Tuesday, 23 June 2026

ਲੁਧਿਆਣਾ ਵਿੱਚ ਨਵੀਂ ‘ਲੁਧਿਆਣਾ ਨੌਰਥ’ ਸਬ ਤਹਿਸੀਲ ਬਣਾਉਣ ਨੂੰ ਵੀ ਮਨਜ਼ੂਰੀ

ਚੰਡੀਗੜ੍ਹ/ਬਿਊਰੋ ਨਿਊਜ਼  

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ’ਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਦਾ ਦਰਜਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸਦੇ ਨਾਲ ਹੀ ਲੁਧਿਆਣਾ ਜ਼ਿਲ੍ਹੇ ਵਿੱਚ ‘ਲੁਧਿਆਣਾ ਨੌਰਥ’ ਨਵੀਂ ਸਬ-ਤਹਿਸੀਲ ਬਣਾਉਣ ਲਈ ਵੀ ਲੋੜੀਂਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਕੈਬਨਿਟ ਵੱਲੋਂ ਲਏ ਗਏ ਹੋਰ ਫੈਸਲਿਆਂ ਵਿਚ ਪੰਜਾਬ ਯੂਨੀਫਾਈਡ ਬਿਲਡਿੰਗ ਨਿਯਮ 2025 ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨਿਯਮ ਅਨੁਸਾਰ ਪੰਜਾਬ ਵਿੱਚ ਨਵੀਆਂ ਬਣਾਈਆਂ ਜਾਣ ਵਾਲੀਆਂ ਕਲੋਨੀਆਂ ਵਿੱਚ ਇਮਾਰਤ ਦੀ ਉਚਾਈ 15 ਮੀਟਰ ਤੋਂ ਵਧਾ ਕੇ 21 ਮੀਟਰ ਤੱਕ ਕਰਨ ਲਈ ਵਿਭਾਗ ਤੋਂ ਮਨਜ਼ੂਰੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਇਸ ਲਈ ਆਰਕੀਟੈਕਟ ਦਾ ਸਰਟੀਫਿਕੇਟ ਹੀ ਕਾਫ਼ੀ ਹੋਵੇਗਾ। ਪੰਜਾਬ ਮੰਤਰੀ ਮੰਡਲ ਨੇ ਪੰਜਾਬ ਸਪੋਰਟਸ ਮੈਡੀਸਨ ਕਾਡਰ ਵਿੱਚ 100 ਦੇ ਕਰੀਬ ਨਵੀਆਂ ਅਸਾਮੀਆਂ ਭਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ।

ਬਠਿੰਡਾ ਦੀ ਅਦਾਲਤ ’ਚ ਕੰਗਣਾ ਹੋਈ ਪੇਸ਼

ਬਠਿੰਡਾ/ਬਿਊਰੋ ਨਿਊਜ਼   

ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਣਾ ਰਾਣੌਤ ਮਾਨਹਾਨੀ ਦੇ ਕੇਸ ਵਿਚ ਬਠਿੰਡਾ ਦੀ ਅਦਾਲਤ ਵਿਚ ਪੇਸ਼ ਹੋਈ ਹੈ। ਕੰਗਣਾ ਨੇ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਕਿਸਾਨ ਬੀਬੀ ਮਹਿੰਦਰ ਕੌਰ ਨੂੰ ਲੈ ਕੇ ਕੀਤੇ ਗਏ ਟਵੀਟ ਸਬੰਧੀ ਅਦਾਲਤ ਵਿਚ ਜਨਤਕ ਤੌਰ ’ਤੇ ਮਾਫੀ ਮੰਗ ਲਈ ਹੈ। ਕੰਗਨਾ ਨੇ ਕਿਹਾ ਕਿ ਜੇਕਰ ਮੇਰੀ ਗੱਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ ਤਾਂ ਮੈਂ ਦਿਲੋਂ ਮੁਆਫੀ ਮੰਗਦੀ ਹਾਂ। ਅਦਾਲਤ ਵਿਚ ਪੇਸ਼ ਹੋਣ ਤੋਂ ਬਾਅਦ ਕੰਗਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਇਕ ਵੱਡੀ ਗਲਤ ਫਹਿਮੀ ਹੋਈ ਹੈ। ਕੰਗਣਾ ਨੇ ਕਿਹਾ ਕਿ ਮੈਂ ਸੁਫਨੇ ਵਿਚ ਵੀ ਕਿਸੇ ਦਾ ਅਪਮਾਨ ਕਰਨ ਬਾਰੇ ਸੋਚ ਨਹੀਂ ਸਕਦੀ। ਦੱਸਣਯੋਗ ਹੈ ਕਿ ਕੰਗਣਾ ਨੇ ਕਿਸਾਨ ਅੰਦੋਲਨ ਦੌਰਾਨ ਟਵੀਟ ਕੀਤਾ ਸੀ ਕਿ ਔਰਤਾਂ 100 ਰੁਪਏ ਲੈ ਕੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੁੰਦੀਆਂ ਹਨ। ਇਸ ਟਵੀਟ ਵਿਚ ਬਜ਼ੁਰਗ ਕਿਸਾਨ ਬੀਬੀ ਮਹਿੰਦਰ ਕੌਰ ਦੀ ਫੋਟੋ ਵੀ ਸੀ। ਇਸ ਤੋਂ ਬਾਅਦ ਕਿਸਾਨ ਬੀਬੀ ਨੇ ਬਠਿੰਡਾ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। 

ਕਿਹਾ : ਐਸ.ਆਈ.ਆਰ. ਚੋਣ ਕਮਿਸ਼ਨ ਦਾ ਭਾਜਪਾ ਲਈ ਚੋਣਾਂ ਤੋਂ ਪਹਿਲਾਂ ਦਾ ਹੋਮਵਰਕ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਨੇ ਪੰਜਾਬ ਵਿਚ ਵੋਟਰ ਸੂਚੀਆਂ ਦੇ ਆਉਣ ਵਾਲੇ ਸਪੈਸ਼ਲ ਇਨਟੈਨਸਿਵ ਰਿਵੀਜ਼ਨ (ਆਰ.ਆਈ.ਆਰ.) ਵਿਰੁੱਧ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਐਸ.ਆਈ.ਆਰ. ਕੁਝ ਵੀ ਨਹੀਂ ਹੈ ਅਤੇ ਇਹ ਚੋਣ ਕਮਿਸ਼ਨ ਵਲੋਂ ਹੁਣ ਭਾਜਪਾ ਲਈ ਵੱਖ-ਵੱਖ ਸੂਬਿਆਂ ਲਈ ਚੋਣਾਂ ਤੋਂ ਪਹਿਲਾਂ ਕੀਤਾ ਜਾਣ ਵਾਲਾ ਹੋਮਵਰਕ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਆਪਣੇ ਮੌਜੂਦਾ ਪੜਾਅ ਵਿਚ ਚੋਣਾਂ ਵਾਲੇ ਸੂਬਿਆਂ ਲਈ ਪਹਿਲਾਂ ਹੀ ਐਸ.ਆਈ.ਆਰ. ਦਾ ਐਲਾਨ ਕਰ ਦਿੱਤਾ ਹੈ ਅਤੇ ਪੰਜਾਬ ਯਕੀਨੀ ਤੌਰ ’ਤੇ ਅਗਲੀ ਕਤਾਰ ਵਿਚ ਹੋਵੇਗਾ। ਵੜਿੰਗ ਦਾ ਇਲਜ਼ਾਮ ਹੈ ਕਿ ਇਹ ਭਾਜਪਾ ਲਈ ਚੋਣ ਕਮਿਸ਼ਨ ਵਲੋਂ ਵੋਟਾਂ ਚੋਰੀ ਕਰਨ ਦਾ ਇਕ ਸੰਗਠਿਤ ਤਰੀਕਾ ਹੈ। ਉਨ੍ਹਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਵੀ ਚੋਣ ਕਮਿਸ਼ਨ ਦੀ ਵਰਤੋਂ ਕਰਕੇ ਉਹੀ ਰਣਨੀਤੀ ਦੁਹਰਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਚੋਣ ਕਮਿਸ਼ਨ ਨੂੰ ਪੰਜਾਬ ਵਿਚ ਭਾਜਪਾ ਲਈ ਕੰਮ ਨਹੀਂ ਕਰਨ ਦੇਵੇਗੀ। 

ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਕੋਲੋਂ ਮੰਗਿਆ ਜਵਾਬ

ਚੰਡੀਗੜ੍ਹ/ਬਿਊਰੋ ਨਿਊਜ਼  

ਮਰਹੂਮ ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸੜਕ ਹਾਦਸੇ ਵਿਚ ਹੋਈ ਮੌਤ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਸੁਣਵਾਈ ਹੋਈ ਹੈ। ਇਸ ਸੁਣਵਾਈ ਦੌਰਾਨ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ, ਹਰਿਆਣਾ ਸਰਕਾਰ, ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਕੋਲੋਂ ਜਵਾਬ ਮੰਗਿਆ ਹੈ। ਇਸਦੇ ਨਾਲ ਹੀ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਇਹ ਕਾਰਵਾਈ ਸੀਨੀਅਰ ਵਕੀਲ ਨਵਕਿਰਨ ਸਿੰਘ ਵਲੋਂ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ਵਿਚ ਦਾਇਰ ਕੀਤੀ ਗਈ ਪਟੀਸ਼ਨ ’ਤੇ ਹੋਈ ਹੈ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਿਚ ਇਲਜ਼ਾਮ ਲਗਾਇਆ ਸੀ ਕਿ ਰਾਜਵੀਰ ਜਵੰਦਾ ਨੂੰ ਸਹੀ ਸਮੇਂ ’ਤੇ ਇਲਾਜ ਨਹੀਂ ਮਿਲਿਆ। ਇਸ ਪਟੀਸ਼ਨ ਰਾਹੀਂ ਸਿਰਫ ਜਵੰਦਾ ਦੇ ਮਾਮਲੇ ਵਿਚ ਇਨਸਾਫ ਦੀ ਮੰਗ ਨਹੀਂ ਕੀਤੀ ਗਈ ਹੈ, ਸਗੋਂ ਭਵਿੱਖ ਲਈ ਇਕ ਵੱਡੀ ਮੰਗ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਅਦਾਲਤ ਵਿਚ ਅਪੀਲ ਕੀਤੀ ਕਿ ਨਿੱਜੀ ਹਸਪਤਾਲਾਂ ਦੀ ਇਲਾਜ ਪ੍ਰਕਿਰਿਆ ਲਈ ਕੋਈ ਠੋਸ ਸਿਸਟਮ ਤਿਆਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਲੰਘੀ 8 ਅਕਤੂਬਰ ਨੂੰ ਹਿਮਾਚਲ ਦੇ ਪਿੰਜੌਰ ਨੇੜੇ ਰਾਜਵੀਰ ਜਵੰਦਾ ਦੀ ਇਕ ਸੜਕ ਹਾਦਸੇ ’ਚ ਜਾਨ ਚਲੇ ਗਈ ਸੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.