Thursday, 23 April 2026

ਕਿਹਾ : ਹੁਣ ਕਾਂਗਰਸ ਨਾਲ ਗਠਜੋੜ ਨਹੀਂ ਕੀਤਾ ਜਾਵੇਗਾ

ਅਹਿਮਦਾਬਾਦ/ਬਿਊਰੋ ਨਿਊਜ਼   

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਅਹਿਮਦਾਬਾਦ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਬਿਹਾਰ ਵਿਚ ਆਪਣੇ ਦਮ ’ਤੇ ਵਿਧਾਨ ਸਭਾ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ‘ਇੰਡੀਆ’ ਗਠਜੋੜ ਸਿਰਫ ਲੋਕ ਸਭਾ ਚੋਣਾਂ ਦੇ ਲਈ ਸੀ ਅਤੇ ਹੁਣ ਸਾਡਾ ਕਿਸੇ ਵੀ ਸਿਆਸੀ ਪਾਰਟੀ ਨਾਲ ਗਠਜੋੜ ਨਹੀਂ ਹੈ। ਕੇਜਰੀਵਾਲ ਦੇ ਇਸ ਐਲਾਨ ਤੋਂ ਬਾਅਦ ਬਿਹਾਰ ਦੀ ਰਾਜਨੀਤੀ ਵਿਚ ਨਵੀਂ ਹਲਚਲ ਸ਼ੁਰੂ ਹੋ ਗਈ ਹੈ।  ਜ਼ਿਕਰਯੋਗ ਹੈ ਕਿ ਕੇਜਰੀਵਾਲ ਦੋ ਦਿਨਾਂ ਦੇ ਦੌਰੇ ’ਤੇ ਅਹਿਮਦਾਬਾਦ ਪਹੁੰਚੇ ਹਨ ਅਤੇ ਉਨ੍ਹਾਂ ਨੇ ਪਾਰਟੀ ਦੀ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਸਾਵਦਰ ਜ਼ਿਮਨੀ ਚੋਣ ਵਿਚ ਅਸੀਂ ਕਾਂਗਰਸ ਤੋਂ ਵੱਖ ਹੋ ਕੇ ਚੋਣ ਲੜੀ ਸੀ ਅਤੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਜਨਤਾ ਦਾ ਸਿੱਧਾ ਸੰਦੇਸ਼ ਹੈ ਕਿ ਹੁਣ ਆਮ ਆਦਮੀ ਪਾਰਟੀ ਹੀ ਇਕ ਬਦਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ 2027 ’ਚ ਦੁਬਾਰਾ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। 

 

ਚੰਡੀਗੜ੍ਹ/ਬਿਊਰੋ ਨਿਊਜ਼

ਮਾਨਸੂਨ ਆਮ ਨਾਲੋਂ ਇਕ ਹਫਤਾ ਪਹਿਲਾਂ ਹੀ ਪੂਰੇ ਭਾਰਤ ਵਿਚ ਪਹੁੰਚ ਗਈ ਹੈ, ਜਿਸ ਕਰਕੇ ਕੌਮੀ ਰਾਜਧਾਨੀ ਦਿੱਲੀ ਤੇ ਹੋਰਨਾਂ ਉਤਰੀ ਰਾਜਾਂ ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਭਰਵਾਂ ਮੀਂਹ ਪਿਆ ਹੈ। ਹਿਮਾਚਲ ਪ੍ਰਦੇਸ਼ ’ਚ ਲੰਘੇ ਕੱਲ੍ਹ ਐਤਵਾਰ ਤੋਂ ਤੇਜ਼ ਮੀਂਹ ਪੈ ਰਿਹਾ ਹੈ ਇਸ ਕਾਰਨ ਲੈਂਡ ਸਲਾਈਡ ਦੇ ਚੱਲਦਿਆਂ ਸੂਬੇ ਭਰ ਦੀਆਂ 129 ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਮਾਨਸੂਨ ਦੇ ਚੱਲਦਿਆਂ ਸੂਬੇ ਵਿਚ ਹੁਣ ਤੱਕ 39 ਮੌਤਾਂ ਹੋ ਚੁੱਕੀਆਂ ਹਨ। ਹਿਮਾਚਲ ਦੇ ਮੰਡੀ-ਕੁੱਲੂ ਨੈਸ਼ਨਲ ਹਾਈਵੇ ’ਤੇ ਥਲੌਟ ਦੀ ਟਨਲ ਦੇ ਨੇੜੇ ਲੈਂਡ ਸਲਾਈਡ ਹੋ ਗਿਆ ਅਤੇ ਇਸ ਨਾਲ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਟਨਲ ਦੇ ਅੰਦਰ ਵੀ ਕਈ ਵਾਹਨ ਫਸ ਗਏ ਹਨ। ਇਸੇ ਦੌਰਾਨ ਅਲਰਟ ਦੇ ਚੱਲਦਿਆਂ ਹਿਮਾਚਲ ਦੇ ਚਾਰ ਜ਼ਿਲ੍ਹਿਆਂ ਦੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਨੇ ਕਿਹਾ ਕਿ ਉਤਰੀ ਭਾਰਤ ਵਿਚ ਭਾਰੀ ਮੀਂਹ ਪੈ ਸਕਦਾ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਉਧਰ ਦੂਜੇ ਪਾਸੇ ਬਿਹਾਰ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਜਾਨ ਚਲੇ ਗਈ ਹੈ। 

 

18 ਤੋਂ 45 ਸਾਲ ਦੇ ਵਿਅਕਤੀਆਂ ਦੀ ਅਚਾਨਕ ਮੌਤ ’ਤੇ ਹੋਈ ਸਟੱਡੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਅਤੇ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਆਪਣੀ ਸਟੱਡੀ ਵਿਚ ਦੱਸਿਆ ਹੈ ਕਿ ਦੇਸ਼ ਵਿਚ ਹਾਰਟ ਅਟੈਕ ਨਾਲ ਹੋਣ ਵਾਲੀਆਂ ਅਚਾਨਕ ਮੌਤਾਂ ਦਾ ਕੋਵਿਡ ਵੈਕਸੀਨ ਨਾਲ ਕੋਈ ਸਬੰਧ ਨਹੀਂ ਹੈ। ਇਹ ਸਟੱਡੀ 18 ਤੋਂ 45 ਸਾਲ ਦੇ ਵਿਅਕਤੀਆਂ ਦੀ ਅਚਾਨਕ ਮੌਤ ’ਤੇ ਅਧਾਰਿਤ ਹੈ। ਭਾਰਤੀ ਸਿਹਤ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਸਟੱਡੀ ’ਚ ਪੁਸ਼ਟੀ ਕੀਤੀ ਗਈ ਹੈ ਕਿ ਭਾਰਤ ਦੀ ਕੋਵਿਡ ਵੈਕਸੀਨ ਸੁਰੱਖਿਅਤ ਅਤੇ ਇਫੈਕਟਿਵ ਹੈ। ਇਸ ਨਾਲ ਹੋਣ ਵਾਲੇ ਸਾਈਡ ਇਫੈਕਟ ਦੇ ਮਾਮਲੇ ਮਾਮੂਲੀ ਹਨ। ਦਰਅਸਲ, ਕਰਨਾਟਕ ਦੇ ਹਸਨ ਜ਼ਿਲ੍ਹੇ ਵਿਚ ਦਿਲ ਦੇ ਦੌਰੇ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਆਪਣੇ ਇਕ ਬਿਆਨ ਵਿਚ ਦਿਲ ਦੇ ਦੌਰੇ ਲਈ ਕਰੋਨਾ ਟੀਕੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਪਰ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। 

 

ਸਰਹੱਦੀ ਨਿਸ਼ਾਨਦੇਹੀ ਮਾਮਲੇ ਦਾ ਪੱਕਾ ਹੱਲ ਜ਼ਰੂਰੀ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਚੀਨੀ ਹਮਰੁਤਬਾ ਐਡਮਿਰਲ ਦੋਂਗ ਜੂਨ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਦੌਰਾਨ ਦੋਵੇਂ ਦੇਸ਼ਾਂ ਨੂੰ ਸਰਹੱਦੀ ਨਿਸ਼ਾਨਦੇਹੀ ਦੇ ਮਾਮਲੇ ਦਾ ਪੱਕਾ ਹੱਲ ਕੱਢਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਫੌਜਾਂ ਦੇ ਟਕਰਾਅ ਵਾਲੀ ਸਥਿਤੀ ਨੂੰ ਪੱਕੇ ਤੌਰ ’ਤੇ ਘਟਾਉਣ ਲਈ ਇਕ ਰੋਡਮੈਪ ਸੁਝਾਇਆ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਦੋਵਾਂ ਵਜ਼ੀਰਾਂ ਨੇ ਭਾਰਤ ਤੇ ਚੀਨ ਸਰਹੱਦਾਂ ’ਤੇ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਲੋੜ ’ਤੇ ਡੂੰਘਾਈ ਨਾਲ ਚਰਚਾ ਕੀਤੀ। ਮੀਟਿੰਗ ਵਿਚ ਰਾਜਨਾਥ ਸਿੰਘ ਨੇ ਸਰਹੱਦ ਪ੍ਰਬੰਧਨ ਅਤੇ ਇਸ ਮੁੱਦੇ ’ਤੇ ਸਥਾਪਿਤ ਵਿਧੀ ਨੂੰ ਮੁੜ ਸੁਰਜੀਤ ਕਰਕੇ ਸਰਹੱਦੀ ਹੱਦਬੰਦੀ ਦੇ ਸਥਾਈ ਹੱਲ ਦੀ ਲੋੜ ’ਤੇ ਜ਼ੋਰ ਦਿੱਤਾ। ਦੋਵਾਂ ਮੰਤਰੀਆਂ ਨੇ ਦੁਵੱਲੇ ਸਬੰਧਾਂ ਵਿਚ ਆਮ ਸਥਿਤੀ ਵਾਪਸ ਲਿਆਉਣ ਲਈ ਦੋਵਾਂ ਧਿਰਾਂ ਵਲੋਂ ਕੀਤੇ ਜਾ ਰਹੇ ਕੰਮ ਨੂੰ ਸਵੀਕਾਰ ਕੀਤਾ। 

 

ਉਤਰਾਖੰਡ ’ਚ ਪਹਾੜ ਟੁੱਟਿਆ ਅਤੇ ਹਿਮਾਚਲ ਦੇ ਮੰਡੀ ’ਚ ਬੱਦਲ ਫਟਿਆ

ਚੰਡੀਗੜ੍ਹ/ਬਿਊਰੋ ਨਿਊਜ਼  

ਪਹਾੜੀ ਸੂਬਿਆਂ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਪਿਛਲੇ 3 ਦਿਨਾਂ ਤੋਂ ਤੇਜ਼ ਮੀਂਹ ਪਿਆ ਹੈ। ਹਿਮਾਚਲ ਦੇ ਮੰਡੀ ਵਿਚ ਚਾਰ ਸਥਾਨਾਂ ’ਤੇ ਬੱਦਲ ਫਟਣ ਦੀਆਂ ਖਬਰਾਂ ਹਨ। ਇਸੇ ਦੌਰਾਨ ਕੁਕਲਾਹ ’ਚ ਇਕ ਪੁਲ ਰੁੜ ਗਿਆ ਅਤੇ ਇਸ ਨਾਲ ਕਈ ਗੱਡੀਆਂ ਵੀ ਪਾਣੀ ਵਿਚ ਰੁੜ ਜਾਣ ਦੀ ਖਬਰ ਹੈ। ਹਿਮਾਚਲ ’ਚ ਇਸ ਤੇਜ਼ ਮੀਂਹ ਕਾਰਨ 4 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ 10 ਤੋਂ ਜ਼ਿਆਦਾ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਇਸ ਦੌਰਾਨ ਬਿਆਸ ਦਰਿਆ ਵਿਚ ਵੀ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੇੜੇ ਪਹੁੰਚ ਗਿਆ ਹੈ। ਪ੍ਰਸ਼ਾਸਨ ਨੇ ਸਥਾਨਕ ਲੋਕਾਂ ਤੇ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਨਦੀ ਨਾਲਿਆਂ ਦੇ ਕੰਢਿਆਂ ’ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਮਨਾਲੀ ਹਾਈਵੇਅ ’ਤੇ ਜ਼ਮੀਨ ਖਿਸਕਣ ਤੇ ਢਿੱਗਾਂ ਡਿੱਗਣ ਕਰਕੇ ਮੰਡੀ ਤੇ ਕੁੱਲੂ ਵਿਚਾਲੇ ਕਈ ਥਾਵਾਂ ’ਤੇ ਸੜਕਾਂ ਬੰਦ ਹੋ ਗਈਆਂ ਹਨ। ਬਹੁਤ ਸਾਰੇ ਯਾਤਰੀ ਰਾਤ ਭਰ ਸੜਕੀ ਸੁਰੰਗਾਂ ਅੰਦਰ ਫਸੇ ਰਹੇ। ਇਸੇ ਦੌਰਾਨ ਉਤਰਾਖੰਡ ਵਿਚ ਕਈ ਥਾਵਾਂ ’ਤੇ ਪਹਾੜ ਖਿਸਕ ਗਏ ਹਨ ਅਤੇ ਪਹਾੜਾਂ ਦਾ ਮਲਬਾ ਸੜਕਾਂ ’ਤੇ ਆ ਗਿਆ ਹੈ। 

 

ਜਹਾਜ਼ ਦੇ ਖੰਭਾਂ ’ਚ ਘਾਹ-ਫੂਸ ਫਸਣ ਕਰਕੇ ਦੇਰੀ ਹੋਣ ਦਾ ਦਾਅਵਾ

ਮੁੰਬਈ/ਬਿਊਰੋ ਨਿਊਜ਼

ਮੁੰਬਈ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਜਹਾਜ਼ ਦੇ ਖੰਭਾਂ ’ਚ ਘਾਹ-ਫੂਸ ਫਸਣ ਕਰਕੇ ਪੰਜ ਘੰਟਿਆਂ ਤੋਂ ਵੱਧ ਸਮੇਂ ਲਈ ਰੋਕ ਕੇ ਰੱਖਿਆ ਗਿਆ। ਇਹ ਘਟਨਾ 25 ਜੂਨ ਦੀ ਦੱਸੀ ਜਾਂਦੀ ਹੈ। ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਪਾਸੇ ਫੌਰੀ ਧਿਆਨ ਦਿੱਤਾ ਗਿਆ ਹੈ ਤੇ ਜਹਾਜ਼ ਨੂੰ ਉਡਾਣ ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ। ਏਅਰ ਇੰਡੀਆ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਹਨ ਅਤੇ ਇਸਦੀ ਰਿਪੋਰਟ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੂੰ ਭੇਜ ਦਿੱਤੀ ਗਈ ਹੈ। ਏਅਰ ਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਜਹਾਜ਼ ’ਚੋਂ ਉਤਾਰਿਆ ਗਿਆ ਸੀ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਆਦਿ ਦਿੱਤੀ ਗਈ ਅਤੇ ਜਿਵੇਂ ਹੀ ਫਲਾਈਟ ਅਮਲੇ ਦੇ ਇਕ ਨਵੇਂ ਸਮੂਹ ਨੇ ਰਿਪੋਰਟ ਦਿੱਤੀ ਤੇ ਇਹ ਉਡਾਨ ਰਵਾਨਾ ਹੋ ਗਈ ਸੀ। 

 

ਤਾਲਿਮਨਾਡੂ ’ਚ ਵੀ ਪਟਾਖਾ ਫੈਕਟਰੀ ’ਚ ਹੋਏ ਧਮਾਕੇ ਕਾਰਨ 5 ਵਿਅਕਤੀਆਂ ਦੀ ਗਈ ਜਾਨ

ਨਵੀਂ ਦਿੱਲੀ/ਬਿਊਰੋ ਨਿਊਜ਼

ਤੇਲੰਗਾਨਾ ਦੇ ਸੰਗਾਰੈਡੀ ਜ਼ਿਲ੍ਹੇ ਵਿਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਵਿਚ ਲੰਘੇ ਕੱਲ੍ਹ ਧਮਾਕਾ ਹੋ ਗਿਆ ਸੀ। ਇਸ ਧਮਾਕੇ ਵਿਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ 44 ਹੋ ਗਈ ਹੈ ਅਤੇ 30 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਸੰਗਾਰੈਡੀ ਦੇ ਐਸ.ਪੀ. ਪਰਿਤੋਸ਼ ਪੰਕਜ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮ ਨੈਸ਼ਨਲ ਰਿਲੀਫ ਫੰਡ ਵਿਚੋਂ ਇਸ ਧਮਾਕੇ ’ਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦੋ-ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਮੱਦਦ ਦਾ ਐਲਾਨ ਕੀਤਾ ਗਿਆ ਹੈ। ਇਸੇ ਦੌਰਾਨ ਤਾਮਿਲਨਾਡੂ ਦੇ ਸ਼ਿਵਕਾਸ਼ੀ ’ਚ ਅੱਜ ਮੰਗਲਵਾਰ ਨੂੰ ਇਕ ਪਟਾਖਾ ਫੈਕਟਰੀ ਵਿਚ ਵੀ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਪੰਜ ਵਿਅਕਤੀਆਂ ਦੀ ਜਾਨ ਚਲੇ ਗਈ ਹੈ ਅਤੇ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਏ ਹਨ।

 

 

 

  

ਜ਼ਬਰ ਜਨਾਹ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਆਸਾ ਰਾਮ

ਅਹਿਮਦਾਬਾਦ/ਬਿਊਰੋ ਨਿਊਜ਼

ਗੁਜਰਾਤ ਹਾਈਕੋਰਟ ਨੇ ਅੱਜ ਸ਼ੁੱਕਰਵਾਰ ਨੂੰ ਸਵੈ-ਘੋਸ਼ਿਤ ਸੰਤ ਆਸਾਰਾਮ ਨੂੰ 2013 ਦੇ ਜਬਰ ਜਨਾਹ ਕੇਸ ਵਿਚ ਮਿਲੀ ਅੰਤਰਿਮ ਜ਼ਮਾਨਤ ਨੂੰ 7 ਜੁਲਾਈ ਤੱਕ ਵਧਾ ਦਿੱਤਾ ਹੈ। ਇਸ ਕੇਸ ਵਿਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਸਟਿਸ ਇਲੇਸ਼ ਵੋਰਾ ਅਤੇ ਸੰਦੀਪ ਭੱਟ ਦੀ ਡਿਵੀਜ਼ਨ ਬੈਂਚ ਨੇ ਅਰਜ਼ੀ ਦੀ ਸੁਣਵਾਈ ਦੌਰਾਨ 28 ਮਾਰਚ ਨੂੰ ਤਿੰਨ ਮਹੀਨਿਆਂ ਲਈ ਦਿੱਤੀ ਗਈ ਅੰਤਰਿਮ ਜ਼ਮਾਨਤ ਵਿਚ ਇਹ ਵਾਧਾ ਕੀਤਾ ਹੈ।   86 ਸਾਲਾ ਆਸਾ ਰਾਮ ਮੈਡੀਕਲ ਅਧਾਰ ’ਤੇ ਜ਼ਮਾਨਤ ’ਤੇ ਹੈ। ਜ਼ਿਕਰਯੋਗ ਹੈ ਕਿ 2023 ਵਿਚ ਗਾਂਧੀਨਗਰ ਦੀ ਇਕ ਅਦਾਲਤ ਨੇ ਆਸਾ ਰਾਮ ਨੂੰ ਜਬਰ ਜਨਾਹ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 

 

ਸਿੱਖ ਸੰਗਤ ਨੂੰ ਮਿਲੇਗਾ ਲਾਭ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚਣ ’ਚ ਹੋਵੇਗੀ ਅਸਾਨੀ

ਜਲੰਧਰ/ਬਿਊਰੋ ਨਿਊਜ਼  

ਪੰਜਾਬ ਦੀ ਹਵਾਈ ਕਨੈਕਟਿਵਟੀ ਨੂੰ ਮਜ਼ਬੂਤੀ ਦਿੰਦੇ ਹੋਏ ਇੰਡੀਗੋ ਏਅਰਲਾਈਨਜ਼ ਭਲਕੇ 2 ਜੁਲਾਈ ਦਿਨ ਬੁੱਧਵਾਰ ਤੋਂ ਆਦਮਪੁਰ ਅਤੇ ਮੁੰਬਈ ਵਿਚਾਲੇ ਸਿੱਧੀ ਉਡਾਨ ਸ਼ੁਰੂ ਕਰਨ ਜਾ ਰਹੀ ਹੈ। ਇਸ ਨਵੀਂ ਸੇਵਾ ਨੂੰ ਪੰਜਾਬ ਦੇ ਲੋਕਾਂ ਅਤੇ ਵਿਸ਼ੇਸ਼ ਕਰਕੇ ਸਿੱਖ ਸੰਗਤ ਲਈ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਹੁਣ ਸਿੱਖ ਸ਼ਰਧਾਲੂ ਪੰਜਾਬ ਤੋਂ ਸਿੱਧੀ ਉਡਾਨ ਰਾਹੀਂ ਮੁੰਬਈ ਅਤੇ ਉਥੋਂ ਤਖਤ ਸ੍ਰੀ ਹਜ਼ੂਰ ਸਾਹਿਬ ਵੀ ਅਸਾਨੀ ਨਾਲ ਜਾ ਸਕਣਗੇ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਸਿਰਫ ਇਕ ਨਵੀਂ ਉਡਾਨ ਨਹੀਂ ਹੈ, ਬਲਕਿ ਇਹ ਸਿੱਖ ਸੰਗਤ ਦੀ ਕਈ ਸਾਲ ਪੁਰਾਣੀ ਮੰਗ ਨੂੰ ਪੂਰਾ ਕਰਨ ਵਾਲਾ ਇਤਿਹਾਸਕ ਫੈਸਲਾ ਹੈ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਪੂਰਾ ਸਨਮਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਦੇ ਲੋਕਾਂ ਲਈ ਬਿਹਤਰੀਨ ਪਹਿਲ ਹੈ, ਜਿਸ ਨਾਲ ਸੂਬੇ ਦਾ ਹਵਾਈ ਸੰਪਰਕ ਹੋਰ ਮਜ਼ਬੂਤ ਹੋਵੇਗਾ।    

 

ਦੋਵਾਂ ਮੁੱਖ ਮੰਤਰੀਆਂ ਨੂੰ ਗੱਲਬਾਤ ਕਰਨ ਲਈ ਕਿਹਾ 

ਚੰਡੀਗੜ੍ਹ/ਬਿਊਰੋ ਨਿਊਜ਼ 

ਐਸ.ਵਾਈ.ਐਲ. ਮਾਮਲੇ ’ਤੇ ਪੰਜਾਬ ਤੇ ਹਰਿਆਣਾ ਨੂੰ ਕੇਂਦਰ ਸਰਕਾਰ ਨੇ ਇਕ ਚਿੱਠੀ ਭੇਜੀ ਹੈ। ਸਰਕਾਰ ਨੇ  ਇਨ੍ਹਾਂ ਦੋਵਾਂ ਸੂਬਿਆਂ ਵਿਚਾਲੇ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਇਕ ਵਾਰ ਫਿਰ ਪਹਿਲ ਕੀਤੀ ਹੈ। ਹੁਣ ਫਿਰ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚਿੱਠੀ ਭੇਜ ਕੇ ਇਸ ਮਾਮਲੇ ’ਤੇ ਜਲਦ ਬੈਠਕ ਕਰਨ ਲਈ ਕਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਬੈਠਕ 10 ਜੁਲਾਈ ਦੇ ਨੇੜੇ-ਤੇੜੇ ਹੋ ਸਕਦੀ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੇ ਦੋਵੇਂ ਸੂਬਿਆਂ ਵਿਚਾਲੇ ਸਾਲਸ ਵਜੋਂ ਭੂਮਿਕਾ ਨਿਭਾਉਣ ਦੀ ਪਹਿਲ ਕੀਤੀ ਹੈ, ਕਿਉਂਕਿ ਸਾਬਕਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਹੇਠ ਹੋਈਆਂ ਮੀਟਿੰਗਾਂ ਨਾਕਾਮ ਰਹੀਆਂ ਸਨ।

 

ਪੀਐਮ ਮੋਦੀ ਨੇ ਮਿ੍ਰਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਕੀਤਾ ਐਲਾਨ

ਨਵੀਂ ਦਿੱਲੀ/ਬਿਊਰੋ ਨਿਊਜ਼ 

ਤੇਲੰਗਾਨਾ ਦੇ ਸੰਗਾਰੈਡੀ ਜ਼ਿਲ੍ਹੇ ਵਿਚ ਅੱਜ ਸਵੇਰੇ ਦਵਾਈਆਂ ਬਣਾਉਣ ਵਾਲੀ ਫੈਕਟਰੀ ਦੇ ਰਿਐਕਟਰ ਯੂਨਿਟ ਵਿਚ ਧਮਾਕਾ ਹੋ ਗਿਆ। ਇਸ ਘਟਨਾ ਵਿਚ 12 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 34 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਭਿਆਨਕ ਹਾਦਸਾ ਸਵੇਰੇ 9 ਵਜੇ ਦੇ ਕਰੀਬ ਵਾਪਰਿਆ ਹੈ। ਆਈ.ਜੀ. ਸੱਤਿਆ ਨਰਾਇਣ ਨੇ ਦੱਸਿਆ ਕਿ ਘਟਨਾ ਮੌਕੇ ਫੈਕਟਰੀ ਵਿਚ 150 ਵਿਅਕਤੀ ਸਨ ਅਤੇ ਜਿੱਥੇ ਇਹ ਧਮਾਕਾ ਹੋਇਆ, ਉਥੇ 90 ਵਿਅਕਤੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਿਐਕਟਰ ’ਚ ਤੇਜ਼ੀ ਨਾਲ ਕੈਮੀਕਲ ਰਿਐਕਸ਼ਨ ਹੋਣ ਨਾਲ ਧਮਾਕੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।  ਪੀਐਮ ਮੋਦੀ ਨੇ ਇਸ ਹਾਦਸੇ ’ਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਹਰੇਕ ਪਰਿਵਾਰ ਨੂੰ ਦੋ-ਦੋ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। 

 

ਹਰਮੀਤ ਸਿੰਘ ਕਾਲਕਾ ਪ੍ਰਧਾਨ ਤੇ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਬਣੇ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜਕਾਰਨੀ ਦੀ ਅੱਜ ਬੁੱਧਵਾਰ ਨੂੰ ਚੋਣ ਹੋਈ ਹੈ। ਇਸ ਚੋਣ ਵਿਚ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੂੰ ਮੁੜ ਇਨ੍ਹਾਂ ਅਹੁਦਿਆਂ ਲਈ ਚੁਣਿਆ ਗਿਆ। ਕਮੇਟੀ ਦੀ ਕਾਰਜਕਾਰਨੀ ਵਿੱਚ ਬਹੁਤੀ ਤਬਦੀਲੀ ਨਹੀਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਚੋਣ ਦਾ ਬਾਈਕਾਟ ਕੀਤਾ ਗਿਆ। ਇਸ ਦੇ ਚੱਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਕਮੇਟੀ ਦਫ਼ਤਰ ਵਿਖੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.