੇ ਨਾਲ ਹੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਡਰਾਈਵਰ ਹੇਮਪਾਲ ਭਾਰਤੀ ਫੌਜ ਵਿਚ ਸੇਵਾ ਨਿਭਾਅ ਰਿਹਾ ਸੀ ਅਤੇ 15 ਦਿਨ ਪਹਿਲਾਂ ਹੀ ਛੁੱਟੀ ’ਤੇ ਘਰ ਆਇਆ ਸੀ।

ਲੋਕ ਸਭਾ ’ਚ ਜਸਟਿਸ ਵਰਮਾ ਖਿਲਾਫ ਮਹਾਦੋਸ਼ ਦਾ ਮਤਾ ਮਨਜੂਰ

ਨਵੀਂ ਦਿੱਲੀ/ਬਿਊਰੋ ਨਿਊਜ਼

ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਨਕਦੀ ਘੁਟਾਲੇ ਦੇ ਮਾਮਲੇ ਵਿਚ ਇਲਾਹਾਬਾਦ ਹਾਈਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਵਿਰੁੱਧ ਮਹਾਂਦੋਸ਼ ਦੇ ਮਤੇ ਨੂੰ ਮਨਜੂਰੀ ਦੇ ਦਿੱਤੀ ਹੈ। ਸਪੀਕਰ ਨੇ ਕਿਹਾ ਕਿ ਮੈਨੂੰ ਰਵੀ ਸ਼ੰਕਰ ਪ੍ਰਸਾਦ ਅਤੇ ਵਿਰੋਧੀ ਧਿਰ ਦੇ ਨੇਤਾ ਸਣੇ 146 ਮੈਂਬਰਾਂ ਦੇ ਦਸਤਖਤਾਂ ਵਾਲਾ ਮਤਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਮਤਾ ਯਸ਼ਵੰਤ ਵਰਮਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਾ ਹੈ ਅਤੇ ਇਸ ਮਤੇ ਨੂੰ ਸਵੀਕਾਰ ਕਰ ਲਿਆ ਗਿਆ ਹੈ। ਇਸੇ ਦੌਰਾਨ ਸਪੀਕਰ ਓਮ ਬਿਰਲਾ ਨੇ ਯਸ਼ਵੰਤ ਵਰਮਾ ਖਿਲਾਫ ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਐਲਾਨ ਦਿੱਤੀ ਹੈ। ਸੁਪਰੀਮ ਕੋਰਟ ਦੇ ਜੱਜ ਅਰਵਿੰਦ ਕੁਮਾਰ, ਮਦਰਾਸ ਹਾਈਕੋਰਟ ਦੇ ਚੀਫ ਜਸਟਿਸ ਮਨਿੰਦਰ ਮੋਹਨ ਸ੍ਰੀਵਾਸਤਵ ਅਤੇ ਕਾਨੂੰਨਦਾਨ ਬੀ.ਵੀ. ਆਚਾਰੀਆ ਜਸਟਿਸ ਵਰਮਾ ਵਿਰੁੱਧ ਦੋਸ਼ਾਂ ਦੀ ਜਾਂਚ ਕਰਨਗੇ। ਜ਼ਿਕਰਯੋਗ ਹੈ ਕਿ ਜਸਟਿਸ ਵਰਮਾ ਨੂੰ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਸਰਕਾਰੀ ਨਿਵਾਸ ਦੇ ਸਟੋਰ ਰੂਮ ਵਿਚ ਭਾਰੀ ਮਾਤਰਾ ਵਿਚ ਨਕਦੀ ਦੀ ਬਰਾਮਦਗੀ ਲਈ ਦੋਸ਼ੀ ਠਹਿਰਾਇਆ ਗਿਆ ਸੀ। ਭਾਰਤ ਦੇ ਸਾਬਕਾ ਚੀਫ ਜਸਟਿਸ ਸੰਜੀਵ ਖੰਨਾ ਨੇ 8 ਮਈ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਜਸਟਿਸ ਖੰਨਾ ਨੂੰ ਅਹੁਦੇ ਤੋਂ ਹਟਾਉਣ ਦੀ ਸਿਫਾਰਸ਼ ਕੀਤੀ ਸੀ।  

 

ਹਰਿਆਣਾ ਦੀ ਸੰਗਤ ਲਈ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸਰਾਂ ਬਣਾਉਣ ਲਈ ਮੰਗੀ ਜ਼ਮੀਨ 

ਅੰਮਿ੍ਰਤਸਰ/ਬਿਊਰੋ ਨਿਊਜ਼  

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੱਤਰ ਲਿਖ ਕੇ ਹਰਿਆਣਾ ਦੀਆਂ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਦੋ ਏਕੜ ਜ਼ਮੀਨ ਹਰਿਆਣਾ ਕਮੇਟੀ ਨੂੰ ਦੇਣ ਦੀ ਅਪੀਲ ਕੀਤੀ ਹੈ। ਪ੍ਰਧਾਨ ਧਾਮੀ ਦੇ ਨਾਮ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੂੰ ਦਿੱਤੇ ਗਏ ਪੱਤਰ ਵਿਚ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਾਂਗ ਹਰਿਆਣਾ ਸੂਬੇ ਤੋਂ ਵੀ ਸਿੱਖ ਸੰਗਤਾਂ ਵੱਡੀ ਗਿਣਤੀ ਵਿਚ ਦਰਸ਼ਨ ਦੀਦਾਰੇ ਕਰਨ ਲਈ ਆਉਂਦੀਆਂ ਹਨ, ਪਰ ਸੰਗਤਾਂ ਦੀ ਰਿਹਾਇਸ਼ ਲਈ ਬਹੁਤ ਦਿੱਕਤ ਆਉਂਦੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਦੋ ਏਕੜ ਜ਼ਮੀਨ ਸਰਾਂ ਬਣਾਉਣ ਲਈ ਹਰਿਆਣਾ ਕਮੇਟੀ ਨੂੰ ਦੇਵੇ। ਉਧਰ ਦੂਜੇ ਪਾਸੇ ਹਰਿਆਣਾ ਦੀ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਸਥਿਤ ਵਿਰਾਸਤ ਏ ਖਾਲਸਾ ਦੀ ਤਰਜ਼ ’ਤੇ ਕੁਰੂਕਸ਼ੇਤਰ ਵਿਚ ਵੀ ਸਿੱਖ ਅਜਾਇਬ ਘਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ।

ਰਾਹੁਲ, ਪਿ੍ਰਅੰਕਾ, ਖੜਗੇ ਤੇ ਅਖਿਲੇਸ਼ ਨੂੰ ਹਿਰਾਸਤ ’ਚ ਲੈਣ ਮਗਰੋਂ ਕੀਤਾ ਰਿਹਾਅ

ਨਵੀਂ ਦਿੱਲੀ/ਬਿਊਰੋ ਨਿਊਜ਼ 

ਵੋਟਰ ਵੈਰੀਫਿਕੇਸ਼ਨ ਅਤੇ ਚੋਣਾਂ ਵਿਚ ਵੋਟ ਚੋਰੀ ਦੇ ਆਰੋਪ ’ਤੇ ਵਿਰੋਧੀ ਧਿਰ ਦੇ 300 ਦੇ ਕਰੀਬ ਸੰਸਦ ਮੈਂਬਰਾਂ ਨੇ ਸੰਸਦ ਤੋਂ ਚੋਣ ਕਮਿਸ਼ਨ ਦੇ ਦਫਤਰ ਤੱਕ ਰੋਸ ਮਾਰਚ ਕੱਢਿਆ। ਇਸ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ, ਮਲਿਕ ਅਰਜੁਨ ਖੜਗੇ ਅਤੇ ਅਖਿਲੇਸ਼ ਯਾਦਵ ਸਣੇ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਪੁਲਿਸ ਇਨ੍ਹਾਂ ਸੰਸਦ ਮੈਂਬਰਾਂ ਨੂੰ ਪੁਲਿਸ ਸਟੇਸ਼ਨ ਲੈ ਗਈ, ਜਿਥੋਂ ਦੋ ਘੰਟਿਆਂ ਬਾਅਦ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸੰਵਿਧਾਨ ਬਚਾਉਣ ਦੀ ਲੜਾਈ ਹੈ। ਜਦਕਿ ਪਿ੍ਰਅੰਕਾ ਗਾਂਧੀ ਦਾ ਕਹਿਣਾ ਸੀ ਕਿ ਇਹ ਸਰਕਾਰ ਡਰੀ ਹੋਈ ਹੈ ਅਤੇ ਕਾਇਰ ਹੈ।  

ਨਵੀਂ ਦਿੱਲੀ/ਬਿਊਰੋ ਨਿਊਜ਼ 

ਕਾਂਗਰਸੀ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤ ਦੇ ਚੋਣ ਕਮਿਸ਼ਨ ’ਤੇ ਸਵਾਲ ਚੁੱਕਦਿਆਂ ਵੱਡਾ ਦਾਅਵਾ ਕੀਤਾ ਹੈ। ਰਾਹੁਲ ਨੇ ਕਰਨਾਟਕ ਦੇ ਇਕ ਵਿਧਾਨ ਸਭਾ ਹਲਕੇ ਦਾ ਹਵਾਲਾ ਦਿੰਦੇ ਹੋਏ ਆਰੋਪ ਲਗਾਇਆ ਕਿ ਵੋਟਰ ਸੂੁਚੀਆਂ ਵਿਚ ਵੱਡੇ ਪੱਧਰ ’ਤੇ ਹੇਰਾਫੇਰੀ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਇਆ ਗਿਆ। ਰਾਹੁਲ ਨੇ ‘ਵੋਟ ਚੋਰੀ’ ਦੇ ਸਿਰਲੇਖ ਹੇਠ ਮੀਡੀਆ ਅੱਗੇ ਕਰਨਾਟਕ ਦੇ ਇਕ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਦੇ ਅੰਕੜੇ ਰੱਖਦੇ ਹੋਏ ਹੇਰਾਫੇਰੀ ਹੋਣ ਦਾ ਦਾਅਵਾ ਕੀਤਾ ਹੈ। ਉਹਨਾਂ ਕਿਹਾ ਕਿ ‘ਚੋਣ ਹੇਰਾਫੇਰੀ’ ਦੇ ਸਬੂਤ ਇਕੱਠੇ ਕਰਨ ਵਿਚ ਛੇ ਮਹੀਨਿਆਂ ਦਾ ਸਮਾਂ ਲੱਗਾ ਹੈ। ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਚੋਣ ਕਮਿਸ਼ਨ ‘ਵੋਟ ਚੋਰੀ’ ਵਿਚ ਸ਼ਾਮਲ ਹੈ ਅਤੇ ਉਨ੍ਹਾਂ ਕੋਲ ਇੰਨੇ ਪੱਕੇ ਸਬੂਤ ਹਨ, ਜੋ ਐਟਮ ਬੰਬ ਵਾਂਗ ਹਨ। ਉਨ੍ਹਾਂ ਕਿਹਾ ਸੀ ਕਿ ਚੋਣ ਕਮਿਸ਼ਨ ਨੂੰ ਮੂੰਹ ਲੁਕਾਉਣ ਲਈ ਕੋਈ ਥਾਂ ਨਹੀਂ ਮਿਲੇਗੀ। ਇਸਦੇ ਚੱਲਦਿਆਂ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਆਰੋਪਾਂ ਨੂੰ ਬੇਬੁਨਿਆਦ ਅਤੇ ਨਿੰਦਣਯੋਗ ਕਰਾਰ ਦਿੱਤਾ ਸੀ।

ਏਅਰਲਾਈਨ ਨੇ ਇਸ ਨੂੰ ਤਕਨੀਕੀ ਖਰਾਬੀ ਦੱਸਿਆ

ਚੇਨਈ/ਬਿਊਰੋ ਨਿਊਜ਼ 

ਤਿਰੂਵਨੰਤਪੁਰਮ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਐਤਵਾਰ ਰਾਤ ਨੂੰ ਚੇਨਈ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਏਅਰਲਾਈਨ ਨੇ ਇਸ ਐਮਰਜੈਂਸੀ ਲੈਂਡਿੰਗ ਨੂੰ ਤਕਨੀਕੀ ਗੜਬੜੀ ਅਤੇ ਖਰਾਬ ਮੌਸਮ ਦੱਸਿਆ ਹੈ। ਏਅਰ ਟਰੈਫਿਕ ਟਰੈਕਿੰਗ ਵੈਬਸਾਈਟ ਫਲਾਈਟ ਰਡਾਰ 24 ਦੇ ਅਨੁਸਾਰ ਫਲਾਈਟ ਨੇ ਐਤਵਾਰ ਸ਼ਾਮੀਂ 8 ਵੱਜ ਕੇ 17 ਮਿੰਟ ’ਤੇ ਉਡਾਨ ਭਰੀ ਸੀ ਅਤੇ ਇਸ ਫਲਾਈਟ ਨੇ 10 ਵੱਜ ਕੇ 45 ਮਿੰਟ ’ਤੇ ਦਿੱਲੀ ਪਹੁੰਚਣਾ ਸੀ। ਇਸ ਫਲਾਈਟ ਵਿਚ ਮੌਜੂਦ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਐਕਸ ’ਤੇ ਲਿਖਿਆ ਕਿ ਚੇਨਈ ਵਿਚ ਜਦੋਂ ਐਮਰਜੈਂਸੀ ਲੈਂਡਿੰਗ ਦੀ ਪਹਿਲੀ ਕੋਸ਼ਿਸ਼ ਹੋਈ ਤਾਂ ਸਾਹਮਣੇ ਦੂਸਰਾ ਜਹਾਜ਼ ਖੜ੍ਹਾ ਸੀ। ਪਾਈਲਟ ਜਹਾਜ਼ ਨੂੰ ਦੁਬਾਰਾ ਹਵਾ ਵਿਚ ਲੈ ਗਿਆ ਅਤੇ ਦੂਜੀ ਕੋਸ਼ਿਸ਼ ਵਿਚ ਸੁਰੱਖਿਅਤ ਲੈਂਡਿੰਗ ਹੋ ਸਕੀ। ਵੇਣੂਗੋਪਾਲ ਨੇ ਲਿਖਿਆ ਕਿ ਫਲਾਈਟ ਵਿਚ ਕਈ ਸੰਸਦ ਮੈਂਬਰ ਅਤੇ ਕਈ ਹੋਰ ਯਾਤਰੀ ਸਵਾਰ ਸਨ। ਉਨ੍ਹਾਂ ਕਿਹਾ ਕਿ ਫਲਾਈਟ ਹਾਦਸੇ ਦੇ ਬਿਲਕੁਲ ਨੇੜੇ ਪਹੁੰਚ ਗਈ ਸੀ ਅਤੇ ਇਕ ਵੱਡਾ ਹਾਦਸਾ ਟਲਿਆ ਹੈ। ਵੇਣੂਗੋਪਾਲ ਦੇ ਇਸ ਦਾਅਵੇ ਨੂੰ ਏਅਰ ਇੰਡੀਆ ਨੇ ਖਾਰਜ ਕਰ ਦਿੱਤਾ ਹੈ। 

 

 

 

ਘੱਗਰ ’ਚ ਵੀ ਪਾਣੀ ਦਾ ਪੱਧਰ ਵਧਣ ਕਰਕੇ ਪਟਿਆਲਾ ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

ਚੰਡੀਗੜ੍ਹ/ਬਿਊਰੋ ਨਿਊਜ਼

ਹਿਮਾਚਲ ਵਿਚ ਮਾਨਸੂਨ ਦੇ ਮੀਂਹ ਨੇ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਇਸੇ ਦੌਰਾਨ ਕਿਨੌਰ ਜ਼ਿਲ੍ਹੇ ਵਿਚ ਸਲਾਨਾ ਹੋਣ ਵਾਲੀ ਕਿੰਨਰ ਕੈਲਾਸ਼ ਯਾਤਰਾ ’ਤੇ ਗਏ ਦੋ ਸ਼ਰਧਾਲੂਆਂ ਦੀ ਹੜ੍ਹ ਦੇ ਪਾਣੀ ਵਿਚ ਰੁੜਨ ਕਾਰਨ ਮੌਤ ਹੋ ਗਈ ਹੈ। ਇਸਦੇ ਚੱਲਦਿਆਂ ਕੈਲਾਸ਼ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ’ਤੇ ਵੀ ਲੈਂਡ ਸਲਾਈਡ ਹੋਈ ਹੈ ਅਤੇ ਸੜਕਾਂ ’ਤੇ ਵੱਡੀਆਂ-ਵੱਡੀਆਂ ਚਟਾਨਾਂ ਡਿੱਗਣ ਕਾਰਨ ਸੂਬੇ ਦੀਆਂ 500 ਤੋਂ ਜ਼ਿਆਦਾ ਸੜਕਾਂ ਬੰਦ ਹਨ। ਇਸੇ ਦੌਰਾਨ ਪੰਜਾਬ ਦੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪਟਿਆਲਾ ਦੇ ਪ੍ਰਸ਼ਾਸਨ ਨੇ ਘੱਗਰ ਦੇ ਨੇੜਲੇ ਪਿੰਡਾਂ ਨੂੰ ਚੌਕਸ ਕਰਦਿਆਂ ਅਲਰਟ ਜਾਰੀ ਕਰ ਦਿੱਤਾ ਹੈ। 

ਕਿਹਾ : ਇਲੈਕਸ਼ਨ ਕਮਿਸ਼ਨ ਡਾਟਾ ਦੇਵੇ ਤਾਂ ਸਾਬਤ ਕਰ ਦਿਆਂਗੇ

ਨਵੀਂ ਦਿੱਲੀ/ਬਿਊਰੋ ਨਿਊਜ਼

ਕਾਂਗਰਸੀ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ 25 ਸੀਟਾਂ ਦੇ ਮਾਰਜਨ ਨਾਲ ਪ੍ਰਧਾਨ ਮੰਤਰੀ ਬਣੇ ਹਨ। ਰਾਹੁਲ ਨੇ ਕਿਹਾ ਕਿ 25 ਸੀਟਾਂ ਅਜਿਹੀਆਂ ਹਨ, ਜਿਥੇ ਭਾਜਪਾ ਨੇ 35 ਹਜ਼ਾਰ ਜਾਂ ਇਸ ਤੋਂ ਵੀ ਘੱਟ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਲੈਕਟ੍ਰਾਨਿਕ ਡੇਟਾ ਮਿਲ ਜਾਏ ਤਾਂ ਅਸੀਂ ਸਾਬਤ ਕਰ ਦਿਆਂਗੇ ਕਿ ਮੋਦੀ ਵੋਟਾਂ ਚੋਰੀ ਕਰਕੇ ਪ੍ਰਧਾਨ ਮੰਤਰੀ ਬਣੇ ਹਨ। ਰਾਹੁਲ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪਿਛਲੇ 10 ਸਾਲਾਂ ਦੀ ਦੇਸ਼ ਦੀ ਸਾਰੀ ਇਲੈਕਟ੍ਰੋਨਿਕ ਵੋਟਰ ਲਿਸਟ ਅਤੇ ਵੀਡੀਓਗ੍ਰਾਫੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੂੰ ਚੋਣ ਕਮਿਸ਼ਨ ਕੋਲੋਂ ਵੋਟਰਾਂ ਦਾ ਡੇਟਾ ਮੰਗਣਾ ਚਾਹੀਦਾ ਹੈ। ਰਾਹੁਲ ਨੇ ਕਰਨਾਟਕ ਦੇ ਬੈਂਗਲੁਰੂ ਵਿਚ ਫਰੀਡਮ ਪਾਰਕ ਵਿਚ ਆਯੋਜਿਤ ਕਾਂਗਰਸ ਪਾਰਟੀ ਦੀ ‘ਵੋਟ ਅਧਿਕਾਰ ਰੈਲੀ’ ਵਿਚ ਬੋਲਦਿਆਂ ਇਹ ਗੱਲ ਕਹੀ ਹੈ। ਇਸ ਰੈਲੀ ਵਿਚ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਵੀ ਹਾਜ਼ਰ ਸਨ।   

 

 

ਨਵੀਂ ਦਿੱਲੀ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਵਿਖੇ ਲੋਕ ਸਭਾ ’ਚ ਪਹੁੰਚ ਗਏ ਅਤੇ ਉਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਅਤੇ ਪੁਰਾਣੇ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ। ਸੀਐਮ ਮਾਨ ਨੇ ਕਿਹਾ ਕਿ ਸਾਡੇ ਸੰਸਦ ਮੈਂਬਰ ਸੰਜੇ ਸਿੰਘ ਤੇ ਹੋਰ ਸੰਸਦ ਮੈਂਬਰਾਂ ਨੇ ਕਿਹਾ ਕਿ ਤੁਸੀਂ ਦਿੱਲੀ ਆਏ ਹੋ ਤਾਂ ਸੰਸਦ ਭਵਨ ਵੀ ਚਲੋ। ਇਸ ਕਰਕੇ ਮੈਂ ਸੰਸਦ ਵਿਚ ਆ ਗਿਆ।  ਭਗਵੰਤ ਮਾਨ ਨੇ ਕਿਹਾ ਕਿ ਮੈਂ ਐਸ.ਵਾਈ.ਐਲ. ਦੇ ਮੁੱਦੇ ’ਤੇ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਆਇਆ ਸੀ। ਸੀਐਮ ਮਾਨ ਨੇ ਕਿਹਾ ਕਿ ਸਾਡੀ ਹਰਿਆਣਾ ਨਾਲ ਕੋਈ ਲੜਾਈ ਨਹੀਂ ਹੈ, ਪਰ ਸਾਡੇ ਕੋਲ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਸਬੰਧੀ ਵਿਵਾਦ ਉਦੋਂ ਤੋਂ ਚੱਲ ਰਿਹਾ, ਜਦੋਂ ਮੇਰੇ ਪਿਤਾ ਦੋ ਸਾਲਾਂ ਦੇ ਸਨ ਅਤੇ ਇਹ ਵਿਵਾਦ ਹੋਰ ਲੰਬਾ ਚੱਲਣ ਵਾਲਾ ਹੈ।

ਆਮ ਆਦਮੀ ਪਾਰਟੀ ਨੇ ਕਿਹਾ ਅਰਜੁਨ ਚੌਟਾਲਾ ਨੂੰ ਨਾ ਤਮੀਜ਼ ਅਤੇ ਨਾ ਗਿਆਨ

ਚੰਡੀਗੜ੍ਹ/ਬਿਊਰੋ ਨਿਊਜ਼  

ਹਰਿਆਣਾ ਵਿਚ ਸਿਰਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਨੀਆ ਤੋਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਰਜੁਨ ਚੌਟਾਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਭਿਵਾਨੀ ਦੇ ਬਵਾਨੀਖੇੜਾ ਵਿਚ ਦੌਰਾ ਕਰਨ ਪਹੁੰਚੇ ਅਰਜੁਨ ਚੌਟਾਲਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਪਿਆਕੜ ਕਾਂ ਹੈ। ਉਨ੍ਹਾਂ ਕਿਹਾ ਕਿ ਸੀਐਮ ਮਾਨ ਨੂੰ ਹੋਸ਼ ਵਿਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਪਤਾ ਨਹੀਂ ਹੈ ਕਿ ਉਹ ਕਿਹੜੀ ਗੱਲ ਕਰ ਦੇਵੇ। ਅਰਜੁਨ ਚੌਟਾਲਾ ਨੇ ਕਿਹਾ ਕਿ ਇਕ ਬੇਵੜਾ ਵਿਅਕਤੀ ਸੂਬੇ ਨੂੰ ਚਲਾ ਰਿਹਾ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਇਨੈਲੋ ਦੇ ਵਿਧਾਇਕ ਅਰਜੁਨ ਚੌਟਾਲਾ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਅਰਜੁਨ ਚੌਟਾਲਾ ਕੋਲ ਨਾ ਕੋਈ ਗਿਆਨ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਤਮੀਜ਼ ਹੈ। ਇਸੇ ਦੌਰਾਨ ਹਰਿਆਣਾ ਵਿਚ ‘ਆਪ’ ਦੇ ਪ੍ਰਧਾਨ ਸੁਸ਼ੀਲ ਗੁਪਤਾ ਨੇ ਵੀ ਆਰੋਪ ਲਗਾਇਆ ਕਿ ਅਰਜੁਨ ਚੌਟਾਲਾ ਨੌਕਰੀਆਂ ਵਿਚ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਜੇਲ੍ਹ ਜਾ ਚੁੱਕੇ ਹਨ। 

 

ਕਿਹਾ : ਟਰੰਪ ਦਾ ਸਾਹਮਣਾ ਨਹੀਂ ਕਰ ਰਹੇ ਮੋਦੀ

ਨਵੀਂ ਦਿੱਲੀ/ਬਿਊਰੋ ਨਿਊਜ਼  

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਧਮਕੀਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣਾ ਨਹੀਂ ਕਰ ਰਹੇ। ਰਾਹੁਲ ਨੇ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਅਡਾਨੀ ਦੇ ਖਿਲਾਫ ਅਮਰੀਕਾ ਵਿਚ ਜਾਂਚ ਚੱਲ ਰਹੀ ਹੈ ਅਤੇ ਅਜਿਹੇ ਵਿਚ ਮੋਦੀ ਦੇ ਹੱਥ ਬੰਨੇ ਹੋਏ ਹਨ। ਰਾਹੁਲ ਨੇ ਕਿਹਾ ਕਿ ਮੋਦੀ ਦਾ ਅਡਾਨੀ ਅਤੇ ਅੰਬਾਨੀ ਨਾਲ ਕੀ ਸਬੰਧ ਹੈ, ਇਹ ਉਜਾਗਰ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਮਰੀਕਾ ਵਿਚ ਅਡਾਨੀ ਸਣੇ 8 ਵਿਅਕਤੀਆਂ ’ਤੇ ਅਰਬਾਂ ਰੁਪਏ ਦੀ ਧੋਖਾਧੜੀ ਦੇ ਆਰੋਪ ਲੱਗੇ ਸਨ। ਅਮਰੀਕੀ ਅਟਾਰਨੀ ਦਫਤਰ ਦੇ ਆਰੋਪ ਪੱਤਰ ਮੁਤਾਬਕ ਅਡਾਨੀ ਦੀ ਕੰਪਨੀ ਨੇ ਭਾਰਤ ਵਿਚ ਰਿਊਨੇਬਲ ਐਨਰਜੀ ਦੇ ਪ੍ਰੋਜੈਕਟ ਗਲਤ ਤਰੀਕੇ ਨਾਲ ਹਾਸਲ ਕੀਤੇ ਸਨ। ਇਸਦੇ ਲਈ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਆਰੋਪ ਲੱਗੇ ਸਨ ਅਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.