Tuesday, 23 June 2026

 

ਚੰਡੀਗੜ੍ਹ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਮਜੀਠੀਆ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਸਬੰਧੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਬਿਕਰਮ ਮਜੀਠੀਆ ਨੇ ਗੁੰਮ ਹੋਏ ਜ਼ਮੀਨੀ ਰਿਕਾਰਡ ਮਾਮਲੇ ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬਿਕਰਮ ਮਜੀਠੀਆ ਨੂੰ 25 ਜੂਨ ਨੂੰ ਉਨ੍ਹਾਂ ਦੀ ਅੰਮਿ੍ਰਤਸਰ ਸਥਿਤ ਰਿਹਾਇਸ਼ ਤੋਂ ਪੰਜਾਬ ਵਿਜੀਲੈਂਸ ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਸੀ ਅਤੇ ਉਹ ਉਦੋਂ ਤੋਂ ਹੀ ਜੇਲ੍ਹ ਵਿਚ ਬੰਦ ਹਨ। 

 

ਲੰਘੀ 16 ਅਕਤੂਬਰ ਨੂੰ ਪੁੱਤਰ ਅਕੀਲ ਅਖਤਰ ਦੀ ਸ਼ੱਕੀ ਹਾਲਤ ’ਚ ਹੋਈ ਸੀ ਮੌਤ

ਚੰਡੀਗੜ੍ਹ/ਬਿਊਰੋ ਨਿਊਜ਼  

ਸੀਬੀਆਈ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਖਿਲਾਫ ਉਨ੍ਹਾਂ ਦੇ ਪੁੱਤਰ ਅਕੀਲ ਅਖਤਰ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਕਾਰਨ ਕੇਸ ਦਰਜ ਕੀਤਾ ਗਿਆ ਹੈ। ਅਕੀਲ ਅਖਤਰ ਦੀ ਲੰਘੀ 16 ਅਕਤੂਬਰ ਨੂੰ ਪੰਚਕੂਲਾ ਵਿਚ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। ਦਰਜ ਕੀਤੀ ਗਈ ਐਫਆਈਆਰ ਮੁਤਾਬਕ ਅਕੀਲ ਅਖਤਰ ਤੇ ਉਸਦੇ ਪਰਿਵਾਰ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਨਰਾਜ਼ਗੀ ਚੱਲ ਰਹੀ ਸੀ। ਸੀਬੀਆਈ ਨੇ ਮੁਸਤਫਾ ਅਤੇ ਸੁਲਤਾਨਾ ਤੋਂ ਇਲਾਵਾ ਅਖਤਰ ਦੀ ਪਤਨੀ ਅਤੇ ਭੈਣ ਵਿਰੁੱਧ ਕਤਲ ਅਤੇ ਅਪਰਾਧਕ ਸਾਜਿਸ਼ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਏਜੰਸੀ ਦਾ ਕਹਿਣਾ ਸੀ ਕਿ ਅਖਤਰ ਨੇ 27 ਅਗਸਤ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਉਸ ਨੂੰ ਆਪਣੀ ਪਤਨੀ ਅਤੇ ਪਿਤਾ ਵਿਚਕਾਰ ‘ਨਜਾਇਜ਼ ਸਬੰਧਾਂ’ ਦਾ ਪਤਾ ਲੱਗਾ ਹੈ। ਜ਼ਿਕਰਯੋਗ ਹੈ ਕਿ ਪੰਚਕੂਲਾ ਪੁਲਿਸ ਨੇ ਸ਼ੁਰੂਆਤੀ ਤਫਤੀਸ਼ ਮਗਰੋਂ ਕੇਸ ਦਰਜ ਕੀਤਾ ਸੀ, ਪਰ ਫਿਰ ਹਰਿਆਣਾ ਦੀ ਸਰਕਾਰ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। 

 

ਮਹਿਲਾ ਕਿ੍ਰਕਟ ਦੀ ਟੀਮ ਨੇ ਜਿੱਤਿਆ ਹੈ ਵਰਲਡ ਕੱਪ

ਮੁਹਾਲੀ/ਬਿਊਰੋ ਨਿਊਜ਼  

ਭਾਰਤੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਟੀਮ ਦੀਆਂ ਖਿਡਾਰਨਾਂ ਅਮਨਜੋਤ ਕੌਰ ਅਤੇ ਹਰਲੀਨ ਕੌਰ ਦਾ ਮੁਹਾਲੀ ਪਹੁੰਚਣ ’ਤੇ ਪੰਜਾਬ ਸਰਕਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਖੁੱਲ੍ਹੀ ਜੀਪ ਵਿਚ ਆਪਣੇ ਪਰਿਵਾਰਕ ਮੈਂਬਰਾਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਨਾਲ ਸਵਾਰ ਇਨ੍ਹਾਂ ਖਿਡਾਰਨਾਂ ਦਾ ਥਾਂ-ਥਾਂ ਸਵਾਗਤ ਹੋਇਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਨ੍ਹਾਂ ਖਿਡਾਰੀਆਂ ਨਾਲ ਗੱਲਬਾਤ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੁੰਬਈ ਵਿਖੇ ਖੇਡੇ ਗਏ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ ਹੈ। ਵਿਸ਼ਵ ਕੱਪ ਜੇਤੂ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਵੀ ਮੋਗਾ ਜ਼ਿਲ੍ਹੇ ਨਾਲ ਸਬੰਧਤ ਹੈ।

ਸੀਬੀਆਈ ਨੇ ਦੱਸਿਆ : ਦੋ ਮਹੀਨਿਆਂ ’ਚ ਭੁੱਲਰ ਦੇ ਖਾਤੇ ਵਿਚ ਆਏ 32 ਲੱਖ ਰੁਪਏ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਵਿਚ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜੇ ਗਏ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਦੁਬਾਰਾ ਸੀਬੀਆਈ ਨੇ 5 ਦਿਨਾਂ ਦੇ ਰਿਮਾਂਡ ’ਤੇ ਲੈ ਲਿਆ ਹੈ। ਸੀਬੀਆਈ ਦੇ ਵਕੀਲ ਨੇ ਅਦਾਲਤ ’ਚ ਦੱਸਿਆ ਕਿ ਦੋ ਮਹੀਨਿਆਂ ਵਿਚ ਡੀਆਈਜੀ ਭੁੱਲਰ ਦੇ ਬੈਂਕ ਖਾਤੇ ਵਿਚ 32 ਲੱਖ ਰੁਪਏ ਆਏ, ਜਦੋਂ ਕਿ ਉਨ੍ਹਾਂ ਦੀ ਤਨਖਾਹ ਏਨੀ ਨਹੀਂ ਹੈ। ਅੱਜ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਸੀਬੀਆਈ ਅਦਾਲਤ ਵਿਚ ਭੁੱਲਰ ਦੇ ਨਾਲ ਵਿਚੋਲੀਏ ਕ੍ਰਿਸ਼ਨੂੰ ਨੂੰ ਵੀ ਪੇਸ਼ ਕੀਤਾ ਗਿਆ। ਅਦਾਲਤ ਨੇ ਕ੍ਰਿਸ਼ਨੂੰ ਨੂੰ ਵੀ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।  ਅਦਾਲਤ ਵਿਚ ਸੁਣਵਾਈ ਦੌਰਾਨ ਭੁੱਲਰ ਦੇ ਵਕੀਲ ਨੇ ਜੇਲ੍ਹ ਵਿਚ ਉਸ ਨੂੰ ਮਿਲਣ ਦੇ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਭੁੱਲਰ ਆਪਣੇ ਵਕੀਲ ਨਾਲ ਹਰ ਦਿਨ ਸ਼ਾਮ ਨੂੰ 4 ਤੋਂ 5 ਵਜੇ ਦੇ ਵਿਚਾਲੇ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਹਰਚਰਨ ਸਿੰਘ ਭੁੱਲਰ ਦੇ ਵਕੀਲ ਨੇ ਰਿਮਾਂਡ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਸੀਬੀਆਈ ਪੰਜਾਬ ਵਿਚ ਦਾਖਲ ਹੀ ਨਹੀਂ ਹੋ ਸਕਦੀ ਅਤੇ ਭੁੱਲਰ ਦੀ ਇਹ ਗਿ੍ਰਫਤਾਰੀ ਗੈਰਕਾਨੂੰਨੀ ਹੈ। 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.