Tuesday, 23 June 2026

500 ਕਰੋੜ ਰੁਪਏ ਵਾਲੇ ਬਿਆਨ ਸਬੰਧੀ ਵੀ ਬਦਲੇ ਸੁਰ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਕਾਂਗਰਸ ’ਚ ਸਿਆਸੀ ਹਲਚਲ ਮਚਾਉਣ ਵਾਲੀ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂੁ ਨੇ ਕਿਹਾ ਹੈ ਕਿ ਮੈਂ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਮੰਨਦੀ। ਡਾ. ਸਿੱਧੂ ਨੇ ਕਿਹਾ ਕਿ ਮੈਂ ਕਦੀ ਨਹੀਂ ਕਿਹਾ ਕਿ ਪੰਜ-ਪੰਜ ਕਰੋੜ ਲੈ ਕੇ ਟਿਕਟਾਂ ਵੇਚੀਆਂ ਗਈਆਂ ਅਤੇ 500 ਕਰੋੜ ਰੁਪਏ ਵਾਲਾ ਮੁੱਦਾ ਵੀ ਪਤਾ ਨਹੀਂ ਕਿੱਥੋਂ ਆਇਆ। ਉਨ੍ਹਾਂ ਕਿਹਾ ਕਿ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਕਾਂਗਰਸ ਪਾਰਟੀ ਵਿਚੋਂ ਮੁਅੱਤਲ ਕੀਤੀ ਗਈ ਡਾ. ਸਿੱਧੂ ਨੇ ਕਿਹਾ ਕਿ ਮੈਨੂੰ ਮੁਅੱਤਲ ਕਰਨ ਤੋਂ ਪਹਿਲਾਂ ਮੇਰਾ ਪੱਖ ਤੱਕ ਨਹੀਂ ਲਿਆ ਗਿਆ। ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਰਾਜਾ ਵੜਿੰਗ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਨਹੀਂ ਮੰਨਦੀ ਹਾਂ। ਜਦੋਂ ਮੀਡੀਆ ਨੇ ਡਾ. ਸਿੱਧੂ ਨੂੰ ਕਿਸੇ ਹੋਰ ਪਾਰਟੀ ਵਿਚ ਜਾਣ ਸਬੰਧੀ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਕਿਸੇ ਦਾ ਫੋਨ ਹੀ ਨਹੀਂ ਚੁੱਕਦੀ। ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਸਬੰਧੀ ਉਨ੍ਹਾਂ ਕਿਹਾ ਸੀ ਕਿ ਸੀਐਮ ਬਣਨ ਲਈ ਸਾਡੇ ਕੋਲ ਦੇਣ ਲਈ 500 ਕਰੋੜ ਰੁਪਏ ਨਹੀਂ ਹਨ। ਇਸ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਹਲਚਲ ਮਚ ਗਈ ਸੀ।

ਮਨੀਸ਼ ਤਿਵਾੜੀ ਨੇ ਕਿਹਾ : 22 ਕਰੋੜ ਰੁਪਏ ਦਾ ਪ੍ਰਸ਼ਾਸਨ ਕੋਲ ਹਿਸਾਬ ਹੀ ਨਹੀਂ

ਚੰਡੀਗੜ੍ਹ/ਬਿਊੁਰੋ ਨਿਊਜ਼ 

ਚੰਡੀਗੜ੍ਹ ਦੇ ਟੂਰਿਸਟ ਵਿਭਾਗ ਵਿਚ ਵੱਡਾ ਘਪਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣਾ ਖਦਸ਼ਾ ਜ਼ਾਹਰ ਕੀਤਾ ਹੈ। ਮਨੀਸ਼ ਤਿਵਾੜੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਟੂਰਿਸਟ ਗਤੀਵਿਧੀਆਂ ਦੇ ਨਾਮ ’ਤੇ ਕੀਤਾ ਗਿਆ ਖਰਚਾ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਲੰਘੇ ਤਿੰਨ ਸਾਲਾਂ ਵਿਚ ਟੂਰਿਸਟ ਨਾਲ ਜੁੜੀਆਂ ਗਤੀਵਿਧੀਆਂ ’ਤੇ 33 ਕਰੋੜ 26 ਲੱਖ ਰੁਪਏ ਖਰਚ ਕੀਤੇ ਗਏ ਹਨ, ਜੋ ਆਪਣੇ ਆਪ ਵਿਚ ਹੈਰਾਨ ਕਰਨ ਵਾਲਾ ਹੈ। ਤਿਵਾੜੀ ਦੇ ਅਨੁਸਾਰ ਇਸ ਰਾਸ਼ੀ ਵਿਚੋਂ ਕਰੀਬ ਇਕ ਤਿਹਾਈ ਯਾਨੀ 11 ਕਰੋੜ 84 ਲੱਖ ਰੁਪਏ ਕਲਾਕਾਰਾਂ ਅਤੇ ਹੋਰ ਵਿਕਰੇਤਾਵਾਂ ਨੂੰੂ ਭੁਗਤਾਨ ਵਜੋਂ ਦਿੱਤੇ ਗਏ ਸਨ। ਇਸ ਤੋਂ ਬਾਅਦ ਕਰੀਬ 22 ਕਰੋੜ ਰੁਪਏ ਅਜਿਹੇ ਹਨ, ਜਿਨ੍ਹਾਂ ਦਾ ਕੋਈ ਸਪੱਸ਼ਟ ਹਿਸਾਬ ਸਰਕਾਰ ਦੇ ਜਵਾਬ ਵਿਚ ਸਾਹਮਣੇ ਨਹੀਂ ਆਇਆ। ਮਨੀਸ਼ ਤਿਵਾੜੀ ਇਲਜਾਮ ਲਗਾ ਰਹੇ ਹਨ ਕਿ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਜਾਣਬੁੱਝ ਕੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। 

ਜਲੰਧਰ/ਬਿਊਰੋ ਨਿਊਜ਼ 

ਅੰਮਿ੍ਰਤਸਰ ਮਗਰੋਂ ਹੁਣ ਜਲੰਧਰ ਸ਼ਹਿਰ ਦੇ ਕਰੀਬ 11 ਸਕੂਲਾਂ ਨੂੰ ਬੰਬ ਧਮਾਕਿਆਂ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਮਿਲੀ ਹੈ। ਇਸਦੇ ਚੱਲਦਿਆਂ ਸਕੂਲਾਂ ਵਿਚ ਬਹੁਤ ਜ਼ਿਆਦਾ ਘਬਰਾਹਟ ਫੈਲ ਗਈ ਤੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿਚ ਸੇਂਟ ਜੋਸਫ ਕਾਨਵੈਂਟ ਸਕੂਲ, ਆਈ.ਵੀ.ਵਾਈ. ਵਰਲਡ ਸਕੂਲ, ਸੰਸਕਿ੍ਰਤੀ ਕੇ.ਐਮ.ਵੀ. ਸਕੂਲ ਅਤੇ ਸ਼ਿਵ ਜਯੋਤੀ ਸਕੂਲ ਸ਼ਾਮਲ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਹੁਣ ਤੱਕ 11 ਸਕੂਲਾਂ ਨੂੰ ਧਮਕੀ ਵਾਲੇ ਈਮੇਲ ਮਿਲੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਕੇਸ ਦਰਜ ਕਰ ਲਿਆ ਹੈ ਅਤੇ ਟੀਮਾਂ ਵੱਲੋਂ ਇਨ੍ਹਾਂ ਧਮਕੀਆਂ ਸਬੰਧੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਧਮਕੀਆਂ ਨੂੰ ਦੇਖਦਿਆਂ ਸਕੂਲ ਦੁਪਹਿਰ 12 ਵਜੇ ਦੇ ਕਰੀਬ ਬੰਦ ਕਰ ਦਿੱਤੇ ਗਏ ਸਨ।

ਮਹਾਂਪੁਰਖਾਂ ਦੇ ਪਾਏ ਪੂਰਨਿਆਂ ਤੇ ਚਲ ਕੇ ਹੀ ਨੇਕ ਮਨੁੱਖਤਾ ਵਿਕਸਿਤ ਹੁੰਦੀ ਹੈ: ਡਾ. ਮਨਮੋਹਨ
ਵਰਤਮਾਨ ਪ੍ਰਸੰਗ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬੀ ਲੇਖਕ ਸਭਾ ਨੇ ਕਰਵਾਇਆ ਸੈਮੀਨਾਰ
ਚੰਡੀਗੜ੍ਹਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਰਤਮਾਨ ਪ੍ਰਸੰਗ ਵਿੱਚ ਗੁਰੂ ਜੀ ਦੀ ਸ਼ਹਾਦਤ ਵਿਸ਼ੇ ਤੇ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ |
ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਗੁਰੂ ਜੀ ਦਾ ਬਲੀਦਾਨ ਸਾਨੂੰ ਮਾਨਵਤਾ ਦਾ ਵਿਲੱਖਣ ਸੁਨੇਹਾ ਦਿੰਦਾ ਹੈ |
ਸਾਰਿਆਂ ਦਾ ਸਵਾਗਤ ਕਰਦਿਆਂ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਅਜਿਹੇ ਸੰਵਾਦ ਰਚਾ ਕੇ ਸਾਹਿਤਕ ਜਥੇਬੰਦੀਆਂ ਉਸ ਸ਼ਹਾਦਤ ਨੂੰ ਸਿਜਦਾ ਕਰਦੀਆਂ ਹਨ ਜਿਸਦਾ ਕੋਈ ਹੋਰ ਮਿਸਾਲ ਨਹੀਂ ਮਿਲਦੀ |
ਸੁਰਜੀਤ ਸਿੰਘ ਧੀਰ ਨੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਬਦ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਲਾਭ ਸਿੰਘ ਲਹਿਲੀ ਨੇ ਇੱਕ ਧਾਰਮਿਕ ਗੀਤ ਗਾਇਆ|
ਉੱਘੇ ਰੰਗ ਕਰਮੀ, ਲੋਕ ਕਲਾਕਾਰ ਅਤੇ ਅਧਿਆਪਕ ਪ੍ਰੋ. ਦਿਲਬਾਗ ਸਿੰਘ ਨੂੰ ਦੋ ਮਿੰਟ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਦਾ ਬੀਤੇ ਦਿਨ ਕੈਂਸਰ ਦੀ ਬਿਮਾਰੀ ਨਾਲ ਦੇਹਾਂਤ ਹੋ ਗਿਆ ਸੀ | ਚਿੰਤਕ ਡਾ. ਅਵਤਾਰ ਸਿੰਘ ਪਤੰਗ ਨੇ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਸਰਬ ਸਾਂਝੀਵਾਲਤਾ ਦੇ ਸੰਕਲਪ ਦੇ ਹਵਾਲੇ ਨਾਲ ਇਸ ਬਲੀਦਾਨ ਬਾਰੇ ਤਰਕ ਭਰਪੂਰ ਵਿਚਾਰ ਰੱਖੇ | ਮੁੱਖ ਬੁਲਾਰੇ ਵਜੋਂ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਸਨ | ਉਹਨਾਂ ਨੇ ਵੰਨ-ਸੁਵੰਨਤਾ ਵਿੱਚ ਏਕਤਾ ਦੇ ਸੁਨੇਹੇ ਰਾਹੀਂ ਦਵੈਤ ਤੋਂ ਮੁਕਤ ਰਹਿਣ ਦੇ ਗੁਰੂ ਸਾਹਿਬ ਦੇ ਮਾਰਗ ਦੇ ਪਾਂਧੀ ਬਣਨ ਲਈ ਕਿਹਾ | ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵੀ ਚੁਣੌਤੀਆਂ ਕੋਈ ਵੱਖਰੀਆਂ ਨਹੀਂ, ਇਹਨਾਂ ਨੂੰ ਸਮਝਣ ਅਤੇ ਸਵੈ ਪੜਚੋਲ ਕੀਤੇ ਜਾਣ ਦੀ ਲੋੜ ਹੈ |
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਾਵਿ ਰੂਪ ਵਿੱਚ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਧਰਮ ਅਤੇ ਸੰਪਰਦਾਇਕਤਾ ਵੱਖ-ਵੱਖ ਹਨ ਜਿਨ੍ਹਾਂ ਬਾਰੇ ਸਾਡਾ ਨੁਕਤਾ- -ਨਜ਼ਰ ਸਪਸ਼ੱਟ ਹੋਣਾ ਚਾਹੀਦਾ ਹੈ | ਐਡਵੋਕੇਟ ਪਰਮਿੰਦਰ ਗਿੱਲ ਨੇ ਕਿਹਾ ਕਿ ਅੱਜ ਵੀ ਚੁਣੌਤੀਆਂ ਲਗਭਗ ਓਹੋ ਜਿਹੀਆਂ ਹੀ ਹਨ | ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਣ ਇਹ ਹੈ ਕਿ ਅਸੀਂ ਇਤਿਹਾਸ ਤੋਂ ਸਿੱਖਿਆ ਕੀ ਹੈ | ਗੁਰੂ ਸਾਹਿਬ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀਆਂ ਸ਼ਹਾਦਤਾਂ ਸਾਡੀ ਉਸ ਵਿਰਾਸਤ ਦੀ ਤਰਜਮਾਨੀ ਕਰਦੀਆਂ ਹਨ ਜਿੱਥੇ ਅਡੋਲ ਰਹਿਣਾ ਸਭ ਤੋਂ ਵੱਡੀ ਤਾਕ਼ਤ ਦਰਸਾਇਆ ਗਿਆ ਹੈ |
ਧੰਨਵਾਈ ਸ਼ਬਦਾਂ ਵਿੱਚ ਪੰਜਾਬੀ ਸਾਹਿਤ ਸਭਾ ਮੋਹਾਲੀ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸਾਰੀ ਮਨੁੱਖਤਾ ਦੀ ਬਹਿਬੂਦੀ ਵਾਸਤੇ ਸੀ ਜਿਸਦਾ ਸੁਨੇਹਾ ਸਮੇਂ ਦੀ ਨਜ਼ਾਕਤ ਵੇਖਦਿਆਂ ਹਰ ਉਸ ਦੇ ਹੱਕ ਵਿੱਚ ਨਿੱਤਰਣ ਦੀ ਦ੍ਰਿੜਤਾ ਹੈ ਜੋ ਸਮੇਂ ਦੇ ਹਾਕਮਾਂ ਦੇ ਤਸ਼ੱਦਦ ਦਾ ਸ਼ਿਕਾਰ ਹੈ |
ਇਸ ਸੈਮੀਨਾਰ ਵਿਚ ਜਿਨ੍ਹਾਂ ਕਾਬਿਲੇ ਜ਼ਿਕਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਉਹਨਾਂ ਵਿੱਚ ਡਾ. ਦੀਪਕ ਮਨਮੋਹਨ ਸਿੰਘ, ਜੰਗ ਬਹਾਦਰ ਗੋਇਲ, ਡਾ. ਜਸਪਾਲ ਸਿੰਘ, ਗੁਰਨਾਮ ਕੰਵਰ, ਦਵਿੰਦਰ ਦਮਨ, ਡਾ. ਸਾਹਿਬ ਸਿੰਘ, ਪਾਲ ਅਜਨਬੀ, ਮਨਜੀਤ ਕੌਰ ਮੀਤ, ਊਸ਼ਾ ਕੰਵਰ, ਅਮਰਾਓ ਸਿੰਘ ਗਿੱਲ, ਅਮਨਦੀਪ ਸਿੰਘ ਸੈਣੀ, ਬੂਟਾ ਰਾਮ ਆਜ਼ਾਦ, ਪੰਮੀ ਦਿਵੇਦੀ, ਰਘਬੀਰ ਸਿੰਘ ਚਾਹਲ, ਗੁਰਮੀਤ ਸਿੰਘ ਬਾਜਵਾ, ਰਜਿੰਦਰ ਸਿੰਘ ਧੀਮਾਨ, ਅਤਰ ਸਿੰਘ ਖੁਰਾਣਾ, ਬਲਕਾਰ ਸਿੱਧੂ, ਮਨਜੀਤ ਸਿੰਘ ਖਹਿਰਾ, ਡਾ. ਗੁਰਮੇਲਸਿੰਘ, . ਐੱਸ ਪਾਲ, ਨਰਿੰਦਰ ਕੌਰ ਨਸਰੀਨ, ਚਰਨਜੀਤ ਕੌਰ ਬਾਠ, ਸੰਦੀਪ ਸਿੰਘ, ਰਣਦੀਪ ਸਿੰਘ ਖਹਿਰਾ, ਅਮਰਜੀਤ ਅਰਪਨ, ਸੁਰਿੰਦਰ ਕੁਮਾਰ, ਪੰਨਾ ਲਾਲ ਮੁਸਤਫ਼ਾਬਾਦੀ, ਮਲਕੀਅਤ ਸਿੰਘ ਬਰਾੜ, ਪਰਮਿੰਦਰ ਸਿੰਘ ਮਦਾਨ, ਧਰਮਿੰਦਰ ਕੁਮਾਰ ਪਾਸਵਾਨ, ਜੋਗਿੰਦਰ ਸਿੰਘ ਜੱਗਾ, ਰਜਿੰਦਰ ਕੌਰ ਸਰਾਂ, ਸਰਦਾਰਾ ਸਿੰਘ ਚੀਮਾ, ਕ੍ਰਿਸ਼ਨਾ ਗੋਇਲ, ਗਣੇਸ਼ ਦੱਤ ਬਜਾਜ, ਪਰਮਜੀਤ ਪਰਮ, ਸਿਮਰਜੀਤ ਕੌਰ ਗਰੇਵਾਲ, ਡਾ. ਸੁਰਿੰਦਰ ਗਿੱਲ, ਸੁਰਿੰਦਰ ਕੌਰ, ਗੁਰਮੇਲ ਸਿੰਘ, ਡਾ. ਮਨਜੀਤ ਸਿੰਘ ਮਝੈਲ, ਹਰਜੀਤ ਸਿੰਘ, ਏਕਤਾ, ਜਗਤਾਰ ਸਿੰਘ ਜੋਗ, ਡਾ. ਨੀਨਾ ਸੈਣੀ, ਅਜਾਇਬ ਸਿੰਘ ਔਜਲਾ, ਕੇ.ਐੱਲ ਸ਼ਰਮਾ, ਕਰਮ ਸਿੰਘ ਵਕੀਲ, ਡਾ. ਮਨਜੀਤ ਸਿੰਘ ਬੱਲ ਅਤੇ ਧਿਆਨ ਸਿੰਘ ਕਾਹਲੋਂ ਸ਼ਾਮਿਲ ਹਨ |

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.