Saturday, 18 April 2026

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ/ਬਿਊਰੋ ਨਿਊਜ਼ 

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲਏ ਜਾਣ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਘਟਾਈ ਗਈ ਹੈ, ਵਾਪਸ ਨਹੀਂ ਲਈ ਗਈ। ਪੁਲਿਸ ਦੇ ਸੀਨੀਅਰ ਅਧਿਕਾਰੀ ਦਾ ਇਹ ਬਿਆਨ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੇ ਉਸ ਦਾਅਵੇ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਮਜੀਠੀਆ ਦੀ ਜ਼ੈੱਡ-ਪਲੱਸ ਸੁਰੱਖਿਆ ਵਾਪਸ ਲੈ ਲਈ ਹੈ। ਵਿਸ਼ੇਸ਼ ਡਾਇਰੈਕਟਰ ਜਨਰਲ ਆਫ ਪੁਲਿਸ ਅਰਪਿਤ ਸ਼ੁਕਲਾ ਨੇ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਵਾਪਸ ਲਏ ਜਾਣ ਦੀਆਂ ਰਿਪੋਰਟਾਂ ਸਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਕਵਰ ਖਤਰੇ ਦੇ ਆਧਾਰ ’ਤੇ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਸਮੀਖਿਆ ਕਮੇਟੀ ਸਮੇਂ-ਸਮੇਂ ’ਤੇ ਸਮੀਖਿਆ ਕਰਦੀ ਹੈ ਅਤੇ ਖ਼ਤਰੇ ਦੀ ਧਾਰਨਾ ਦੇ ਆਧਾਰ ’ਤੇ ਸੁਰੱਖਿਆ ਵਧਾਉਣ ਜਾਂ ਘਟਾਉਣ ਦਾ ਫੈਸਲਾ ਕਰਦੀ ਹੈ।

 

ਮੁਹਾਲੀ ਦੀ ਅਦਾਲਤ ਨੇ ਪਾਸਟਰ ਬਜਿੰਦਰ ਸਿੰਘ ਖਿਲਾਫ ਸੁਣਾਇਆ ਫੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼ 

ਮੋਹਾਲੀ ਦੀ ਅਦਾਲਤ ਨੇ ਇੱਕ ਅਹਿਮ ਫੈਸਲੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਜਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਸਥਾਨਕ ਅਦਾਲਤ ਵੱਲੋਂ ਲੰਬੀ ਸੁਣਵਾਈ ਅਤੇ ਸਬੂਤਾਂ ਦੀ ਜਾਂਚ ਤੋਂ ਬਾਅਦ ਸੁਣਾਇਆ ਗਿਆ। ਜਾਣਕਾਰੀ ਅਨੁਸਾਰ, ਪਾਸਟਰ ਬਜਿੰਦਰ ਸਿੰਘ ਖਿਲਾਫ ਜਬਰ ਜਨਾਹ ਦੇ ਗੰਭੀਰ ਆਰੋਪ ਸਨ, ਜਿਸਦੀ ਸ਼ਿਕਾਇਤ ਪੀੜਤਾ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਗਈ ਸੀ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਖਤ ਫੈਸਲਾ ਸੁਣਾਇਆ। ਇਸ ਫੈਸਲੇ ਨੂੰ ਸਮਾਜ ਵਿੱਚ ਮਹਿਲਾਵਾਂ ਦੀ ਸੁਰੱਖਿਆ ਅਤੇ ਨਿਆਂ ਪ੍ਰਣਾਲੀ ਦੀ ਮਜ਼ਬੂਤੀ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਸਥਾਨਕ ਲੋਕਾਂ ਅਤੇ ਸਮਾਜਿਕ ਸੰਗਠਨਾਂ ਨੇ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਅਪਰਾਧੀਆਂ ਲਈ ਸਖ਼ਤ ਸੁਨੇਹਾ ਕਰਾਰ ਦਿੱਤਾ ਹੈ। ਇਸ ਫੈਸਲੇ ਨਾਲ ਪੀੜਤ ਪਰਿਵਾਰ ਨੂੰ ਵੀ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ। 

 

ਕਿਹਾ : ਪੰਜਾਬ ਦੇ ਲੋਕਾਂ ਲਈ ਕਦੇ ਇਸ ਤਰ੍ਹਾਂ ਇਕੱਠੇ ਨਹੀਂ ਹੋਏ ਵਿਰੋਧ ਦਲ

ਚੰਡੀਗੜ੍ਹ/ਬਿਊਰੋ ਨਿਊਜ਼  

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ੈੱਡ-ਪਲੱਸ ਸੁਰੱਖਿਆ ਵਾਪਸ ਲੈਣ ਸਬੰਧੀ ਸਿਆਸੀ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ’ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪ੍ਰਤੀਕਿਰਿਆ ਦਿੱਤੀ ਹੈ। ਅਮਨ ਅਰੋੜਾ ਨੇ ਮਜੀਠੀਆ ਪ੍ਰਤੀ ਵਿਰੋਧੀ ਧਿਰ ਦੀ ਹਮਦਰਦੀ ’ਤੇ ਸਵਾਲ ਚੁੱਕੇ ਹਨ। ਸੂਬਾ ਸਰਕਾਰ ਵੱਲੋਂ ਮਜੀਠੀਆ ਦੀ ਜ਼ੈੱਡ-ਪਲੱਸ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਆਰੋਪ ਲਗਾਏ ਜਾ ਰਹੇ ਹਨ ਕਿ ਮਜੀਠੀਆ ਦਾ ਸੁਰੱਖਿਆ ਕਵਰ ‘ਆਪ’ ਸਰਕਾਰ ਵਿਰੁੱਧ ਲਗਾਤਾਰ ਮੁੱਦੇ ਉਠਾਉਣ ਦੇ ਬਦਲੇ ਵਜੋਂ ਵਾਪਸ ਲਿਆ ਗਿਆ ਹੈ। ਧਿਆਨ ਰਹੇ ਕਿ ਅਕਾਲੀ ਆਗੂਆਂ ਤੋਂ ਇਲਾਵਾ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੇ ਵੀ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ’ਤੇ ਸਰਕਾਰ ਦੀ ਆਲੋਚਨਾ ਕੀਤੀ ਹੈ। ਇਸੇ ਦੌਰਾਨ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਸਵਾਲ ਕੀਤਾ ਕਿ ਉਹ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਪ੍ਰਤੀ ਹਮਦਰਦੀ ਕਿਉਂ ਰੱਖਦੇ ਹਨ। ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਸਰਕਾਰੀ ਕਾਰਵਾਈ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕੋਈ ਵੀ ਹੋਵੇ।

 

ਏਆਈਜੀ ਵਰੁਣ ਸ਼ਰਮਾ ਨੂੰ ਬਣਾਇਆ ਗਿਆ ਸਿਟ ਦਾ ਨਵਾਂ ਮੁਖੀ

ਪਟਿਆਲਾ/ਬਿਊਰੋ ਨਿਊਜ਼ 

ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ’ਚ ਜਾਂਚ ਢਿੱਲੀ ਰਫਤਾਰ ਨਾਲ ਅੱਗੇ ਵਧਣ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੁਖੀ ਅਤੇ ਉਸਦੇ ਦੋ ਹੋਰ ਮੈਂਬਰਾਂ ਨੂੰ ਮੁੜ ਬਦਲ ਦਿੱਤਾ ਹੈ। ਕਾਂਗਰਸ ਹਕੂਮਤ ਸਮੇਂ ਦਸੰਬਰ 2021 ਦੌਰਾਨ ਮਜੀਠੀਆ ਖਿਲਾਫ ਦਰਜ ਮਾਮਲੇ ਦੀ ਜਾਂਚ ਲਈ ਇਹ ਪੰਜਵੀਂ ਸਿੱਟ ਬਣਾਈ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਡੀਆਈਜੀ ਐੱਚ.ਐੱਸ. ਭੁੱਲਰ ਦੀ ਥਾਂ ’ਤੇ ਏਆਈਜੀ (ਪ੍ਰੋਵਿਜ਼ਨਿੰਗ) ਵਰੁਣ ਸ਼ਰਮਾ, ਜੋ ਪਹਿਲਾਂ ਸਿੱਟ ਦੇ ਮੈਂਬਰ ਸਨ, ਨੂੰ ਸਿੱਟ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਜਦਕਿ ਤਰਨਤਾਰਨ ਦੇ ਐੱਸਐੱਸਪੀ ਅਭਿਮੰਨਿਊ ਰਾਣਾ ਅਤੇ ਐੱਸਪੀ (ਐੱਨ.ਆਰ.ਆਈ. ਮਾਮਲੇ, ਪਟਿਆਲਾ) ਗੁਰਬੰਸ ਸਿੰਘ ਬੈਂਸ ਨੂੰ ਉਸਦਾ ਮੈਂਬਰ ਬਣਾਇਆ ਗਿਆ ਹੈ। ਧਿਆਨ ਰਹੇ ਕਿ ਮਜੀਠੀਆ ਖਿਲਾਫ ਲੱਗੇ ਆਰੋਪਾਂ ਦੀ ਜਾਂਚ ਲਈ ਸਭ ਤੋਂ ਪਹਿਲਾਂ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਹੇਠ ਸਿੱਟ ਕਾਇਮ ਕੀਤੀ ਗਈ ਸੀ।

ਪੰਜਾਬ ਖਿਲਾਫ ਗਲਤ ਬਿਰਤਾਂਤ ਸਿਰਜਣ ਦੇ ਲਗਾਏ ਆਰੋਪ

ਅੰਮਿ੍ਰਤਸਰ/ਬਿਊਰੋ ਨਿਊਜ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਰੋਪ ਲਾਇਆ ਕਿ ਪੰਜਾਬ ਖਿਲਾਫ ‘ਉਡਤਾ ਪੰਜਾਬ’ ਦਾ ਗਲਤ ਬਿਰਤਾਂਤ ਸਿਰਜਿਆ ਗਿਆ ਹੈ, ਜਦੋਂ ਕਿ ਇਹ ਦੌੜਦਾ ਪੰਜਾਬ ਹੈ ਅਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਾਲਾ ਪੰਜਾਬ ਹੈ। ਉਨ੍ਹਾਂ ਦਾ ਇਹ ਬਿਆਨ ਸਾਬਤ ਸੂਰਤ ਸਿੱਖ ਨੌਜਵਾਨ ਗੁਰਿੰਦਰਵੀਰ ਸਿੰਘ ਵੱਲੋਂ ਭਾਰਤ ਦੇ ਤੇਜ ਦੌੜਾਕ ਵਜੋਂ ਸਥਾਪਿਤ ਕੀਤੇ ਰਿਕਾਰਡ ਦੇ ਸੰਬੰਧ ਵਿੱਚ ਆਇਆ ਹੈ। ਗੁਰਿੰਦਰਵੀਰ ਸਿੰਘ ਵੱਲੋਂ 100 ਮੀਟਰ ਦੀ ਦੌੜ ਵਿੱਚ ਸਥਾਪਿਤ ਕੀਤੇ ਰਿਕਾਰਡ ਬਾਰੇ ਜਥੇਦਾਰ ਹੋਰਾਂ ਕਿਹਾ ਕਿ ਇਹ ਪੰਜਾਬੀਆਂ ਤੇ ਖਾਸ ਕਰਕੇ ਸਿੱਖ ਕੌਮ ਲਈ ਇਕ ਚੰਗੀ ਖਬਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਹੋਰ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਸਾਬਤ ਸੂਰਤ ਸਿੱਖਾਂ ਦਾ ਸਨਮਾਨ ਕਰਦੀ ਹੈ, ਉਸੇ ਤਰ੍ਹਾਂ ਇਸ ਸਿੱਖ ਨੌਜਵਾਨ ਦਾ ਵੀ ਸਨਮਾਨ ਕਰੇ।  

ਕਿਸਾਨ ਆਗੂ ਪੰਧੇਰ ਨੇ ‘ਆਪ’ ਅਤੇ ਭਾਜਪਾ ’ਚ ਗਠਜੋੜ ਦੇ ਲਗਾਏ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਵਿਚ ਕਿਸਾਨਾਂ ਨੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੇ ਅੱਜ ਸੋਮਵਾਰ ਨੂੰ ਪੂਰੇ ਪੰਜਾਬ ਵਿਚ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਹੈ। ਕਿਸਾਨਾਂ ਦਾ ਆਰੋਪ ਹੈ ਕਿ ਪੰਜਾਬ ਪੁਲਿਸ ਨੇ ਲੰਘੀ 19 ਮਾਰਚ ਨੂੰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਧਰਨਿਆਂ ਨੂੰ ਹਟਾ ਦਿੱਤਾ ਸੀ। ਇਸਦੇ ਚੱਲਦਿਆਂ ਪੰਜਾਬ ਪੁਲਿਸ ਨੇ ਬਾਰਡਰ ਖਾਲੀ ਕਰਵਾਉਣ ਲਈ ਕਈ ਕਿਸਾਨਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਸੀ। ਇਸਦੇ ਵਿਰੋਧ ਵਿਚ ਕਿਸਾਨਾਂ ਨੇ ਅੱਜ ਪੰਜਾਬ ਭਰ ਵਿਚ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਥਾਈਂ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੱਥੋਪਾਈ ਵੀ ਹੋਈ ਹੈ। ਕਿਸਾਨਾਂ ਦਾ ਆਰੋਪ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਜ਼ਬਰਦਸਤੀ ਕੀਤੀ ਹੈ। ਇਸੇ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚ ਕੋਈ ਫਰਕ ਨਹੀਂ ਹੈ ਅਤੇ ਸਾਨੂੰ ਲੱਗਦਾ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਵਿਚ ਗਠਜੋੜ ਹੋ ਚੁੱਕਾ ਹੈ। 

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀ ਭੇਟ ਕੀਤੀ

ਪਟਿਆਲਾ/ਬਿਊਰੋ ਨਿਊਜ਼

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੰਗਲਵਾਰ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸ਼ਰਧਾਂਜਲੀ ਭੇਟ ਕੀਤੀ, ਉਨ੍ਹਾਂ ਨੂੰ ਸਿੱਖ ਧਰਮ ਅਤੇ ਪੰਜਾਬ ਦੀ ਰਾਜਨੀਤੀ ਦਾ ਇੱਕ ਮਹਾਨ ਆਗੂ ਦੱਸਿਆ। ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਆਪਣਾ ਸਾਰਾ ਜੀਵਨ ਸਿੱਖ ਧਰਮ, ਸਮਾਜ ਅਤੇ ਰਾਜਨੀਤੀ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ।

ਤਰੁਣ ਚੁੱਘ ਨੇ ਕਿਹਾ, ‘‘ਜਥੇਦਾਰ ਗੁਰਚਰਨ ਸਿੰਘ ਟੌਹੜਾ ਇੱਕ ਨਿਮਰ ਪਿਛੋਕੜ ਤੋਂ ਸਿੱਖ ਰਾਜਨੀਤੀ ਦੇ ਸਿਖਰ ’ਤੇ ਪਹੁੰਚੇ। ਉਨ੍ਹਾਂ ਨੇ ਲਗਭਗ 40 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸੇਵਾ ਕੀਤੀ ਅਤੇ 27 ਸਾਲ ਇਸਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਸਿੱਖ ਭਾਈਚਾਰੇ ਅਤੇ ਪੰਜਾਬ ਦੀ ਸਥਿਰਤਾ ਲਈ ਉਨ੍ਹਾਂ ਦਾ ਯੋਗਦਾਨ ਅਭੁੱਲ ਰਹੇਗਾ।”

ਜਥੇਦਾਰ ਟੌਹੜਾ ਦੇ ਰਾਜਨੀਤਿਕ ਯੋਗਦਾਨ ਨੂੰ ਯਾਦ ਕਰਦਿਆਂ ਤਰੁਣ ਚੁੱਘ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਇੱਕ ਮਜ਼ਬੂਤ ਗੱਠਜੋੜ ਦੀ ਨੀਂਹ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਹਮੇਸ਼ਾ ਸਿੱਖ ਅਤੇ ਹਿੰਦੂ ਭਾਈਚਾਰੇ ਵਿਚਕਾਰ ਸਦਭਾਵਨਾ ਅਤੇ ਏਕਤਾ ਬਣਾਈ ਰੱਖਣ ਲਈ ਕੰਮ ਕੀਤਾ।

ਉਨ੍ਹਾਂ ਕਿਹਾ, ‘‘ਟੌਹੜਾ ਸਾਹਬ ਨੇ ਹਮੇਸ਼ਾ ਪੰਜਾਬ ਦੀ ਸਥਿਰਤਾ ਅਤੇ ਵਿਕਾਸ ਲਈ ਕੰਮ ਕੀਤਾ। ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਨੇ ਪੰਜਾਬ ਵਿੱਚ ਸ਼ਾਂਤੀ ਅਤੇ ਰਾਜਨੀਤਿਕ ਸੰਤੁਲਣ ਬਣਾਈ ਰੱਖਿਆ।”

ਸਿੱਖ ਪੰਥ ਪ੍ਰਤੀ ਉਹਨਾਂ ਦੀ ਸ਼ਰਧਾ ਅਮੁੱਲ ਸੀ। ਤਰੁਣ ਚੁੱਘ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ‘‘ਪੰਥ ਰਤਨ” ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਉਨ੍ਹਾਂ ਦੇ ਯੋਗਦਾਨ ਦਾ ਪ੍ਰਮਾਣ ਹੈ। ਉਨ੍ਹਾਂ ਨੇ ਹਮੇਸ਼ਾ ਸਿੱਖ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਨੂੰ ਪਹਿਲ ਦਿੱਤੀ ਅਤੇ ਆਪਣੇ ਸੰਘਰਸ਼ਾਂ ਦੇ ਬਾਵਜੂਦ, ਕਦੇ ਵੀ ਨਿੱਜੀ ਲਾਭ ਲਈ ਰਾਜਨੀਤੀ ਨਹੀਂ ਕੀਤੀ।

‘‘ਟੌਹੜਾ ਸਾਹਬ ਦੀ ਵਿਰਾਸਤ ਹਮੇਸ਼ਾ ਅਮਰ ਰਹੇਗੀ” ਸ਼ਰਧਾਂਜਲੀ ਭੇਟ ਕਰਦੇ ਹੋਏ ਤਰੁਣ ਚੁੱਘ ਨੇ ਕਿਹਾ, ‘‘ਟੌਹੜਾ ਸਾਹਬ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ। ਸਿੱਖ ਪੰਥ ਅਤੇ ਪੰਜਾਬ ਲਈ ਉਨ੍ਹਾਂ ਦਾ ਯੋਗਦਾਨ ਅਭੁੱਲ ਹੈ। ਭਾਜਪਾ ਅਤੇ ਪੂਰਾ ਦੇਸ਼ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਦਾ ਹੈ।”

ਅੰਤ ਵਿੱਚ, ਤਰੁਣ ਚੁੱਘ ਨੇ ਸਾਰਿਆਂ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਿਖਾਏ ਮਾਰਗ ’ਤੇ ਚੱਲਣ ਅਤੇ ਪੰਜਾਬ ਦੀ ਏਕਤਾ ਅਤੇ ਵਿਕਾਸ ਲਈ ਕੰਮ ਕਰਨ ਦੀ ਅਪੀਲ ਕੀਤੀ। 

 

 

 

  

ਮੁੱਖ ਮੰਤਰੀ ਮਾਨ ਨੇ ਨਿਰਪੱਖ ਜਾਂਚ ਤੇ ਇਨਸਾਫ ਦਿਵਾਉਣ ਦਾ ਦਿੱਤਾ ਭਰੋਸਾ

ਚੰਡੀਗੜ੍ਹ/ਬਿਊਰੋ ਨਿਊਜ਼

ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਪੁਲਿਸ ਮੁਲਾਜ਼ਮਾਂ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਲਈ ਕਰਨਲ ਦਾ ਪਰਿਵਾਰ ਚੰਡੀਗੜ੍ਹ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਿਆ। ਦੱਸਿਆ ਜਾਂਦਾ ਹੈ ਕਿ ਇਸ ਮੌਕੇ ਜਿਥੇ ਪਰਿਵਾਰ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਦੁਹਰਾਈ, ਉਥੇ ਮੁੱਖ ਮੰਤਰੀ ਨੇ ਪਰਿਵਾਰ ਨੂੰ ਨਿਰਪੱਖ ਜਾਂਚ ਕਰਾਉਣ ਤੇ ਇਨਸਾਫ਼ ਦਿਵਾਉਣ ਦਾ ਯਕੀਨ ਦਿਵਾਇਆ ਹੈ। ਇਸ ਸਬੰਧ ਵਿਚ ਪਟਿਆਲਾ ਤੋਂ ਚੰਡੀਗੜ੍ਹ ਪੁੱਜਣ ਵਾਲਿਆਂ ਵਿਚ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ, ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਹਮਾਇਤੀ ਸ਼ਾਮਲ ਸਨ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਲਈ ਚੌਥੀ ਵਾਰ ਸਿੱਟ ਬਦਲੀ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਿਵੇਂ ਕਰਨਲ ਦੀ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਲੱਗੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਐਸਐਸਪੀ ਪਟਿਆਲਾ ਡਾ. ਨਾਨਕ ਸਿੰਘ ਨੂੰ ਬਦਲਿਆ ਜਾਵੇ। 

 

ਬਿਕਰਮ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ’ਚ 5ਵੀਂ ਸਿਟ ਕਾਇਮ

ਪਟਿਆਲਾ/ਬਿਊਰੋ ਨਿਊਜ਼ 

ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ’ਚ ਜਾਂਚ ਢਿੱਲੀ ਰਫਤਾਰ ਨਾਲ ਅੱਗੇ ਵਧਣ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੁਖੀ ਅਤੇ ਉਸਦੇ ਦੋ ਹੋਰ ਮੈਂਬਰਾਂ ਨੂੰ ਮੁੜ ਬਦਲ ਦਿੱਤਾ ਹੈ। ਕਾਂਗਰਸ ਹਕੂਮਤ ਸਮੇਂ ਦਸੰਬਰ 2021 ਦੌਰਾਨ ਮਜੀਠੀਆ ਖਿਲਾਫ ਦਰਜ ਮਾਮਲੇ ਦੀ ਜਾਂਚ ਲਈ ਇਹ ਪੰਜਵੀਂ ਸਿੱਟ ਬਣਾਈ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਡੀਆਈਜੀ ਐੱਚ.ਐੱਸ. ਭੁੱਲਰ ਦੀ ਥਾਂ ’ਤੇ ਏਆਈਜੀ (ਪ੍ਰੋਵਿਜ਼ਨਿੰਗ) ਵਰੁਣ ਸ਼ਰਮਾ, ਜੋ ਪਹਿਲਾਂ ਸਿੱਟ ਦੇ ਮੈਂਬਰ ਸਨ, ਨੂੰ ਸਿੱਟ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਜਦਕਿ ਤਰਨਤਾਰਨ ਦੇ ਐੱਸਐੱਸਪੀ ਅਭਿਮੰਨਿਊ ਰਾਣਾ ਅਤੇ ਐੱਸਪੀ (ਐੱਨ.ਆਰ.ਆਈ. ਮਾਮਲੇ, ਪਟਿਆਲਾ) ਗੁਰਬੰਸ ਸਿੰਘ ਬੈਂਸ ਨੂੰ ਉਸਦਾ ਮੈਂਬਰ ਬਣਾਇਆ ਗਿਆ ਹੈ। ਉਧਰ ਦੂਜੇ ਪਾਸੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਬਿਕਰਮ ਸਿੰਘ ਮਜੀਠੀਆ ਦੀ ਜੈਡ ਪਲੱਸ ਸੁਰੱਖਿਆ ਵੀ ਹਟਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਅਕਾਲੀ ਆਗੂ  ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ’ਤੇ ਇਲਜਾਮ ਲਗਾਏ ਹਨ ਅਤੇ ਇਸ ਨੂੰ ਸਰਕਾਰ ਦੀ ਸਾਜਿਸ਼ ਦੱਸਿਆ ਹੈ।  

ਪੰਜਾਬ ਸਰਕਾਰ ਵੱਲੋਂ ਗੁਰਮਿੰਦਰ ਸਿੰਘ ਦਾ ਅਸਤੀਫਾ ਮਨਜ਼ੂਰ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਸਰਕਾਰ ਨੇ ਮਨਿੰਦਰਜੀਤ ਸਿੰਘ ਬੇਦੀ ਨੂੰ ਨਵਾਂ ਐਡਵੋਕੇਟ ਜਨਰਲ (ਏਜੀ) ਨਿਯੁਕਤ ਕੀਤਾ ਹੈ। ਨਿਆਂ ਵਿਭਾਗ ਨੇ ਨਵੇਂ ਏਜੀ ਦੀ ਨਿਯੁਕਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਉਨ੍ਹਾਂ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਉਹ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਅਕਤੂਬਰ, 2023 ਨੂੰ ਗੁਰਮਿੰਦਰ ਸਿੰਘ ਗੈਰੀ ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤਾ ਸੀ। ਉਨ੍ਹਾਂ ਦੇ ਅਹੁਦੇ ਦੀ ਮਿਆਦ 31 ਮਾਰਚ ਤੱਕ ਸੀ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਰੋਪ ਲਾਇਆ ਕਿ ਪੰਜਾਬ ਸਰਕਾਰ ਨੇ ਏਜੀ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼  

ਫਿਲੌਰ ਦੇ ਨੇੜਲੇ ਪਿੰਡ ਨੰਗਲ ਸਥਿਤ ਜਿਸ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁਤ ’ਤੇ ਖਾਲਿਸਤਾਨੀ ਅਤੇ ਐਸ.ਐਫ.ਜੇ. ਦੇ ਪੱਖ ਵਿੱਚ ਨਾਰੇ ਲਿਖ ਕੇ ਡਾਕਟਰ ਅੰਬੇਡਕਰ ਦੀ ਬੇਅਦਬੀ ਕੀਤੀ ਗਈ ਹੈ, ‘‘ਉਸੇ ਬੁੱਤ ਦੇ ਕੋਲ ਮੈਂ ਵਿਜੇ ਸਾਂਪਲਾ 14 ਅਪ੍ਰੈਲ ਨੂੰ ਪਹਿਰਾ ਦਿਆਂਗਾ ਅਤੇ ਜੇਕਰ ਦਮ ਹੈ, ਤੂੰ ਆਪਣੀ ਮਾਂ ਦਾ ਦੁਧ ਪੀਤਾ ਹੈ ਤਾਂ ਉਸਨੂੰ ਉਤਰਵਾ ਕੇ ਦਿਖਾ।’’ ਇਹ ਚੁਣੌਤੀ ਪੰਜਾਬ ਦੇ ਕਦਵਾਰ ਦਲਿਤ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਦਿੱਤੀ। ਇਹ ਜ਼ਿਕਰਯੋਗ ਹੈ ਕਿ 30 ਮਾਰਚ  ਦੀ ਰਾਤ ਨੂੰ ਫਿਲੌਰ ਦੇ ਕੋਲ ਪਿੰਡ ਨੰਗਲ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਕਿਸੇ ਵੱਲੋਂ ਬੇਅਦਬੀ ਕਰਨ ਤੋਂ ਬਾਅਦ, ਗੁਰਪਤਵੰਤ ਸਿੰਘ ਪੰਨੂ ਨੇ ਜ਼ਿੰਮੇਵਾਰੀ ਲੈਂਦੇ ਹੋਏ ਇੱਕ ਵੀਡੀਓ ਜਾਰੀ ਕਰਕੇ 14 ਅਪ੍ਰੈਲ ਨੂੰ ਪੰਜਾਬ ਵਿੱਚ ਡਾ. ਅੰਬੇਡਕਰ ਦੇ ਸਾਰੇ ਬੁੱਤਾਂ ਨੂੰ ਹਟਾਉਣ/ਤੋੜਨ ਦਾ ਸੱਦਾ ਦਿੱਤਾ ਸੀ। ਸਾਂਪਲਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੁਆਰਾ ਲਿਖੇ ਗਏ ਸੰਵਿਧਾਨ ਦੇ ਕਾਰਨ, ਅੱਜ ਨਾ ਸਿਰਫ਼ ਪੰਜਾਬ ਵਿੱਚ ਸਗੋਂ ਦੇਸ਼ ਭਰ ਵਿੱਚ, ਦਲਿਤਾਂ ਨੂੰ ਸਰਕਾਰ/ਪ੍ਰਸ਼ਾਸਨ ਵਿੱਚ ਯਕੀਨੀ ਭਾਗੀਦਾਰੀ ਮਿਲੀ ਹੈ ਅਤੇ ਉਨ੍ਹਾਂ ਨੂੰ ਸਤਿਕਾਰ ਅਤੇ ਸਨਮਾਨ ਮਿਲਿਆ ਹੈ।

ਡਾ. ਅੰਬੇਡਕਰ ਨੇ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਂਦੇ ਹੋਏ, ਸੰਵਿਧਾਨ ਵਿੱਚ ਭਾਰਤ ਦੇ ਹਰੇਕ ਨਾਗਰਿਕ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਕਾਨੂੰਨੀ ਸਮਾਨਤਾ ਨੂੰ ਯਕੀਨੀ ਬਣਾਉਂਦੇ ਹੋਏ, ਉਨ੍ਹਾਂ ਨੇ ਸੰਵਿਧਾਨ ਰਾਹੀਂ ਇਹ ਯਕੀਨੀ ਬਣਾਇਆ ਕਿ ਧਰਮ, ਨਸਲ, ਜਾਤ, ਅਮੀਰ-ਗਰੀਬ, ਲਿੰਗ ਜਾਂ ਜਨਮ ਸਥਾਨ ਦੇ ਆਧਾਰ ’ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਸਾਂਪਲਾ ਨੇ ਕਿਹਾ ਕਿ ਗੁਰੂ ਰਵੀਦਾਸ ਮਹਾਰਾਜ ਜਿਨ੍ਹਾਂ ਨੂੰ ਅਸੀਂ ਪ੍ਰਭੂ ਮੰਨਦੇ ਹਾਂ, ਉਨ੍ਹਾਂ ਨੂੰ ਭਗਤ ਰਵੀਦਾਸ ਕਹਿ ਕੇ ਪੰਨੂ ਨੇ ਗੁਰੂ ਰਵੀਦਾਸ ਜੀ ਮਹਾਰਾਜ ਦੀ ਬੇਅਦਬੀ ਕੀਤੀ ਹੈ, ਮੇਰੇ ਵਰਗੇ ਕਰੋੜਾਂ ਫਾਲੋਅਰਜ਼ ਦੀਆਂ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਠੇਸ ਪਹੁੰਚੀ ਹੈ। 

ਸਾਂਪਲਾ ਨੇ ਆਖਰ ਵਿੱਚ ਕਿਹਾ ਕਿ ਪੰਨੂ ਦੁਆਰਾ ਡਾਕਟਰ ਅੰਬੇਡਕਰ ਨੂੰ ਦਾਨਵ ਅਤੇ ਗੁਰੂ ਰਵੀਦਾਸ ਜੀ ਨੂੰ ਭਗਤ ਕਹਿ ਕੇ ਸੰਬੋਧਨ ਕਰਨ ਲਈ ਪੰਜਾਬ ਸਰਕਾਰ ਤੁਰੰਤ ਬੇਅਦਬੀ ਦੀ ਧਾਰਾਵਾਂ ਦੇ ਤਹਿਤ ਅਤੇ ਐਸ.ਸੀ. ਐਕਟ ਦੇ ਤਹਿਤ ਐਫ.ਆਈ.ਆਰ. ਦਰਜ ਕਰਕੇ, ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਤੋਂ ਪੰਜਾਬ ਲਿਆਉਣ ਲਈ ਕਾਨੂੰਨੀ ਕਾਰਵਾਈ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ। 

 

ਪ੍ਰੈਸ ਰਿਲੀਜ਼  

 

 

 

  

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਇਕ ਸਮਾਗਮ ਵਿੱਚ ਉੱਘੀ ਲੇਖਿਕਾ ਡਾ. ਨੀਨਾ ਸੈਣੀ ਦੀ ਜੀਵਨੀ “ਪਰਵਾਜ਼-ਏ-ਨੀਨੂ” ਲੋਕ ਅਰਪਿਤ ਕੀਤੀ ਗਈ ਅਤੇ ਇਸ ਤੇ ਭਰਵੀਂ ਵਿਚਾਰ ਚਰਚਾ ਹੋਈ। ਪ੍ਰਭਜੋਤ ਕੌਰ ਜੋਤ ਵੱਲੋਂ ਲਿਖੀ ਇਸ ਜੀਵਨੀ ਦੇ ਰਿਲੀਜ਼ ਸਮਾਰੋਹ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਗਾਇਕ ਸੂਫ਼ੀ ਬਲਬੀਰ, ਉੱਘੇ ਕਹਾਣੀਕਾਰ ਅਤੇ ਆਲੋਚਕ ਜਸਵੀਰ ਰਾਣਾ, ਪ੍ਰਸਿੱਧ ਸਾਹਿਤਕਾਰ ਯਤਿੰਦਰ ਕੌਰ ਮਾਹਲ, ਡਾ. ਨੀਨਾ ਸੈਣੀ, ਪ੍ਰਭਜੋਤ ਕੌਰ ਜੋਤ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਅਜੀਤ ਸਿੰਘ ਧਨੌਤਾ ਅਤੇ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਨੇ ਸਰਸਵਤੀ ਵੰਦਨਾ ਨਾਲ ਕੀਤੀ । ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ ਨੇ ਇਸ ਜੀਵਨੀ ਨੂੰ ਸੇਧ ਦੇਣ ਦੇ ਸਮਰੱਥ ਦੱਸਿਆ । ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ‘ਪਰਵਾਜ਼-ਏ-ਨੀਨੂ’ ਨਿਵੇਕਲੀਆਂ ਯਾਦਾਂ ਨਾਲ ਭਰੀ ਹੋਈ ਹੈ । ਪੁਸਤਕ ਬਾਰੇ ਪਰਚਾ ਪੜ੍ਹਦਿਆਂ ਯਤਿੰਦਰ ਕੌਰ ਮਾਹਲ ਨੇ ਇਸ ਨੂੰ ਨੀਨਾ ਸੈਣੀ ਦੇ ਸੰਘਰਸ਼ਮਈ ਜੀਵਨ ਦਾ ਵੱਡਮੁੱਲਾ ਦਸਤਾਵੇਜ਼ ਦੱਸਿਆ। ਜਸਵੀਰ ਰਾਣਾ ਨੇ ਕਿਹਾ ਕਿ ਇਸ ਜੀਵਨੀ ਦਾ ਇਹ ਹੀ ਸਾਰ ਹੈ ਕਿ ਜੇ ਹਿੰਮਤ ਨਾ ਹਾਰੀ ਜਾਵੇ ਤਾਂ ਜ਼ਿੰਦਗੀ ‘ਚ ਸਭ ਮੁਮਕਿਨ ਹੋ ਨਿਬੜਦਾ ਹੈ । ਲੇਖਿਕਾ ਪ੍ਰਭਜੋਤ ਕੌਰ ਜੋਤ ਨੇ ਕਿਹਾ ਕਿ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ਦੀ ਕਲਾ ਨੀਨਾ ਸੈਣੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਇਹ ਪੁਸਤਕ ਭਾਵਨਾਤਮਕ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਹੈ । ਸੁਰਜੀਤ ਸਿੰਘ ਧੀਰ ਨੇ ਨੀਨਾ ਸੈਣੀ ਦੀ ਇਕ ਰਚਨਾ ਵੀ ਗਾ ਕੇ ਸੁਣਾਈ। ਡਾ. ਨੀਨਾ ਸੈਣੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਸਫ਼ਰ ਸਵੈ ਪੜਚੋਲ ਅਤੇ ਵਕ਼ਤ ਦੀ ਪਾਬੰਦੀ ਕਰਕੇ ਹੀ ਇਸ ਮੁਕਾਮ ਤੇ ਪਹੁੰਚਿਆ ਹੈ । ਮੁੱਖ ਮਹਿਮਾਨ ਸੂਫ਼ੀ ਬਲਬੀਰ ਨੇ ਸਮਾਗਮ ਨੂੰ ਵਿਲੱਖਣ ਦੱਸਦਿਆਂ ਆਪਣੇ ਖੂਬਸੂਰਤ ਗੀਤਾਂ ਰਾਹੀਂ ਇਸ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਓਹਨਾ ਕਿਹਾ ਕਿ ਮੋਹ ਦੀਆਂ ਇਹ ਤੰਦਾਂ ਜ਼ਿੰਦਗੀ ਨੂੰ ਸੁਖਾਲ਼ਾ ਬਣਾਉਂਦੀਆਂ ਹਨ । ਪਰਿਵਾਰ ਵੱਲੋਂ ਪ੍ਰਧਾਨਗੀ ਮੰਡਲ ਤੋਂ ਇਲਾਵਾ ਪ੍ਰਸਿੱਧ ਪੱਤਰਕਾਰ ਅਜਾਇਬ ਸਿੰਘ ਔਜਲਾ ਨੂੰ ਉਹਨਾਂ ਦੀਆਂ ਸਾਹਿਤਿਕ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਧੰਨਵਾਦੀ ਸ਼ਬਦ ਅਜੀਤ ਸਿੰਘ ਧਨੋਤਾ ਨੇ ਕਹੇ ।ਜਿਨ੍ਹਾਂ ਅਦਬੀ ਸ਼ਖ਼ਸੀਅਤਾਂ ਨੇ ਇਸ ਸਮਾਗਮ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਉਨ੍ਹਾਂ ਵਿੱਚ ਮੁੱਖ ਤੌਰ ਤੇ ਮਲਕੀਅਤ ਬਸਰਾ, ਰਜਿੰਦਰ ਕੌਰ, ਹਰਭਜਨ ਕੌਰ ਢਿੱਲੋਂ, ਪਰਮਜੀਤ ਪਰਮ, ਜੋਤਵੀਰ ਕੌਰ ਦੰਦੀਵਾਲ, ਅਨੀਤਾ ਸੈਣੀ, ਲਾਭ ਸਿੰਘ ਲਹਿਲੀ, ਰਾਜ ਰਾਣੀ, ਗੁਰਜੋਧ ਕੌਰ, ਰਜਿੰਦਰ ਰੇਨੂੰ, ਚਰਨਜੀਤ ਕੌਰ ਬਾਠ, ਬਾਬੂ ਰਾਮ ਦੀਵਾਨਾ, ਪਿਆਰਾ ਸਿੰਘ ਰਾਹੀ, ਰਾਜਵਿੰਦਰ ਸਿੰਘ ਗੱਡੂ ਰਾਜ, ਪ੍ਰਿੰ. ਬਹਾਦਰ ਸਿੰਘ ਗੋਸਲ, ਸੁਖਵਿੰਦਰ ਕਾਲਾਵਾਲੀ, ਅਨਿਲ ਬਹਿਲ, ਮੰਦਰ ਗਿੱਲ, ਸੁਰਿੰਦਰ ਕੁਮਾਰ, ਰਤਨ ਬਾਬਕਵਾਲਾ, ਸ਼ਬਦੀਸ਼, ਗੁਰਦਾਸ ਸਿੰਘ ਦਾਸ, ਬੈਕਟਰ ਕਥੂਰੀਆ, ਕ੍ਰਿਤਿਕਾ ਸਿੰਘ, ਹਰਜੋਤ ਸਿੰਘ ਸੈਣੀ, ਦਵਿੰਦਰ ਕੌਰ ਢਿੱਲੋਂ, ਨਰਿੰਦਰ ਕੌਰ ਲੌਂਗੀਆ, ਦਮਨ ਸੈਣੀ, ਕੋਮਲ ਸੈਣੀ, ਵਿਨੋਦ ਸੈਣੀ, ਰਜਨੀਸ਼ ਸੂਦ, ਹਰਜੀਤ ਸਿੰਘ, ਅਨਸਾਰ ਸਿੰਘ, ਪਰਮਜੀਤ ਮਾਨ, ਕਰਿਸ਼ਮਾ ਵਰਮਾ, ਗੁਰਜੀਤ ਕੌਰ, ਮਨਪ੍ਰੀਤ ਕੌਰ, ਸੁਦੇਸ਼ ਕੁਮਾਰੀ, ਸੁਰਿੰਦਰ ਕੌਰ, ਰੀਤਇੰਦਰ ਢਿੱਲੋਂ, ਨਿਨਜੀਤ ਧਨੌਤਾ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਸੰਤੋਸ਼ ਦੁੱਗਲ, ਗੁਰਜੀਤ ਕੌਰ, ਹਰਲੀਨ ਕੌਰ, ਦੇਸ਼ਕਰਨ ਸਿੰਘ, ਜਸਜੀਤ ਸਿੰਘ, ਤਿਨਜੀਤ ਧਨੌਤਾ, ਨਰੇਸ਼ ਰਾਜ, ਦਰਸ਼ਨ ਔਲਖ, ਸੁਖਵਿੰਦਰ ਸਿੰਘ ਸਿੱਧੂ, ਹਰਮਿੰਦਰ ਕਾਲੜਾ, ਬਲਕਾਰ ਸਿੱਧੂ, ਬਨਿੰਦਰਜੀਤ ਸਿੰਘ ਬਨੀ, ਸੌਰਵ ਬੱਗਾ, ਬਲਵੰਤ ਸਿੰਘ, ਮਧੂ ਸ਼ਰਮਾ, ਡਾ. ਮਨਜੀਤ ਸਿੰਘ ਬੱਲ, ਰਿਤੂ ਵਸ਼ਿਸ਼ਟ, ਰੇਨੂੰ ਬਾਲਾ, ਰੇਖਾ ਰਾਣੀ, ਸੁਭਾਸ਼ ਭਾਸਕਰ, ਓ. ਪੀ. ਵਰਮਾ, ਜਗਤਾਰ ਸਿੰਘ ਜੋਗ, ਜੰਗ ਬਹਾਦਰ ਗੋਇਲ, ਡਾ. ਨੀਲਮ ਗੋਇਲ, ਹਰਜਿੰਦਰ ਕੌਰ, ਜਸਕੀਰਤ ਸਿੰਘ, ਮਨਵੀਰ ਕੌਰ ਅਤੇ ਅਮਿਤ ਦੇ ਨਾਮ ਕਾਬਿਲ-ਏ-ਜ਼ਿਕਰ ਹਨ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.