Thursday, 25 June 2026

ਮੰਡੀ ਗੋਬਿੰਦਗੜ੍ਹ, 23 ਜਨਵਰੀ: ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਹਾਲ ਹੀ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ  ਪਿੰਡ ਖਟਕੜ ਕਲਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੰਜਾਬ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰੇ ਦੌਰਾਨ ਡਾ. ਸੰਦੀਪ ਸਿੰਘ ਨੇ ਸ਼ਹੀਦ ਭਗਤ ਸਿੰਘ ਮਿਊਜ਼ੀਅਮ ਅਤੇ ਹੈਰਿਟੇਜ ਸਟ੍ਰੀਟ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜੀਵਨ, ਵਿਚਾਰਾਂ ਅਤੇ ਮਹਾਨ ਬਲੀਦਾਨ ਬਾਰੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਭਗਤ ਸਿੰਘ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ਭਗਤੀ, ਹਿੰਮਤ ਅਤੇ ਨਿਸ਼ਕਾਮ ਸੇਵਾ ਦੇ ਮੁੱਲਾਂ ਨਾਲ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਡਾ. ਸੰਦੀਪ ਸਿੰਘ ਨੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ਼੍ਰੀ ਗੁਲਪ੍ਰੀਤ ਸਿੰਘ ਔਲਖ ਨਾਲ ਵੀ ਮੁਲਾਕਾਤ ਕੀਤੀ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਮਹਾਨ ਬਲੀਦਾਨ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਖਟਕੜ ਕਲਾਂ ਦੀ ਇਤਿਹਾਸਕ ਅਤੇ ਰਾਸ਼ਟਰੀ ਮਹੱਤਤਾ ਨੂੰ ਯਾਦਗਾਰੀ ਅਤੇ ਪ੍ਰੇਰਣਾ ਦੇ ਕੇਂਦਰ ਵਜੋਂ ਉਜਾਗਰ ਕੀਤਾ। ਇਸ ਦੌਰੇ ਦੌਰਾਨ ਡਾ. ਸੰਦੀਪ ਸਿੰਘ ਦੇ ਨਾਲ ਇੰਜੀਨੀਅਰ ਅਰੁਣ ਮਲਿਕ (ਡਾਇਰੈਕਟਰ – ਓਪਰੇਸ਼ਨਜ਼), ਸ਼੍ਰੀ ਅਵਤਾਰ ਸਿੰਘ (ਸਹਾਇਕ ਡਾਇਰੈਕਟਰ – ਮੀਡੀਆ), ਸ਼੍ਰੀ ਪਰਮਵੀਰ ਸਿੰਘ ਜਨਾਗਲ (ਪਬਲਿਕ ਰਿਲੇਸ਼ਨਜ਼ ਅਫ਼ਸਰ) ਅਤੇ ਸ਼੍ਰੀ ਸਨੀ ਸੂਰਿਆਵੰਸ਼ੀ (ਸਹਾਇਕ ਪ੍ਰੋਫੈਸਰ), ਦੇਸ਼ ਭਗਤ ਯੂਨੀਵਰਸਿਟੀ ਵੀ ਮੌਜੂਦ ਸਨ। ਇਹ ਦੌਰਾ ਸ਼ਹੀਦ ਭਗਤ ਸਿੰਘ ਦੀ ਅਮਰ ਵਿਰਾਸਤ ਪ੍ਰਤੀ ਸਨਮਾਨ ਅਤੇ ਸ਼ਰਧਾ ਦਾ ਪ੍ਰਤੀਕ ਹੈ, ਜਿਨ੍ਹਾਂ ਦਾ ਜਨਮ ਸਥਾਨ ਅੱਜ ਵੀ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਪ੍ਰੇਰਕ ਪ੍ਰਤੀਕ ਬਣਿਆ ਹੋਇਆ ਹੈ।

ਸ਼ਿਮਲਾ ਅਤੇ ਮਨਾਲੀ ਵਿਚ ਸੀਜ਼ਨ ਦੀ ਪਹਿਲੀ ਬਰਫਬਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਣੇ ਉਤਰੀ ਭਾਰਤ ’ਚ ਭਰਵਾਂ ਮੀਂਹ ਪਿਆ ਅਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਇਸ ਬਦਲੇ ਮੌਸਮ ਦੌਰਾਨ ਤਾਪਮਾਨ ਵਿਚ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਵੀ ਮੀਂਹ ਅਤੇ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਹਿਮਾਚਲ ਦੇ ਸ਼ਿਮਲਾ ਅਤੇ ਮਨਾਲੀ ਵਿਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਮੈਦਾਨੀ ਅਤੇ ਪਹਾੜੀ ਜ਼ਿਲ੍ਹਿਆਂ ਵਿਚ ਬਰਫਬਾਰੀ ਜਾਰੀ ਹੈ। ਸ੍ਰੀਨਗਰ ਏਅਰਪੋਰਟ ’ਤੇ ਕਰੀਬ 4 ਇੰਚ ਤੱਕ ਬਰਫ ਜੰਮ ਗਈ ਹੈ ਅਤੇ ਇਸ ਕਰਕੇ ਹਵਾਈ ਉਡਾਣਾਂ ਵੀ ਰੱਦ ਕਰਨੀਆਂ ਪਈਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ  ਕਿ ਆਉਂਦੇ 2 ਦਿਨਾਂ ਦੌਰਾਨ ਗੜ੍ਹੇਮਾਰੀ ਹੋ ਸਕਦੀ ਹੈ ਅਤੇ ਹੋਰ ਮੀਂਹ ਪੈ ਸਕਦਾ ਹੈ। ਇਸਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ। 

ਕਿਹਾ : ਵਿੱਤ ਆਯੋਗ ਰਾਹੀਂ ਮਿਲਣ ਵਾਲੀਆਂ ਗਰਾਂਟਾਂ ਰੋਕ ਰਹੀ ਪੰਜਾਬ ਸਰਕਾਰ

ਅੰਮਿ੍ਰਤਸਰ/ਬਿਊਰੋ ਨਿਊਜ਼

ਅੰਮਿ੍ਰਤਸਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਗਰਾਂਟਾਂ ਰੋਕੇ ਜਾਣ ਦੇ ਮੁੱਦੇ ’ਤੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਔਜਲਾ ਨੇ ਇਲਜ਼ਾਮ ਲਗਾਇਆ ਕਿ ਸੂਬਾ ਸਰਕਾਰ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਵਿੱਤ ਆਯੋਗ ਦੇ ਤਹਿਤ ਕੇਂਦਰ ਸਰਕਾਰ ਤੋਂ ਮਿਲਣ ਵਾਲੀ ਵਿਕਾਸ ਗਰਾਂਟ ਨੂੰ ਜਾਣ ਬੁੱਝ ਕੇ ਰੋਕ ਰਹੀ ਹੈ। ਔਜਲਾ ਨੇ ਕਿਹਾ ਕਿ ਅੰਮਿ੍ਰਤਸਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਕਈ ਸਰਪੰਚਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਲੰਮੇ ਸਮੇਂ ਤੋਂ ਪਿੰਡਾਂ ਦਾ ਵਿਕਾਸ ਰੁਕਿਆ ਹੋਇਆ ਹੈ ਕਿਉਂਕਿ ਸਰਕਾਰ ਵਲੋਂ ਫੰਡ ਜਾਰੀ ਨਹੀਂ ਕੀਤੇ ਜਾ ਰਹੇ। ਔਜਲਾ ਨੇ ਇਲਜ਼ਾਮ ਲਗਾਇਆ ਕਿ ਪੰਜਾਬ ’ਚ ਸੱਤਾਧਾਰੀ ਪਾਰਟੀ ਵਿਰੋਧੀ ਦਲਾਂ ਨਾਲ ਜੁੜੇ ਸਰਪੰਚਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲਈ ਦਬਾਅ ਬਣਾ ਰਹੀ ਹੈ।

92 ਬੇਟੀਆਂ ਨੂੰ ਸ਼ਗਨ ਦੇ ਚੁੱਕਾ ਹੈ ਸਰਬੱਤ ਦਾ ਭਲਾ ਟਰੱਸਟ

ਅੰਮਿ੍ਰਤਸਰ/ਬਿਊਰੋ ਨਿਊਜ਼ 

ਅੰਮਿ੍ਰਤਸਰ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ 8 ਧੀਆਂ ਦੇ ਵਿਆਹ ਲਈ ਇੱਕ-ਇੱਕ ਲੱਖ ਰੁਪਏ ਦੇ ਚੈਕ ਭੇਟ ਕੀਤੇ। ਇਹ ਸਹਾਇਤਾ ਟਰੱਸਟ ਦੀ ‘ਹੜ੍ਹ ਪ੍ਰਭਾਵਿਤ ਵਿਆਹ ਯੋਜਨਾ’ ਦੇ ਤਹਿਤ ਦਿੱਤੀ ਗਈ ਹੈ। ਇਸ ਮੌਕੇ ਟਰੱਸਟ ਦੇ ਸੰਸਥਾਪਕ ਅਤੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਉਬਰਾਏ ਵਿਸ਼ੇਸ਼ ਤੌਰ ’ਤੇ ਸਰਹੱਦੀ ਖੇਤਰ ਵਿਚ ਪਹੁੰਚੇ। ਡਾ. ਉਬਰਾਏ ਨੇ ਦੱਸਿਆ ਕਿ ਟਰੱਸਟ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ 300 ਧੀਆਂ ਦੇ ਵਿਆਹ ਕਰਨ ਦਾ ਟੀਚਾ ਰੱਖਿਆ ਹੈ। ਇਸ ਯੋਜਨਾ ਦੇ ਲਈ 3 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਅੰਮਿ੍ਰਤਸਰ ਦੀਆਂ 8, ਤਰਨਤਾਰਨ ਦੀਆਂ 27 ਅਤੇ ਫਿਰੋਜ਼ਪੁਰ ਦੀਆਂ 21 ਧੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਤੋਂ ਬਾਅਦ, ਟਰੱਸਟ ਹੁਣ ਤੱਕ ਕੁੱਲ 92 ਵਿਆਹ ਕਰਵਾ ਚੁੱਕਾ ਹੈ। ਡਾ. ਉਬਰਾਏ ਨੇ ਇਹ ਵੀ ਦੱਸਿਆ ਕਿ 28 ਜਨਵਰੀ ਨੂੰ ਫਾਜ਼ਿਲਕਾ ਖੇਤਰ ਦੀਆਂ 24 ਹੋਰ ਧੀਆਂ ਦੇ ਵਿਆਹ ਦਾ ਖਰਚਾ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸੌਂਪਿਆ ਜਾਵੇਗਾ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.