Saturday, 18 April 2026

ਕਿਹਾ : ਇਹ ਯਕੀਨੀ ਬਣਾਓ ਕਿ ਮੱਦਦ ਹਰ ਲੋੜਵੰਦ ਵਿਅਕਤੀ ਤੱਕ ਪਹੁੰਚੇ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਚ ਮੰਤਰੀਆਂ ਅਤੇ ਵਿਧਾਇਕਾਂ ਨਾਲ ਉਚ ਪੱਧਰੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੌਰਾਨ ਸੂਬੇ ਵਿਚ ਆਏ ਹੜ੍ਹਾਂ ਸਬੰਧੀ ਸਥਿਤੀ ਅਤੇ ਰਾਹਤ ਕਾਰਜਾਂ ਸਬੰਧੀ ਚਰਚਾ ਕੀਤੀ ਗਈ। ਮੁੱਖ ਮੰਤਰੀ ਮਾਨ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਫੀਲਡ ਵਿਚ ਜਾ ਕੇ ਲੋਕਾਂ ਦੀ ਸਿੱਧੀ ਮੱਦਦ ਕਰਨ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰੋ ਅਤੇ ਇਹ ਯਕੀਨੀ ਬਣਾਓ ਕਿ ਮੱਦਦ ਹਰ ਲੋੜਵੰਦ ਵਿਅਕਤੀ ਤੱਕ ਪਹੁੰਚੇ। ਸੀਐਮ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਅਤੇ ਉਨ੍ਹਾਂ ਨੂੰ ਤੁਰੰਤ ਹੱਲ ਕਰੋ। ਇਸ ਮੀਟਿੰਗ ਦੌਰਾਨ ਸੀਐਮ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੜ੍ਹ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਅਤੇ ਸਥਿਤੀ ਨੂੰ ਜਲਦੀ ਤੋਂ ਜਲਦੀ ਆਮ ਵਰਗਾ ਬਣਾਉਣਾ ਹੈ। ਸੀਐਮ ਮਾਨ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਸਰਕਾਰ ਪੰਜਾਬ ਦੇ ਲੋਕਾਂ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ। 

ਹੜ੍ਹਾਂ ਨੇ ਸੂਬੇ ਦੇ ਕਈ ਇਲਾਕਿਆਂ ਵਿਚ ਮਚਾਈ ਹੈ ਤਬਾਹੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਦਸਵੰਧ ਕੱਢਣ ਦੀ ਅੱਜ ਸ਼ੁਰੂਆਤ ਕੀਤੀ ਹੈ। ਸੰਧਵਾਂ ਨੇ ਹੜ੍ਹ ਪੀੜਤਾਂ ਦੀ ਮੱਦਦ ਵਜੋਂ ਟਰੈਕਟਰਾਂ ਲਈ ਡੀਜ਼ਲ ਵਾਸਤੇ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਕ ਮਹੀਨੇ ਦੀ ਤਨਖਾਹ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮੀਡੀਆ ਵਿਚ ਖਬਰਾਂ ਚੱਲ ਰਹੀਆਂ ਸਨ ਕਿ ਕਰੋੜਪਤੀ ਵਿਧਾਇਕਾਂ ਅਤੇ ਮੰਤਰੀਆਂ ਵਲੋਂ ਹੜ੍ਹ ਪੀੜਤਾਂ ਲਈ ਕੋਈ ਵੀ ਮੱਦਦ ਦਾ ਐਲਾਨ ਨਹੀਂ ਹੋ ਰਿਹਾ ਹੈ। ਇਸਦੇ ਚੱਲਦਿਆਂ ਸਪੀਕਰ ਸੰਧਵਾਂ ਨੇ ਇਸ ਬਾਰੇ ਪਹਿਲ ਕਰਦਿਆਂ ਨਿੱਜੀ ਤੌਰ ’ਤੇ ਹੜ੍ਹ ਪੀੜਤਾਂ ਦੀ ਮੱਦਦ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਆਏ ਹੜ੍ਹਾਂ ਨੇ ਕਈ ਜ਼ਿਲ੍ਹਿਆਂ ਵਿਚ ਭਾਰੀ ਨੁਕਸਾਨ ਕੀਤਾ ਹੈ ਅਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਵੀ ਨੁਕਸਾਨੀ ਗਈ ਹੈ।

ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ - ਘੱਗਰ ਨਦੀ ਦਾ ਪਾਣੀ ਵਧਿਆ 

ਚੰਡੀਗੜ੍ਹ/ਬਿਊਰੋ ਨਿਊਜ਼ 

ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿਚ ਵੀ ਹੜ੍ਹਾਂ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਹ ਚਿਤਾਵਨੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਅਤੇ ਪੂਰੇ ਖੇਤਰ ਵਿਚ ਭਾਰੀ ਮੀਂਹ ਤੇ ਸੁਖਨਾ ਝੀਲ ਦੇ ਫਲੱਡ ਗੇਟ ਖੁੱਲ੍ਹਣ ਤੋਂ ਬਾਅਦ ਜਾਰੀ ਹੋਈ ਹੈ। ਇਹ ਘੱਗਰ ਨਦੀ ਹਿਮਾਚਲ ਪ੍ਰਦੇਸ਼ ਵਿਚੋਂ ਨਿਕਲਦੀ ਹੈ ਅਤੇ ਪੰਜਾਬ ’ਚ 165 ਕਿਲੋਮੀਟਰ ਦਾ ਰਸਤਾ ਤੈਅ ਕਰਦੀ ਹੈ। ਇਸਦੇ ਚੱਲਦਿਆਂ ਘੱਗਰ ਦੇ ਨਾਲ ਲੱਗਦੇ ਪਿੰਡਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਮੁਹਾਲੀ ਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਘੱਗਰ ਨੇੜਲੇ ਪਿੰਡਾਂ ਦਾ ਜਾਇਜ਼ਾ ਵੀ ਲਿਆ ਗਿਆ ਹੈ। ਘੱਗਰ ਨਦੀ ਵਿਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਰਾਜਪੁਰਾ ਦੇ ਕਈ ਪਿੰਡਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਸੇ ਦੌਰਾਨ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਤਿੰਨ ਫਲੱਡ ਗੇਟਾਂ ਵਿਚੋਂ ਦੋ ਗੇਟ ਅੱਜ ਖੋਲ੍ਹ ਦਿੱਤੇ ਗਏ ਸਨ। ਦੱਸਣਯੋਗ ਹੈ ਕਿ ਇਸ ਮਾਨਸੂਨ ਸੀਜ਼ਨ ਵਿਚ ਇਹ ਛੇਵੀਂ ਵਾਰ ਹੈ ਜਦੋਂ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਹਨ।

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਮਜੀਠੀਆ ਹਨ ਜੇਲ੍ਹ ’ਚ

ਮੁਹਾਲੀ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਨਾਭਾ ਦੀ ਜੇਲ੍ਹ ’ਚ ਬੰਦ ਹੈ। ਇਸਦੇ ਚੱਲਦਿਆਂ ਮਜੀਠੀਆ ਦੀ ਪੇਸ਼ੀ ਅੱਜ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਮੁਹਾਲੀ ਦੀ ਅਦਾਲਤ ਵਿਚ ਹੋਈ ਹੈ। ਅਦਾਲਤ ਨੇ ਮਜੀਠੀਆ ਦੀ ਨਿਆਇਕ ਹਿਰਾਸਤ ਹੁਣ 6 ਸਤੰਬਰ ਤੱਕ ਵਧਾ ਦਿੱਤੀ ਹੈ। ਇਸ ਮੌਕੇ ਅਦਾਲਤ ’ਚ ਸਰਕਾਰੀ ਧਿਰ ਵਲੋਂ ਵਕੀਲ ਫੈਰੀ ਸੋਫਤ ਅਤੇ ਪ੍ਰੀਤਇੰਦਰ ਪਾਲ ਸਿੰਘ ਨੇ ਅਗਵਾਈ ਕੀਤੀ, ਜਦੋਂਕਿ ਬਚਾਅ ਧਿਰ ਵਲੋਂ ਵਕੀਲ ਐਚ.ਐਸ. ਧਨੋਆ ਅਤੇ ਡੀ.ਐਸ. ਸੋਬਤੀ ਅਦਾਲਤ ਵਿਚ ਮੌਜੂਦ ਰਹੇ। ਇਸੇ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਬੈਰਕ ਬਦਲੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਵੀ 30 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ। ਧਿਆਨ ਰਹੇ ਕਿ ਮਜੀਠੀਆ ਨੂੰ ਉਨ੍ਹਾਂ ਦੀ ਅੰਮਿ੍ਰਤਸਰ ਸਥਿਤ ਰਿਹਾਇਸ਼ ਤੋਂ 25 ਜੂੁਨ ਨੂੰ ਗਿ੍ਰਫਤਾਰ ਕੀਤਾ ਗਿਆ ਹੈ। 

ਮਾਮਲੇ ਦੀ ਪੜਤਾਲ ਲਈ ਕਮੇਟੀ ਦਾ ਗਠਨ

ਅੰਮਿ੍ਰਤਸਰ/ਬਿਊਰੋ ਨਿਊਜ਼  

ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਰਚਿਤ ਗੁਰਸ਼ਬਦ ਰਤਨਾਕਾਰ ਮਹਾਨਕੋਸ਼ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੀਤੀ ਗਈ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਬੇਅਦਬੀ ਦੇ ਇਸ ਮਾਮਲੇ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਨੋਟਿਸ ਲਿਆ ਹੈ ਅਤੇ ਇਸ ਮਾਮਲੇ ਦੀ ਪੜਤਾਲ ਲਈ ਇਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ। ਇਹ ਕਮੇਟੀ ਇਕ ਹਫਤੇ ਵਿਚ ਸਮੁੱਚੇ ਘਟਨਾਕ੍ਰਮ ਬਾਰੇ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੂੰ ਸੌਂਪੇਗੀ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਤੇ ਮਹਾਨ ਕੋਸ਼ ਨੂੰ ਜ਼ਮੀਨ ਹੇਠਾਂ ਦੱਬ ਕੇ ਉਸਦੀ ਬੇਅਦਬੀ ਕਰਨ ਦੇ ਆਰੋਪ ਲੱਗੇ ਹਨ। ਇਸ ਘਟਨਾ ਦੀ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਸਿੱਖ ਰਹੁਰੀਤਾਂ ਵਿਰੁੱਧ ਕਰਾਰ ਦਿੱਤਾ ਹੈ।

ਕਿਹਾ : ਮੇਰਾ ਹੈਲੀਕਾਪਟਰ ਹੁਣ ਲੋਕਾਂ ਹਵਾਲੇ

ਗੁਰਦਾਸਪੁਰ/ਬਿਊਰੋ ਨਿਊਜ਼ 

ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਕਾਰਨ ਭਾਰੀ ਤਬਾਹੀ ਹੋਈ ਹੈ। ਇਸਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ। ਸੀਐਮ ਮਾਨ ਸਭ ਤੋਂ ਪਹਿਲਾਂ ਕਸਬਾ ਬਹਿਰਾਮਪੁਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਹੜ੍ਹ ਪੀੜਤ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸਰਕਾਰ ਹੜ੍ਹ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਿੰਡਾਂ ਵਿਚ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ ਅਤੇ ਬਿਨਾ ਰਾਸ਼ਨ ਛੋਟੇ ਬੱਚਿਆਂ ਨਾਲ ਘਰਾਂ ਦੀਆਂ ਛੱਤਾਂ ’ਤੇ ਬੈਠੇ ਹਨ। ਸੀਐਮ ਮਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 92 ਸੀਟਾਂ ਨਾਲ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ, ਉਹ ਹੈਲੀਕਾਪਟਰ ਅੱਜ ਲੋਕਾਂ ਨੂੰ ਸੌਂਪ ਰਹੇ ਹਨ। ਉਨ੍ਹਾਂ ਕਿਹਾ ਕਿ ਹੈਲੀਕਾਪਟਰ ਰਾਹੀਂ ਲੋਕਾਂ ਨੂੰ ਪਾਣੀ, ਦੁੱਧ ਅਤੇ ਹੋਰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਖੁਦ ਕਾਰ ’ਤੇ ਵਾਪਸ ਚਲੇ ਜਾਣਗੇ। ਸੀ.ਐਮ. ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਨਾਲ ਖੜ੍ਹੀ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। 

ਚੰਨੀ ਨੇ ਕਿਹਾ : ਸੂਬਾ ਸਰਕਾਰ ਪੂਰੀ ਤਰ੍ਹਾਂ ਅਸਫਲ

ਜਲੰਧਰ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਆਗੂਆਂ ਨੇ ਅੱਜ ਜਲੰਧਰ ਦੇ ਇੱਕ ਨਿੱਜੀ ਰਿਜੋਰਟ ਵਿਚ ਰੈਲੀ ਕੀਤੀ। ਇਸ ਰੈਲੀ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਪਰਗਟ ਸਿੰਘ ਸਣੇ ਬਹੁਤ ਸਾਰੇ ਆਗੂ ਤੇ ਵਰਕਰ ਸ਼ਾਮਲ ਹੋਏ। ਇਸ ਰੈਲੀ ਦੌਰਾਨ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਨਿਸ਼ਾਨੇ ’ਤੇ ਲਿਆ। ਇਨ੍ਹਾਂ ਆਗੂਆਂ ਨੇ ਇਕਜੁੱਟਤਾ ਦਾ ਵੀ ਪ੍ਰਗਟਾਵਾ ਕੀਤਾ। ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਸਰਕਾਰ ਪੂਰੀ ਤਰ੍ਹਾਂ ਅਸਫਲ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਗੱਲਾਂ ਕਰਨੀਆਂ ਹੀ ਜਾਣਦੇ ਹਨ। ਸੂਬੇ ਵਿਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਡੈਮਾਂ ਦੀ ਮਜ਼ਬੂਤੀ ਵੱਲ ਧਿਆਨ ਦਿੰਦੀ। 

ਸੰਗਰੂਰ ’ਚ ਮੁੱਖ ਮੰਤਰੀ ਮਾਨ ਦੇ ਪਿੰਡ ਸਤੌਜ ਵਿਚ ਵੀ ਵੜਿਆ ਪਾਣੀ

ਗੁਰਦਾਸਪੁਰ/ਬਿਊਰੋ ਨਿਊਜ਼ 

ਗੁਰਦਾਸਪੁਰ ਦੇ ਪਿੰਡ ਦਬੂੜੀ ਵਿਚ ਜਵਾਹਰ ਨਵੋਦਿਆ ਵਿਦਿਆਲਾ ਦੀ ਇਮਾਰਤ ਚਾਰੇ ਪਾਸਿਓਂ ਹੜ੍ਹ ਦੇ ਪਾਣੀ ਵਿਚ ਘਿਰ ਗਈ। ਇਸ ਇਮਾਰਤ ਵਿਚ 400 ਵਿਦਿਆਰਥੀਆਂ ਅਤੇ ਸਕੂਲ ਵਿਚ ਮੌਜੂਦ ਸਾਰੇ ਸਟਾਫ ਲਈ ਬਿਪਤਾ ਵਾਲੀ ਸਥਿਤੀ ਬਣ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਕਿਸ਼ਤੀਆਂ ਭੇਜੀਆਂ ਗਈਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਨ੍ਹਾਂ ਵਿਦਿਆਰਥੀਆਂ ਅਤੇ ਸਟਾਫ ਨੂੰ ਸਕੂਲ ਵਿਚੋਂ ਸੁਰੱਖਿਅਤ ਬਾਹਰ ਕੱਢਿਆ। ਦੱਸਣਯੋਗ ਹੈ ਕਿ ਰਾਵੀ ਦਰਿਆ ਦਾ ਪਾਣੀ ਹੱਦਾਂ ਬੰਨੇ ਟੱਪ ਕੇ ਕਰੀਬ 9 ਕਿਲੋਮੀਟਰ ਦੂਰ ਤੱਕ ਫੈਲ ਗਿਆ। ਇਸ ਖੇਤਰ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਨਵੋਦਿਆ ਸਕੂਲ ਵਿਚ ਪੰਜ ਤੋਂ ਛੇ ਫੁੱਟ ਦੀ ਉਚਾਈ ਤੱਕ ਪਾਣੀ ਭਰ ਗਿਆ ਸੀ। ਸਕੂਲ ਦੇ ਪਿ੍ਰੰਸੀਪਲ ਨਰੇਸ਼ ਕੁਮਾਰ ਦਾ ਕਹਿਣਾ ਸੀ ਕਿ ਹੋਸਟਲ ਵਿਚ ਰਹਿੰਦੇ ਕੁੱਲ 400 ਵਿਦਿਆਰਥੀ ਹੜ੍ਹ ਦੇ ਪਾਣੀ ਕਰਕੇ ਵੱਖ-ਵੱਖ ਕਲਾਸਾਂ ਵਿਚ ਘਿਰ ਗਏ ਸਨ। ਉਧਰ ਦੂਜੇ ਪਾਸੇ ਸੰਗਰੂਰ ਜ਼ਿਲ੍ਹੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਚ ਵੀ ਹੜ੍ਹਾਂ ਦਾ ਪਾਣੀ ਦਾਖਲ ਹੋ ਗਿਆ ਹੈ। ਸਤੌਜ ਪਿੰਡ ਦੀਆਂ ਸੜਕਾਂ ਅਤੇ ਫਸਲਾਂ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿਚ ਆ ਚੁੱਕੀਆਂ ਹਨ। 

ਜਾਖੜ ਨੇ ਕਿਹਾ : ਹੜ੍ਹਾਂ ਦੀ ਸਥਿਤੀ ਸੁਧਰਨ ’ਤੇ ਮੁੜ ਲਗਾਏ ਜਾਣਗੇ ਕੈਂਪ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਭਾਜਪਾ ਨੇ ਸੂਬੇ ਵਿੱਚ ਭਾਰੀ ਮੀਂਹ ਕਾਰਨ ਬਣੀ ਹੜ੍ਹਾਂ ਦੀ ਭਿਆਨਕ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਭਲਾਈ ਕੈਂਪ ਮੁਅੱਤਲ ਕਰ ਦਿੱਤੇ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਲਗਾਏ ਜਾ ਰਹੇ ਜਨ-ਕਲਿਆਣ ਕੈਂਪ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤੇ ਹਨ। ਜਾਖੜ ਨੇ ਕਿਹਾ ਕਿ ਜਿਵੇਂ ਹੀ ਹੜ੍ਹਾਂ ਦੀ ਸਥਿਤੀ ਸੁਧਰ ਜਾਵੇਗੀ, ਭਾਜਪਾ ਮੁੜ ਸੂਬੇ ਭਰ ਵਿੱਚ ਕੈਂਪ ਲਗਾਉਣੇ ਸ਼ੁਰੂ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਗਰੀਬਾਂ, ਬੇਰੁਜ਼ਗਾਰਾਂ, ਕਿਸਾਨਾਂ, ਦਲਿਤਾਂ, ਮਹਿਲਾਵਾਂ ਅਤੇ ਨੌਜਵਾਨਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਵਰਕਰ ਦੌਰੇ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਰਹੇ ਹਨ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਹੇ ਹਨ। 

ਪੰਜਾਬ ’ਚ ਹੜ੍ਹਾਂ ਦੇ ਕਾਰਨ ਲਿਆ ਗਿਆ ਫੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ 31 ਅਗਸਤ ਨੂੰ ਮੋਗਾ ਵਿਖੇ ਹੋਣ ਵਾਲੀ ਫਤਿਹ ਰੈਲੀ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਆਏ ਹੜ੍ਹਾਂ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਆਪਣੇ ਸਾਰੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਨਤਾ ਦੀ ਮੱਦਦ ਕਰਨ ਦੀ ਅਪੀਲ ਕੀਤੀ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ 28 ਅਗਸਤ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਦਿਵਸ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਹੋਵੇਗਾ। 

ਮੰਤਰੀਆਂ ਤੇ ਵਿਧਾਇਕਾਂ ਵਲੋਂ ਵੀ ਹੜ੍ਹ ਪੀੜਤ ਖੇਤਰਾਂ ਦਾ ਦੌਰਾ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਵਿਚ ਪਏ ਮੀਂਹ ਅਤੇ ਪਹਾੜੀ ਇਲਾਕਿਆਂ ਵਿਚੋਂ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿਚ ਆਏ ਬੇਹਿਸਾਬੇ ਪਾਣੀ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਤਬਾਹੀ ਮਚਾ ਦਿੱਤੀ ਹੈ। ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮਿ੍ਰਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਕਪੂਰਥਲਾ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਸੇ ਦੌਰਾਨ ਸੁਲਤਾਨਪੁਰ ਲੋਧੀ ਅਤੇ ਅਜਨਾਲਾ ਦੇ ਹੜ੍ਹ ਪੀੜਤ ਇਲਾਕਿਆਂ ਵਿਚ ਸਥਿਤੀ ਨਾਲ ਨਜਿੱਠਣ ਲਈ ਫੌਜ ਨੂੰ ਸੱਦਿਆ ਗਿਆ ਹੈ ਅਤੇ ਫੌਜ ਨੇ ਮੋਰਚਾ ਵੀ ਸੰਭਾਲਿਆ ਹੋਇਆ ਹੈ। ਹੜ੍ਹਾਂ ਦੇ ਪਾਣੀ ਵਿਚ ਘਿਰੇ ਲੋਕਾਂ ਨੂੰ ਫੌਜ ਵਲੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਹੜ੍ਹਾਂ ਦੇ ਪਾਣੀ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਇਸਦੇ ਚੱਲਦਿਆਂ ਸੂਬੇ ਦੇ ਵਿਧਾਇਕਾਂ ਅਤੇ ਮੰਤਰੀਆਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸੇ ਦੌਰਾਨ ਗੁਰਦਾਸਪੁਰ ਦੇ ਖੇਤਰ ਵਿਚ ਸੂਬਾ ਸਰਕਾਰ ਦੇ ਹੈਲੀਕਾਪਟਰ ਰਾਹੀਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।

ਯੂਬੀਐਸਐਸ ਆਸਟ੍ਰੇਲੀਆ ਵੱਲੋਂ ਯੋਗ ਵਿਦਿਆਰਥੀਆਂ ਲਈ 100% ਸੈਲਫ ਸੰਪੋਨਸਰ ਪ੍ਰੋਗਰਾਮ ਲਾਂਚ

ਪੰਜਾਬ ਦੇ ਨੌਜਵਾਨਾਂ ਲਈ ਵੱਡਾ ਭਰਾ ਬਣ ਕੇ ਬਹੁੜੇ ਗੈਰੀ ਮਲਹੋਤਰਾ, ਹੁਣ ਆਰਥਿਕ ਤੰਗੀ ਤੇ ਮੌਕਿਆਂ ਦੀ ਘਾਟ ਕਿਸੇ ਹੋਣਹਾਰ ਵਿਦਿਆਰਥੀਆਂ ਦਾ ਰਾਹ ਨਹੀਂ ਰੋਕ ਸਕੇਗੀ: ਗੁਰਪ੍ਰੀਤ ਘੁੱਗੀ

ਆਈ ਆਈ ਟੀ ਰੋਪੜ ਅਤੇ ਯੂਬੀਐਸਐਸ ਆਸਟ੍ਰੇਲੀਆ ਵੱਲੋਂ ਉਚੇਰੀ ਸਿੱਖਿਆ ਲਈ ਸਮਝੌਤੇ 'ਤੇ ਦਸਤਖ਼ਤ

ਆਪਣੀ ਮਿੱਟੀ ਦਾ ਕਰਜ਼ ਮੋੜ ਰਹੇ ਹਨ ਗੈਰੀ ਮਲਹੋਤਰਾ, ਹੋਣਹਾਰ ਅਤੇ ਲੋੜਵੰਦ ਨੌਜਵਾਨਾਂ ਦਾ ਸੰਵਾਰਨਗੇ ਭਵਿੱਖ : ਸਤਨਾਮ ਸੰਧੂ

ਗੈਰੀ ਮਲਹੋਤਰਾ ਦਾ ਉਪਰਾਲਾ, ਪੰਜਾਬ ਦੇ ਲੋੜਵੰਦ ਅਤੇ ਕਾਬਲ ਨੌਜਵਾਨਾਂ ਲਈ ਇੱਕ ਨਵੀਂ ਉਮੀਦ : ਕੰਵਲਜੀਤ ਸਿੰਘ ਢੀਂਡਸਾ

ਚੰਡੀਗੜ੍ਹ ਵਿਖੇ ਆਯੋਜਿਤ ਪ੍ਰੋਗਰਾਮ ‘ਚ ਉਚੇਚ ਤੌਰ ਉੱਤੇ ਪੁੱਜੇ ਬੁੱਧੀਜੀਵੀ, ਚਿੰਤਕ ਪ੍ਰੋਫੈਸਰ, ਪ੍ਰਿੰਸੀਪਲ, ਅਧਿਆਪਕ ਅਤੇ ਨਾਮੀ ਕਲਾਕਾਰ

ਚੰਡੀਗੜ੍ਹ : ਪੰਜਾਬ ਦੀ ਮਿੱਟੀ ਦਾ ਕਰਜ਼ ਮੋੜਨ ਅਤੇ ਇੱਥੋਂ ਦੇ ਹੋਣਹਾਰ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਦੇ ਮਕਸਦ ਨਾਲ, ਸਮਾਜ ਸੇਵੀ ਅਤੇ ਆਸਟ੍ਰੇਲੀਆ ਦੇ ਸਫਲ ਅਜੂਕੇਸ਼ਨਲਲਿਸਟ ਗੈਰੀ ਮਲਹੋਤਰਾ ਨੇ ਇੱਕ ਅਜਿਹਾ ਇਤਿਹਾਸਕ ਕਦਮ ਚੁੱਕਿਆ ਹੈ, ਜੋ ਇੰਟਰਨੈਸ਼ਨਲ ਸਟੱਡੀ ਦੇ ਖੇਤਰ ਵਿਚ ਮੀਲ ਪੱਥਰ ਸਾਬਤ ਹੋਵੇਗਾ। ਯੂਨੀਵਰਸਲ ਬਿਜ਼ਨੈੱਸ ਸਕੂਲ ਸਿਡਨੀ (UBSS) ਆਸਟ੍ਰੇਲੀਆ ਦੇ ਮੰਚ ਤੋਂ ਉਨ੍ਹਾਂ ਨੇ ਪੰਜਾਬ ਦੇ ਹੁਸ਼ਿਆਰ ਵਿਦਿਆਰਥੀਆਂ ਲਈ ਉਹ ਰਾਹ ਖੋਲ੍ਹ ਦਿੱਤੇ ਹਨ, ਜਿਨ੍ਹਾਂ 'ਤੇ ਚੱਲਣ ਤੋਂ ਉਨ੍ਹਾਂ ਨੂੰ ਪੈਸੇ ਦੀ ਤੰਗੀ ਹਮੇਸ਼ਾ ਰੋਕਦੀ ਸੀ। ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਉੱਘੇ ਬੁੱਧੀਜੀਵੀਆਂ, ਚਿੰਤਕਾਂ, ਪ੍ਰੋਫੈਸਰਾਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਨਾਮੀ ਕਲਾਕਾਰਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।

ਇਸ ਮੌਕੇ ਗਰੁੱਪ ਕਾਲਜ ਆਸਟ੍ਰੇਲੀਆ ਅਤੇ ਯੂਬੀਐਸਐਸ ਆਸਟ੍ਰੇਲੀਆ ਦੇ ਪ੍ਰੈਜ਼ੀਡੈਂਟ ਗੈਰੀ ਮਲਹੋਤਰਾ ਨੇ ਕਿਹਾ ਕਿ ਪੰਜਾਬ ਦੀ ਅਸਲ ਤਾਕਤ ਇਸ ਦੀ ਜਵਾਨੀ ਹੈ, ਅਤੇ ਜੇਕਰ ਇਸ ਜਵਾਨੀ ਨੂੰ ਸਹੀ ਮੌਕਾ ਦਿੱਤਾ ਜਾਵੇ ਤਾਂ ਉਹ ਦੁਨੀਆ ਫਤਹਿ ਕਰ ਸਕਦੀ ਹੈ। ਇਸੇ ਸੋਚ ਦੇ ਮੱਦੇਨਜ਼ਰ ਯੂਬੀਐਸਐਸ ਵੱਲੋਂ ਹੋਣਹਾਰ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਕਈ ਪ੍ਰੋਗਰਾਮ ਲਾਂਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਨੇਕ ਮਿਸ਼ਨ ਦੀ ਆਵਾਜ਼ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ, ਹਰਮਨ ਪਿਆਰੇ ਅਦਾਕਾਰ ਗੁਰਪ੍ਰੀਤ ਘੁੱਗੀ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਘੁੱਗੀ ਸਾਹਿਬ ਦੀ ਸ਼ਖਸੀਅਤ ਇਸ ਗੱਲ ਦੀ ਗਵਾਹੀ ਹੈ ਕਿ ਸਾਧਾਰਨ ਘਰਾਂ ਦੇ ਬੱਚੇ ਵੀ ਵੱਡੇ ਸੁਪਨੇ ਦੇਖ ਅਤੇ ਪੂਰੇ ਕਰ ਸਕਦੇ ਹਨ।

ਇਸ ਮੌਕੇ ਗੈਰੀ ਮਲਹੋਤਰਾ ਦੇ ਵਿਜ਼ਨ ਤਹਿਤ, UBSS ਆਸਟ੍ਰੇਲੀਆ ਨੇ ਭਾਰਤ ਦੀ ਸ਼ਾਨ IIT ਰੋਪੜ ਨਾਲ ਹੱਥ ਮਿਲਾਇਆ ਹੈ। ਇਹ ਸਾਂਝੇਦਾਰੀ ਯਕੀਨੀ ਬਣਾਏਗੀ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਤਕਨੀਕੀ ਗਿਆਨ ਮਿਲੇ, ਤਾਂ ਜੋ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਣ।

ਉਨ੍ਹਾਂ ਦੱਸਿਆ ਕਿ ਯੂਬੀਐਸਐਸ ਵੱਲੋਂ ਲੋੜਵੰਦ, ਹੁਸ਼ਿਆਰ ਅਤੇ ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਇਕ ਵੱਡੀ ਚਿੰਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸਦੇ ਤਹਿਤ '100% ਸੈਲਫ ਸੰਪੋਨਸਰ ਪ੍ਰੋਗਰਾਮ' ਵਿਦਿਆਰਥੀਆਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਪੜ੍ਹਾਈ ਕਰਨ ਦਾ ਮੌਕਾ ਦੇਵੇਗਾ। ਇਹ ਇੱਕ ਭਰੋਸਾ ਹੈ ਕਿ ਤੁਹਾਡੀ ਕਾਬਲੀਅਤ ਹੀ ਤੁਹਾਡੀ ਸਭ ਤੋਂ ਵੱਡੀ ਗਾਰੰਟੀ ਹੈ।

ਆਪਣੀ ਸਮਾਜ ਸੇਵੀ ਸੰਸਥਾ 'ਹੈਲਪਿੰਗ ਹੈਂਡ' ਰਾਹੀਂ ਉਨ੍ਹਾਂ ਨੇ 25 ਅਜਿਹੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਾਲਾਨਾ 100% ਸਕਾਲਰਸ਼ਿਪ ਦੇਣ ਦਾ ਪ੍ਰਣ ਕੀਤਾ ਹੈ, ਜਿਨ੍ਹਾਂ ਦੀ ਗ਼ਰੀਬੀ ਉਨ੍ਹਾਂ ਦੇ ਸੁਪਨਿਆਂ ਦੇ ਰਾਹ ਵਿੱਚ ਆਉਂਦੀ ਹੈ। ਇਹ ਕਦਮ ਯਕੀਨੀ ਬਣਾਏਗਾ ਕਿ ਗਰੀਬੀ ਕਿਸੇ ਹੀਰੇ ਦੀ ਚਮਕ ਨੂੰ ਫਿੱਕਾ ਨਾ ਪਾ ਸਕੇ।

ਇਸ ਮੌਕੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਮੇਰੇ ਲਈ ਇਹ ਬਹੁਤ ਫਖ਼ਰ ਵਾਲੀ ਗੱਲ ਹੈ ਕਿ ਮੈਂ ਗੈਰੀ ਮਲਹੋਤਰਾ ਵਰਗੇ ਨੌਜਵਾਨ ਅਤੇ ਦੂਰਅੰਦੇਸ਼ੀ ਉੱਦਮੀ ਦੇ ਨੇਕ ਮਿਸ਼ਨ ਨਾਲ ਜੁੜਿਆ ਹਾਂ। ਮਲੇਰਕੋਟਲਾ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਗੈਰੀ ਮਲਹੋਤਰਾ ਨੇ ਆਸਟ੍ਰੇਲੀਆ ਦੇ ਸਿਡਨੀ, ਮੈਲਬਾਰਨ ਅਤੇ ਐਡਲਿਡ ਸ਼ਹਿਰਾਂ ਵਿੱਚ ਕਰੀਬ ਇੱਕ ਦਰਜਨ ਸਿੱਖਿਆ ਸੰਸਥਾਨ ਸਥਾਪਤ ਕਰਕੇ ਸਭ ਤੋਂ ਵੱਡੇ ਗਰੁੱਪ ਦਾ ਰੁਤਬਾ ਹਾਸਿਲ ਕੀਤਾ।

ਮੈਂ ਇੱਕ ਸਰਕਾਰੀ ਸਕੂਲ ਦਾ ਪੜ੍ਹਿਆ ਹੋਇਆ ਹਾਂ ਅਤੇ ਮੈਂ ਅੱਖੀਂ ਦੇਖਿਆ ਹੈ ਕਿ ਕਿਵੇਂ ਮੌਕਿਆਂ ਦੀ ਘਾਟ ਕਾਰਨ ਮੇਰੇ ਨਾਲੋਂ ਕਿਤੇ ਵੱਧ ਹੁਸ਼ਿਆਰ ਅਤੇ ਕਾਬਲ ਬੱਚੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਗਏ। ਜਿਨ੍ਹਾਂ ਦੇ ਦਿਮਾਗ ਦੀ ਦਹਿਸ਼ਤ ਪੂਰੇ ਸਕੂਲ ਵਿੱਚ ਹੁੰਦੀ ਸੀ, ਉਨ੍ਹਾਂ ਨੂੰ ਘਰ ਦੀ ਆਰਥਿਕ ਤੰਗੀ ਨੇ ਪੜ੍ਹਾਈ ਛੱਡ ਕੇ ਪਕੌੜੇ ਵੇਚਣ ਜਾਂ ਛੋਟੀਆਂ-ਮੋਟੀਆਂ ਦੁਕਾਨਾਂ 'ਤੇ ਬੈਠਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦੀ ਪ੍ਰਤਿਭਾ ਵਿੱਚ ਕੋਈ ਕਮੀ ਨਹੀਂ ਸੀ, ਕਮੀ ਸੀ ਤਾਂ ਸਿਰਫ਼ ਇੱਕ ‘ਮੌਕੇ’ ਦੀ, ਜੋ ਉਨ੍ਹਾਂ ਨੂੰ ਕਦੇ ਨਹੀਂ ਮਿਲਿਆ।

ਅੱਜ ਗੈਰੀ ਮਲਹੋਤਰਾ ਉਹੀ ‘ਮੌਕਾ’ ਬਣ ਕੇ ਆਏ ਹਨ। ਉਨ੍ਹਾਂ ਦਾ ‘ਸੈਲਫ ਸੰਪੋਨਸਰ’ ਪ੍ਰੋਗਰਾਮ ਇੱਕ ਕ੍ਰਾਂਤੀ ਹੈ, ਜੋ ਹਜ਼ਾਰਾਂ ਮਾਪਿਆਂ ਦੇ ਸਿਰ ਤੋਂ ਉਹ ਬੋਝ ਲਾਹ ਦਿੰਦਾ ਹੈ ਜੋ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਤੋਂ ਰੋਕਦਾ ਸੀ। ਇਸ ਨਾਲ ਵਿਦਿਆਰਥੀ, ਖਾਸ ਕਰਕੇ ਸਾਡੀਆਂ ਧੀਆਂ, ਸਵੈ-ਨਿਰਭਰ ਬਣਦੀਆਂ ਹਨ, ਕਿਉਂਕਿ ਜਦੋਂ ਇੱਕ ਧੀ ਪੜ੍ਹਦੀ ਹੈ ਤਾਂ ਪੂਰਾ ਪਰਿਵਾਰ ਤਰੱਕੀ ਕਰਦਾ ਹੈ। ਇਸ ਤੋਂ ਬਿਨਾ ਉਨ੍ਹਾਂ 25 ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ 'ਹੈਲਪਿੰਗ ਹੈਂਡ' ਸੰਸਥਾ ਰਾਹੀਂ 100 ਪ੍ਰਤੀਸ਼ਤ ਸਪਾਂਸਰਸ਼ਿਪ ਦੇਣਾ ਵੱਡੀ ਸੋਚ ਦਾ ਪ੍ਰਮਾਣ ਹੈ।

ਇੰਟਰਨੈਸ਼ਨਲ ਸਟੱਡੀ ਦੇ ਚਾਹਵਾਨ ਪੰਜਾਬ ਦੇ ਵਿਦਿਆਰਥੀਆਂ ਲਈ ਸਿੱਧੇ ਦਾਖ਼ਲੇ ਵਾਲਾ ਪ੍ਰੋਗਰਾਮ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਡੀ ਆਰਥਿਕ ਰਾਹਤ ਅਤੇ ਸੁਰੱਖਿਆ ਬਣੇਗਾ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਇਸ ਮਹਾਨ ਮਿਸ਼ਨ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦਾ ਹਾਂ।

ਇਸ ਮੌਕੇ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਇੱਕ ਸਿੱਖਿਆ ਸ਼ਾਸਤਰੀ ਹੋਣ ਦੇ ਨਾਤੇ ਮੈਨੂੰ ਗੈਰੀ ਮਲਹੋਤਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਇਸ ਵਿਲੱਖਣ ਉਪਰਾਲੇ ਨੂੰ ਦੇਖ ਕੇ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਉਨ੍ਹਾਂ ਨੂੰ ਇਸ ਨਿਵੇਕਲੀ ਪਹਿਲਕਦਮੀ ਲਈ ਵਧਾਈ ਦਿੰਦਾ ਹਾਂ। ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਧਰਤੀ ਦਾ ਇੱਕ ਨੌਜਵਾਨ, ਜਿਸ ਨੇ ਖ਼ੁਦ ਸੰਘਰਸ਼ ਕਰਕੇ ਵਿਦੇਸ਼ ਵਿੱਚ ਸਫ਼ਲਤਾ ਹਾਸਲ ਕੀਤੀ, ਅੱਜ ਆਪਣੀ ਮਿੱਟੀ ਦਾ ਕਰਜ਼ ਮੋੜਨ ਲਈ ਵਾਪਸ ਪਰਤਿਆ ਹੈ ਅਤੇ ਇੱਥੋਂ ਦੇ ਨੌਜਵਾਨਾਂ ਦਾ ਭਵਿੱਖ ਸੰਵਾਰਨ ਦਾ ਬੀੜਾ ਚੁੱਕਿਆ ਹੈ।

ਪਿਛਲੇ 25 ਸਾਲਾਂ ਤੋਂ ਵਿਦਿਆਰਥੀਆਂ ਨਾਲ ਕੰਮ ਕਰਦਿਆਂ ਮੈਂ ਇੱਕ ਗੱਲ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਾਡੇ ਪੰਜਾਬੀ ਨੌਜਵਾਨਾਂ ਵਿੱਚ ਨਾ ਤਾਂ ਹਿੰਮਤ ਦੀ ਘਾਟ ਹੈ ਅਤੇ ਨਾ ਹੀ ਜਜ਼ਬੇ ਦੀ। ਜੇਕਰ ਕਿਸੇ ਚੀਜ਼ ਦੀ ਘਾਟ ਹੈ ਤਾਂ ਉਹ ਹੈ ਸਹੀ ਮੌਕਿਆਂ ਦੀ। ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਿਆ ਹੈ, ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਸਹੀ ਮੌਕੇ ਅਤੇ ਸਹੀ ਰਾਹ ਨਾ ਮਿਲਣ ਕਾਰਨ, ਸਾਡੇ ਬਹੁਤ ਸਾਰੇ ਨੌਜਵਾਨ 'ਡੰਕੀ ਰੂਟਾਂ' ਦੇ ਹਨੇਰੇ ਵਿੱਚ ਗੁਆਚ ਜਾਂਦੇ ਹਨ।

ਮੈਨੂੰ ਖ਼ੁਸ਼ੀ ਹੈ ਕਿ ਉਹ ਸਕਾਲਰਸ਼ਿਪ ਅਤੇ ਲੋੜਵੰਦ ਬੱਚਿਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਵੀ ਮਦਦ ਕਰ ਰਹੇ ਹਨ, ਜੋ ਆਰਥਿਕ ਤੌਰ 'ਤੇ ਬੇਹੱਦ ਕਮਜ਼ੋਰ ਹਨ।

ਇਸ ਮੌਕੇ ਨਾਮੀ ਸਿੱਖਿਆ ਸ਼ਾਸ਼ਤਰੀ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਗੈਰੀ ਮਲਹੋਤਰਾ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਸਫ਼ਰ ਸ਼ੁਰੂ ਕਰਕੇ ਆਸਟ੍ਰੇਲੀਆ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਗੈਰੀ ਮਲਹੋਤਰਾ ਵੱਲੋਂ 'ਹੈਲਪਿੰਗ ਹੈਂਡ' ਸੰਸਥਾ ਰਾਹੀਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਸਿਰਫ਼ ਕਾਰੋਬਾਰ ਨਹੀਂ, ਬਲਕਿ ਸਮਾਜ ਪ੍ਰਤੀ ਇੱਕ ਵੱਡੀ ਦੇਣ ਹਨ। ਉਨ੍ਹਾਂ ਦੇ ਤਿੰਨ ਮੁੱਖ ਉਪਰਾਲੇ ਖਾਸ ਤੌਰ 'ਤੇ ਪ੍ਰਸ਼ੰਸਾਯੋਗ ਹਨ

100% ਸੈਲਫ ਸਪਾਂਸਰਸ਼ਿਪ (ਪਹਿਲਾਂ ਪੜ੍ਹੋ, ਕਮਾਓ ਤੇ ਫਿਰ ਫੀਸ ਦਿਓ): ਇਹ ਇੱਕ ਵਿਲੱਖਣ ਅਤੇ ਬਹੁਤ ਹੀ ਅਸਰਦਾਰ ਸੋਚ ਹੈ, ਜਿਸ ਨਾਲ ਕਾਬਲ ਵਿਦਿਆਰਥੀਆਂ 'ਤੇ ਪੜ੍ਹਾਈ ਦੌਰਾਨ ਫੀਸਾਂ ਦਾ ਕੋਈ ਬੋਝ ਨਹੀਂ ਰਹੇਗਾ। ਇਹ ਯਕੀਨੀ ਬਣਾਏਗਾ ਕਿ ਕੋਈ ਵੀ ਹੁਸ਼ਿਆਰ ਬੱਚਾ ਪੈਸੇ ਦੀ ਕਮੀ ਕਾਰਨ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ।

ਸੰਸਥਾ ਨਾਲ ਸਿੱਧਾ ਰਾਬਤਾ: ਵਿਦਿਆਰਥੀਆਂ ਨੂੰ ਸਿੱਧਾ ਇੰਸਟੀਚਿਊਟ ਨਾਲ ਜੋੜਨ ਦਾ ਤਰੀਕਾ ਪੂਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਵਿਸ਼ਵਾਸ ਪੈਦਾ ਕਰਦਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਫੀਸਾਂ ਅਤੇ ਖਰਚਿਆਂ ਵਿਚ ਬੱਚਤ ਅਤੇ ਪਾਰਦਰਸ਼ਤਾ ਮਿਲਦੀ ਹੈ, ਜਿਸ ਨਾਲ ਉਹ ਗੁਮਰਾਹ ਹੋਣ ਤੋਂ ਬਚ ਜਾਂਦੇ ਹਨ।

ਗਰੀਬ ਅਤੇ ਹੁਸ਼ਿਆਰ ਬੱਚਿਆਂ ਲਈ ਮੁਫ਼ਤ ਇੰਟਰਨੈਸ਼ਨਲ ਸਿੱਖਿਆ : ਬੁੱਧੀਮਾਨ ਬੱਚਿਆਂ ਨੂੰ 100 ਪ੍ਰਤੀਸ਼ਤ ਸਪਾਂਸਰਸ਼ਿਪ ਰਾਹੀਂ ਮੁਫ਼ਤ ਪੜ੍ਹਾਈ ਕਰਵਾ ਕੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਹੈ।

ਗੈਰੀ ਮਲਹੋਤਰਾ, ਗੁਰਪ੍ਰੀਤ ਘੁੱਗੀ, ਸਤਨਾਮ ਸੰਧੂ ਵਰਗੀਆਂ ਸ਼ਖ਼ਸੀਅਤਾਂ ਸਾਡੇ ਸਮਾਜ ਲਈ ਪ੍ਰੇਰਨਾ ਸਰੋਤ ਹਨ, ਜਿਨ੍ਹਾਂ ਨੇ ਸਧਾਰਨ ਪਿਛੋਕੜ ਤੋਂ ਉੱਠ ਕੇ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਹਨ। ਮੈਨੂੰ ਪੂਰਾ ਯਕੀਨ ਹੈ ਕਿ ਗੈਰੀ ਮਲਹੋਤਰਾ ਦਾ ਇਹ ਨੇਕ ਉਪਰਾਲਾ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦਾ ਭਵਿੱਖ ਰੌਸ਼ਨ ਕਰੇਗਾ। ਮੈਂ ਇਸ ਸ਼ਾਨਦਾਰ ਪ੍ਰੋਜੈਕਟ ਲਈ ਉਨ੍ਹਾਂ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਉਹ ਇਸ ਮਿਸ਼ਨ ਨੂੰ ਹੋਰ ਵੀ ਦਲੇਰੀ ਅਤੇ ਹੌਸਲੇ ਨਾਲ ਅੱਗੇ ਵਧਾਉਣ।

ਇਸ ਮੌਕੇ ਯੂਬੀਐਸਐਸ ਅਤੇ ਜੀਸੀਏ ਆਸਟ੍ਰੇਲੀਆ ਦੇ ਵਾਇਸ ਚਾਂਸਲਰ ਪ੍ਰੋ. ਐਲਨ ਬੋਏਲ ਜੈਮਸ, ਸਾਬਕਾ ਵਾਇਸ ਚਾਂਸਲਰ ਡਾ. ਬੀ.ਐਸ ਘੁੰਮਣ, ਅਮਰੀਕਾ ਦੇ ਸਫਲ ਕਾਰੋਬਾਰੀ ਰਾਜਾ ਬੋਪਾਰਾਏ, ਮੁੱਖ ਮੰਤਰੀ ਪੰਜਾਬ ਦੇ ਸਾਬਕਾ ਓਐਸਡੀ ਮਨਜੀਤ ਸਿੰਘ ਸਿੱਧੂ, ਆਈਆਈਟੀ ਰੋਪੜ ਦੀ ਸੀਈਓ ਰਾਧਿਕਾ ਤਰਿੱਖਾ ਸਮੇਤ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ। ਜਦਕਿ ਪ੍ਰੋਗਰਾਮ ਵਿਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ, ਨਾਮੀ ਅਦਾਕਾਰ ਅਤੇ ਸਮਾਜ ਸੇਵਕਾ ਸੋਨੀਆ ਮਾਨ, ਗਾਇਕ ਮਨਕੀਰਤ ਔਲਖ, ਕਰਮਜੀਤ ਅਨਮੋਲ, ਸਲੀਮ ਸਿਕੰਦਰ, ਫ਼ਿਲਮ ਅਦਾਕਾਰ ਕੁਲਤਾਰ ਚੀਮਾ, ਲਵ ਗਿੱਲ ਅਤੇ ਬਨਿੰਦਰ ਬਨੀ, ਸਵਦੀਸ਼, ਜਰਨੈਲ ਸਿੰਘ, ਆਈਬੀਸੀ ਚੰਡੀਗੜ੍ਹ ਤੋਂ ਪ੍ਰੋਫੈਸਰ ਰੌਣਕੀ ਰਾਮ, ਹੋਪ ਟਰੇਨਿੰਗ ਕਾਲਜ ਦੇ ਆਸਟ੍ਰੇਲੀਅਨ ਰੌਬੀ ਬੈਨੀਪਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਗੁਰਮੁੱਖ ਸਿੰਘ ਹਾਜਰ ਸਨ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.