Saturday, 18 April 2026

ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਦੇ ਫੈਸਲੇ ਦੀ ਕੀਤੀ ਨਿੰਦਾ

ਚੰਡੀਗੜ੍ਹ/ਬਿਊਰੋ ਨਿਊਜ਼ 

ਕੇਂਦਰ ਸਰਕਾਰ ਨੇ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਪੰਜਾਬ ਦੇ 11 ਲੱਖ ਲਾਭਪਾਤਰੀਆਂ ’ਤੇ ਇਤਰਾਜ਼ ਕੀਤਾ ਹੈ। ਕੇਂਦਰ ਸਰਕਾਰ ਨੇ ਅਜਿਹੇ ਸ਼ੱਕੀ ਲਾਭਪਾਤਰੀ ਸ਼ਨਾਖਤ ਕੀਤੇ ਹਨ, ਜਿਹੜੇ ਵਿੱਤੀ ਤੌਰ ’ਤੇ ਸਰਦੇ-ਪੁੱਜਦੇ ਹਨ, ਪਰ ਉਹ ਫਿਰ ਵੀ ਮੁਫਤ ਆਟਾ-ਦਾਲ ਸਕੀਮ ਦਾ ਲਾਭ ਲੈ ਰਹੇ ਹਨ। ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ 30 ਸਤੰਬਰ ਤੱਕ ਇਹ ਨਾਮ ਕੱਟਣ ਲਈ ਕਹਿ ਦਿੱਤਾ ਗਿਆ ਹੈ। ਮੀਡੀਆ ਦੀ ਜਾਣਕਾਰੀ ਮੁਤਾਬਕ ਦੇਸ਼ ਭਰ ਵਿਚ 8 ਕਰੋੜ ਸ਼ੱਕੀ ਲਾਭਪਾਤਰੀ ਸ਼ਨਾਖਤ ਹੋਏ ਹਨ, ਜੋ ਨਿਰਧਾਰਿਤ ਸ਼ਰਤਾਂ ਨੂੰ ਪੂਰੀਆਂ ਨਾ ਕਰਨ ਦੇ ਬਾਵਜੂਦ ਵੀ ਮੁਫਤ ਰਾਸ਼ਨ ਲੈ ਰਹੇ ਹਨ। ਇਨ੍ਹਾਂ ਵਿਚ ਪੰਜਾਬ ਦੇ 11 ਲੱਖ ਲਾਭਪਾਤਰੀ ਵੀ ਸ਼ਾਮਲ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਦੇ ਫੈਸਲੇ ਦੀ ਨਿੰਦਾ ਕੀਤੀ ਹੈ। 

 

ਨਵ-ਨਿਯੁਕਤ ਨੌਜਵਾਨਾਂ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਆ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਸਥਿਤ ਮਿਊਂਸੀਪਲ ਭਵਨ ਵਿੱਚ ਵੱਖ-ਵੱਖ ਵਿਭਾਗਾਂ ਦੇ 271 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸਥਾਨਕ ਸਰਕਾਰਾਂ ਵਿਭਾਗ, ਸਿੱਖਿਆ ਵਿਭਾਗ, ਨਗਰ ਸੁਧਾਰ ਟਰੱਸਟ ਅਤੇ ਆਬਕਾਰੀ ਵਿਭਾਗ ਸਣੇ ਹੋਰਨਾਂ ਵਿਭਾਗਾਂ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵ-ਨਿਯੁਕਤ ਨੌਜਵਾਨਾਂ ਨੂੰ ਸਖਤ ਮਿਹਨਤ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਨੌਜਵਾਨਾਂ ਨੂੰ ਸਿਫਾਰਸ਼ਾਂ ਨਾਲ ਨੌਕਰੀਆਂ ਮਿਲਦੀਆਂ ਸਨ ਪਰ ਮੌਜੂਦਾ ਸਰਕਾਰ ਵਲੋਂ ਬਿਨਾਂ ਕਿਸੇ ਸਿਫਾਰਸ਼ ਤੋਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਤਿੰਨ ਸਾਲਾਂ ਵਿੱਚ 55 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਭਗਵੰਤ ਮਾਨ ਸਰਕਾਰ ’ਤੇ ਲਗਾਏ ਭਾਜਪਾ ਦੇ ਕੈਂਪ ਰੋਕਣ ਦੇ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਇਕ ਵਾਰ ਫਿਰ ਆਹਮੋ-ਸਾਹਮਣੇ ਹੋ ਗਈ ਹੈ। ਇਸੇ ਦੌਰਾਨ ਭਾਜਪਾ ਆਗੂਆਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਚ ਮੁਲਾਕਾਤ ਕੀਤੀ ਹੈ। ਇਸ ਮੌਕੇੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਰੋਪ ਲਗਾਇਆ ਕਿ ਭਗਵੰਤ ਮਾਨ ਸਰਕਾਰ ਸੂਬੇ ਵਿਚ ਭਾਜਪਾ ਵਲੋਂ ਪਿੰਡਾਂ ਵਿਚ ਲਗਾਏ ਜਾ ਰਹੇ ਕੈਂਪ ਬੰਦ ਕਰਵਾ ਰਹੀ ਹੈ। ਅਸ਼ਵਨੀ ਸ਼ਰਮਾ ਨੇ ਸੀਐਮ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸਿਆਸੀ ਲੜਾਈ ਸਿਆਸੀ ਤਰੀਕੇ ਨਾਲ ਹੀ ਲੜੋ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੇ ਜ਼ਰੀਏ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸੂਬਾ ਸਰਕਾਰ ਭਾਜਪਾ ਆਗੂਆਂ ਨੂੰ ਗਿ੍ਰਫਤਾਰ ਕਰ ਰਹੀ ਹੈ। ਇਸ ਦੌਰਾਨ ਭਾਜਪਾ ਨੇ ਸੂਬਾ ਸਰਕਾਰ ’ਤੇ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਵਾਂਝਾ ਰੱਖਣ ਦੇ ਆਰੋਪ ਲਗਾਏ ਹਨ।

ਚੰਡੀਗੜ੍ਹ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਇੰਚਾਰਜ ਮਨੀਸ਼ ਸਿਸੋਦੀਆ ਦੀ ਟਿੱਪਣੀ ਨੇ ਸੂਬੇ ਦੀ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ ਅਤੇ ਵਿਰੋਧੀ ਸਿਆਸੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਚੱਲਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਹੈ ਕਿ ਮਨੀਸ਼ ਸਿਸੋਦੀਆ ਦੇ ਇਹ ਵਿਚਾਰ ਨਿੱਜੀ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਮਾਨਦਾਰੀ ’ਤੇ ਪੂਰੀ ਤਰ੍ਹਾਂ ਕਾਇਮ ਹੈ। ਧਿਆਨ ਰਹੇ ਕਿ ਮਨੀਸ਼ ਸਿਸੋਦੀਆ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਉਹ ਕਹਿ ਰਹੇ ਹਨ ਸਾਲ 2027 ਦੀਆਂ ਪੰਜਾਬ ਚੋਣਾਂ ਜਿੱਤਣ ਲਈ ਸਾਮ, ਦਾਮ, ਦੰਡ, ਭੇਦ, ਸੱਚ-ਝੂਠ, ਲੜਾਈ-ਝਗੜਾ ਜੋ ਕਰਨਾ ਪਿਆ ਕਰਾਂਗੇ। ਸਿਸੋਦੀਆਂ ਦੀ ਇਸ ਟਿੱਪਣੀ ਨਾਲ ਪੰਜਾਬ ਦੀ ਸਿਆਸਤ ਵਿਚ ਹਲਚਲ ਮਚੀ ਹੋਈ ਹੈ।

ਜਲੰਧਰ/ਬਿਊਰੋ ਨਿਊਜ਼  

ਭਾਰਤੀ ਜਨਤਾ ਪਾਰਟੀ ਦੇ ਆਗੂ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਨਰਿੰਦਰ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਪ੍ਰਚਾਰ ਕਰਨ ਲਈ ਕੈਂਪ ਲਗਾ ਰਹੇ ਹਨ। ਇਸਦੇ ਚੱਲਦਿਆਂ ਪੁਲਿਸ ਨੇ ਕਈ ਭਾਜਪਾ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। ਜਲੰਧਰ ਜ਼ਿਲ੍ਹੇ ਦੇ ਕਸਬਾ ਸ਼ਾਹਕੋਟ ਦੀ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਅਤੇ ਹਲਕਾ ਸ਼ਾਹਕੋਟ ਦੇ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਨੂੰ ਗਿ੍ਰਫਤਾਰ ਕਰ ਲਿਆ। ਭਾਜਪਾ ਵਰਕਰਾਂ ਵਲੋਂ ਭਗਵੰਤ ਮਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਦੱਸਣਯੋਗ ਹੈ ਕਿ ਕੇ.ਡੀ. ਭੰਡਾਰੀ ਅਤੇ ਰਾਣਾ ਹਰਦੀਪ ਸਿੰਘ ਦੀ ਅਗਵਾਈ ਵਿਚ ਭਾਜਪਾ ਵਰਕਰਾਂ ਵਲੋਂ ਰੂਪੇਵਾਲ ਦੀ ਦਾਣਾਮੰਡੀ ਵਿਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਕੈਂਪ ਲਗਾਇਆ ਗਿਆ ਸੀ ਅਤੇ ਉਥੋਂ ਪੁਲਿਸ ਨੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ। ਇਸਦੇ ਚੱਲਦਿਆਂ ਸਮੂਹ ਭਾਜਪਾ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਕਪੂਰਥਲਾ/ਬਿਊਰੋ ਨਿਊਜ਼

ਕਪੂਰਥਲਾ ਜ਼ਿਲ੍ਹੇ ਦੇ ਕਸਬਾ ਫਗਵਾੜਾ ਵਿਚ ਪੀ.ਆਰ.ਟੀ.ਸੀ. ਦੀ ਸਰਕਾਰੀ ਬੱਸ ਵਿਚੋਂ ਵੱਡੀ ਮਾਤਰਾ ਵਿਚ ਚੂਰਾ-ਪੋਸਤ ਬਰਾਮਦ ਹੋਇਆ ਹੈ। ਪੁਲਿਸ ਨੇ ਇਸ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਖਿਲਾਫ ਐਨ.ਡੀ.ਪੀ.ਐਸ. ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਇਹ ਕਾਰਵਾਈ ਫਗਵਾੜਾ ਦੀ ਪੁਲਿਸ ਵਲੋਂ ਕੀਤੀ ਗਈ ਹੈ। ਥਾਣਾ ਸਿਟੀ ਫਗਵਾੜਾ ਵਿਚ ਤੈਨਾਤ ਏ.ਐਸ.ਆਈ. ਜਿਤੇਂਦਰ ਪਾਲ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ। ਉਨ੍ਹਾਂ ਨੇ ਜਦੋਂ ਫਗਵਾੜਾ ਦੇ ਬੱਸ ਅੱਡੇ ’ਤੇ ਇਸ ਬੱਸ ਦੀ ਚੈਕਿੰਗ ਕੀਤੀ ਤਾਂ 53 ਕਿਲੋ 500 ਗਰਾਮ ਚੂਰਾ-ਪੋਸਤ ਬਰਾਮਦ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਰਕਾਰੀ ਬੱਸ ਦਿੱਲੀ-ਕਪੂਰਥਲਾ ਰੂਟ ’ਤੇ ਚੱਲਦੀ ਸੀ। ਇਸ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਇਨ੍ਹਾਂ ਦੋਵਾਂ ਨੂੰ ਪੁੱਛਗਿੱਛ ਲਈ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਨੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਭੇਜਿਆ

ਚੰਡੀਗੜ੍ਹ/ਬਿਊਰੋ ਨਿਊਜ਼ 

ਹਿਮਾਚਲ ਪ੍ਰਦੇਸ਼ ਵਿਚ ਪੈ ਰਹੇ ਜ਼ਿਆਦਾ ਮੀਂਹ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਖਾਸ ਕਰਕੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਉਪਰਲੇ ਖੇਤਰਾਂ ਵਿਚ ਅਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਪਾਣੀ ਲਗਾਤਾਰ ਵਹਿ ਰਿਹਾ ਹੈ। ਸੂਬਾ ਸਰਕਾਰ ਵਲੋਂ ਆਪਣੀਆਂ ਟੀਮਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਭੇਜਿਆ ਗਿਆ ਹੈ। ਇਸਦੇ ਚੱਲਦਿਆਂ ਪੌਂਗ ਡੈਮ ਅਤੇ ਭਾਖੜਾ ਡੈਮ ’ਚੋਂ ਪਾਣੀ ਨਿਯੰਤਰਿਤ ਤਰੀਕੇ ਨਾਲ ਛੱਡਿਆ ਜਾ ਰਿਹਾ ਹੈ। ਪਾਣੀ ਦੀ ਨਿਕਾਸੀ ਨੇ ਸੁਲਤਾਨਪੁਰ ਲੋਧੀ, ਟਾਂਡਾ, ਨੰਗਲ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਤਰਨਤਾਰਨ ਦੇ ਕਈ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਚੱਲਦਿਆਂ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਆਉਂਦੇ ਚਾਰ-ਪੰਜ ਦਿਨ ਭਾਰੀ ਮੀਂਹ ਪੈ ਸਕਦਾ ਹੈ। ਇਸਦੇ ਚੱਲਦਿਆਂ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਨਾਭਾ ਦੀ ਜੇਲ੍ਹ ’ਚ ਬੰਦ ਹੈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ

ਨਾਭਾ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਨਾਭਾ ਦੀ ਜੇਲ੍ਹ ’ਚ ਬੰਦ ਹੈ। ਇਸਦੇ ਚੱਲਦਿਆਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਅਗਵਾਈ ’ਚ ਕੁਝ ਅਕਾਲੀ ਵਰਕਰ ਮਜੀਠੀਆ ਨੂੰ ਮਿਲਣ ਲਈ ਨਾਭਾ ਜੇਲ੍ਹ ਪਹੁੰਚੇ। ਪਰ ਨਾਭਾ ਜੇਲ੍ਹ ਦੇ ਪ੍ਰਸ਼ਾਸਨ ਨੇ ਲੰਗਾਹ ਅਤੇ ਹੋਰ ਅਕਾਲੀ ਵਰਕਰਾਂ ਨੂੰ ਗੇਟ ’ਤੇ ਹੀ ਰੋਕ ਲਿਆ ਅਤੇ ਮਜੀਠੀਆ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਲੰਗਾਹ ਅਤੇ ਹੋਰ ਅਕਾਲੀ ਵਰਕਰਾਂ ਨੇ ਜੇਲ੍ਹ ਦੇ ਬਾਹਰ ਨਾਅਰੇਬਾਜ਼ੀ ਕੀਤੀ। ਧਿਆਨ ਰਹੇ ਕਿ ਪੰਜਾਬ ਵਿਜੀਲੈਂਸ ਨੇ 25 ਜੂਨ ਨੂੰ ਮਜੀਠੀਆ ਨੂੰ ਉਨ੍ਹਾਂ ਦੀ ਅੰਮਿ੍ਰਤਸਰ ਸਥਿਤ ਰਿਹਾਇਸ਼ ਤੋਂ ਗਿ੍ਰਫਤਾਰ ਕੀਤਾ ਸੀ ਅਤੇ ਉਹ ਉਦੋਂ ਤੋਂ ਹੀ ਨਾਭਾ ਦੀ ਜੇਲ੍ਹ ਵਿਚ ਬੰਦ ਹੈ।

 

ਦਰਿਆਵਾਂ ਨੇੜਲੇ ਇਲਾਕਿਆਂ ’ਚ ਫਸਲਾਂ ਦਾ ਹੋਇਆ ਭਾਰੀ ਨੁਕਸਾਨ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਕਈ ਖੇਤਰਾਂ ਵਿਚ ਮੀਂਹ ਅਤੇ ਦਰਿਆਵਾਂ ’ਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਅਜਿਹੀ ਸਥਿਤੀ ਨਾਲ ਨਜਿੱਠਣ ਲਈ  ਭਗਵੰਤ ਮਾਨ ਸਰਕਾਰ ਐਕਸ਼ਨ ਮੋਡ ਵਿਚ ਆ ਗਈ ਹੈ। ਮੁੱਖ ਮੰਤਰੀ ਮਾਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮੰਤਰੀਆਂ ਦੀਆਂ ਡਿਊਟੀਆਂ ਲਗਾਈਆਂ ਹਨ ਅਤੇ ਖੁਦ ਵੀ ਸਥਿਤੀ ’ਤੇ ਨਿਰੰਤਰ ਨਜ਼ਰ ਰੱਖ ਰਹੇ ਹਨ। ਇਸ ਨੂੰ ਲੈ ਕੇ ਸਰਕਾਰ ਨੇ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ ਅਤੇ ਉਨ੍ਹਾਂ ਲਈ ਖਾਣੇ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਸ ਨੂੰ ਲੈ ਕੇ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਹੜ੍ਹਾਂ ਕਾਰਨ ਫਸਲਾਂ ਹੋਏ ਨੁਕਸਾਨ ਨੂੰ ਲੈ ਕੇ ਵੀ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਖਰਾਬ ਹੋਈਆਂ ਫਸਲਾਂ ਦਾ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇਗਾ। 

ਪੰਜਾਬੀ ਸਾਹਿਤਕ ਜਗਤ ਵਿਚ ਸੋਗ ਦੀ ਲਹਿਰ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬੀ ਦੇ ਪ੍ਰਸਿੱਧ ਗਜ਼ਲਕਾਰ ਅਤੇ ਕਵੀ ਸਿਰੀ ਰਾਮ ਅਰਸ਼ ਦਾ ਦਿਹਾਂਤ ਹੋ ਗਿਆ ਹੈ।  ਸਿਰੀ ਰਾਮ ਅਰਸ਼ ਨੂੰ ਸੰਖੇਪ ਬਿਮਾਰੀ ਦੇ ਚੱਲਦਿਆਂ ਮੁਹਾਲੀ ਦੇ ਹਸਪਤਾਲ ’ਚ  ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦੇ ਅਕਾਲ ਚਲਾਣੇ ਕਰਕੇ ਪੰਜਾਬੀ ਸਾਹਿਤਕ ਜਗਤ ਵਿਚ ਸੋਗ ਦੀ ਲਹਿਰ ਹੈ। ਲੁਧਿਆਣਾ ਵਿਚ 15 ਦਸੰਬਰ 1934 ਨੂੰ ਜਨਮੇ ਸਿਰੀ ਰਾਮ ਅਰਸ਼ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦਾ ਖਜ਼ਾਨਾ ਹਨ। ਉਨ੍ਹਾਂ ਦੀਆਂ ਸੰਵੇਦਨਸ਼ੀਲ ਅਤੇ ਸਮਾਜਿਕ ਸਰੋਕਾਰਾਂ ਨਾਲ ਭਰਪੂਰ ਗਜ਼ਲਾਂ ਨੇ ਸਮਾਜਿਕ ਅਸਮਾਨਤਾ, ਗਰੀਬੀ ਅਤੇ ਮਨੁੱਖੀ ਸੰਘਰਸ਼ ਵਰਗੇ ਵਿਸ਼ਿਆਂ ਨੂੰ ਗਹਿਰੀ ਸੋਚ ਅਤੇ ਸੁਹਜ ਨਾਲ ਪੇਸ਼ ਕੀਤਾ। ਕਵੀ ਸਿਰੀ ਰਾਮ ਅਰਸ਼ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦੀ ਅਮਰ ਵਿਰਾਸਤ ਹਨ ਅਤੇ ਉਹ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿਚ ਸਦਾ ਜਿਊਂਦੇ ਰਹਿਣਗੇ। 

ਜਰਨੈਲ ਸਿੰਘ ਵਾਹਿਦ ਦੀ ਰਿਹਾਇਸ਼ ’ਤੇ ਵੀ ਪਹੁੰਚੀ ਏਜੰਸੀ

ਜਲੰਧਰ/ਬਿਊਰੋ ਨਿਊਜ਼

ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਬੁੱਧਵਾਰ ਸਵੇਰੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਦੇ ਫਗਵਾੜਾ ਸਥਿਤ ਟਿਕਾਣਿਆਂ ’ਤੇ ਛਾਪਾ ਮਾਰਿਆ। ਏਜੰਸੀ ਦੇ ਅਧਿਕਾਰੀਆਂ ਨੇ ਫਗਵਾੜਾ ਖੰਡ ਮਿੱਲ, ਵਾਹਿਦ ਦੀ ਰਿਹਾਇਸ਼ ਅਤੇ ਫਗਵਾੜਾ ਵਿੱਚ ਉਸਦੇ ਪਰਿਵਾਰ ਦੀ ਮਲਕੀਅਤ ਵਾਲੇ ਇੱਕ ਜਿਮ ’ਤੇ ਵੀ ਪਹੁੰਚ ਕੀਤੀ। ਵਾਹਿਦ ਪਹਿਲਾਂ ਆਪਣੇ ਐੱਨ.ਆਰ.ਆਈ. ਸਾਥੀ ਨਾਲ ਖੰਡ ਮਿੱਲ ਦਾ ਸਹਿ-ਮਾਲਕ ਸੀ ਪਰ ਹੁਣ ਇਸ ਨੂੰ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਰਾਣਾ ਸ਼ੂਗਰ ਮਿੱਲ ਵੱਲੋਂ ਚਲਾਇਆ ਜਾ ਰਿਹਾ ਹੈ। ਕੇਂਦਰੀ ਏਜੰਸੀ ਵਾਹਿਦ ਵਿਰੁੱਧ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਵੱਲੋਂ, ਦੋ ਸਾਲ ਪਹਿਲਾਂ ਖੰਡ ਮਿੱਲ ਦੀ ਸਰਕਾਰੀ ਜ਼ਮੀਨ ਵੇਚਣ ਦੇ ਦੋਸ਼ ਹੇਠ ਦਰਜ ਕੀਤੇ ਗਏ ਇੱਕ ਕੇਸ ਦੇ ਆਧਾਰ ’ਤੇ ਕਰ ਰਹੀ ਹੈ। ਧਿਆਨ ਰਹੇ ਕਿ ਵਾਹਿਦ, ਉਸਦੀ ਪਤਨੀ ਅਤੇ ਪੁੱਤਰ ਨੂੰ ਵੀ ਵਿਜੀਲੈਂਸ ਬਿਊਰੋ ਨੇ ਗਿ੍ਰਫਤਾਰ ਕੀਤਾ ਸੀ। ਸਤੰਬਰ 2023 ਵਿੱਚ ਉਨ੍ਹਾਂ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।

ਵਿਰੋਧੀ ਸਿਆਸੀ ਪਾਰਟੀਆਂ ’ਤੇ ਚੁੱਕੇ ਸਵਾਲ

ਸ੍ਰੀ ਚਮਕੌਰ ਸਾਹਿਬ/ਬਿਊਰੋ ਨਿਊਜ਼ 

ਸ੍ਰੀ ਚਮਕੌਰ ਸਾਹਿਬ ਵਿਖੇ 14 ਕਰੋੜ ਦੀ ਲਾਗਤ ਨਾਲ ਉਸਾਰੀ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ। ਇਸ ਮੌਕੇ ਉਨ੍ਹਾਂ ਹਸਪਤਾਲ ਦੇ ਅੰਦਰ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਵਿਰੋਧੀ ਸਿਆਸੀ ਪਾਰਟੀਆਂ ’ਤੇ ਸਵਾਲ ਚੁੱਕੇ। ਉਨ੍ਹਾਂ ਆਰੋਪ ਲਗਾਇਆ ਕਿ ਵਿਰੋਧੀ ਪਾਰਟੀਆਂ ਨੇ ਲੋਕਾਂ ਦੇ ਘਰ ਤੱਕ ਉਜਾੜ ਦਿੱਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਬਿਨਾ ਸਿਫਾਰਸ਼ ਤੋਂ 55 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਭਗਵੰਤ ਮਾਨ ਨੇ ਆਰੋਪ ਲਗਾਇਆ ਕਿ ਪੰਜਾਬ ਵਿਚ ਸਾਰੀ ਲੁੱਟ ਅਕਾਲੀਆਂ ਨੇ ਕੀਤੀ ਹੈ ਅਤੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਅਕਾਲੀਆਂ ਤੋਂ ਖਹਿੜਾ ਛੁਡਾਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਸਿਆਸੀ ਪਾਰਟੀਆਂ ਦੀ ਲੜਾਈ ਹਮੇਸ਼ਾ ਕੁਰਸੀ ਦੀ ਰਹੀ ਹੈ, ਜਦੋਂ ਕਿ ਸਾਡੀ ਲੜਾਈ ਆਮ ਲੋਕਾਂ ਦੇ ਹੱਕਾਂ ਲਈ ਹੈ। ਇਸ ਮੌਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਹਲਕਾ ਵਿਧਾਇਕ ਵੀ ਹਾਜ਼ਰ ਸਨ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.