Tuesday, 23 June 2026

ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਵਿੱਚੋਂ ਕੀਤਾ ਗਿਆ ਹੈ ਮੁਅੱਤਲ

ਚੰਡੀਗੜ੍ਹ/ਬਿਊਰੋ ਨਿਊਜ਼        

ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਖੁਲਾਸਾ ਕੀਤਾ ਕਿ ਉਹ ਹਾਈ ਕਮਾਂਡ ਨਾਲ ਗੱਲਬਾਤ ਕਰ ਰਹੀ ਹੈ, ਪਰ ਉਹ ਚੋਰਾਂ ਦਾ ਸਮਰਥਨ ਨਹੀਂ ਕਰੇਗੀ। ਡਾ. ਸਿੱਧੂ ਨੇ ਕਿਹਾ ਕਿ ਉਹ ਪਾਰਟੀ ਨਾਲ ਤਾਂ ਕੰਮ ਕਰ ਸਕਦੀ ਹੈ, ਜੇ ਇਹ ਪਾਰਟੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਪਾਸੇ ਕਰੇ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਹ ਰਾਜਪਾਲ ਨਾਲ ਮੁਲਾਕਾਤ ਲਈ ਗਏ ਸੀ ਤਾਂ ਮੀਡੀਆ ਨੇ ਉਨ੍ਹਾਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ।  ਧਿਆਨ ਰਹੇ ਕਿ ਡਾ. ਨਵਜੋਤ ਕੌਰ ਸਿੱਧੂ ਵੱਲੋਂ ਲੰਘੀ 6 ਦਸੰਬਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਹੋਣੇ ਚਾਹੀਦੇ ਹਨ। ਇਸ ਬਿਆਨ ਨੂੰ ਲੈ ਕੇ ਉਹ ਵਿਵਾਦਾਂ ਵਿੱਚ ਚੱਲ ਰਹੇ ਹਨ। ਡਾ. ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਪਾਰਟੀ ਅੰਦਰ ਵੀ ਸਿਆਸਤ ਗਰਮਾਈ ਹੋਈ ਹੈ। ਇਸੇ ਦੌਰਾਨ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਸੀ।  ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਧਿਆਨ ਰਹੇ ਕਿ ਡਾ. ਸਿੱਧੂ ਨੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਵੀ ਕਈ ਇਲਜ਼ਾਮ ਲਗਾਏ ਸਨ। 

ਵਲਟੋਹਾ ਸਣੇ 5 ਸਿੱਖ ਆਗੂਆਂ ਨੂੰ ਸੁਣਾਈ ਗਈ ਹੈ ਧਾਰਮਿਕ ਸਜ਼ਾ

ਅੰਮਿ੍ਰਤਸਰ/ਬਿਊਰੋ ਨਿਊਜ਼

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲੰਘੇ ਕੱਲ੍ਹ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਸੀ ਅਤੇ ਇਸ ਇਕੱਤਰਤਾ ਦੌਰਾਨ ਵਿਰਸਾ ਸਿੰਘ ਵਲਟੋਹਾ ਸਣੇ 5 ਸਿੱਖ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਜੋੜਾ ਘਰ ਵਿਚ ਸੰਗਤ ਦੇ ਜੋੜੇ ਸਾਫ ਕਰਨ ਅਤੇ ਲੰਗਰ ਹਾਲ ਵਿਚ ਸੰਗਤ ਦੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ। ਇਨ੍ਹਾਂ 5 ਸਿੱਖ ਆਗੂਆਂ ’ਤੇ ਸਿੱਖ ਮਰਿਆਦਾ ਅਤੇ ਪੰਥਕ ਮਰਿਆਦਾ ਦਾ ਉਲੰਘਣ ਕਰਨ ਦਾ ਇਲਜ਼ਾਮ ਹੈ। ਇਨ੍ਹਾਂ 5 ਆਗੂਆਂ ਵਿਚ ਵਿਰਸਾ ਸਿੰਘ ਵਲਟੋਹਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ, ਹਰਿੰਦਰ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਸ਼ਾਮਲ ਹਨ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪੰਥਕ ਮਰਿਆਦਾ ਦਾ ਪਾਲਣ ਕਰਨਾ ਸਾਰਿਆਂ ਲਈ ਜ਼ਰੂਰੀ ਹੈ। 

ਕਿਹਾ : ਡਰੱਗ ਮਨੀ ਟ੍ਰੇਲ ਦੀ ਹਾਈਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ’ਚ ਹੋਵੇ ਜਾਂਚ

ਚੰਡੀਗੜ੍ਹ/ਬਿਊਰੋ ਨਿਊਜ਼    

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖਤ ਲਹਿਜੇ ਵਿਚ ਚਿੱਠੀ ਲਿਖੀ ਹੈ। ਜਾਖੜ ਨੇ ਸੂਬੇ ਵਿਚ ਡਰੱਗ ਮਨੀ ਟ੍ਰੇਲ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਹੇਠ ਕਰਾਉਣ ਦੀ ਮੰਗ ਕੀਤੀ ਹੈ। ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਵਿਚ ਨਸ਼ੇ ਦੀਆਂ ਜੜ੍ਹਾਂ ਉਸੇ ‘ਮਨੀ ਟ੍ਰੇਲ’ ਵਿਚ ਲੁਕੀਆਂ ਹੋਈਆਂ ਹਨ, ਜਿੱਥੇ ਸਰਕਾਰ ਅਜੇ ਤੱਕ ਨਹੀਂ ਪਹੁੰਚ ਸਕੀ। ਭਾਜਪਾ ਆਗੂ ਨੇ ਕਿਹਾ ਕਿ ਸਿਰਫ ਨਸ਼ੇੜੀਆਂ ਨੂੰ ਗਿ੍ਰਫਤਾਰ ਕਰਨ ਨਾਲ ਪੰਜਾਬ ਵਿਚੋਂ ਨਸ਼ੇ ਦਾ ਸਫਾਇਆ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਮੁੱਖ ਮੰਤਰੀ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਰਹੇਗਾ। ਇਸੇ ਦੌਰਾਨ ਜਾਖੜ ਨੇ ਇਹ ਵੀ ਕਿਹਾ ਕਿ ਭਿ੍ਰਸ਼ਟਾਚਾਰ ਅੱਜ ਸਮਾਜ ਦਾ ‘ਨਸੂਰ’ ਬਣ ਚੁੱਕਿਆ ਹੈ ਅਤੇ ਹੁਣ ਤਾਂ 70 ਸਾਲ ਦੇਸ਼ ਵਿੱਚ ਰਾਜ ਕਰਨ ਵਾਲੀ ਪਾਰਟੀ ਕਾਂਗਰਸ ਦੇ ਸੀਨੀਅਰ ਆਗੂ ਖ਼ੁਦ ਹੀ ਇੱਕ-ਦੂਜੇ ’ਤੇ ਗੰਭੀਰ ਇਲਜ਼ਾਮ ਲਗਾ ਰਹੇ ਹਨ। 

ਪਟਿਆਲਾ/ਬਿਊਰੋ ਨਿਊਜ਼

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੀ ਫਿਲਮ ਦੀ ਸ਼ੁੂਟਿੰਗ ਦੌਰਾਨ ਪਟਿਆਲਾ ਦੇ ਪੁਰਾਣੇ ਬਜ਼ਾਰ ਖੇਤਰ ਵਿਚ ਹੰਗਾਮਾ ਹੋ ਗਿਆ। ਇਸੇ ਦੌਰਾਨ ਕਈ ਦੁਕਾਨਦਾਰਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਦੇ ਅੱਗੇ ਫਾਰਸੀ ਲਿੱਪੀ ਵਿਚ ਲਗਾਏ ਗਏ ਹੋਰਡਿੰਗਾਂ ਨੂੰ ਲੈ ਕੇ ਸਖਤ ਇਤਰਾਜ਼ ਪ੍ਰਗਟਾਇਆ। ਵਪਾਰੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਹੋਰਡਿੰਗਾਂ ਨੂੰ ਲਗਾਉਣ ਤੋਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਨਹੀਂ ਲਈ ਗਈ ਸੀ, ਜਿਸ ਕਾਰਨ ਫਿਲਮ ਕਰੂ ਨਾਲ ਉਨ੍ਹਾਂ ਦੀ ਤਿੱਖੀ ਬਹਿਸ ਵੀ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰੋਡਕਸ਼ਨ ਟੀਮ ਵਲੋਂ ਫਿਲਮ ਲਈ ‘ਪਾਕਿਸਤਾਨੀ ਬਾਜ਼ਾਰ ਦਾ ਦਿ੍ਰਸ਼’ ਦਰਸਾਉਂਦੇ ਸੀਨ ਸ਼ੂਟ ਕਰਨ ਦੀ ਇਜਾਜ਼ਤ ਲਈ ਗਈ ਸੀ। ਅਜਿਹੀਆਂ ਹੀ ਸ਼ੂਟਿੰਗਾਂ, ਜਿਨ੍ਹਾਂ ਵਿਚ ਇਹੀ ਮਾਹੌਲ ਬਣਾਇਆ ਗਿਆ ਸੀ, ਲੰਘੇ ਕੱਲ੍ਹ ਸੋਮਵਾਰ ਨੂੰ ਮਲੇਰਕੋਟਲਾ ਅਤੇ ਸੰਗਰੂਰ ਦੇ ਬਜ਼ਾਰਾਂ ਵਿਚ ਵੀ ਕੀਤੀਆਂ ਗਈਆਂ ਸਨ, ਜਿੱਥੇ ਮਾਮੂਲੀ ਵਿਰੋਧ ਹੋਇਆ ਸੀ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.