Sunday, 19 April 2026

ਪਟਿਆਲਾ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਰ ਵਿਚ 75 ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਲਾਈਟ ਐਂਡ ਸਾਊਂਡ ਸ਼ੋਅ, ਦੂਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਰਹਿਣ ਦਾ ਪ੍ਰਬੰਧ ਅਤੇ ਹੋਰ ਵਿਕਾਸ ਕਾਰਜਾਂ ਲਈ ਕਰੀਬ 75 ਕਰੋੜ ਦਾ ਪ੍ਰਾਜੈਕਟ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਕਿ ਸਾਨੂੰ ਵੀ ਮੰਦਰ ਵਿਚ ਸੇਵਾ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੰਦਰ ਦੇ ਅੰਦਰ ‘ਆਮ ਆਦਮੀ ਕਲੀਨਿਕ’ ਦੀ ਸ਼ਰੂਆਤ ਵੀ ਕੀਤੀ ਗਈ ਹੈ। ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਰ ਨਾਲ ਕਰੋੜਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਕੇਜਰੀਵਾਲ ਨੇ ਕਿਹਾ ਮੰਦਰ ਦੇ ਸਾਰੇ ਕਾਰਜ ਇਕ ਸਾਲ ਦੇ ਵਿਚ ਪੂਰੇ ਹੋਣ ਦੀ ਆਸ ਹੈ।

13 ਨਵੰਬਰ ਨੂੰ ਸਿੱਖ ਜਥੇ ਦੀ ਹੋਵੇਗੀ ਵਾਪਸੀ

ਅੰਮਿ੍ਰਤਸਰ/ਬਿਊਰੋ ਨਿਊਜ਼  

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ 4 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ 1802 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ ਜਿਨ੍ਹਾਂ ਵਿਚੋਂ 1796 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਉਨ੍ਹਾਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਜਾਣ ਵਾਲੇ ਸ਼ਰਧਾਲੂਆਂ ਨੂੰ ਖੁੱਲ੍ਹਦਿਲੀ ਨਾਲ ਵੀਜ਼ੇ ਦੇਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਵੀ ਕੀਤਾ। ਪ੍ਰਤਾਪ ਸਿੰਘ ਨੇ ਦੱਸਿਆ ਕਿ ਵੀਜ਼ਾ ਲੱਗਣ ਵਾਲੇ ਸ਼ਰਧਾਲੂ ਆਪਣੇ ਪਾਸਪੋਰਟ 31 ਅਕਤੂਬਰ ਅਤੇ 1 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹਨ।  ਉਨ੍ਹਾਂ ਕਿਹਾ ਕਿ ਇਹ ਜਥਾ 4 ਨਵੰਬਰ ਨੂੰ ਅਟਾਰੀ-ਵਾਹਘਾ ਸਰਹੱਦ ਰਸਤੇ ਸ੍ਰੀ ਨਨਕਾਣਾ ਸਾਹਿਬ ਜਾਵੇਗਾ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਹੋ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਮਗਰੋਂ ਇਹ ਜਥਾ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਵਾਪਸ ਭਾਰਤ ਪਰਤੇਗਾ। 

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੁਣ ਤੱਕ 13 ਹਜ਼ਾਰ ਤੋਂ ਵੱਧ ਅਫਸਰਾਂ ਨੂੰ ਤਰੱਕੀਆਂ ਮਿਲ ਚੁੱਕੀਆਂ ਹਨ। ਸੀਐਮ ਨੇ ਕਿਹਾ ਕਿ ਮੈਂ ਹੁਣ ਤੱਕ ਅਫਸਰਾਂ ਦੀਆਂ ਬਣਦੀਆਂ ਤਰੱਕੀਆਂ ਕਰਨ ਲਈ ਵੱਖ-ਵੱਖ ਵਿਭਾਗਾਂ ਦੀਆਂ 13 ਹਜ਼ਾਰ ਤੋਂ ਵੱਧ ਫਾਈਲਾਂ ’ਤੇ ਦਸਤਖਤ ਕਰ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਰੱਕੀਆਂ ਦੇਣ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਚੰਗੇ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਹਮੇਸ਼ਾ ਮਾਣ ਸਨਮਾਨ ਕੀਤਾ ਜਾਂਦਾ ਰਹੇਗਾ। ਸੀਐਮ ਮਾਨ ਨੇ ਭਿ੍ਰਸ਼ਟ ਮੁਲਾਜ਼ਮਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ, ਨਹੀਂ ਤਾਂ ਡਿਸਮਸ ਕਰਨ ਲੱਗਿਆਂ ਟਾਈਮ ਨਹੀਂ ਲੱਗਣਾ। ਮੁੱਖ ਮੰਤਰੀ ਨੇ ਰਿਸ਼ਵਤ ਲੈਣ ਨੂੰ ਸਭ ਤੋਂ ਵੱਡਾ ਜੁਰਮ ਦੱਸਿਆ ਹੈ। 

ਪਟਿਆਲਾ/ਬਿਊੁਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਚ ਕਿਹਾ ਕਿ ਪੁਲਿਸ ਦੀ ਕਾਬਲੀਅਤ ਉਪਰ ਕੋਈ ਵੀ ਸ਼ੱਕ ਨਹੀਂ ਹੈ, ਪਰ ਪੁਲਿਸ ਮਹਿਕਮੇ ਦਾ ਸਮੇਂ ਦਾ ਹਾਣੀ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਅਪਡੇਟ ਕਰਨ ਲਈ ਨਿਵੇਕਲਾ ਪ੍ਰੋਗਰਾਮ ਉਲੀਕਿਆ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੱਕਾ-ਦੁੱਕਾ ਮਾੜਾ ਵਿਅਕਤੀ ਹਰ ਕਿਤੇ ਹੁੰਦਾ ਹੈ, ਜਿਸ ਕਰਕੇ ਸਾਰਿਆਂ ਨੂੰ ਬਦਨਾਮੀ ਝੱਲਣੀ ਪੈਂਦੀ ਹੈ। ਸੀਐਮ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਅਸੀਂ ਮਾੜਿਆਂ ਦੀ ਸੂਚੀ ਵਿਚ ਨਹੀਂ, ਸਗੋਂ ਚੰਗਿਆਂ ਦੀ ਸੂਚੀ ਵਿਚ ਸ਼ਾਮਲ ਹੋਣ ਲਈ ਪੰਜਾਬ ਦੀ ਸੇਵਾ ਕਰਨੀ ਹੈ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪੁਲਿਸ ਮਹਿਕਮੇ ਨੂੰ ਅਪਡੇਟ ਕਰਨ ਦੇ ਨਾਲ-ਨਾਲ ਖਾਲੀ ਅਸਾਮੀਆਂ ਨੂੰ ਵੀ ਨਾਲੋ-ਨਾਲ ਭਰ ਰਹੀ ਹੈ। ਮੁੱਖ ਮੰਤਰੀ ਮਾਨ ਪਟਿਆਲਾ ਵਿਖੇ ਲਾਅ ਯੂਨੀਵਰਸਿਟੀ ’ਚ ਪੰਜਾਬ ਪੁਲਿਸ ਦੇ ਤਫਤੀਸੀ ਅਫਸਰਾਂ ਲਈ ਐਨ.ਡੀ.ਪੀ.ਐਸ. ਐਕਟ ਸਬੰਧੀ ਵਰਕਸ਼ਾਪ ਦਾ ਉਦਘਾਟਨ ਕਰਨ ਪਹੁੰਚੇ ਸਨ। 

ਭੁੱਲਰ ਦੇ ਘਰੋਂ ਕਰੋੜਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਹੋਏ ਸਨ ਬਰਾਮਦ

ਚੰਡੀਗੜ੍ਹ/ਬਿਊਰੋ ਨਿਊਜ਼   

ਚੰਡੀਗੜ੍ਹ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਤੋਂ ਪਹਿਲਾਂ ਗਿ੍ਰਫਤਾਰ ਕੀਤੇ ਵਿਚੋਲੀਏ ਕਿ੍ਰਸ਼ਨੂੰ ਸ਼ਾਰਦਾ ਨੂੰ 9 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਵੱਲੋਂ ਹਰਚਰਨ ਸਿੰਘ ਭੁੱਲਰ ਨੂੰ ਗਿ੍ਰਫਤਾਰ ਕਰਨ ਤੋਂ ਪਹਿਲਾਂ ਵਿਚੋਲੀਏ ਨੂੰ ਕਾਬੂ ਕੀਤਾ ਸੀ। ਸੀਬੀਆਈ ਨੇ ਪੁੱਛਗਿੱਛ ਲਈ ਵਿਸ਼ੇਸ਼ ਅਰਜ਼ੀ ਦਾਇਰ ਕਰਕੇ ਕਿਸ਼ਨੂ ਸ਼ਾਰਦਾ ਦੇ 12 ਦਿਨਾ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ। ਧਿਆਨ ਰਹੇ ਕਿ ਸੀਬੀਆਈ ਨੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਵੀ ਰਿਸ਼ਵਤ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਹੋਇਆ ਹੈ। ਭੁੱਲਰ ਦੇ ਚੰਡੀਗੜ੍ਹ ਵਿਚਲੇ ਘਰ ਵਿਚੋਂ ਸੀਬੀਆਈ ਨੇ ਕਰੋੜਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਪ੍ਰਾਪਰਟੀ ਸਬੰਧੀ ਦਸਤਾਵੇਜ਼ ਬਰਾਮਦ ਕੀਤੇ ਸਨ। 

ਕਿਹਾ : ਪੰਜਾਬ ਸਰਕਾਰ ਨੇ ਸੂਬੇ ਨੂੰ ਧੂੰਏਂ ਦਾ ਅੱਡਾ ਬਣਾਇਆ

ਪਠਾਨਕੋਟ/ਬਿਊਰੋ ਨਿਊਜ਼

ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਿੰਨ ਸਾਲਾਂ ਵਿਚ ਸੂਬੇ ਨੂੰ ਸਾਫ ਕਰਨ ਦੀ ਥਾਂ ਧੂੰਏਂ ਦਾ ਅੱਡਾ ਬਣਾ ਦਿੱਤਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੁਧਿਆਣਾ, ਜਲੰਧਰ ਅਤੇ ਅੰਮਿ੍ਰਤਸਰ ਸਣੇ ਕਈ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ’ਤੇ ਪਹੁੰਚ ਗਈ ਹੈ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਵੀ ਠੱਪ ਹੋ ਚੁੱਕੀ ਹੈ ਅਤੇ ਖੁੱਲ੍ਹੇ ਮੈਦਾਨਾਂ ਵਿਚ ਹੀ ਕੂੜਾ ਸਾੜਿਆ ਜਾ ਰਿਹਾ ਹੈ। ਭਾਜਪਾ ਆਗੂ ਨੇ ਕਿਹਾ ਕਿ ਪ੍ਰਦੂਸ਼ਣ ਦੀ ਇਹ ਲਹਿਰ ਲੋਕਾਂ ਦੀ ਜਾਨ ਨਾਲ ਖੇਡ ਰਹੀ ਹੈ ਅਤੇ ਸਰਕਾਰ ਨੂੰ ਇਸਦਾ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੂੜਾ ਪ੍ਰਬੰਧ ਲਈ ਕੋਈ ਯੋਜਨਾ ਨਾ ਬਣਾਈ ਤਾਂ ਭਾਜਪਾ ਸੂਬਾ ਪੱਧਰੀ ਅੰਦੋਲਨ ਸ਼ੁਰੂ ਕਰ ਦੇਵੇਗੀ। 

 

ਹੜ੍ਹ ਪੀੜਤਾਂ ਲਈ 15 ਦਿਨਾਂ ’ਚ ਮੁਆਵਜ਼ਾ ਮੰਗਿਆ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਨੇ 15 ਦਿਨਾਂ ਵਿੱਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਪੰਜਾਬ ਭਾਜਪਾ ਵੱਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 12 ਸਤੰਬਰ ਨੂੰ ਸੂਬੇ ਦੇ ਹੜ੍ਹ ਪੀੜਤਾਂ ਨੂੰ 45 ਦਿਨਾਂ ਵਿੱਚ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਜੋ ਕਿ ਨਹੀਂ ਦਿੱਤਾ ਗਿਆ ਹੈ। ਇਸਦੇ ਨਾਲ ਹੀ ਪੰਜਾਬ ਭਾਜਪਾ ਦੇ ਆਗੂ ਨੇ ਸੂਬਾ ਸਰਕਾਰ ਦੇ ‘ਰੰਗਲਾ ਪੰਜਾਬ’ ਫੰਡਾਂ ਬਾਰੇ ਵੀ ਸਵਾਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਰਕੇ 2500 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਸੀ ਅਤੇ 5 ਲੱਖ ਏਕੜ ਫਸਲ ਖ਼ਰਾਬ ਹੋ ਗਈ ਸੀ। ਇਸ ਦੌਰਾਨ ਲੱਖਾਂ ਲੋਕ ਬੇਘਰ ਹੋ ਗਏ ਸਨ। ਏਨਾ ਕੁਝ ਹੋਣ ਦੇ ਬਾਵਜੂਦ ਵੀ ਸੂਬਾ ਸਰਕਾਰ ਵੱਲੋਂ ਡਿਜ਼ਾਸਟਰ ਰਿਲੀਫ ਫੰਡਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਮੀਡੀਆ ਕੋਆਰਡੀਨੇਟਰ ਵਿਨੀਤ ਜੋਸ਼ੀ ਵੀ ਹਾਜ਼ਰ ਸਨ। 

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਲਾਲਪੁਰਾ

ਚੰਡੀਗੜ੍ਹ/ਬਿਊਰੋ ਨਿਊਜ਼

ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਛੇੜਛਾੜ ਦੇ ਮਾਮਲੇ ਵਿਚ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਹਾਈਕੋਰਟ ਨੇ ਫਿਲਹਾਲ ਲਾਲਪੁਰਾ ਦੀ ਸਜ਼ਾ ਉਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਕੇਸ ਦੀ ਅਗਲੀ ਸੁਣਵਾਈ 18 ਨਵੰਬਰ ਨੂੰ ਹੋਵੇਗੀ। ਇਸੇ ਦੌਰਾਨ ਲਾਲਪੁਰਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਜੇਕਰ ਸਜ਼ਾ ’ਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਆਪਣੇ ਆਪ ਰੱਦ ਹੋ ਜਾਵੇਗੀ, ਜਿਸ ਕਰਕੇ ਹਲਕੇ ਵਿਚ ਨਵੇਂ ਸਿਰਿਓਂ ਚੋਣ ਕਰਵਾਉਣੀ ਪਵੇਗੀ। ਦੱਸਣਯੋਗ ਹੈ ਕਿ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਅਦਾਲਤ ਨੇ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਚੱਲਦਿਆਂ ਵਿਧਾਇਕ ਨੇ ਆਪਣੀ ਸਜ਼ਾ ’ਤੇ ਰੋਕ ਲਗਾਉਣ ਲਈ ਹਾਈਕੋਰਟ ਵਿਚ ਅਪੀਲ ਕੀਤੀ ਸੀ, ਜਿਸ ’ਤੇ ਅੱਜ ਹਾਈਕੋਰਟ ਵਿਚ ਸੁਣਵਾਈ ਹੋਈ ਹੈ।

‘ਆਪ’ ਆਗੂ ਨਿਤਿਨ ਨੰਦਾ ਨੂੰ ਇਲਾਜ ਲਈ ਪੀਜੀਆਈ ਭੇਜਿਆ

ਰੂਪਨਗਰ/ਬਿਊਰੋ ਨਿਊਜ਼  

ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਡੀਐਸਪੀ ਦਿਲਸ਼ੇਰ ਸਿੰਘ ਨੇ ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਅਗਮਪੁਰ ’ਚ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ ’ਤੇ ਗੋਲੀ ਚਲਾ ਦਿੱਤੀ। ਇਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ‘ਆਪ’ ਆਗੂ ਨਿਤਿਨ ਨੰਦਾ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਬਾਅਦ ਵਿਚ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਰੂਪਨਗਰ ਦੇ ਐਸਐਸਪੀ ਜੀ.ਐਸ. ਖੁਰਾਣਾ ਦਾ ਕਹਿਣਾ ਸੀ ਕਿ ਸੇਵਾਮੁਕਤ ਡੀਐਸਪੀ ਦਿਲਸ਼ੇਰ ਸਿੰਘ ਦਾ ਨਿਤਿਨ ਨੰਦਾ ਨਾਲ ਕਿਸੇ ਜਾਇਦਾਦ ਨੂੰ ਲੈ ਕੇ ਵਿਵਾਦ ਸੀ ਅਤੇ ਇਕ ਸਮਾਗਮ ਦੌਰਾਨ ਦਿਲਸ਼ੇਰ ਸਿੰਘ ਨੇ ਨਿਤਿਨ ਨੰਦਾ ’ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਦਿਲਸ਼ੇਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਉਸ ਵਿਰੁੱਧ ਇਰਾਦਾ ਕਤਲ ਦਾ ਕੇਸ ਵੀ ਦਰਜ ਕਰ ਲਿਆ ਗਿਆ ਹੈ। 

ਲੁਧਿਆਣਾ ਵਿੱਚ ਨਵੀਂ ‘ਲੁਧਿਆਣਾ ਨੌਰਥ’ ਸਬ ਤਹਿਸੀਲ ਬਣਾਉਣ ਨੂੰ ਵੀ ਮਨਜ਼ੂਰੀ

ਚੰਡੀਗੜ੍ਹ/ਬਿਊਰੋ ਨਿਊਜ਼  

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ’ਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਦਾ ਦਰਜਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸਦੇ ਨਾਲ ਹੀ ਲੁਧਿਆਣਾ ਜ਼ਿਲ੍ਹੇ ਵਿੱਚ ‘ਲੁਧਿਆਣਾ ਨੌਰਥ’ ਨਵੀਂ ਸਬ-ਤਹਿਸੀਲ ਬਣਾਉਣ ਲਈ ਵੀ ਲੋੜੀਂਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਕੈਬਨਿਟ ਵੱਲੋਂ ਲਏ ਗਏ ਹੋਰ ਫੈਸਲਿਆਂ ਵਿਚ ਪੰਜਾਬ ਯੂਨੀਫਾਈਡ ਬਿਲਡਿੰਗ ਨਿਯਮ 2025 ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨਿਯਮ ਅਨੁਸਾਰ ਪੰਜਾਬ ਵਿੱਚ ਨਵੀਆਂ ਬਣਾਈਆਂ ਜਾਣ ਵਾਲੀਆਂ ਕਲੋਨੀਆਂ ਵਿੱਚ ਇਮਾਰਤ ਦੀ ਉਚਾਈ 15 ਮੀਟਰ ਤੋਂ ਵਧਾ ਕੇ 21 ਮੀਟਰ ਤੱਕ ਕਰਨ ਲਈ ਵਿਭਾਗ ਤੋਂ ਮਨਜ਼ੂਰੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਇਸ ਲਈ ਆਰਕੀਟੈਕਟ ਦਾ ਸਰਟੀਫਿਕੇਟ ਹੀ ਕਾਫ਼ੀ ਹੋਵੇਗਾ। ਪੰਜਾਬ ਮੰਤਰੀ ਮੰਡਲ ਨੇ ਪੰਜਾਬ ਸਪੋਰਟਸ ਮੈਡੀਸਨ ਕਾਡਰ ਵਿੱਚ 100 ਦੇ ਕਰੀਬ ਨਵੀਆਂ ਅਸਾਮੀਆਂ ਭਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ।

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਜੇਲ੍ਹ ਵਿਚ ਬੰਦ ਹਨ ਮਜੀਠੀਆ

ਚੰਡੀਗੜ੍ਹ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਨਾਭਾ ਦੀ ਜੇਲ੍ਹ ਵਿਚ ਬੰਦ ਹਨ। ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਜੀਠੀਆ ਦੀ ਰੈਗੂਲਰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੁਣ 6 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਧਿਆਨ ਰਹੇ ਕਿ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਨੇ 25 ਜੂਨ ਨੂੰ ਅੰਮਿ੍ਰਤਸਰ ਤੋਂ ਗਿ੍ਰਫਤਾਰ ਕੀਤਾ ਸੀ। ਇਸਦੇ ਚੱਲਦਿਆਂ ਬਿਕਰਮ ਮਜੀਠੀਆ ਨੇ ਹਾਈਕੋਰਟ ਵਿਚ ਰਾਹਤ ਲਈ ਅਪੀਲ ਕੀਤੀ ਸੀ, ਜਿਸ ਵਿਚ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਕੀਤੀ ਗਈ ਗਿ੍ਰਫਤਾਰੀ ਨੂੰ ਉਨ੍ਹਾਂ ਨੇ ਗੈਰਕਾਨੂੰਨੀ ਦੱਸਿਆ ਸੀ। ਪਟੀਸ਼ਨ ਵਿਚ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਖਿਲਾਫ ਦਰਜ ਕੀਤੀ ਗਈ ਐਫ.ਆਈ.ਆਰ. ਸਿਆਸੀ ਬਦਲਾਖੋਰੀ ਦਾ ਨਤੀਜਾ ਹੈ ਅਤੇ ਇਸ ਨੂੰ ਸਰਕਾਰ ਦੀ ਸਾਜਿਸ਼ ਵੀ ਦੱਸਿਆ ਹੈ। 

ਬਠਿੰਡਾ ਦੀ ਅਦਾਲਤ ’ਚ ਕੰਗਣਾ ਹੋਈ ਪੇਸ਼

ਬਠਿੰਡਾ/ਬਿਊਰੋ ਨਿਊਜ਼   

ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਣਾ ਰਾਣੌਤ ਮਾਨਹਾਨੀ ਦੇ ਕੇਸ ਵਿਚ ਬਠਿੰਡਾ ਦੀ ਅਦਾਲਤ ਵਿਚ ਪੇਸ਼ ਹੋਈ ਹੈ। ਕੰਗਣਾ ਨੇ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਕਿਸਾਨ ਬੀਬੀ ਮਹਿੰਦਰ ਕੌਰ ਨੂੰ ਲੈ ਕੇ ਕੀਤੇ ਗਏ ਟਵੀਟ ਸਬੰਧੀ ਅਦਾਲਤ ਵਿਚ ਜਨਤਕ ਤੌਰ ’ਤੇ ਮਾਫੀ ਮੰਗ ਲਈ ਹੈ। ਕੰਗਨਾ ਨੇ ਕਿਹਾ ਕਿ ਜੇਕਰ ਮੇਰੀ ਗੱਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ ਤਾਂ ਮੈਂ ਦਿਲੋਂ ਮੁਆਫੀ ਮੰਗਦੀ ਹਾਂ। ਅਦਾਲਤ ਵਿਚ ਪੇਸ਼ ਹੋਣ ਤੋਂ ਬਾਅਦ ਕੰਗਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਇਕ ਵੱਡੀ ਗਲਤ ਫਹਿਮੀ ਹੋਈ ਹੈ। ਕੰਗਣਾ ਨੇ ਕਿਹਾ ਕਿ ਮੈਂ ਸੁਫਨੇ ਵਿਚ ਵੀ ਕਿਸੇ ਦਾ ਅਪਮਾਨ ਕਰਨ ਬਾਰੇ ਸੋਚ ਨਹੀਂ ਸਕਦੀ। ਦੱਸਣਯੋਗ ਹੈ ਕਿ ਕੰਗਣਾ ਨੇ ਕਿਸਾਨ ਅੰਦੋਲਨ ਦੌਰਾਨ ਟਵੀਟ ਕੀਤਾ ਸੀ ਕਿ ਔਰਤਾਂ 100 ਰੁਪਏ ਲੈ ਕੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੁੰਦੀਆਂ ਹਨ। ਇਸ ਟਵੀਟ ਵਿਚ ਬਜ਼ੁਰਗ ਕਿਸਾਨ ਬੀਬੀ ਮਹਿੰਦਰ ਕੌਰ ਦੀ ਫੋਟੋ ਵੀ ਸੀ। ਇਸ ਤੋਂ ਬਾਅਦ ਕਿਸਾਨ ਬੀਬੀ ਨੇ ਬਠਿੰਡਾ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.