Monday, 20 April 2026

ਸੀਐਮ ਮਾਨ ਨੇ ਕਿਹਾ : ਕੇਂਦਰ ਦੀ ਧੱਕੇਸ਼ਾਹੀ ਖਿਲਾਫ ਡਟ ਕੇ ਕਾਨੂੰਨੀ ਲੜਾਈ ਲੜਾਂਗੇ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਮਾਮਲੇ ਵਿਚ ਹਾਈਕੋਰਟ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਗੈਰਸੰਵਿਧਾਨਕ ਤੌਰ ’ਤੇ ਭੰਗ ਕਰਕੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਫੈਸਲੇ ਵਿਰੁੱਧ ਕਾਨੂੰਨੀ ਲੜਾਈ ਲੜਾਂਗੇ। ਸੀਐਮ ਮਾਨ ਨੇ ਕਿਹਾ ਕਿ ਇਸ ਕੇਸ ਦੀ ਪੈਰਵੀ ਲਈ ਦੇਸ਼ ਦੇ ਉਘੇ ਅਤੇ ਸਪੈਸ਼ਲਿਸਟ ਵਕੀਲਾਂ ਦਾ ਪੈਨਲ ਵੀ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੁੱਦਾ ਆਉਣ ਵਾਲੇ ਦਿਨਾਂ ਵਿਚ ਵਿਧਾਨ ਸਭਾ ਵਿਚ ਵੀ ਲਿਆਂਦਾ ਜਾਵੇਗਾ ਤਾਂ ਕਿ ਵਿਧਾਨਕ ਤੌਰ ’ਤੇ ਵੀ ਪੰਜਾਬ ਦਾ ਪੱਖ ਮਜ਼ਬੂਤ ਹੋ ਸਕੇ। ਸੀਐਮ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਕੇ ਪੰਜਾਬ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀਐਮ ਮਾਨ ਨੇ ਕੇਂਦਰ ਸਰਕਾਰ ਉਤੇ ਪੰਜਾਬ ਨਾਲ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਵੀ ਲਗਾਏ ਹਨ। 

ਤਰਨਤਾਰਨ/ਬਿਊਰੋ ਨਿਊਜ਼  

ਪੰਜਾਬ ਵਿਚ ਮਹਿਲਾਵਾਂ ਨੂੰ ਅਗਲੇ ਬਜਟ ਵਿਚ ਪ੍ਰਤੀ ਮਹੀਨਾ 1 ਹਜ਼ਾਰ ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਇਹ ਦਾਅਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਵਿਚ ਇਕ ਰੋਡ ਸ਼ੋਅ ਦੌਰਾਨ ਕੀਤਾ। ਧਿਆਨ ਰਹੇ ਕਿ ਆਉਂਦੀ 11 ਨਵੰਬਰ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਵਿਚ ਜ਼ਿਮਨੀ ਚੋਣ ਹੋਣੀ ਹੈ। ਇਸੇ ਦੌਰਾਨ ਸੀਐਮ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਸਨ। ਇਸ ਮੌਕੇ ਭਗਵੰਤ ਮਾਨ ਨੇ ਕਾਂਗਰਸ, ਭਾਜਪਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਸਖਤ ਆਲੋਚਨਾ ਕੀਤੀ। ਦੱਸਣਯੋਗ ਹੈ ਕਿ ਤਰਨਤਾਰਨ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ, ਕਾਂਗਰਸ ਨੇ ਕਰਨਬੀਰ ਸਿੰਘ, ਸ਼ੋ੍ਰਮਣੀ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਧਾਵਾ ਅਤੇ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੋਇਆ ਹੈ। ਇਸੇ ਤਰ੍ਹਾਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਤਰਨਤਾਰਨ ਵਿਧਾਨ ਸਭਾ ਲਈ ਮਨਦੀਪ ਸਿੰਘ ਨੂੰ ਟਿਕਟ ਦਿੱਤੀ ਹੋਈ ਹੈ। 

ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਥੇ ਦਾ ਵੀ ਹੋਇਆ ਨਿੱਘਾ ਸਵਾਗਤ

ਅੰਮਿ੍ਰਤਸਰ/ਬਿਊਰੋ ਨਿਊਜ਼    

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਸਿੱਖ ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਸ੍ਰੀ ਹਰਿਮੰਦਰ ਸਾਹਿਬ ਪੁੱਜ ਕੇ ਸੰਪੰਨ ਹੋਇਆ। ਦੱਸਣਯੋਗ ਹੈ ਕਿ ਭਲਕੇ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਵੀ ਪਹੁੰਚ ਗਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਅਤੇ ਪਾਕਿਸਤਾਨ ਓਕਾਫ ਬੋਰਡ ਦੇ ਉਚ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ ਹੈ। ਇਸ ਮੌਕੇ ਗੜਗੱਜ ਨੇ ਭਾਰਤ ਸਰਕਾਰ ਅਤੇ ਪਾਕਿਸਤਾਨ ਦੀ ਸਰਕਾਰ ਦਾ ਧੰਨਵਾਦ ਕੀਤਾ ਹੈ। ਜਥੇਦਾਰ ਗੜਗੱਜ ਨੇ ਲਹਿੰਦੇ ਪੰਜਾਬ ਦੀ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਸਕੂਲਾਂ ਵਿਚ ਪੰਜਾਬੀ ਭਾਸ਼ਾ ਜ਼ਰੂਰੀ ਪੜ੍ਹਾਈ ਜਾਣੀ ਚਾਹੀਦੀ ਹੈ।

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ਼ੋ੍ਰਮਣੀ ਕਮੇਟੀ ਦੇ 5ਵੀਂ ਵਾਰ ਪ੍ਰਧਾਨ ਬਣਨ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਅਤੇ ਹੋਰ ਅਹੁਦੇਦਾਰ ਮੌਜੂਦ ਰਹੇ। ਇਸ ਤੋਂ ਬਾਅਦ ਧਾਮੀ ਨੇ ਸ਼ੋ੍ਰਮਣੀ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਕਿ ਸ਼ੋ੍ਰਮਣੀ ਅਕਾਲੀ ਦਲ ਹੀ ਅਸਲੀ ਅਕਾਲੀ ਦਲ ਹੈ। ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਸਟਾਫ ਵਲੋਂ ਧਾਮੀ ਨੂੰ ਮੁੜ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸੇ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਸ਼ੋ੍ਰਮਣੀ ਕਮੇਟੀ ਦੇ ਦਫਤਰ ਪਹੁੰਚ ਕੇ ਪ੍ਰਧਾਨਗੀ ਦਾ ਅਹੁਦਾ ਵੀ ਸੰਭਾਲ ਲਿਆ। 

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦਾ ਵੀ ਕੀਤਾ ਵਿਰੋਧ

ਚੰਡੀਗੜ੍ਹ/ਬਿਊਰੋ ਨਿਊਜ਼

ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਕਿਸਾਨਾਂ-ਮਜ਼ਦੂਰਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਮੰਗ ਪੱਤਰਾਂ ਰਾਹੀਂ ਬਿਜਲੀ ਸੋਧ ਬਿੱਲ-2025 ਨੂੰ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਅਤੇ ਸਾਜਿਸ਼ ਕਰਾਰ ਦਿੱਤਾ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ 8 ਨਵੰਬਰ ਤੋਂ ਪਹਿਲਾਂ-ਪਹਿਲਾਂ ਇਸਦੇ ਖਿਲਾਫ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਕੇ ਪੰਜਾਬ ਕੋਲੋਂ ਅਧਿਕਾਰ ਖੋਹਣ ਦੀ ਕਾਰਵਾਈ ਨੂੰ ਸਿੱਧਾ ਧੱਕਾ ਗਰਦਾਨਿਆ ਹੈ। ਇਸ ਬਾਰੇ ਮੰਗ ਕੀਤੀ ਕਿ ਇਸਦਾ ਪਹਿਲਾਂ ਵਾਲਾ ਸਟੇਟਸ ਬਹਾਲ ਕਰਕੇ ਅਸਲੀ ਅਰਥਾਂ ਵਿਚ ਜਮਹੂਰੀ ਸਿਸਟਮ ਸਥਾਪਿਤ ਕੀਤਾ ਜਾਵੇ। ਐਸ.ਕੇ.ਐਮ. ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ।

ਵਿਰੋਧੀ ਧਿਰ ਦੇ ਉਮੀਦਵਾਰ ਮਿੱਠੂ ਸਿੰਘ ਕਾਹਨਕੇ ਨੂੰ 99 ਵੋਟਾਂ ਨਾਲ ਹਰਾਇਆ

ਅੰਮਿ੍ਰਤਸਰ/ਬਿਊਰੋ ਨਿਊਜ਼  

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਪੰਜਵੀਂ ਵਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਅਹੁਦੇ ਨੂੰ ਲੈ ਕੇ ਅੱਜ ਅੰਮਿ੍ਰਤਸਰ ’ਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਵੋਟਾਂ ਪਈਆਂ। ਇਸ ਵੋਟਿੰਗ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਧਾਮੀ ਨੇ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਮਿੱਠੂ ਸਿੰਘ ਕਾਹਨਕੇ ਨੂੰ 99 ਵੋਟਾਂ ਨਾਲ ਹਰਾਇਆ। ਮਿਲੀ ਜਾਣਕਾਰੀ ਅਨੁਸਾਰ ਕੁੱਲ 136 ਵੋਟਾਂ ਪਈਆਂ, ਜਿਨ੍ਹਾਂ ਵਿਚੋਂ ਧਾਮੀ ਨੂੰ 117 ਵੋਟਾਂ ਪਈਆਂ, ਜਦੋਂ ਕਿ ਮਿੱਠੂ ਸਿੰਘ ਕਾਹਨਕੇ ਨੂੰ ਸਿਰਫ 18 ਵੋਟਾਂ ਹੀ ਮਿਲੀਆਂ ਹਨ ਅਤੇ ਇਕ ਵੋਟ ਰੱਦ ਵੀ ਹੋ ਗਈ। ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਵੱਡੀ ਕਾਮਯਾਬੀ ਹੈ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੇ ਮੈਂਬਰਾਂ ਦੀ ਸਲਾਹ ਤੋਂ ਬਾਅਦ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਦਾ ਐਲਾਨ ਕੀਤਾ ਸੀ। ਇਸੇ ਦੌਰਾਨ ਡਾ. ਚੀਮਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਕ ਵਾਰ ਫਿਰ ਇਮਾਨਦਾਰ ਸ਼ਖ਼ਸੀਅਤ ਦੀ ਚੋਣ ਹੋਈ ਹੈ। 

 

ਵਰਲਡ ਕੱਪ ਜਿੱਤਣ ’ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਪਹਿਲੀ ਵਾਰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਹੈ। ਮੁੰਬਈ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ ਹਰਾ ਕੇ ਟਰਾਫੀ ਆਪਣੇ ਨਾਮ ਕੀਤੀ। ਭਾਰਤ ਦੀਆਂ ਧੀਆਂ ਦੀ ਇਸ ਇਤਿਹਾਸਕ ਜਿੱਤ ਦੀ ਹਰ ਕੋਈ ਵਧਾਈ ਦੇ ਰਿਹਾ ਹੈ। ਇਸਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨਾਲ ਵੀਡੀਓ ਕਾਲ ਜ਼ਰੀਏ ਗੱਲਬਾਤ ਕੀਤੀ ਅਤੇ ਪੂੁਰੀ ਟੀਮ ਨੂੰ ਵਧਾਈ ਦਿੱਤੀ ਹੈ। ਸੀਐਮ ਮਾਨ ਨੇ ਕਿਹਾ ਕਿ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਹਰਲੀਨ ਦਿਓਲ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਵਰਲਡ ਕੱਪ ਜਿੱਤ ਲਿਆ। ਸੀਐਮ ਨੇ ਕਿਹਾ ਕਿ ਇਨ੍ਹਾਂ ਧੀਆਂ ਨੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਸਮੁੱਚੀ ਮਹਿਲਾ ਕ੍ਰਿਕਟ ਟੀਮ ਨੂੰ ਵਧਾਈਆਂ।

ਸੀਐਮ ਮਾਨ ਨੇ ਕਿਹਾ : ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਆਇਆ ਸਾਹਮਣੇ

ਚੰਡੀਗੜ੍ਹ/ਬਿਊਰੋ ਨਿਊਜ਼  

ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਭੰਗ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਇਸ ਫੈਸਲੇ ਦੀ ਪੁਰਜ਼ੋਰ ਸ਼ਬਦਾਂ ਨਾਲ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਮੁੜ ਤੋਂ ਸਾਹਮਣੇ ਆ ਗਿਆ ਹੈ। ਸੀਐਮ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਕੇ ਪੰਜਾਬ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਸਬੰਧੀ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਗੈਰ-ਸੰਵਿਧਾਨਕ ਹੈ, ਜਿਸ ਵਿਰੁੱਧ ਪੰਜਾਬ ਸਰਕਾਰ ਵਲੋਂ ਹਾਈਕੋਰਟ ਤੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਲੋਕ ਸਭਾ ਅਤੇ ਕਿਸੇ ਵੀ ਸੂਬੇ ਦੀ ਵਿਧਾਨ ਸਭਾ ਵਲੋਂ ਬਣਾਏ ਗਏ ਐਕਟ ਨੂੰ ਇਕ ਨੋਟੀਫਿਕੇਸ਼ਨ ਰਾਹੀਂ ਰੱਦ ਨਹੀਂ ਕੀਤਾ ਜਾ ਸਕਦਾ, ਪਰ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਵਿਚ ਅਜਿਹੀ ਧੱਕੇਸ਼ਾਹੀ ਕਰ ਰਹੀ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਤਰਨਤਾਰਨ ਵਿਚ ਜ਼ਿਮਨੀ ਚੋਣ ਲਈ ਪ੍ਰਚਾਰ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਖਿਲਾਫ ਨਸਲੀ ਟਿੱਪਣੀ ਕਰ ਦਿੱਤੀ ਸੀ ਅਤੇ ਬੂਟਾ ਸਿੰਘ ਨੂੰ ਕਾਲਾ ਵਿਅਕਤੀ ਦੱਸਿਆ ਸੀ। ਵੜਿੰਗ ਨੇ ਭਾਵੇਂ ਆਪਣੀ ਇਸ ਟਿੱਪਣੀ ਲਈ ਮੁਆਫੀ ਮੰਗ ਲਈ ਹੈ, ਪਰ ਫਿਰ ਵੀ ਮਾਮਲਾ ਅਜੇ ਤੱਕ ਸ਼ਾਂਤ ਨਹੀਂ ਹੋਇਆ। ਇਸੇ ਦੌਰਾਨ ਵਾਲਮੀਕ ਭਾਈਚਾਰੇ ਨੇ ਜਲੰਧਰ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਉਧਰ ਦੂਜੇ ਪਾਸੇ ਐਸ.ਸੀ./ਐਸ.ਟੀ. ਕਮਿਸ਼ਨ ਨੇ ਵੜਿੰਗ ਕੋਲੋਂ 6 ਨਵੰਬਰ ਤੱਕ ਜਵਾਬ ਮੰਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਐਕਟਿਵ ਹੋ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵੜਿੰਗ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਚੀਮਾ ਨੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਕਿਹਾ ਹੈ ਕਿ, ਇਸ ਮਾਮਲੇ ਵਿਚ ਰਾਜਾ ਵੜਿੰਗ ਨੂੰ ਪਾਰਟੀ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। 

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਦਿੱਤੀ ਵਧਾਈ

ਚੰਡੀਗੜ੍ਹ/ਬਿਊਰੋ ਨਿਊਜ਼ 

ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿਚ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਭਾਰਤੀ ਕ੍ਰਿਕਟ ਟੀਮ ਨੇ ਮੰੁਬਈ ਵਿਚ ਖੇਡੇ ਗਏ ਫਾਈਨਲ ਮੈਚ ’ਚ ਦੱਖਣੀ ਅਫਰੀਕਾ ਦੀ ਟੀਮ ਨੂੰ 52 ਦੌੜਾਂ ਨਾਲ ਹਰਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਭਾਰਤੀ ਮਹਿਲਾ ਕਿ੍ਰਕਟ ਟੀਮ ਦੀ ਵਿਸ਼ਵ ਕੱਪ ਵਿਚ ਇਹ ਪਹਿਲੀ ਖਿਤਾਬੀ ਜਿੱਤ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ’ਤੇ 298 ਦੌੜਾਂ ਬਣਾਈਆਂ ਸਨ ਅਤੇ ਇਸਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ 246 ਦੌੜਾਂ ’ਤੇ ਆਊਟ ਹੋ ਗਈ ਸੀ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਪਿੰਡ ਮੋਗਾ ਜ਼ਿਲ੍ਹੇ ਵਿਚ ਦੁਨੇਕੇ ਹੈ। ਜਦੋਂ ਭਾਰਤੀ ਟੀਮ ਜਿੱਤੀ ਤਾਂ ਮੋਗਾ ਵਿਚ ਵੀ ਜਸ਼ਨ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਖੁਸ਼ੀ ਵਿਚ ਭੰਗੜੇ ਪਾਏ ਅਤੇ ਪਟਾਖੇ ਵੀ ਚਲਾਏ। ਇਸਦੇ ਚੱਲਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ ਹੈ।  

 

ਪਟਿਆਲਾ/ਬਿਊਰੋ ਨਿਊਜ਼ 

ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਬਾਰੇ ਕੁਝ ਅਹਿਮ ਜਾਣਕਾਰੀ ਮਿਲਣ ਤੋਂ ਬਾਅਦ ਸੀਬੀਆਈ ਦੀ ਇਕ ਟੀਮ ਨੇ ਪਟਿਆਲਾ ਵਿਚ ਬੀ.ਐਚ. ਪ੍ਰਾਪਰਟੀਜ਼ ਦੇ ਮਾਲਕ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਹੈ। ਧਿਆਨ ਰਹੇ ਕਿ ਹਰਚਰਨ ਸਿੰਘ ਭੁੱਲਰ ਰਿਸ਼ਵਤਖੋਰੀ ਦੇ ਮਾਮਲੇ ਵਿਚ ਪਹਿਲਾਂ ਹੀ ਸੀਬੀਆਈ ਦੀ ਗਿ੍ਰਫਤ ਵਿਚ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਦੀ ਟੀਮ ਪਟਿਆਲਾ ਵਿਚ ਭੁਪਿੰਦਰ ਸਿੰਘ ਦੇ ਘਰ ਪਹੁੰਚੀ ਅਤੇ ਸਾਰੇ ਘਰ ਦੀ ਤਲਾਸ਼ੀ ਲਈ ਗਈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਭੁੱਲਰ ਤੋਂ ਲਗਾਤਾਰ ਪੁੱਛਗਿੱਛ ਅਤੇ ਸੀਬੀਆਈ ਨੂੰ ਮਿਲੇ ਕੁਝ ਦਸਤਾਵੇਜ਼ਾਂ ਵਿਚ ਬੀ.ਐਚ. ਪ੍ਰਾਪਰਟੀਜ਼ ਦਾ ਨਾਮ ਸਾਹਮਣੇ ਆਇਆ ਹੈ, ਹਾਲਾਂਕਿ ਅਧਿਕਾਰੀ ਇਸ ਮਾਮਲੇ ’ਤੇ ਚੁੱਪ ਹਨ। ਇਹ ਵੀ ਦੱਸਣਯੋਗ ਹੈ ਕਿ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਨੂੰ ਦਲਾਲ ਕ੍ਰਿਸ਼ਨੂੰੂ ਸ਼ਾਰਦਾ ਜਰੀਏ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਸੀ। ਭੁੱਲਰ ਦੇ ਘਰੋਂ ਸੀਬੀਆਈ ਨੇ ਕਰੋੜਾਂ ਰੁਪਏ ਦੀ ਨਗਦੀ, ਸੋਨੇ ਦੇ ਗਹਿਰੇ, ਕੀਮਤੀ ਘੜੀਆਂ ਅਤੇ ਜਾਇਦਾਦ ਸਬੰਧੀ ਦਸਤਾਵੇਜ਼ ਬਰਾਮਦ ਕੀਤੇ ਸਨ। 

ਚੰਡੀਗੜ੍ਹ, : ਭਾਰਤੀ ਹਾਕੀ ਦੇ 100 ਸਾਲ ਪੂਰੇ ਹੋਣ ਦੇ ਉਪਲੱਖ ਹਾਕੀ ਚੰਡੀਗੜ੍ਹ ਵੱਲੋਂ ਆਉਣ ਵਾਲੇ 7 ਨਵੰਬਰ ਨੂੰ ਭਾਰਤੀ ਹਾਕੀ ਸ਼ਤਾਬਦੀ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਇਤਿਹਾਸਕ ਮੌਕੇਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਹੋਣਗੇ। ਹਾਕੀ ਚੰਡੀਗੜ੍ਹ ਦੇ ਪ੍ਰਧਾਨ ਕਰਣ ਗਿੱਲਹੋਤਰਾ, ਉਪ-ਪ੍ਰਧਾਨ ਅਨਿਲ ਵੋਹਰਾ ਅਤੇ ਸਲਾਹਕਾਰ ਸ਼ਾਲੀਨ ਕਪੂਰ ਨੇ ਸ੍ਰੀ ਕਟਾਰੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਰੋਹ ਵਿੱਚ ਸੱਦਾ ਦਿੱਤਾ ਰਾਜਪਾਲ ਨੇ ਸਮਾਰੋਹ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਇਸ ਮੌਕੇਤੇ ਹਾਕੀ ਦੇ ਇਤਿਹਾਸ ਵਿੱਚ ਇਕ ਨਵਾਂ ਅਧਿਆਇ ਲਿਖੇਗਾ। ਕਰਣ ਗਿੱਲਹੋਤਰਾ ਨੇ ਦੱਸਿਆ ਕਿ ਸਮਾਰੋਹ ਦੇ ਆਯੋਜਨ ਵਿੱਚ ਚੰਡੀਗੜ੍ਹ ਪ੍ਰਸ਼ਾਸਨ, ਖੇਡ ਵਿਭਾਗ ਅਤੇ ਨਗਰ ਨਿਗਮ ਚੰਡੀਗੜ੍ਹ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਉਨ੍ਹਾਂ ਨੇ ਕਿਹਾ — ਹਾਕੀ ਭਾਰਤ ਦੀ ਸ਼ਾਨਦਾਰ ਵਿਰਾਸਤ ਹੈ 1925 ਵਿੱਚ ਰਾਸ਼ਟਰੀ ਹਾਕੀ ਸੰਸਥਾ ਦੀ ਸਥਾਪਨਾ ਨਾਲ ਸ਼ੁਰੂ ਹੋਈ ਇਹ ਯਾਤਰਾ ਹੁਣ 100 ਸਾਲ ਪੂਰੇ ਕਰ ਰਹੀ ਹੈ ਇਹ ਸਾਡੇ ਲਈ ਮਾਣ ਦਾ ਮੌਕਾ ਹੈ ਕਿ ਚੰਡੀਗੜ੍ਹ ਇਸ ਇਤਿਹਾਸਕ ਸਮਾਰੋਹ ਦਾ ਹਿੱਸਾ ਬਣ ਰਿਹਾ ਹੈ ਸਾਡਾ ਉਦੇਸ਼ ਨਵੀਂ ਪੀੜ੍ਹੀ ਨੂੰ ਹਾਕੀ ਦੇ ਸੁਨਿਹਰੇ ਇਤਿਹਾਸ ਨਾਲ ਜੋੜਨਾ ਹੈ
ਅਨਿਲ ਵੋਹਰਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ, ਜਿਸ ਵਿੱਚ ਤਿੰਨ ਪ੍ਰਦਰਸ਼ਨੀ ਮੈਚ ਖੇਡੇ ਜਾਣਗੇਮੁੰਡਿਆਂ ਦੇ ਜੂਨੀਅਰ ਤੇ ਸੀਨੀਅਰ ਵਰਗਾਂ ਦੇ ਮੈਚਾਂ ਦੇ ਨਾਲ ਕੁੜੀਆਂ ਦਾ ਇੱਕ ਵਿਸ਼ੇਸ਼ ਮੈਚ ਵੀ ਸ਼ਾਮਲ ਹੋਵੇਗਾ। ਇਸ ਮੌਕੇਤੇ ਦੇਸ਼-ਵਿਦੇਸ਼ ਤੋਂ ਕਈ ਮਸ਼ਹੂਰ ਹਾਕੀ ਖਿਡਾਰੀ ਹਾਜ਼ਰ ਰਹਿਣਗੇ, ਜਿਨ੍ਹਾਂ ਵਿੱਚ ਓਲੰਪਿਅਨ ਦੀਪਕ ਠਾਕੁਰ, ਰਾਜਪਾਲ ਸਿੰਘ, ਬਲਜੀਤ ਸਿੰਘ, ਨਾਲ ਹੀ ਭਾਰਤ ਦੀ ਮੌਜੂਦਾ ਟੀਮ ਦੇ ਕਪਤਾਨ ਸੰਜੇ, ਮਨੀੰਦਰ ਸਿੰਘ, ਵਿਕਰਮਜੀਤ ਸਿੰਘ, ਅਤੇ ਜੂਨੀਅਰ ਟੀਮ ਦੇ ਕਪਤਾਨ ਰੋਹਿਤ ਸ਼ਾਮਲ ਹਨ। ਕਰਣ ਗਿੱਲਹੋਤਰਾ ਨੇ ਅੱਗੇ ਦੱਸਿਆ ਕਿ ਹਾਕੀ ਇੰਡੀਆ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਇੱਕੋ ਸਮੇਂ ਅਜੇਹੇ ਸ਼ਤਾਬਦੀ ਸਮਾਰੋਹ ਆਯੋਜਿਤ ਕੀਤੇ ਜਾਣਗੇ, ਤਾਂ ਜੋ ਹਾਕੀ ਨੂੰ ਨਵਾਂ ਮਾਨ ਅਤੇ ਨਵੀਂ ਪਹਿਚਾਣ ਮਿਲ ਸਕੇ

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.