Tuesday, 23 June 2026

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 5 ਮਹਿਲਾ ਵਕੀਲਾਂ ਸਮੇਤ 76 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ ਕੀਤਾ ਗਿਆ ਹੈ। ਹਾਈਕੋਰਟ ਦੇ ਚੀਫ ਜਸਟਿਸ ਅਤੇ ਜੱਜਾਂ ਵਲੋਂ ਲਿਆ ਗਿਆ ਇਹ ਫੈਸਲਾ, ਹਾਲ ਹੀ ਦੇ ਸਾਲਾਂ ਵਿਚ ਸਭ ਤੋਂ ਵੱਡੀਆਂ ਨਾਮਜ਼ਦਗੀਆਂ ਵਿਚੋਂ ਇਕ ਹੈ। ਹਾਈਕੋਰਟ ਨਿਯਮਾਂ ਦੇ ਤਹਿਤ ਇਸ ਲਈ 210 ਵਕੀਲਾਂ ਨੇ ਅਰਜ਼ੀ ਦਿੱਤੀ ਸੀ ਅਤੇ 64 ਉਮੀਦਵਾਰਾਂ ਨੂੰ ਨਾਮਜ਼ਦਗੀ ਲਈ ਮਨਜੂਰੀ ਮਿਲ ਗਈ ਸੀ। ਇਸ ਤੋਂ ਬਾਅਦ ਡੂੰਘੇ ਵਿਚਾਰ ਵਟਾਂਦਰੇ ਦੌਰਾਨ ਇਸ ਵਿਚ 12 ਹੋਰ ਨਾਮ ਸ਼ਾਮਲ ਕੀਤੇ ਗਏ। ਇਸਦੇ ਚੱਲਦਿਆਂ ਇਨ੍ਹਾਂ ਨਾਮਜ਼ਦਗੀਆਂ ਨਾਲ ਹਾਈਕੋਰਟ ਵਿਚ ਪੈ੍ਰਕਟਿਸ ਕਰ ਰਹੇ ਸੀਨੀਅਰ ਵਕੀਲਾਂ ਦੀ ਗਿਣਤੀ 300 ਤੋਂ ਪਾਰ ਹੋ ਗਈ ਹੈ। 

ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦਾ ਬਿਆਨ ਵੀ ਆਇਆ ਸਾਹਮਣੇ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਵਲੋਂ ਇਨ੍ਹਾਂ ਦੇ ਪਰਿਵਾਰ ਖਿਲਾਫ ਹੀ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਨੂੰ ਲੈ ਕੇ ਹੁਣ ਸਾਬਕਾ ਡੀਜੀਪੀ ਮੁਸਤਫਾ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਮੁਸਤਫਾ ਨੇ ਕਿਹਾ ਕਿ ਪੁਲਿਸ ਨਿਯਮਾਂ ਮੁਤਾਬਕ ਜੇਕਰ ਪੁਲਿਸ ਨੂੰ ਕਿਸੇ ਵੀ ਮਾਮਲੇ ਵਿਚ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਦੀ ਡਿਊਟੀ ਬਣ ਜਾਂਦੀ ਹੈ ਕਿ ਉਸ ਸ਼ਿਕਾਇਤ ਉਪਰ ਐਫ ਆਈ ਆਰ ਦਰਜ ਕਰਨ। ਉਨ੍ਹਾਂ ਕਿਹਾ ਕਿ ਪੰਚਕੂਲਾ ਪੁਲਿਸ ਵਲੋਂ ਆਪਣੀ ਇਸੇ ਡਿਊਟੀ ਦੀ ਪਾਲਣਾ ਕੀਤੀ ਗਈ ਹੈ। ਮੁਹੰਮਦ ਮੁਸਤਫਾ ਨੇ ਕਿਹਾ ਕਿ ਕੁਝ ਦਿਨਾਂ ਵਿਚ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆ ਜਾਵੇਗਾ। ਉੁਨ੍ਹਾਂ ਨੇ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਗਾ ਕੇ ਐਫ.ਆਈ.ਆਰ. ਦਰਜ ਕਰਵਾਉਣ ਵਾਲੇ ਲੋਕਾਂ ਨੂੰ ਵੀ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। 

ਵਿਸ਼ੇਸ਼ ਜਾਂਚ ਟੀਮ ਕਰੇਗੀ ਇਸ ਸਾਰੇ ਮਾਮਲੇ ਦੀ ਜਾਂਚ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਹੋਈ ਮੌਤ ਦੇ ਮਾਮਲੇ ਵਿਚ ਪੰਚਕੂਲਾ ਪੁਲਿਸ ਨੇ ਸਾਬਕਾ ਡੀਜੀਪੀ, ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਮਿ੍ਰਤਕ ਦੀ ਪਤਨੀ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮਾਲੇਰਕੋਟਲਾ ਨਿਵਾਸੀ ਸ਼ਮਸੁਦੀਨ ਚੌਧਰੀ ਦੀ ਸ਼ਿਕਾਇਤ ਦੇ ਅਧਾਰ ’ਤੇ ਪੰਚਕੂਲਾ ਪੁਲਿਸ ਨੇ ਐਮ.ਡੀ.ਸੀ. ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ  ਅਕੀਲ ਅਖਤਰ ਦੀ ਸ਼ੱਕੀ ਮੌਤ ਦੇ ਸਬੰਧ ਵਿਚ ਕੀਤੀ ਗਈ ਹੈ। ਰਿਪੋਰਟਾਂ ਮੁਤਾਬਕ ਸ਼ਿਕਾਇਤ ਕਰਤਾ ਸ਼ਮਸੁਦੀਨ ਚੌਧਰੀ ਨੇ ਪੰਚਕੂਲਾ ਪੁਲਿਸ ਕਮਿਸ਼ਨਰ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਵਿਚ ਇਲਜ਼ਾਮ ਲਗਾਇਆ ਗਿਆ ਸੀ ਕਿ ਅਕੀਲ ਅਖਤਰ ਦੀ ਮੌਤ ਸ਼ੱਕੀ ਹਾਲਤ ਵਿਚ ਹੋਈ ਹੈ ਅਤੇ ਇਸ ਵਿਚ ਪਰਿਵਾਰਕ ਮੈਂਬਰ ਸ਼ਾਮਲ ਹੋ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਲੰਘੀ 27 ਅਗਸਤ ਨੂੰ ਅਕੀਲ ਅਖਤਰ ਨੇ ਸੋਸ਼ਲ ਮੀਡੀਆ ’ਤੇ ਜਨਤਕ ਹੋ ਕੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿਚ ਉਸ ਨੇ ਨਿੱਜੀ ਝਗੜਿਆਂ ਅਤੇ ਉਸਦੀ ਜਾਨ ਨੂੰ ਖਤਰੇ ਦੇ ਖਦਸ਼ਿਆਂ ਦਾ ਇਲਜ਼ਾਮ ਲਗਾਇਆ ਸੀ। ਅਕੀਲ ਅਖਤਰ ਨੇ ਇਹ ਵੀ ਕਿਹਾ ਸੀ ਕਿ ਉਸਦਾ ਪੂਰਾ ਪਰਿਵਾਰ, ਜਿਸ ਵਿਚ ਉਸਦੀ ਮਾਂ ਅਤੇ ਭੈਣ ਵੀ ਸ਼ਾਮਲ ਹਨ, ਉਸ ਨੂੰ ਮਾਰਨ ਜਾਂ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਸਾਜਿਸ਼ ਰਚ ਰਹੇ ਹਨ। ਇਸ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਇਕ ਵਿਸ਼ੇਸ ਟੀਮ ਕਰੇਗੀ।

ਰਾਜਪਾਲ ਕਟਾਰੀਆ ਨੇ ਕਿਹਾ : ਡੀਆਈਜੀ ਦੀ ਗਿ੍ਰਫਤਾਰੀ ਸੂਬੇ ਦੇ ਵੱਡੇ ਢਾਂਚੇ ’ਤੇ ਸਵਾਲੀਆ ਨਿਸ਼ਾਨ 

ਚੰਡੀਗੜ੍ਹ/ਬਿਊਰੋ ਨਿਊਜ਼    

ਸੀਬੀਆਈ ਵਲੋਂ ਭਿ੍ਰਸ਼ਟਾਚਾਰ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਮੈਡੀਕਲ ਜਾਂਚ ਤੋਂ ਬਾਅਦ ਚੰਡੀਗੜ੍ਹ ਸਥਿਤ ਸੀਬੀਆਈ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।  ਸੀਬੀਆਈ ਨੇ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ 40 ਵਿਚਲੀ ਕੋਠੀ ’ਤੇ ਛਾਪਾ ਮਾਰਿਆ ਸੀ ਤੇ ਉਥੋਂ ਕਰੀਬ 7 ਕਰੋੜ ਰੁਪਏ ਦੀ ਨਕਦੀ ਅਤੇ ਡੇਢ ਕਿੱਲੋ ਸੋਨਾ ਜ਼ਬਤ ਕੀਤਾ ਸੀ। ਸੀਬੀਆਈ ਦੀ ਟੀਮ ਨੂੰ ਬੀ.ਐਮ.ਡਬਲਿਊ. ਅਤੇ ਔਡੀ ਕਾਰਾਂ ਦੀਆਂ ਚਾਬੀਆਂ, ਪੰਜਾਬ ਵਿਚ ਕਈ ਜਾਇਦਾਦਾਂ ਦੇ ਦਸਤਾਵੇਜ, ਸਮਰਾਲਾ ਵਿਚ ਇਕ ਫਾਰਮ ਹਾਊਸ, 22 ਲਗਜ਼ਰੀ ਘੜੀਆਂ, 40 ਲਿਟਰ ਵਿਦੇਸ਼ੀ ਸ਼ਰਾਬ, ਇਕ ਡਬਲ ਬੈਰਲ ਬੰਦੂਕ, ਪਿਸਤੌਲ, ਰਿਵਾਲਵਰ, ਏਅਰਗੰਨ ਅਤੇ ਵੱਡੀ ਮਾਤਰਾ ਵਿਚ ਗੋਲਾ ਬਾਰੂਦ ਵੀ ਮਿਲਿਆ ਸੀ। ਜ਼ਿਕਰਯੋਗ ਹੈ ਕਿ ਡੀਆਈਜੀ ਭੁੱਲਰ ਨੇ ‘ਸੇਵਾ ਪਾਣੀ’ ਦੇ ਨਾਮ ’ਤੇ ਇਕ ਸਕਰੈਪ ਕਾਰੋਬਾਰੀ ਨੂੰ ਮਹੀਨਾਵਾਰ ਭੁਗਤਾਨ ਕਰਨ ਲਈ ਕਿਹਾ ਸੀ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਝੂਠੇ ਮਾਮਲਿਆਂ ਵਿਚ ਫਸਾਉਣ ਦੀ ਧਮਕੀ ਦਿੱਤੀ ਸੀ। ਇਸਦੇ ਚੱਲਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਡੀਆਈਜੀ ਦੀ ਗਿ੍ਰਫਤਾਰੀ ਸੂਬੇ ਦੇ ਵੱਡੇ ਢਾਂਚੇ ’ਤੇ ਸਵਾਲੀਆ ਨਿਸ਼ਾਨ ਹੈ।   

 

 

 

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.