Friday, 19 June 2026

ਦੱਖਣੀ ਕੋਰੀਆ ’ਚ ਸੱਤ ਦਿਨ ਦੇ ਕੌਮੀ ਸੋਗ ਦਾ ਐਲਾਨ

ਸਿਓਲ/ਬਿਊਰੋ ਨਿਊਜ਼ : ਦੱਖਣੀ ਕੋਰੀਆ ਦੇ ਦੱਖਣ-ਪੱਛਮ ਵਿਚ ਮੁਆਨ ਕਾਊਂਟੀ ਵਿਚ  ਮੁਆਨ ਕੌਮਾਂਤਰੀ ਹਵਾਈ ਅੱਡੇ ਉੱਤੇ ਲੈਂਡਿੰਗ ਮੌਕੇ ਜੇਜੂ ਏਅਰ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ 176 ਵਿਅਕਤੀਆਂ ਦੀ ਮੌਤ ਹੋ ਗਈ। ਜਹਾਜ਼ ਵਿਚ ਅਮਲੇ ਸਣੇ 181 ਵਿਅਕਤੀ ਸਵਾਰ ਸਨ। ਜਦਕਿ ਕਈ ਖ਼ਬਰ ਏਜੰਸੀ ਨੇ ਹਾਦਸੇ ਦੌਰਾਨ 179 ਵਿਅਕਤੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਹੈ। ਲੈਂਡਿੰਗ ਮਗਰੋਂ ਜਹਾਜ਼ ਰਨਵੇਅ ਤੋਂ ਤਿਲਕ ਕੇ ਇਕ ਬੈਰੀਅਰ ਨਾਲ ਜਾ ਟਕਰਾਇਆ, ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਦੇਸ਼ ਦੇ ਹੰਗਾਮੀ ਹਾਲਾਤ ਬਾਰੇ ਦਫ਼ਤਰ ਨੇ ਕਿਹਾ ਕਿ ਜਹਾਜ਼ ਦਾ ਲੈਂਡਿੰਗ ਗਿਅਰ ਖਰਾਬ ਹੋ ਗਿਆ ਸੀ। ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਚੋਈ ਸਾਂਗ-ਮੋਕ ਨੇ ਮੁਆਨ ਕੌਮਾਂਤਰੀ ਹਵਾਈ ਅੱਡੇ ’ਤੇ ਜਹਾਜ਼ ਹਾਦਸੇ ਮਗਰੋਂ ਦੇਰ ਸ਼ਾਮ ਐਮਰਜੈਂਸੀ ਮੀਟਿੰਗ ਸੱਦੀ, ਜਿਸ ਵਿੱਚ ਉਨ੍ਹਾਂ ਦੇਸ਼ ਵਿੱਚ ਚਾਰ ਜਨਵਰੀ ਤੱਕ ਸੱਤ ਦਿਨ ਦੇ ਕੌਮੀ ਸੋਗ ਦਾ ਐਲਾਨ ਕੀਤਾ ਹੈ।

ਕਿਹਾ : ਮਹਾਕੁੰਭ ਸਮਾਜ ’ਚੋਂ ਨਫ਼ਰਤ ਦਾ ਕਰੇਗਾ ਖਾਤਮਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣ ਵਾਲੇ ‘ਮਹਾ ਕੁੰਭ’ ਨੂੰ ‘ਏਕਤਾ ਦਾ ਮਹਾਕੁੰਭ’ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਚੋਂ ਨਫ਼ਰਤ ਤੇ ਵੰਡੀਆਂ ਖ਼ਤਮ ਕਰਨ ਦੇ ਅਹਿਦ ਨਾਲ ਇਸ ਵਿਸ਼ਾਲ ਧਾਰਮਿਕ ਇਕੱਠ ਵਿਚੋਂ ਵਾਪਸ ਜਾਣ। ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਮਹਾਕੁੰਭ ਕਾ ਸੰਦੇਸ਼, ਏਕ ਹੋ ਪੂਰਾ ਦੇਸ਼।’’ ਪ੍ਰਯਾਗਰਾਜ ਵਿਖੇ 13 ਜਨਵਰੀ ਤੋਂ ਸ਼ੁਰੂ ਹੋ ਰਹੇ ਮਹਾਕੁੰਭ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਏਕਤਾ ਵਿਚ ਅਨੇਕਤਾ’ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮਹਾਕੁੰਭ ਦੀ ਵਿਸ਼ੇਸ਼ਤਾ ਇਸ ਦੀ ਵਿਸ਼ਾਲਤਾ ਵਿਚ ਨਹੀਂ ਬਲਕਿ ਇਸ ਦੀ ਵੰਨ ਸੁਵੰਨਤਾ ਵਿਚੋਂ ਵੀ ਝਲਕਦੀ ਹੈ। ਮਹਾਕੁੰਭ ਜਿਹਾ ਵਿਸ਼ਾਲ ਧਾਰਮਿਕ ਸਮਾਗਮ 12 ਸਾਲਾਂ ਵਿਚ ਇਕ ਵਾਰ ਹੁੰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਗਲਾ ਗਣਤੰਤਰ ਦਿਵਸ ਦੇਸ਼ ਦਾ ਸੰਵਿਧਾਨ ਲਾਗੂ ਕਰਨ ਦੀ 75ਵੀਂ ਵਰ੍ਹੇਗੰਢ ਹੋਵੇਗਾ, ਜੋ ਦੇਸ਼ਵਾਸੀਆਂ ਲਈ ਗੌਰਵ ਦਾ ਵਿਸ਼ਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸੰਵਿਧਾਨ ਸਮੇਂ ਦੀ ਹਰ ਕਸਵੱਟੀ ਉੱਤੇ ਖਰਾ ਉੱਤਰਿਆ ਹੈ। 

 

ਕਿਹਾ : ਰਜਿਸਟ੍ਰੇਸ਼ਨ ਕਰਵਾ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁੰਮਰਾਹ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਉਪ ਰਾਜਪਾਲ ਸਕੱਤਰੇਤ ਨੇ ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਕੱਤਰੇਤ ਨੇ ਦਿੱਲੀ ਦੇ ਮੁੱਖ ਸਕੱਤਰ ਨੂੰ ਇਸ ਸੰਬੰਧੀ ਨਿਰਦੇਸ਼ ਦਿੱਤੇ ਹਨ ਤੇ ਡਿਵੀਜ਼ਨਲ ਕਮਿਸ਼ਨਰ ਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ। ਸਕੱਤਰੇਤ ਨੇ ਪੁਲਿਸ ਕਮਿਸ਼ਨਰ ਨੂੰ ਕਿਹਾ ਹੈ ਕਿ ਲਾਭ ਦੇਣ ਦੀ ਆੜ ਵਿਚ ਡਾਟਾ ਦੀ ਗੁਪਤਤਾ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਔਰਤਾਂ ਅਤੇ ਬਜ਼ੁਰਗਾਂ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਸੰਜੀਵਨੀ ਅਤੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾਵਾਂ ਤੋਂ ਦੂਰ ਰਹਿਣ ਲਈ ਸਾਵਧਾਨ ਕੀਤਾ ਸੀ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਇਕ ਇਸ਼ਤਿਹਾਰ ਜਾਰੀ ਕਰਕੇ ਕਿਹਾ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ। ਰਜਿਸਟ੍ਰੇਸ਼ਨ ਕਰਵਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।   

     

ਕਿਹਾ : ਕੇਂਦਰ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਦੀ ਬਣਾਏ ਢੁਕਵੀਂ ਯਾਦਗਾਰ

ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਉਨ੍ਹਾਂ ਦੇ ਪਰਿਵਾਰ ਦੀ ਮੰਗ ਅਨੁਸਾਰ ਢੁੱਕਵੀਂ ਯਾਦਗਾਰ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਡਾ. ਮਨਮੋਹਨ ਸਿੰਘ ਦੀ ਬਦੌਲਤ ਹੀ ਅੱਜ ਦੇਸ਼ ਸਥਿਰ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਪਰਿਵਾਰ ਦੀ ਭਾਵਨਾ ਅਨੁਸਾਰ ਢੁੱਕਵਾਂ ਮਾਣ-ਸਨਮਾਨ ਦੇਣਾ ਸਰਕਾਰ ਦਾ ਫ਼ਰਜ਼ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਜਦੋਂ ਵਿਸ਼ਵ ਵਿੱਤੀ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਸੀ ਤਾਂ ਡਾ. ਮਨਮੋਹਨ ਸਿੰਘ ਨੇ ਆਪਣੀ ਲਿਆਕਤ ਨਾਲ ਜਿਥੇ ਭਾਰਤ ਨੂੰ ਆਰਥਿਕ ਤੌਰ ’ਤੇ ਸਥਿਰ ਕੀਤਾ, ਉਥੇ ਹੀ ਪੂਰੀ ਦੁਨੀਆ ਨੂੰ ਵੀ ਮਾਰਗ-ਦਰਸ਼ਨ ਦਿੱਤਾ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਨੋਟਿਸ ਲੈਣ ਅਤੇ ਦੁਨੀਆ ਵਿਚ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੀ ਸਿੱਖ ਸ਼ਖ਼ਸੀਅਤ ਡਾ. ਮਨਮੋਹਨ ਸਿੰਘ ਦੇ ਸਤਿਕਾਰ ਵਜੋਂ ਉਨ੍ਹਾਂ ਦੀ ਢੁੱਕਵੀਂ ਯਾਦਗਾਰ ਉਸਾਰਨ।

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.