Thursday, 23 April 2026

ਭਾਰਤੀ ਟੀਮ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਜਿੱਤਿਆ ਹੈ ਏਸ਼ੀਆ ਕੱਪ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਪ੍ਰੀਤ ਸਿੰਘ ਨੇ ‘ਹੀਰੋ ਏਸ਼ੀਆ ਕੱਪ 2025’ ਦੀ ਜਿੱਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮਰਪਿਤ ਕੀਤੀ ਹੈ। ਮੈਚ ਜਿੱਤਣ ਤੋਂ ਬਾਅਦ ਮਨਪ੍ਰੀਤ ਨੇ ਕਿਹਾ ਕਿ ਮੈਂ ਇਸ ਜਿੱਤ ਨੂੰ ਪੰਜਾਬ ਦੇ ਵਿਅਕਤੀਆਂ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ, ਜੋ ਵਿਨਾਸ਼ਕਾਰੀ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜਿੱਤ ਹਰ ਪੀੜਤ ਲਈ ਹੈ, ਜੋ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਨੇ ਲੰਘੇ ਕੱਲ੍ਹ ਐਤਵਾਰ ਨੂੰ ਬਿਹਾਰ ਦੇ ਰਾਜਗੀਰ ’ਚ ਖੇਡੇ ਗਏ ਫਾਈਨਲ ਮੈਚ ਵਿਚ ਦੱਖਣੀ ਕੋਰੀਆ ਨੂੰ ਹਰਾ ਕੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਸੀ। ਇਸਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ ਅਗਲੇ ਸਾਲ ਖੇਡੇ ਜਾਣ ਵਾਲੇ ਵਰਲਡ ਕੱਪ ਲਈ ਕੁਆਲੀਫਾਈ ਵੀ ਕੀਤਾ ਹੈ। ਉਧਰ ਦੂਜੇ ਪਾਸੇ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਚੀਨ ਦੇ ਹਾਂਗਜੂ ਵਿਚ ਏਸ਼ੀਆ ਕੱਪ ਦੇ ਇਕ ਮੈਚ ’ਚ ਸਿੰਗਾਪੁਰ ਨੂੰ 12-0 ਨਾਲ ਹਰਾ ਦਿੱਤਾ ਹੈ। 

ਚੌਹਾਨ ਨੇ ਸੀਐਮ ਭਗਵੰਤ ਮਾਨ ਅਤੇ ਗੁਰਮੀਤ ਸਿੰਘ ਖੁੱਡੀਆਂ ਨਾਲ ਕੀਤੀ ਗੱਲਬਾਤ

ਚੰਡੀਗੜ੍ਹ/ਬਿਊਰੋ ਨਿਊਜ਼    

ਪੰਜਾਬ ਦੇ ਬਹੁਤ ਸਾਰੇ ਇਲਾਕੇ ਹੜ੍ਹਾਂ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਭਲਕੇ ਵੀਰਵਾਰ ਨੂੰ ਪੰਜਾਬ ਦਾ ਦੌਰਾ ਕਰਨਗੇ। ਚੌਹਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ ਅਤੇ ਸਥਿਤੀ ਦੀ ਜਾਣਕਾਰੀ ਲਈ ਹੈ। ਪੰਜਾਬ ਆ ਰਹੇ ਕੇਂਦਰੀ ਮੰਤਰੀਆਂ ਦੇ ਵਫਦ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਇਲਾਵਾ ਕੇਂਦਰੀ ਰੇਲ ਰਾਜ ਮੰਤਰੀ ਅਤੇ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਣਗੇ। ਧਿਆਨ ਰਹੇ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੀਐਮ ਭਗਵੰਤ ਮਾਨ ਨਾਲ ਫੋਨ ’ਤੇ ਗੱਲ ਕੀਤੀ ਸੀ। ਪਰ ਅਜੇ ਤੱਕ ਕੇਂਦਰ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਦਾ ਪੰਜਾਬ ਲਈ ਐਲਾਨ ਨਹੀਂ ਕੀਤਾ ਹੈ।

ਸੀਐਮ ਮਾਨ ਦੀ ਸਿਹਤ ਵਿਚ ਹੋ ਰਿਹਾ ਲਗਾਤਾਰ ਸੁਧਾਰ

ਮੁਹਾਲੀ/ਬਿਊਰੋ ਨਿਊਜ਼

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਲਈ ਪਹੁੰਚੇ। ਨਾਇਬ ਸਿੰਘ ਸੈਣੀ ਹਸਪਤਾਲ ਵਿੱਚ 25 ਮਿੰਟ ਦੇ ਕਰੀਬ ਠਹਿਰੇ ਅਤੇ ਉਨ੍ਹਾਂ ਭਗਵੰਤ ਮਾਨ ਦੀ ਸਿਹਤ ਦਾ ਹਾਲ ਪੁੱਛਿਆ। ਇਸ ਤੋਂ ਬਾਅਦ ਨਾਇਬ ਸੈਣੀ ਮੀਡੀਆ ਨਾਲ ਕੋਈ ਗੱਲ ਕਰੇ ਬਿਨਾਂ ਹਸਪਤਾਲ ਵਿੱਚੋਂ ਚਲੇ ਗਏ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਤਿੰਨ ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਆਮ ਆਦਮੀ ਪਾਰਟੀ ਦੇ ਕਈ ਆਗੂ ਜਿਨ੍ਹਾਂ ਵਿੱਚ ਮਨੀਸ਼ ਸਿਸੋਦੀਆ, ਰਾਜ ਸਭਾ ਮੈਂਬਰ ਸੰਜੇ ਸਿੰਘ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਸਣੇ ਕਈ ਮੰਤਰੀ ਤੇ ਵਿਧਾਇਕ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਸੀਐਮ ਭਗਵੰਤ ਮਾਨ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। 

ਪੀਐਮ ਮੋਦੀ ਨੇ ਕਿਹਾ ਸੀ - ਭਾਰਤ ਤੇ ਰੂਸ ਬੁਰੇ ਸਮੇਂ ਦੌਰਾਨ ਵੀ ਰਹੇ ਇਕੱਠੇ

ਨਵੀਂ ਦਿੱਲੀ/ਬਿਊਰੋ ਨਿਊਜ਼

ਰੂਸ ਅਤੇ ਭਾਰਤ ਵਿਚਾਲੇ ਐਸ-400 ਮਿਜ਼ਾਈਲ ਸਿਸਟਮ ਦੀ ਖਰੀਦ ਵਧਾਉਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਰੂਸ ਦੀ ਨਿਊਜ਼ ਏਜੰਸੀ ਨੇ ਇਕ ਸੀਨੀਅਰ ਡਿਫੈਂਸ ਅਫਸਰ ਦੇ ਹਵਾਲੇ ਨਾਲ ਦੱਸਿਆ ਕਿ ਰੂਸ ਭਾਰਤ ਨੂੰ ਐਸ-400 ਦੀ ਸਪਲਾਈ ਵਧਾਉਣ ਲਈ ਤਿਆਰ ਹੈ। ਇਸ ਤੋਂ ਪਹਿਲਾਂ 2018 ਵਿਚ ਭਾਰਤ ਨੇ ਰੂਸ ਨਾਲ ਪੰਜ ਐਸ-400 ਸਿਸਟਮ ਖਰੀਦਣ ਦੀ ਡੀਲ ਕੀਤੀ ਸੀ। ਇਹ ਡੀਲ 5.4 ਬਿਲੀਅਨ ਡਾਲਰ ਸੀ। ਇਸ ਵਿਚੋਂ ਹੁਣ ਤੱਕ ਭਾਰਤ ਨੂੰ ਤਿੰਨ ਐਸ-400 ਸਿਸਟਮ ਮਿਲ ਚੁੱਕੇ ਹਨ ਅਤੇ ਬਾਕੀ ਦੋ ਦੀ ਡਿਲਵਰੀ 2026-27 ਤੱਕ ਹੋਣ ਦੀ ਉਮੀਦ ਹੈ। ਦੱਸਿਆ ਗਿਆ ਕਿ ਇਹ ਉਹੀ ਡਿਫੈਂਸ ਸਿਸਟਮ ਹੈ, ਜਿਸ ਨੇ ਅਪਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਵਲੋਂ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਹਵਾ ਵਿਚ ਹੀ ਨਾਕਾਮ ਕਰ ਦਿੱਤਾ ਸੀ। ਧਿਆਨ ਰਹੇ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਗੱਲਬਾਤ ਹੋਈ ਸੀ। ਪੀਐਮ ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਰੂਸ ਬੁਰੇ ਸਮੇਂ ਵਿਚ ਵੀ ਇਕ-ਦੂਜੇ ਨਾਲ ਖੜ੍ਹੇ ਰਹੇ ਹਨ।

ਕਿਹਾ : ਪੀਐਮ ਮੋਦੀ ਪੰਜਾਬ ਫੇਰੀ ਦੌਰਾਨ ਤਸਵੀਰਾਂ ਖਿਚਾ ਕੇ ਹੀ ਨਾ ਮੁੜ ਜਾਣ

ਚੰਡੀਗੜ੍ਹ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਲਕੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ। ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰ ਸਰਕਾਰ ਕੋਲੋਂ ਪੰਜਾਬ ਲਈ 20 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਮੰਗਿਆ ਹੈ। ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਤੇ ਫੋਟੋਆਂ ਖਿਚਾ ਕੇ ਹੀ ਨਾ ਵਾਪਸ ਮੁੜ ਜਾਣ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਅਤੇ ਅਜਿਹੇ ਹਾਲਾਤ ਵਿਚ ਕੇਂਦਰ ਸਰਕਾਰ ਨੂੰ ਪੰਜਾਬ ਦੀ ਬਾਂਹ ਫੜਨੀ ਚਾਹੀਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲ ਪੰਜਾਬ ਦਾ ਪਹਿਲਾਂ ਹੀ 60 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਰਾਸ਼ੀ ਵੀ ਪਹਿਲ ਦੇ ਅਧਾਰ ’ਤੇ ਜਾਰੀ ਕਰਨੀ ਚਾਹੀਦੀ ਹੈ।

ਪੰਜਾਬ ’ਚ ਹੜ੍ਹਾਂ ਨੇ ਕੀਤਾ ਅਣਕਿਆਸਿਆ ਨੁਕਸਾਨ  

ਨਵੀਂ ਦਿੱਲੀ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਹੋਈ ਤਬਾਹੀ ’ਤੇ ਚਿੰਤਾ ਪ੍ਰਗਟ ਕੀਤੀ ਹੈ। ਰਾਹੁਲ ਨੇ ਇਸ ਔਖੀ ਘੜੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਨ੍ਹਾਂ ਸੂਬਿਆਂ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਰਾਹੁਲ ਨੇ ਕਿਹਾ ਕਿ ਇਸ ਆਫਤ ਕਾਰਨ ਇਨ੍ਹਾਂ ਸੂਬਿਆਂ ਦੀ ਸਥਿਤੀ ਬਹੁਤ ਭਿਆਨਕ ਹੋ ਗਈ ਹੈ ਅਤੇ ਲੋਕਾਂ ਦੀ ਜ਼ਿੰਦਗੀ ਵੀ ਖਤਰੇ ਵਿਚ ਪੈ ਗਈ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਨ੍ਹਾਂ ਪ੍ਰਭਾਵਿਤ ਸੂਬਿਆਂ ਲਈ ਖਾਸ ਕਰਕੇ ਕਿਸਾਨਾਂ ਦੇ ਹਿੱਤ ਵਿਚ ਇਕ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ 1988 ਤੋਂ ਬਾਅਦ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੁਣ ਫਿਰ ਪੰਜਾਬ ਵਿਚ ਹੜ੍ਹਾਂ ਨੇ ਅਣਕਿਆਸਿਆ ਨੁਕਸਾਨ ਕੀਤਾ ਹੈ।

ਹੜ੍ਹਾਂ ਦੀ ਲਪੇਟ ’ਚ ਆ ਚੁੱਕੇ ਹਨ ਸੂਬੇ ਦੇ 2 ਹਜ਼ਾਰ ਤੋਂ ਜ਼ਿਆਦਾ ਪਿੰਡ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਲੰਘੇ ਕਈ ਦਿਨਾਂ ਤੋਂ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਅਤੇ ਸੂਬੇ ਦੇ 2 ਹਜ਼ਾਰ ਤੋਂ ਜ਼ਿਆਦਾ ਪਿੰਡ ਹੜ੍ਹਾਂ ਦੀ ਲਪੇਟ ਵਿਚ ਆ ਚੁੱਕੇ ਹਨ। ਇਸਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਲਕੇ 9 ਸਤੰਬਰ ਦਿਨ ਮੰਗਲਵਾਰ ਨੂੰ ਸੂਬੇ ਦਾ ਦੌਰਾ ਕਰਨਗੇ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਦਿੱਤੀ ਗਈ ਹੈ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ ਆਏ ਹੜ੍ਹਾਂ ਨੂੰ ਲੈ ਕੇ ਕਾਫੀ ਚਿੰਤਤ ਹਨ ਅਤੇ ਇਸ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਪਹਿਲਾਂ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ ਤਾਂ ਜੋ ਪੰਜਾਬ ਦੀ ਲੋੜੀਂਦੀ ਮੱਦਦ ਕੀਤੀ ਜਾ ਸਕੇ। ਮਿਲੀ ਜਾਣਕਾਰੀ ਅਨੁਸਾਰ ਪੀਐਮ ਮੋਦੀ ਭਲਕੇ 9 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਪਠਾਨਕੋਟ ਪਹੁੰਚਣਗੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ’ਤੇ ਗੱਲ ਕਰਕੇ ਪੰਜਾਬ ਦੇ ਹਾਲਾਤ ਸਬੰਧੀ ਜਾਣਕਾਰੀ ਲਈ ਸੀ। 

ਦਿੱਲੀ ਦੇ ਸੀਐਮ ਦਫਤਰ ਵਿਚ ਹੋਈ ਹੈ ਇਹ ਮੁਲਾਕਾਤ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਹੈ। ਨਵੀਂ ਦਿੱਲੀ ਵਿਖੇ ਸੀ.ਐਮ. ਦਫਤਰ ਵਿਚ ਹੋਈ ਇਸ ਮੁਲਾਕਾਤ ਦੀ ਜਾਣਕਾਰੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਮੈਨੂੰ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਡੇਰਾ ਬਿਆਸ ਸੇਵਾ, ਦਇਆ ਅਤੇ ਮਾਨਤਵਤਾ ਦੇ ਉਨ੍ਹਾਂ ਸਦੀਵੀ ਮੁੱਲਾਂ ਦਾ ਪ੍ਰਤੀਕ ਹੈ, ਜੋ ਜੀਵਨ ਨੂੰ ਸਹੀ ਦਿਸ਼ਾ ਅਤੇ ਸਮਾਜ ਨੂੰ ਏਕਤਾ ਦਾ ਸੰਦੇਸ਼ ਦਿੰਦੇ ਹਨ। ਸੀਐਮ ਰੇਖਾ ਗੁਪਤਾ ਨੇ ਕਿਹਾ ਕਿ ਇਸ ਮੁਲਾਕਾਤ ਨੇ ਮੇਰੇ ਸੰਕਲਪ ਨੂੰ ਵੀ ਹੋਰ ਮਜ਼ਬੂਤ ਕੀਤਾ ਕਿ ਲੋਕ ਸੇਵਾ ਅਤੇ ਅਧਿਆਤਮਕ ਸੇਵਾ ਇਕ ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਹਾ ਕਿ ਇਹੀ ਰਸਤਾ ਸਾਡੇ ਰਾਸ਼ਟਰ ਅਤੇ ਸਮਾਜ ਨੂੰ ਅਸਲ ਖੁਸ਼ਹਾਲੀ ਅਤੇ ਭਲਾਈ ਵੱਲ ਲੈ ਜਾਂਦਾ ਹੈ। 

161 ਯਾਤਰੀਆਂ ਨੂੰ ਲੈ ਕੇ ਦਿੱਲੀ ਤੋਂ ਇੰਦੌਰ ਜਾ ਰਹੀ ਸੀ ਫਲਾਈਟ

ਨਵੀਂ ਦਿੱਲੀ/ਬਿਊਰੋ ਨਿਊਜ਼

ਅੱਜ ਇੰਦੌਰ ਹਵਾਈ ਅੱਡੇ ’ਤੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਿੱਲੀ ਤੋਂ ਆ ਰਹੇ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਦਾ ਇਕ ਇੰਜਣ ਹਵਾ ਵਿਚ ਹੀ ਰੁਕ ਗਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਇੰਦੌਰ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਜਹਾਜ਼ ਵਿਚ 161 ਯਾਤਰੀ ਸਵਾਰ ਸਨ ਅਤੇ ਜੋ ਸਾਰੇ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਕਿ ਉਡਾਣ ਦੌਰਾਨ ਅਚਾਨਕ ਜਹਾਜ਼ ਦੇ ਇਕ ਇੰਜਣ ਵਿਚ ਖਰਾਬੀ ਆ ਗਈ ਅਤੇ ਉਸ ਨੇ ਕੰਮ ਕਰਨਾ ਬੰਦ ਕਰ ਦਿੱਤਾ। ਪਾਇਲਟ ਨੇ ਤੁਰੰਤ ਜਹਾਜ਼ ਦੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਪਾਇਲਟ ਨੇ ਆਪਣੀ ਸਿਆਣਪ ਨਾਲ ਜਹਾਜ਼ ਦੀ ਸਫਲਤਾ ਪੂਰਵਕ ਲੈਂਡਿੰਗ ਕਰਵਾਈ ਅਤੇ ਯਾਤਰੀਆਂ ਦੀ ਜਾਨ ਬਚੀ। 

ਨਵੀਂ ਦਿੱਲੀ/ਬਿਊਰੋ ਨਿਊਜ਼ 

ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਭਰੇ ਸਮੇਂ ਵਿਚ ਪੰਜਾਬ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ। ਕੇਜਰੀਵਾਲ ਨੇ ਕਿਹਾ ਕਿ ਜਦੋਂ ਵੀ ਕੋਈ ਮੁਸੀਬਤ ਆਈ ਹੈ ਤਾਂ ਪੰਜਾਬ ਨੇ ਹਮੇਸ਼ਾ ਮੋਹਰੀ ਹੋ ਕੇ ਉਸ ਮੁਸੀਬਤ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਹੁਣ ਇਸ ਮੁਸ਼ਕਲ ਸਮੇਂ ਵਿਚ ਪੰਜਾਬ ਦੇ ਲੋਕਾਂ ਦੀ ਹਰ ਪੱਖੋਂ ਮੱਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਆਪਣੀ ਇਕ-ਇਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿਚ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਘਰ-ਘਰ ਜਾ ਕੇ ਪੰਜਾਬ ਦੇ ਹੜ੍ਹਾਂ ਪੀੜਤਾਂ ਲਈ ਰਾਹਤ ਸਮੱਗਰੀ ਇਕੱਠੀ ਕਰਨਗੇ। 

ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ 5 ਸਤੰਬਰ ਤੱਕ ਯਾਤਰਾ ’ਤੇ ਲੱਗੀ ਸੀ ਰੋਕ

ਅੰਮਿ੍ਰਤਸਰ/ਬਿਊਰੋ ਨਿਊਜ਼  

ਭਾਰੀ ਮੀਂਹ, ਬੱਦਲ ਫਟਣ ਅਤੇ ਢਿੱਗਾਂ ਡਿੱਗਣ ਕਾਰਨ ਉਤਰਾਖੰਡ ਵਿਚ ਵੱਖ-ਵੱਖ ਥਾਵਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਸੀ। ਜਿਸ ਕਰਕੇ ਉਤਰਾਖੰਡ ਸਰਕਾਰ ਵਲੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ 5 ਸਤੰਬਰ ਤੱਕ ਰੋਕ ਲਗਾ ਦਿੱਤੀ ਗਈ ਸੀ। ਇਹ ਯਾਤਰਾ ਹੁਣ ਮੁੜ ਸ਼ੁਰੂ ਹੋਣ ਜਾ ਰਹੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਉਤਰਾਖੰਡ ਸਰਕਾਰ ਵਲੋਂ ਯਾਤਰੀਆਂ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਯਾਤਰਾ 1 ਸਤੰਬਰ ਤੋਂ 5 ਸਤੰਬਰ ਤੱਕ ਰੋਕ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਵਲੋਂ ਇਨ੍ਹਾਂ ਦਿਨਾਂ ਦੌਰਾਨ ਜ਼ਿਆਦਾ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਰਕਾਰ ਵਲੋਂ ਯਾਤਰਾ ਰੋਕਣ ਦਾ ਫੈਸਲਾ ਕੀਤਾ ਗਿਆ ਸੀ। ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਉਹ ਯਤਨ ਕਰ ਰਹੇ ਹਨ ਕਿ ਜੇਕਰ ਮੌਸਮ ਸਾਫ  ਰਹਿੰਦਾ ਹੈ ਤਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ 5 ਸਤੰਬਰ ਤੋਂ ਸ਼ੁਰੂ ਹੋ ਜਾਵੇ। 

ਪੀੜਤਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮੱਦਦ ਲਈ ਕਈ ਕਲਾਕਾਰ ਅਤੇ ਅਦਾਕਾਰ ਅੱਗੇ ਆਏ ਹਨ, ਜਿਨ੍ਹਾਂ ਨੇ ਪੀੜਤਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ ਹੈ। ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਐਮੀ ਵਿਰਕ, ਅਦਾਕਾਰਾ ਸੋਨਮ ਬਾਜਵਾ, ਬਾਲੀਵੁੱਡ ਅਦਾਕਾਰ ਸੰਜੇ ਦੱਤ ਤੇ ਹਿਮਾਂਸ਼ੀ ਖੁਰਾਣਾ ਸਣੇ ਕਈ ਹੋਰਾਂ ਨੇ ਹੜ੍ਹ ਪੀੜਤਾਂ ਦੀ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ। ਇਸਦੇ ਚੱਲਦਿਆਂ ਦਿਲਜੀਤ ਦੋਸਾਂਝ ਨੇ ਗੁਰਦਾਸਪੁਰ ਅਤੇ ਅੰਮਿ੍ਰਤਸਰ ਦੇ 10 ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਿਆ ਹੈ। ਇਸ ਅਦਾਕਾਰ ਦੀ ਟੀਮ ਗੈਰ-ਸਰਕਾਰੀ ਸੰਗਠਨਾਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਹੜ੍ਹ ਤੋਂ ਪ੍ਰਭਾਵਿਤ 200 ਘਰਾਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਸੋਨਮ ਬਾਜਵਾ ਨੇ ਕਿਹਾ ਕਿ ਉਹ ਹੜ੍ਹ ਪੀੜਤਾਂ ਦੀ ਮੱਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅਦਾਕਾਰ ਸੰਜੇ ਦੱਤ ਨੇ ਵੀ ਕਿਹਾ ਹੈ ਕਿ ਉਹ ਪੀੜਤਾਂ ਦੀ ਹਰ ਸੰਭਵ ਮੱਦਦ ਕਰਨਗੇ। ਇਸੇ ਤਰ੍ਹਾਂ ਅਦਾਕਾਰ ਹਿਮਾਂਸ਼ੀ ਖੁਰਾਣਾ ਵੀ ਰਾਹਤ ਕਾਰਜਾਂ ਵਿਚ ਸ਼ਾਮਲ ਹੋਈ ਹੈ ਅਤੇ ਉਨ੍ਹਾਂ ਨੇ ਵੀ 10 ਪਰਿਵਾਰਾਂ ਨੂੰ ਮੁੜ ਵਸੇਬੇ ਵਿਚ ਮੱਦਦ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਤੇ ਅਦਾਕਾਰਾਂ ਨੇ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦੀ ਗੱਲ ਕਹੀ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.