Tuesday, 23 June 2026

ਪਾਰਟੀ ’ਤੇ ਅਣਗੌਲਿਆ ਕਰਨ ਦੇ ਲਗਾਏ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼

ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਨਿੰਮਾ 1992 ਵਿਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਵਿਧਾਇਕ ਬਣੇ ਸਨ। ਨਿਰਮਲ ਸਿੰਘ ਨਿੰਮਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਸਾਥੀਆਂ ਵਿਚੋਂ ਇਕ ਹਨ। ਸਾਬਕਾ ਵਿਧਾਇਕ ਨੇ ਕਾਂਗਰਸ ਪਾਰਟੀ ’ਤੇ ਉਨ੍ਹਾਂ ਨੂੰ ਅਣਗੌਲਿਆਂ ਕਰਨ ਦੇ ਇਲਜ਼ਾਮ ਲਗਾਏ ਹਨ। ਜ਼ਿਕਰਯੋਗ ਹੈ ਕਿ ਨਿੰਮਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਵੀ ਰਹੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਉਨ੍ਹਾਂ ਨੂੰ 2017 ਵਿਚ ਵੀ ਕਾਂਗਰਸ ਪਾਰਟੀ ਵਲੋਂ ਭਦੌੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਸੀ, ਪਰ ਕੁਝ ਕਾਰਨਾਂ ਕਰਕੇ ਪਾਰਟੀ ਨੇ ਉਨ੍ਹਾਂ ਦੀ ਟਿਕਟ ਚੋਣ ਪ੍ਰਕਿਰਿਆ ਦੌਰਾਨ ਹੀ ਕੱਟ ਦਿੱਤੀ ਸੀ। ਨਿੰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੋਂ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ, ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।

ਪੰਜਾਬ ਵਿਚ ਨਿਵੇਸ਼ ਵਧਾਉਣ ਨੂੰ  ਲੈ ਕੇ ਹੋਵੇਗਾ ਵਿਚਾਰ-ਵਟਾਂਦਰਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 1 ਦਸੰਬਰ ਤੋਂ 10 ਦਿਨਾਂ ਲਈ ਜਪਾਨ ਦੇ ਦੌਰੇ ’ਤੇ ਰਹਿਣਗੇ। ਸਰਕਾਰੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਮਾਨ ਜਪਾਨ ਦੇ ਸਨਅਤਕਾਰਾਂ ਨਾਲ ਮੁਲਾਕਾਤ ਕਰਨਗੇ ਤਾਂ ਜੋ ਉਨ੍ਹਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਸ ਦੌਰਾਨ ਸੂਬੇ ਵਿਚ ਉਨ੍ਹਾਂ ਦੇ ਨਿਵੇਸ਼ ਨੂੰ ਵਧਾਉਣ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਯਾਤਰਾ ਸੂਬਾ ਸਰਕਾਰ ਦੇ ਆਊਟਰੀਚ ਯਤਨਾਂ ਦਾ ਹਿੱਸਾ ਹੈ, ਜਿਸਦੀ ਤਿਆਰੀ 13 ਤੋਂ 15 ਮਾਰਚ 2026 ਨੂੰ ਮੁਹਾਲੀ ਵਿਚ ਹੋਣ ਵਾਲੇ ਛੇਵੇਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਲਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੀਐਮ ਮਾਨ ਨੇ ਇਕ ਉਚ ਪੱਧਰੀ ਜਪਾਨੀ ਵਫਦ ਨਾਲ ਵਰਚੂਅਲ ਮੀਟਿੰਗ ਕੀਤੀ ਸੀ, ਜਿਸ ਵਿਚ ਜਪਾਨ ਦੀਆਂ ਕੰਪਨੀਆਂ ਦੇ ਪ੍ਰਤੀਨਿਧ ਸ਼ਾਮਲ ਹੋਏ ਸਨ।

ਚੰਡੀਗੜ੍ਹ/ਬਿਊਰੋ ਨਿਊਜ਼

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਫਿਰ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ। ਉਨ੍ਹਾਂ ਨੇ ਸੰਸਦ ਦੇ ਇਜਲਾਸ ਵਿਚ ਹਿੱਸਾ ਲੈਣ ਦੇ ਲਈ ਪੈਰੋਲ ਨਾ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਇਸ ਮਾਮਲੇ ਵਿਚ ਹੁਣ ਆਉਂਦੀ 1 ਦਸੰਬਰ ਦਿਨ ਸੋਮਵਾਰ ਨੂੰ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਹੋਈ ਸੁਣਵਾਈ ਵਿਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਅੰਮਿ੍ਰਤਪਾਲ ਸਿੰਘ ਦੀ ਪੈਰੋਲ ’ਤੇ ਇਕ ਹਫਤੇ ਵਿਚ ਫੈਸਲਾ ਲੈਣ ਲਈ ਕਿਹਾ ਸੀ, ਪਰ ਸਰਕਾਰ ਨੇ ਉਸ ਨੂੰ ਖਾਰਜ ਕਰ ਦਿੱਤਾ ਸੀ। ਇਸ ਸਬੰਧੀ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਰਿਪੋਰਟ ਦਿੱਤੀ ਸੀ ਕਿ ਅੰਮਿ੍ਰਤਪਾਲ ਸਿੰਘ ਨੂੰ ਪੈਰੋਲ ਦਿੱਤੇ ਜਾਣ ਨਾਲ ਮਾਹੌਲ ਵਿਗੜ ਸਕਦਾ ਹੈ। ਦੱਸਣਯੋਗ ਹੈ ਕਿ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਇਸ ਸਮੇਂ ਐਨ.ਐਸ.ਏ. ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। 

 

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਵਿਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਿਹਾ ਅਤੇ ਰੋਜ਼ਾਨਾ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦੇ ਰੇੜਕੇ ਨੂੰ ਲੈ ਕੇ ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਨੇ ਅੱਜ ਸ਼ੁੱਕਰਵਾਰ ਸਵੇਰੇ ਹੀ ਸੂਬਾ ਪੱਧਰੀ ਹੜਤਾਲ ਸ਼ੁਰੂ ਕਰਕੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਇਸ ਦੌਰਾਨ ਪੰਜਾਬ ਦੇ ਸਾਰੇ ਬੱਸ ਅੱਡਿਆਂ ’ਤੇ ਮੁਲਾਜ਼ਮਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸਦੇ ਚੱਲਦਿਆਂ ਪੁਲਿਸ ਨੇ ਸਰਕਾਰੀ ਬੱਸਾਂ ਦੇ ਕਈ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ। ਇਸੇ ਦੌਰਾਨ ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼ ਅਤੇ ਪਨਬਸ ਵਰਕਰ ਯੂਨੀਅਨ ਦੇ ਕਈ ਆਗੂ ਆਤਮਦਾਹ ਦੀ ਧਮਕੀ ਦਿੰਦਿਆਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸਾਂ ਦੀਆਂ ਛੱਤਾਂ ਅਤੇ ਓਵਰ ਬਿ੍ਰਜ਼ਾਂ ’ਤੇ ਵੀ ਚੜ੍ਹ ਗਏ। 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.