Saturday, 18 April 2026

ਗਿ੍ਰਫਤਾਰੀ ਤੋਂ ਪਹਿਲਾਂ ਕੋਰਟ ਨੂੰ ਸੂਚਿਤ ਕਰਨ ਦੇ ਹੁਕਮ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਗਿ੍ਰਫਤਾਰੀ ’ਤੇ ਲੱਗੀ ਰੋਕ ਜਾਰੀ ਰੱਖਣ ਦਾ ਹੁਕਮ ਦਿੱਤਾ ਹੈ। ਸੁਣਵਾਈ ਦੌਰਾਨ ਸਰਕਾਰ ਵੱਲੋਂ ਦਾਖਲ ਕੀਤੀ ਗਈ ਸਟੇਟਸ ਰਿਪੋਰਟ ਵਿੱਚ ਮਾਮਲੇ ਦੀ ਤਫਤੀਸ਼ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਨੂੰ ਕੋਰਟ ਨੇ ਨੋਟ ਕਰ ਲਿਆ। ਅਦਾਲਤ ਨੇ ਕਿਹਾ ਕਿ ਬਾਜਵਾ ਵਿਰੁੱਧ ਜਾਂਚ ਜਾਰੀ ਰਹੇਗੀ ਅਤੇ ਉਨ੍ਹਾਂ ਦੀ ਗਿ੍ਰਫਤਾਰੀ ’ਤੇ ਲੱਗੀ ਰੋਕ ਅਜੇ ਵੀ ਕਾਇਮ ਰਹੇਗੀ। ਹਾਈਕੋਰਟ ਨੇ ਇਹ ਵੀ ਆਦੇਸ਼ ਦਿੱਤਾ ਕਿ ਜੇਕਰ ਭਵਿੱਖ ਵਿੱਚ ਬਾਜਵਾ ਨੂੰ ਗਿ੍ਰਫਤਾਰ ਕਰਨ ਦੀ ਲੋੜ ਪੈਂਦੀ ਹੈ, ਤਾਂ ਪਹਿਲਾਂ ਕੋਰਟ ਨੂੰ ਸੂਚਿਤ ਕਰਨਾ ਜ਼ਰੂਰੀ ਹੋਵੇਗਾ। ਉਂਝ ਸਰਕਾਰ ਨੇ ਅਦਾਲਤ ਵਿਚ ਕਿਹਾ ਕਿ ਬਾਜਵਾ ਨੂੰ ਗਿ੍ਰਫਤਾਰ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸ ਮਾਮਲੇ ’ਤੇ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ 

ਪੁਲਿਸ ਅੰਮਿ੍ਰਤਪਾਲ ਸਿੰਘ ਨੂੰ ਲਿਆਉਣ ਵਾਸਤੇ ਡਿਬਰੂਗੜ੍ਹ ਲਈ ਰਵਾਨਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਨੂੰ ਪੰਜਾਬ ਲਿਆਉਣ ਵਾਸਤੇ ਪੁਲਿਸ ਅਸਾਮ ਵਿਚ ਪੈਂਦੇ ਡਿਬਰੂਗੜ੍ਹ ਲਈ ਰਵਾਨਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮਿ੍ਰਤਸਰ ਦਿਹਾਤੀ ਪੁਲਿਸ ਦੀ ਟੀਮ ਅੰਮਿ੍ਰਤਪਾਲ ਸਿੰਘ ਨੂੰ ਪੰਜਾਬ ਲਿਆਉਣ ਲਈ ਗਈ ਹੈ। ਅੰਮਿ੍ਰਤਪਾਲ ਸਿੰਘ ’ਤੇ ਲੱਗਿਆ ਐਨ.ਐਸ.ਏ. ਆਉਂਦੀ 23 ਅਪ੍ਰੈਲ ਨੂੰ ਖਤਮ ਹੋ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਅੰਮਿ੍ਰਤਪਾਲ ਸਿੰਘ ਨੂੰ ਅਸਾਮ ਦੀ ਡਿੱਬਰੂਗੜ ਜੇਲ੍ਹ ਵਿੱਚੋਂ ਟਰਾਂਜਿਟ ਰਿਮਾਂਡ ’ਤੇ ਪੰਜਾਬ ਲਿਆਂਦਾ ਜਾਵੇਗਾ। ਧਿਆਨ ਰਹੇ ਕਿ ਅਜਨਾਲਾ ਥਾਣੇ ਦੇ ਮਾਮਲੇ ਵਿੱਚ ਦਰਜ ਐਫ. ਆਈ. ਆਰ. ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਦੇ 9 ਕਰੀਬੀ ਸਾਥੀਆਂ ਨੂੰ ਪਹਿਲਾਂ ਹੀ ਪੰਜਾਬ ਲਿਆਂਦਾ ਜਾ ਚੁੱਕਾ ਹੈ।

 

ਜਥੇਦਾਰ ਗੜਗੱਜ ਨੇ ਢੱਡਰੀਆਂ ਵਾਲਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਮੁਆਫੀ ਮੰਗਣ ਦੀ ਦਿੱਤੀ ਸਲਾਹ

ਅੰਮਿ੍ਰਤਸਰ/ਬਿਊਰੋ ਨਿਊਜ਼  

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਇੱਕ ਵਿਸ਼ੇਸ਼ ਸਲਾਹ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਮੁਆਫੀ ਮੰਗਣ ਲਈ ਕਿਹਾ ਹੈ। ਜਥੇਦਾਰ ਨੇ ਸਿੱਖ ਸਮਾਜ ਨੂੰ ਮਤਭੇਦ ਭੁਲਾ ਕੇ ਇਕਜੁੱਟ ਹੋਣ ਅਤੇ ਪੰਥ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ। ਗੜਗੱਜ ਨੇ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਅੰਦਰੂਨੀ ਵਿਵਾਦਾਂ ਨੂੰ ਛੱਡ ਕੇ ਇਕੱਠੇ ਹੋਣ ਦੀ ਲੋੜ ਹੈ, ਤਾਂ ਜੋ ਸੰਗਤ ਦੀ ਤਾਕਤ ਵਧ ਸਕੇ ਅਤੇ ਪੰਥ ਹੋਰ ਮਜ਼ਬੂਤ ਹੋ ਸਕੇ। ਉਨ੍ਹਾਂ ਨੇ ਖਾਸ ਤੌਰ ’ਤੇ ਢੱਡਰੀਆਂ ਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਪੰਥ ਦੀ ਮੁੱਖਧਾਰਾ ਵਿੱਚ ਵਾਪਸ ਆਉਣ ਅਤੇ ਧਰਮ ਪ੍ਰਚਾਰ ਦੇ ਰਾਹ ’ਤੇ ਚੱਲਣ। ਜਥੇਦਾਰ ਨੇ ਸਪੱਸ਼ਟ ਕੀਤਾ ਕਿ ਢੱਡਰੀਆਂ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਆਪਣੀਆਂ ਭੁੱਲਾਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਵੀ ਇਕੱਠੇ ਹੋਣ ਦਾ ਸੱਦਾ ਦਿੱਤਾ।  

 

 

ਸ਼ਿਕਾਇਤਾਂ ਦਾ ਮੌਕੇ ’ਤੇ ਹੀ ਕੀਤਾ ਜਾਵੇਗਾ ਨਿਪਟਾਰਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਐਨ.ਆਰ.ਆਈਜ਼ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਵਿਚ ਅਗਲੀ ਐਨ.ਆਰ.ਆਈ. ਮਿਲਣੀ 21 ਅਪ੍ਰੈਲ ਨੂੰ ਸਵੇਰੇ 11 ਵਜੇ ਆਨਲਾਈਨ ਆਯੋਜਿਤ ਕੀਤੀ ਜਾਵੇਗੀ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਧਾਲੀਵਾਲ ਹੋਰਾਂ ਨੇ ਦੱਸਿਆ ਕਿ ਅਪਰਵਾਸੀ ਆਪਣੀਆਂ ਸ਼ਿਕਾਇਤਾਂ ਆਨਲਾਈਨ ਪਹਿਲਾਂ ਹੀ ਭੇਜ ਸਕਦੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ’ਤੇ ਹੀ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਪਰਵਾਸੀ ਅੱਜ ਤੋਂ ਹੀ ਆਪਣੀਆਂ ਸ਼ਿਕਾਇਤਾਂ ਵਟਸਅੱਪ ’ਤੇ ਭੇਜਣੀਆਂ ਸ਼ੁਰੂ ਕਰ ਦੇਣ। ਧਾਲੀਵਾਲ ਹੋਰਾਂ ਕਿਹਾ ਕਿ ਅਪਰਵਾਸੀਆਂ ਦੀਆਂ ਸ਼ਿਕਾਇਤਾਂ ਭਾਵੇਂ ਜ਼ਮੀਨਾਂ ਦੀ ਧੋਖਾਦੇਹੀ ਨਾਲ ਸਬੰਧਤ ਹੋਣ ਜਾਂ ਫਿਰ ਹੋਰ ਮਾਮਲਿਆਂ ਨਾਲ ਜੁੜੀਆਂ ਹੋਣ, ਅਸੀਂ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਮਾਮਲੇ ਅਦਾਲਤਾਂ ਵਿਚ ਵਿਚਾਰ ਅਧੀਨ ਹਨ, ਉਨ੍ਹਾਂ ਬਾਰੇ ਸਰਕਾਰ ਕੋਈ ਵੀ ਕਦਮ ਨਹੀਂ ਚੁੱਕ ਸਕਦੀ।  

 

ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ 13,500 ਪਿੰਡਾਂ ਵਿਚ 15 ਹਜ਼ਾਰ ਛੱਪੜਾਂ ਨੂੰ ਸਾਫ਼ ਕਰਨ ਲਈ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਇਸ ਲਈ 4573 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰੀਬ ਦੋ ਹਫਤੇ ਪਹਿਲਾਂ ਕੀਤੀ ਗਈ ਅਤੇ ਅਸੀਂ ਪਿੰਡਾਂ ਦੇ 1,100 ਛੱਪੜਾਂ ਵਿੱਚੋਂ ਪਾਣੀ ਅਤੇ ਗਾਰ ਕੱਢੀ ਹੈ। ਇਹ ਪ੍ਰੋਜੈਕਟ ਹੁਣ ਪੂਰੇ ਸੂਬੇ ਵਿਚ ਸ਼ੁਰੂ ਕੀਤਾ ਜਾਵੇਗਾ, ਜਦੋਂ ਕਣਕ ਦੀ ਪੂਰੀ ਫਸਲ ਦੀ ਕਟਾਈ ਹੋ ਜਾਵੇਗੀ ਅਤੇ ਛੱਪੜਾਂ ਦਾ ਪਾਣੀ ਨਾਲ ਲੱਗਦੇ ਖਾਲੀ ਖੇਤਾਂ ਵਿੱਚ ਛੱਡਿਆ ਜਾ ਸਕੇਗਾ। ਮੰਤਰੀ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਹੈ ਜਦੋਂ ਸੂਬਾ ਸਰਕਾਰ ਨੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ। 

 

ਸੀਐਮ ਭਗਵੰਤ ਮਾਨ ਨੇ ਇਸ ਪ੍ਰੋਜੈਕਟ ਲਈ ਦਿੱਤੀ ਮਨਜੂਰੀ

ਚੰਡੀਗੜ੍ਹ/ਬਿਊਰੋ ਨਿਊਜ਼ 

ਨਸ਼ੇ ਦੇ ਖਿਲਾਫ ਜੰਗ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਸੂਬੇ ਵਿਚ 15 ਹਜ਼ਾਰ ਤਲਾਬਾਂ ਦੀ ਸਫਾਈ ਦਾ ਮਿਸ਼ਨ ਵੀ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰੋਜੈਕਟ 4573 ਕਰੋੜ ਰੁਪਏ ਦੇ ‘ਪੇਂਡੂ ਪੁਨਰ ਜਾਗਰਣ ਪੈਕੇਜ’ ਦੇ ਤਹਿਤ ਹੋਵੇਗਾ। ਸੀਐਮ ਭਗਵੰਤ ਮਾਨ ਨੇ ਇਸ ਪ੍ਰੋਜੈਕਟ ਨੂੰ ਮਨਜੂਰੀ ਵੀ ਦੇ ਦਿੱਤੀ ਹੈ। ਨਾਲ ਹੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਥਾਪਰ ਅਤੇ ਸੀਚੇਵਾਲ ਮਾਡਲ ਦੇ ਤਹਿਤ ਪਿੰਡਾਂ ਵਿਚ ਸੀਵਰੇਜ ਟਰੀਟਮੈਂਟ ਦੇ ਬਿਹਤਰ ਇੰਤਜ਼ਾਮ ਕੀਤੇ ਜਾਣਗੇ। ਇਸ ਪ੍ਰੋਜੈਕਟ ਦੇ ਲਈ ਮੰਤਰੀ ਤਰੁਨਪ੍ਰੀਤ ਸਿੰਘ ਸੋਂਧ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਨਗੇ। ਇਸੇ ਦੌਰਾਨ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹ ਕੰਮ ਪਹਿਲ ਦੇ ਅਧਾਰ ’ਤੇ ਹੋਵੇਗਾ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਚ 10 ਤੋਂ 15 ਸਾਲਾਂ ਵਿਚ ਤਲਾਬਾਂ ਦੀ ਹਾਲਤ ਬਹੁਤ ਖਸਤਾ ਹੋ ਗਈ ਸੀ ਅਤੇ ਸੂਬਾ ਸਰਕਾਰ ਨੇ ਹੁਣ ਤਲਾਬਾਂ ਨੂੰ ਸੰਵਾਰਨ ਦਾ ਫੈਸਲਾ ਲਿਆ ਹੈ। 

ਹਰ ਜ਼ਿਲ੍ਹੇ ’ਚ ਕੋਆਰਡੀਨੇਟਰ ਕੀਤੇ ਗਏ ਨਿਯੁਕਤ

ਚੰਡੀਗੜ੍ਹ/ਬਿਊਰੋ ਨਿਊਜ਼  

ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸੂਬਾ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ੇ ਦੇ ਖਿਲਾਫ ਅਭਿਆਨ ਦੇ ਲਈ ਹਰ ਇਕ ਜ਼ਿਲ੍ਹੇ ਵਿਚ ਇਕ ਕੋਆਰਡੀਨੇਟਰ ਨਿਯੁਕਤ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਇਨ੍ਹਾਂ ਕੋਆਰਡੀਨੇਟਰਾਂ ਦੇ ਨਾਵਾਂ ਵਾਲੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ‘ਆਪ’ ਵਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ ਯੁੱਧ ਦੇ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਦੱਸਿਆ ਗਿਆ ਕਿ ਨਿਯੁਕਤ ਕੀਤੇ ਗਏ ਸਾਰੇ ਕੋਆਰਡੀਨੇਟਰ ਜਲਦ ਹੀ ਆਪੋ ਆਪਣੇ ਅਹੁਦੇ ਸੰਭਾਲ ਲੈਣਗੇ ਤਾਂ ਕਿ ਸੂਬੇ ਵਿਚ ਨਸ਼ੇ ਦੀ ਲਤ ਨੂੰ ਖਤਮ ਕਰਨ ਦੇ ਲਈ ਕੀਤੇ ਜਾ ਰਹੇ ਕੰਮ ਨੂੰ ਹੋਰ ਤੇਜ਼ੀ ਨਾਲ ਕੀਤਾ ਜਾ ਸਕੇ।  

ਨਸ਼ੇ ਛੱਡਣ ਤੇ ਵਾਪਸ ਸਿੱਖੀ ਵਿਚ ਆਉਣ ਲਈ ਪ੍ਰੇਰਿਆ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਧਰਮ ਪ੍ਰਚਾਰ ਲਹਿਰ ਦੀ ਆਰੰਭਤਾ ਸਮੇਂ ਕੁਝ ਅਜਿਹੇ ਨੌਜਵਾਨਾਂ ਤੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ, ਜੋ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ ਅਤੇ ਨਸ਼ੇ ਛੱਡਣਾ ਚਾਹੁੰਦੇ ਹਨ। ਇਸੇ ਤਰ੍ਹਾਂ ਉਹ ਕੁਝ ਅਜਿਹੇ ਪਰਿਵਾਰਾਂ ਨੂੰ ਵੀ ਮਿਲੇ ਹਨ, ਜੋ ਸਿੱਖ ਧਰਮ ਛੱਡ ਗਏ ਸਨ ਅਤੇ ਉਨ੍ਹਾਂ ਨੂੰ ਵਾਪਸ ਸਿੱਖੀ ਵਿੱਚ ਆਉਣ ਲਈ ਪ੍ਰੇਰਿਆ ਗਿਆ। ਜਥੇਦਾਰ ਨੇ ਧਰਮ ਪ੍ਰਚਾਰ ਲਹਿਰ ਨੂੰ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਲੈ ਕੇ ਜਾਣ ਦਾ ਦਾਅਵਾ ਕੀਤਾ ਹੈ। ਜਿਥੇ ਉਹ ਇਸੇ ਤਰ੍ਹਾਂ ਲੋਕਾਂ ਨੂੰ ਮਿਲਣਗੇ, ਉਨ੍ਹਾਂ ਨੂੰ ਧਰਮ ਵਿੱਚ ਪ੍ਰਪੱਕ ਹੋਣ, ਨਸ਼ੇ ਛੱਡਣ ਅਤੇ ਸਿੱਖੀ ਵਿੱਚ ਵਾਪਸ ਪਰਤਣ ਲਈ ਪ੍ਰੇਰਨਗੇ।

 

 

 

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗਣ ਲੱਗੇ ਆਰੋਪ

ਜਲੰਧਰ/ਬਿਊਰੋ ਨਿਊਜ਼ 

ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿਚ ਫਿਲਮ ‘ਜਾਟ’ ਵਿਚ ਕੰਮ ਕਰਨ ਵਾਲੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆਰੋਪ ਹੇਠ ਧਾਰਾ 299 ਬੀ.ਐਨ.ਐਸ. ਤਹਿਤ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜਲੰਧਰ ਦੇ ਵਸਨੀਕ ਇਕ ਵਿਅਕਤੀ ਦੇ ਬਿਆਨ ’ਤੇ ਦਰਜ ਕੀਤਾ ਗਿਆ ਹੈ। ਧਿਆਨ ਰਹੇ ਕਿ ਈਸਾਈ ਭਾਈਚਾਰੇ ਨੇ ਫਿਲਮ ‘ਜਾਟ’ ਵਿਚ ਪ੍ਰਭੂ ਯਿਸੂ ਮਸੀਹ ਦੀ ਬੇਅਦਬੀ ਦੇ ਸੰਬੰਧ ਵਿਚ ਪੁਲਿਸ ਕਮਿਸ਼ਨਰੇਟ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਅਧਿਕਾਰੀਆਂ ਨੂੰ ਮਾਮਲਾ ਦਰਜ ਕਰਨ ਲਈ ਇਕ ਮੰਗ ਪੱਤਰ ਵੀ ਦਿੱਤਾ ਸੀ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਆਰੋਪ ਲਗਾਇਆ ਗਿਆ ਹੈ ਕਿ ਫਿਲਮ ‘ਜਾਟ’ ਵਿਚ ਪ੍ਰਭੂ ਯਿਸੂ ਮਸੀਹ ਦੇ ਸਲੀਬ ’ਤੇ ਚੜ੍ਹਾਏ ਜਾਣ ਦੇ ਦਿ੍ਰਸ਼ ਦੀ ਨਕਲ ਕਰਕੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ‘ਜਾਟ’ ਫਿਲਮ ਵਿਚੋਂ ਚਰਚ ਨਾਲ ਸਬੰਧਤ ਵਿਵਾਦਤ ਸੀਨ ਹਟਾ ਦਿੱਤਾ ਗਿਆ ਹੈ।

 

ਕਿਹਾ : ਨੌਜਵਾਨਾਂ ਨੂੰ ਚਿੱਟੇ ਤੋਂ ਬਚਾਉਣ ਲਈ ਇਹ ਹੈ ਜ਼ਰੂਰੀ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਕ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਅਫੀਮ ਦੀ ਖੇਤੀ ਦੀ ਇਜ਼ਾਜਤ ਮਿਲਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਨਾ ਸਿਰਫ ਨੌਜਵਾਨਾਂ ਨੂੰ ਚਿੱਟੇ ਜਾਂ ਹੈਰੋਇਨ ਵਰਗੇ ਜ਼ਹਿਰੀਲੇ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ, ਸਗੋਂ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਵੜਿੰਗ ਨੇ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਚਿੱਟੇ ਜਾਂ ਹੈਰੋਇਨ ਦਾ ਨਸ਼ਾ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਰਹੇ ਹਨ। ਇਸ ਮੁੱਦੇ ’ਤੇ ਗੰਭੀਰਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਅਫੀਮ ਦੀ ਖੇਤੀ ਨੂੰ ਕਾਨੂੰਨੀ ਢੰਗ ਨਾਲ ਇਜਾਜ਼ਤ ਮਿਲੇ ਤਾਂ ਇਸ ਨੂੰ ਨਸ਼ਾ ਨਹੀਂ ਬਲਕਿ ਦਵਾਈ ਲਈ ਵਰਤਿਆ ਜਾ ਸਕਦਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਅਫੀਮ ਦੀ ਖੇਤੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਵਾਧੂ ਆਮਦਨ ਹੋਵੇਗੀ ਤੇ ਉਨ੍ਹਾਂ ਦੀ ਆਰਥਿਕ ਹਾਲਤ ਵੀ ਮਜ਼ਬੂਤ ਹੋਵੇਗੀ। ਵੜਿੰਗ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਜਾਵੇ। 

ਕਿਹਾ : ਵੜਿੰਗ ਨਸ਼ਾ ਖਤਮ ਕਰਨ ਦੇ ਦੇਣ ਸੁਝਾਅ ਅਤੇ ਬਦਲ ਨਾ ਦੱਸਣ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਕ ਵੱਡਾ ਬਿਆਨ ਦਿੰਦਿਆਂ ਕਿਹਾ ਸੀ ਕਿ ਪੰਜਾਬ ਵਿਚ ਅਫੀਮ ਦੀ ਖੇਤੀ ਦੀ ਇਜ਼ਾਜਤ ਮਿਲਣੀ ਹੈ। ਵੜਿੰਗ ਨੇ ਕਿਹਾ ਸੀ ਕਿ ਇਸ ਕਦਮ ਨਾਲ ਨੌਜਵਾਨਾਂ ਨੂੰ ਚਿੱਟੇ ਜਾਂ ਹੈਰੋਇਨ ਵਰਗੇ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਇਸੇ ਦੌਰਾਨ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਵੜਿੰਗ ਵੱਲੋਂ ਦਿੱਤੇ ਬਿਆਨ ’ਤੇ ਟਿੱਪਣੀ ਕੀਤੀ ਹੈ। ਗਰੇਵਾਲ ਨੇ ਕਿਹਾ ਕਿ ਨਸ਼ੇ ਦਾ ਕੋਈ ਬਦਲ ਨਹੀਂ ਹੁੰਦਾ, ਨਸ਼ਾ ਸਿਰਫ ਇੱਕ ਨਸ਼ਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਦਾ ਆਪਣੀ ਜ਼ੁਬਾਨ ’ਤੇ ਕਾਬੂ ਨਹੀਂ ਹੈ ਅਤੇ ਇਨ੍ਹਾਂ ਲੋਕਾਂ ਦੇ ਅਜਿਹੇ ਬਿਆਨ ਸਮਾਜ ਨੂੰ ਨਸ਼ੇ ਵੱਲ ਧੱਕਣ ਦਾ ਕੰਮ ਕਰਦੇ ਹਨ। ਗਰੇਵਾਲ ਨੇ ਕਿਹਾ ਕਿ ਅਜਿਹੇ ਆਗੂਆਂ ਦੇ ਬਿਆਨ ਸਮਾਜ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੇ ਮੁੱਦੇ ’ਤੇ ਮਨੋਵਿਗਿਆਨੀ ਜਾਂ ਮਾਨਸਿਕ ਮਾਹਿਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ। 

 

ਲੋਕ-ਗੀਤ ਅਤੇ ਵਾਹਨ ਸਟਿਕਰਾਂ ਰਾਹੀਂ ਪਿੰਡਾਂ ਤੋਂ ਮੁਹੱਲਿਆਂ ਤੱਕ ਇੱਕ ਰਾਸ਼ਟਰ, ਇੱਕ ਚੋਣ ਦਾ ਸੰਦੇਸ਼ ਪਹੁੰਚਣ ਲੱਗਾ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਇੱਕ ਰਾਸ਼ਟਰ-ਇੱਕ ਚੋਣ ਤੇ ਵਿੱਡੀ ਮੁਹਿੰਮ ਨੇ ਹੁਣ ਪੰਜਾਬ ਵਿੱਚ ਜ਼ਮੀਨੀ ਪੱਧਰ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਇਸ ਕੌਮੀ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਪੰਜਾਬ ਟੀਮ ਵੱਲੋਂ ਸੂਬੇ ਭਰ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਸ ਦਾ ਮਕਸਦ ਹਰ ਮੁਹੱਲੇ, ਪਿੰਡ ਅਤੇ ਸ਼ਹਿਰ ਤੱਕ ਇਹ ਸੰਦੇਸ਼ ਪਹੁੰਚਾਉਣਾ ਹੈ ਕਿ ਬਾਰ-ਬਾਰ ਚੋਣਾਂ ਨਾਲ ਦੇਸ਼ ਨੂੰ ਕਿੰਨਾ ਨੁਕਸਾਨ ਹੁੰਦਾ ਹੈ ਅਤੇ ਇੱਕੋ ਵਾਰ ਚੋਣ ਕਰਵਾਉਣਾ ਕਿਵੇਂ ਹੱਲ ਬਣ ਸਕਦਾ ਹੈ। ਇਸ ਮੁਹਿੰਮ ਦੀ ਅਗਵਾਈ ਸੂਬਾ ਕਨਵੀਨਰ ਐਸ.ਐਸ. ਚੰਨੀ ਕਰ ਰਹੇ ਹਨ। ਉਨ੍ਹਾਂ ਦੇ ਨਾਲ ਕੋ-ਕਨਵੀਨਰ ਪਰਮਪਾਲ ਕੌਰ ਅਤੇ ਅਨਿਲ ਸਰੀਨ ਵੀ ਵੱਖ-ਵੱਖ ਪੱਧਰਾਂ ’ਤੇ ਕਾਰਜਕ੍ਰਮਾਂ ਦਾ ਆਯੋਜਨ ਕਰ ਰਹੇ ਹਨ। ਜ਼ਿਲ੍ਹਾ ਪ੍ਰਮੁੱਖਾਂ, ਮੋਰਚਿਆਂ, ਅਤੇ ਪ੍ਰਕੋਸ਼ਠਾਂ ਦੀ ਮਦਦ ਨਾਲ ਇਹ ਟੀਮ ਸਮਾਜ ਦੇ ਹਰ ਵਰਗ ਨਾਲ ਸੰਵਾਦ ਕਰ ਰਹੀ ਹੈ।

ਜਨਤਾ ਨਾਲ ਸਿੱਧਾ ਜੁੜਾਅ ਲਈ ਲੋਕ-ਗੀਤਾਂ ਦਾ ਸਹਾਰਾ

ਪੰਜਾਬ ਵਿੱਚ ਇਸ ਮੁਹਿੰਮ ਨੂੰ ਲੋਕ ਭਾਵਨਾਵਾਂ ਨਾਲ ਜੋੜਨ ਲਈ ਬੁੱਧਵਾਰ ਨੂੰ ਇੱਕ ਪੰਜਾਬੀ ਲੋਕ-ਗੀਤ ਜਾਰੀ ਕੀਤਾ ਗਿਆ, ਜਿਸ ਵਿੱਚ ਇੱਕ ਰਾਸ਼ਟਰ, ਇੱਕ ਚੋਣ ਦੀ ਧਾਰਨਾ ਨੂੰ ਆਸਾਨ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਲੋਕਾਂ ਤੱਕ ਪਹੁੰਚਾਇਆ ਗਿਆ ਹੈ। ਨਾਲ ਹੀ, ਗੱਡੀਆਂ ’ਤੇ ਲਗਾਉਣ ਲਈ ਵਿਸ਼ੇਸ਼ ਸਟਿਕਰ ਵੀ ਲਾਂਚ ਕੀਤੇ ਗਏ ਹਨ, ਜੋ ਹੁਣ ਬੱਸਾਂ, ਕਾਰਾਂ, ਅਤੇ ਸਕੂਟਰਾਂ ’ਤੇ ਆਮ ਦਿਖਣ ਲੱਗੇ ਹਨ। ਮੁਹਿੰਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਕਿਸੇ ਰਾਜਨੀਤਿਕ ਪਾਰਟੀ, ਨੇਤਾ, ਜਾਂ ਪ੍ਰਤੀਕ ਦੀ ਝਲਕ ਨਹੀਂ ਹੈ। ਇਸ ਨੂੰ ਪੂਰੀ ਤਰ੍ਹਾਂ ਗੈਰ-ਰਾਜਨੀਤਿਕ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਵਿੱਚ ਇਹ ਭਾਵਨਾ ਜਾਗੇ ਕਿ ਇਹ ਸਿਰਫ਼ ਕਿਸੇ ਸਰਕਾਰ ਦਾ ਨਹੀਂ, ਸਗੋਂ ਹਰ ਨਾਗਰਿਕ ਦਾ ਮੁੱਦਾ ਹੈ।

ਲੋਕਾਂ ਦੀ ਭਾਗੀਦਾਰੀ ਨਾਲ ਬਣੇਗਾ ਇਹ ਜਨ-ਅੰਦੋਲਨ: ਐਸ.ਐਸ. ਚੰਨੀ

ਪ੍ਰਦੇਸ਼ ਸੰਯੋਜਕ ਐਸ.ਐਸ. ਚੰਨੀ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾਂ ਦੇਸ਼-ਹਿਤ ਦੇ ਮੁੱਦਿਆਂ ਵਿੱਚ ਅਗਵਾਈ ਕਰਦੀ ਭੂਮਿਕਾ ਨਿਭਾਈ ਹੈ। ਇੱਕ ਰਾਸ਼ਟਰ, ਇੱਕ ਚੋਣ ਅਜਿਹਾ ਹੀ ਇੱਕ ਇਤਿਹਾਸਕ ਕਦਮ ਹੈ, ਜਿਸ ਨਾਲ ਨਾ ਸਿਰਫ਼ ਖਰਚੇ ਵਿੱਚ ਬੱਚਤ ਹੋਵੇਗੀ, ਸਗੋਂ ਦੇਸ਼ ਦੀ ਪ੍ਰਸ਼ਾਸਨਿਕ ਦੱਖਤਾ ਵੀ ਵਧੇਗੀ। ਉਨ੍ਹਾਂ ਦੱਸਿਆ ਕਿ ਸਾਡਾ ਟੀਚਾ ਹੈ ਕਿ ਇਸ ਮੁਹਿੰਮ ਨੂੰ ਹਰ ਪਿੰਡ, ਹਰ ਘਰ ਤੱਕ ਪਹੁੰਚਾਇਆ ਜਾਵੇ ਅਤੇ ਜਨਤਾ ਆਪ ਇਸ ਦੀ ਵਾਹਕ ਬਣੇ।

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.