Tuesday, 23 June 2026

ਮਨਜਿੰਦਰ ਸਿੰਘ ਸਿਰਸਾ ਸਣੇ ਭਾਜਪਾ ਦੇ ਕਈ ਆਗੂ ਰਹੇ ਹਾਜ਼ਰ

ਤਰਨਤਾਰਨ/ਬਿਊਰੋ ਨਿਊਜ਼

ਵਿਧਾਨ ਸਭਾ ਹਲਕਾ ਤਰਨਤਰਨ ਦੀ 11 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਅੱਜ ਸ਼ੁੱਕਰਵਾਰ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਹਨ। ਇਹ ਨਾਮਜ਼ਦਗੀ ਕਾਗਜ਼ ਰਿਟਰਨਿੰਗ ਅਫਸਰ ਗੁਰਮੀਤ ਸਿੰਘ ਕੋਲ ਦਾਖਲ ਕੀਤੇ ਗਏ ਹਨ। ਇਸ ਮੌਕੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਨਾਲ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਜਿਆਣੀ, ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਕਈ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਤਰਨਤਾਰਨ ਜ਼ਿਮਨੀ ਚੋਣ ਜਿੱਤਣ ਦਾ ਦਾਅਵਾ ਕੀਤਾ। ਇਸੇ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵੇਲੇ ਬਦਲਾਅ ਚਾਹੁੰਦੇ ਹਨ ਅਤੇ ਇਹ ਬਦਲਾਅ ਭਾਜਪਾ ਹੀ ਹੈ। ਧਿਆਨ ਰਹੇ ਕਿ ਕਾਂਗਰਸ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਵਲੋਂ ਵੀ ਆਪੋ-ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾ ਦਿੱਤੇ ਗਏ ਹਨ।

 

 

 

  

ਸੀਐਮ ਮਾਨ ਦੇ ਲੰਮੇ ਤੇ ਸਿਹਤਮੰਦ ਜੀਵਨ ਦੀ ਕੀਤੀ ਕਾਮਨਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ 17 ਅਕਤੂਬਰ ਨੂੰ ਜਨਮ ਦਿਨ ਹੈ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਐਮ ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੰਮੇ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ ਹੈ। ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਸ਼ੁਭਕਾਮਨਾਵਾਂ। ਉਨ੍ਹਾਂ ਦੀ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਦੀ ਪ੍ਰਾਰਥਨਾ ਕਰਦਾ ਹਾਂ। ਧਿਆਨ ਰਹੇ ਕਿ ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਨੇ 16 ਮਾਰਚ, 2022 ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।

ਦੁਬਈ ਤੋਂ ਆਏ ਯਾਤਰੀਆਂ ਨੇ ਟਰਾਊਜ਼ਰਾਂ ਵਿਚ ਲੁਕਾ ਕੇ ਰੱਖੇ ਸਨ ਗਹਿਣੇ

ਅੰਮਿ੍ਰਤਸਰ/ਬਿਊਰੋ ਨਿਊਜ਼

ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਵੱਖ-ਵੱਖ ਯਾਤਰੀਆਂ ਕੋਲੋਂ 800 ਗ੍ਰਾਮ ਤੋਂ ਵੱਧ ਸੋਨੇ ਦੇ ਜ਼ੇਵਰਾਤ ਬਰਾਮਦ ਕੀਤੇ ਹਨ। ਲੁਕਾ ਕੇ ਲਿਆਂਦੇ ਗਏ ਇਨ੍ਹਾਂ ਜ਼ੇਵਰਾਂ ਦੀ ਬਾਜ਼ਾਰ ਵਿੱਚ ਕੀਮਤ 94 ਲੱਖ ਰੁਪਏ ਦੇ ਕਰੀਬ ਦੱਸੀ ਗਈ ਹੈ। ਦੋਵੇਂ ਯਾਤਰੀ ਦੁਬਈ ਤੋਂ ਅੰਮਿ੍ਰਤਸਰ ਦੀ ਯਾਤਰਾ ਦੌਰਾਨ ਆਪਣੇ ਕਾਰਗੋ ਟਰਾਊਜ਼ਰ ਦੀਆਂ ਜੇਬਾਂ ਵਿੱਚ ਵਿਦੇਸ਼ ਤੋਂ ਸੋਨੇ ਦੇ ਗਹਿਣੇ ਛੁਪਾ ਕੇ ਗੈਰ-ਕਾਨੂੰਨੀ ਢੰਗ ਨਾਲ ਲਿਆਏ ਸਨ। ਬਰਾਮਦ ਕੀਤੇ ਗਏ ਸੋਨੇ ਦੇ ਗਹਿਣਿਆਂ ਵਿਚ ਚੇਨਾਂ, ਬਰੇਸਲੇਟ ਅਤੇ ਅੰਗੂਠੀਆਂ ਆਦਿ ਸ਼ਾਮਲ ਹਨ। ਇਨ੍ਹਾਂ ਗਹਿਣਿਆਂ ਨੂੰ ਅਧਿਕਾਰੀਆਂ ਨੇ ਕਸਟਮ ਐਕਟ ਤਹਿਤ ਜ਼ਬਤ ਕਰ ਲਿਆ ਹੈ। ਯਾਤਰੀਆਂ ਤੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰ ਵਿੱਚ ਵਿਕਰੀ ਲਈ ਸੋਨੇ ਦੇ ਗਹਿਣਿਆਂ ਦੀ ਤਸਕਰੀ ਕੀਤੀ ਹੈ।

ਦਵਾਈ ਦੀ ਓਵਰਡੋਜ਼ ਦੱਸਿਆ ਜਾ ਰਿਹੈ ਮੌਤ ਦਾ ਕਾਰਨ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਉਨ੍ਹਾਂ ਦੇ ਪਤੀ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਇਕਲੌਤੇ ਪੁੱਤਰ ਅਕਿਲ ਅਖਤਰ ਦਾ ਅੱਜ ਸਵੇਰੇ ਚੰਡੀਗੜ੍ਹ ਵਿਚ ਦਿਹਾਂਤ ਹੋ ਗਿਆ। ਅਕਿਲ ਅਖਤਰ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ। ਅਕਿਲ ਅਖਤਰ ਦੇ ਪਰਿਵਾਰ ਵਿਚ ਪਤਨੀ ਜੈਨਬ ਅਖਤਰ, ਇਕ ਧੀ ਤੇ ਇਕ ਪੁੱਤਰ ਅਤੇ ਮਾਪੇ ਰਜ਼ੀਆ ਸੁਲਤਾਨਾ ਅਤੇ ਮੁਹੰਮਦ ਮੁਸਤਫਾ ਹਨ। ਇਨ੍ਹਾਂ ਦਾ ਜੱਦੀ ਪਿੰਡ ਉਤਰ ਪ੍ਰਦੇਸ਼ ਦੇ ਸਹਾਰਾਨਪੁਰ ਵਿਚ ਹਰਦਾ ਖੇੜੀ ਹੈ। ਜੈਨਬ ਅਖਤਰ ਪੰਜਾਬ ਵਕਫ ਬੋਰਡ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਰਾਜਨੀਤੀ ਵਿਚ ਵੀ ਬਹੁਤ ਸਰਗਰਮ ਹੈ। ਉਨ੍ਹਾਂ ਦੇ ਪਤੀ ਅਕਿਲ ਅਖਤਰ ਦੇ ਅਚਾਨਕ ਦਿਹਾਂਤ ਮਗਰੋਂ ਸੋਗ ਦੀ ਲਹਿਰ ਫੈਲ ਗਈ ਹੈ। ਮੀਡੀਆ ਵਿਚ ਚੱਲ ਰਹੀਆਂ ਰਿਪੋਰਟਾਂ ਮੁਤਾਬਕ ਅਕਿਲ ਅਖਤਰ ਦੀ ਮੌਤ ਦਵਾਈ ਦੀ ਓਵਰਡੋਜ਼ ਨਾਲ ਹੋਈ ਦੱਸੀ ਜਾ ਰਹੀ ਹੈ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.