Tuesday, 23 June 2026

ਅੰਮਿ੍ਰਤਸਰ/ਬਿਊਰੋ ਨਿਊਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜੇ ਜਾਣ ਵਾਲੇ ਜਥੇ ਲਈ ਪ੍ਰਕਿਰਿਆ ਆਰੰਭ ਕਰਦਿਆਂ 25 ਦਸੰਬਰ 2025 ਤੱਕ ਸ਼ਰਧਾਲੂਆਂ ਪਾਸੋਂ ਪਾਸਪੋਰਟ ਮੰਗੇ ਗਏ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਸੰਬੰਧੀ ਸਮਾਗਮਾਂ ਵਿਚ ਸ਼ਮੂਲੀਅਤ ਲਈ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪ੍ਰੈਲ 2026 ਵਿਚ ਖਾਲਸਾ ਸਾਜਨਾ ਦਿਵਸ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾਵੇਗਾ, ਜੋ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮੁੱਖ ਸਮਾਗਮ ’ਚ ਸ਼ਮੂਲੀਅਤ ਤੋਂ ਇਲਾਵਾ ਉਥੇ ਸਥਿਤ ਹੋਰਨਾਂ ਗੁਰਧਾਮਾਂ ਦੇ ਵੀ ਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਜਥੇ ਵਿਚ ਜਾਣ ਦੇ ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ 25 ਦਸੰਬਰ 2025 ਤੱਕ ਸ਼੍ਰੋਮਣੀ ਕਮੇਟੀ ਦਫਤਰ ’ਚ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾ ਸਕਦੇ ਹਨ।

14 ਦਸੰਬਰ ਨੂੰ ਪੈਣੀਆਂ ਹਨ ਵੋਟਾਂ ਅਤੇ ਨਤੀਜੇ 17 ਦਸੰਬਰ ਨੂੰ ਆਉਣਗੇ

ਚੰਡੀਗੜ੍ਹ/ਬਿਊਰੋ ਨਿਊਜ਼  

ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ 961 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਚੋਣਾਂ ਨੂੰ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਅਜ਼ਮਾਇਸ਼ ਮੰਨਦੀ ਹੈ। ਮੁਹਾਲੀ ’ਚ ਇਹ ਚੋਣਾਂ ਮੁਲਤਵੀ ਕੀਤੀਆਂ ਗਈਆਂ ਹਨ ਅਤੇ ਬਾਕੀ ਪੰਚਾਇਤ ਸੰਮਤੀਆਂ ਦੀਆਂ ਇਹ ਚੋਣਾਂ 14 ਦਸੰਬਰ ਨੂੰ ਹੋਣੀਆਂ ਹਨ, ਅਤੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ। ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸੂਬੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਸਿਰਫ 15 ਮਹੀਨੇ ਪਹਿਲਾਂ ਹੋ ਰਹੀਆਂ ਹਨ, ਜਿਸ ਕਰਕੇ ਹਰੇਕ ਸਿਆਸੀ ਪਾਰਟੀਆਂ ਆਪਣਾ ਵੋਟ ਅਧਾਰ ਮਜ਼ਬੂਤ ਕਰਨ ਲਈ ਪੂਰੀ ਵਾਹ ਲਗਾ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਆਪਣੇ ਆਗੂਆਂ ਨੂੰ ਦੱਸਿਆ ਗਿਆ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਇਹ ਤੈਅ ਕਰਨਗੇ ਕਿ ਉਨ੍ਹਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਮਿਲਦੀ ਹੈ ਜਾਂ ਨਹੀਂ।

 

ਜਲੰਧਰ/ਬਿਊਰੋ ਨਿਊਜ਼ 

ਜਲੰਧਰ ਕੈਂਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਪਰਗਟ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ’ਤੇ ਟਿੱਪਣੀ ਕੀਤੀ ਹੈ। ਪਰਗਟ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਨਸ਼ਾਹੀ ਚੱਲਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਪੰਜਾਬ ਦੇ ਕਿਸੇ ਵੀ ਨੇਤਾ ਦੀ ਸੁਣਵਾਈ ਨਹੀਂ ਹੈ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਪੰਜਾਬ ਦਾ ਕੋਈ ਵੀ ਵੱਡਾ ਆਗੂ ਹੋਵੇ। ਪਰਗਟ ਸਿੰਘ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਉਦੋਂ ਹੀ ਹੋ ਸਕਦਾ ਹੈ, ਜਦੋਂ ਪੀਐਮ ਮੋਦੀ ਤੇ ਅਮਿਤ ਸ਼ਾਹ ਚਾਹੁਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਗਠਜੋੜ ਤਾਂ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਵੀ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜੇਕਰ ਭਾਜਪਾ ਨੇ ਪੰਜਾਬ ਵਿਚ ਸੱਤਾ ਹਾਸਲ ਕਰਨੀ ਹੈ ਤਾਂ ਉਸ ਨੂੰ ਸ਼ੋ੍ਰਮਣੀ ਅਕਾਲੀ ਦਲ ਨਾਲ ਚੋਣ ਗਠਜੋੜ ਕਰਨਾ ਹੀ ਪਵੇਗਾ। ਇਸ ਤੋਂ ਬਾਅਦ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਹਿ ਦਿੱਤਾ ਸੀ ਕਿ ਪੰਜਾਬ ਦੀਆਂ ਚੋਣਾਂ ਭਾਜਪਾ ਆਪਣੇ ਦਮ ’ਤੇ ਲੜੇਗੀ ਅਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਗਠਜੋੜ ਨਹੀਂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਲੋਂ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ। 

ਕੇਂਦਰ ਸਰਕਾਰ ’ਚ ਰਾਜ ਮੰਤਰੀ ਹਨ ਰਵਨੀਤ ਬਿੱਟੂ

ਚੰਡੀਗੜ੍ਹ/ਬਿਊਰੋ ਨਿਊਜ਼ 

ਭਾਰਤ ਸਰਕਾਰ ਵਿਚ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਸਾਢੇ 17 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਹੋਇਆ ਹੈ। ਇਹ ਨੋਟਿਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵਲੋਂ ਜਾਰੀ ਕੀਤਾ ਗਿਆ ਹੈ। ਬਿੱਟੂ ’ਤੇ ਇਲਜ਼ਾਮ ਹਨ ਕਿ ਨੰਗਲ ਟਾਊਨਸ਼ਿਪ ਕਾਲੋਨੀ ਵਿਚ ਉਨ੍ਹਾਂ ਦੇ ਨਾਮ ’ਤੇ ਅਲਾਟ ਹੋਏ ਬੀਬੀਐਮਬੀ ਦੇ ਦੋ ਮਕਾਨਾਂ ਨੂੰ ਅਜੇ ਵੀ ਉਨ੍ਹਾਂ ਨੇ ਬਿਨਾ ਇਜ਼ਾਜਤ ਦੇ ਆਪਣੇ ਕਬਜ਼ੇ ਵਿਚ ਰੱਖਿਆ ਹੋਇਆ ਹੈ। ਰਵਨੀਤ ਬਿੱਟੂ ਨੂੰ ਇਹ ਮਕਾਨ ਉਸ ਸਮੇਂ ਅਲਾਟ ਹੋਏ ਸਨ, ਜਦੋਂ ਉਹ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਸੰਸਦ ਮੈਂਬਰ ਬਣੇ ਸਨ। ਖਾਸ ਗੱਲ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਇਕ ਮਕਾਨ ਅੱਜ ਵੀ ਕਾਂਗਰਸ ਪਾਰਟੀ ਦੇ ਦਫਤਰ ਵਜੋਂ ਇਸਤੇਮਾਲ ਹੋ ਰਿਹਾ ਹੈ। ਮੰਤਰੀ ਬਿੱਟੂ ਨੂੰ ਇਸ ਸਬੰਧੀ ਕਈ ਵਾਰ ਨੋਟਿਸ ਜਾਰੀ ਹੋਏ ਹਨ, ਪਰ ਉਨ੍ਹਾਂ ਨੇ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਬੀਬੀਐਮਬੀ ਨੇ ਰੈਂਟ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਧਿਆਨ ਰਹੇ ਕਿ ਬਿੱਟੂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਰਵਨੀਤ ਬਿੱਟੂ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਵੀ ਲੜੀ ਸੀ ਤੇ ਉਹ ਹਾਰ ਗਏ ਸਨ, ਪਰ ਫਿਰ ਵੀ ਭਾਜਪਾ ਨੇ ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਦੇ ਦਿੱਤਾ ਸੀ।       

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.