Thursday, 25 June 2026

ਚੰਡੀਗੜ੍ਹ, ਫਰਵਰੀ 18:

ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਭਗਵੰਤ ਸਿੰਘ ਮਾਨ ਸਰਕਾਰ ਦੇ ਠੋਸ ਯਤਨਾਂ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਜਿਸ ਨਾਲ ਮਹਿੰਦਰ ਚੌਧਰੀ ਜ਼ੂਆਲੋਜੀਕਲ ਪਾਰਕ, ਛੱਤਬੀੜ ਵਿਖੇ ਸੈਲਾਨੀਆਂ ਦੀ ਆਮਦ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਾਲ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਹੀ ਚਿੜੀਆਘਰ ਵਿੱਚ 80,508 ਸੈਲਾਨੀਆਂ ਦੀ ਆਮਦ ਹੋਈ ਹੈ ਜੋ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਸਬੰਧੀ ਲੋਕਾਂ ਦੀ ਵੱਧ ਰਹੀ ਜਾਗੂਰਕਤਾ ਅਤੇ ਸ਼ਮੂਲੀਅਤ ਨੂੰ ਦਰਸਾਉਂਦਾ ਹੈ।

ਇਸ ਸਬੰਧੀ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਗੇ ਕਿਹਾ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਵੱਲੋਂ ਲੋਕਾਂ ਨੂੰ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।"

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਨੇ ਦੱਸਿਆ, "ਸਿਰਫ਼ ਜਨਵਰੀ ਮਹੀਨੇ ਦੌਰਾਨ ਹੀ ਛੱਤਬੀੜ ਚਿੜੀਆਘਰ ਵਿੱਚ 48,719 ਸੈਲਾਨੀਆਂ ਦੀ ਆਮਦ ਹੋਈ, ਜਦੋਂ ਕਿ ਫਰਵਰੀ ਵਿੱਚ 31,789 ਸੈਲਾਨੀ ਸ਼ਾਂਤ ਅਤੇ ਕੁਦਰਤੀ ਮਾਹੌਲ ਵਿੱਚ ਪੰਛੀਆਂ ਅਤੇ ਜਾਨਵਰਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਨੂੰ ਦੇਖਣ ਲਈ ਆਏ।"

ਚਿੜੀਆਘਰ ਵਿੱਚ ਪੰਛੀਆਂ ਅਤੇ ਜਾਨਵਰਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਲਈ ਕੀਤੀਆਂ ਪਹਿਲਕਦਮੀਆਂ ਨੂੰ ਉਜਾਗਰ ਕਰਦਿਆਂ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ, "ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ, ਛੱਤਬੀੜ ਚਿੜੀਆਘਰ ਵਿੱਚ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਗਈਆਂ ਹਨ।" ਉਨ੍ਹਾਂ ਕਿਹਾ, "ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬਾ ਵਾਕ-ਇਨ ਖੇਤਰ ਖਿੱਚ ਦਾ ਮੁੱਖ ਕੇਂਦਰ ਬਣ ਗਿਆ ਹੈ। ਇਸ ਦੇ ਨਾਲ, ਸੈਲਾਨੀਆਂ ਲਈ ਵਿੱਦਿਅਕ ਅਤੇ ਮਨੋਰੰਜਨ ਅਨੁਭਵ ਯਕੀਨੀ ਬਣਾਉਣ ਲਈ ਇੱਕ ਅਤਿ-ਆਧੁਨਿਕ ਡਾਇਨਾਸੌਰ ਪਾਰਕ ਸਥਾਪਿਤ ਕੀਤਾ ਗਿਆ ਹੈ।"

ਚਿੜੀਆਘਰ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਬਾਰੇ ਜਾਣਕਾਰੀ ਦਿੰਦਿਆਂ, ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ, "1,200 ਮੀਟਰ ਦੇ ਜੰਗਲੀ ਜੀਵ ਸਫਾਰੀ ਖੇਤਰ ਵਿੱਚ, ਚਾਰਦੀਵਾਰੀ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਸਾਫ਼-ਸੁਥਰੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ 260 ਕੇਵੀ ਸੋਲਰ ਪਲਾਂਟ ਲਗਾਇਆ ਗਿਆ ਹੈ।" ਉਨ੍ਹਾਂ ਕਿਹਾ, "ਮਾਸਾਹਾਰੀ ਜਾਨਵਰਾਂ ਨੂੰ ਵਿਸ਼ੇਸ਼ ਇਲਾਜ ਪ੍ਰਦਾਨ ਕਰਨ ਲਈ ਲੋਆਇਨ ਸਫਾਰੀ ਵਿੱਚ ਕ੍ਰਿਟੀਕਲ ਕੇਅਰ ਯੂਨਿਟ ਸਥਾਪਤ ਕੀਤੀ ਗਈ ਹੈ ਅਤੇ ਸੈਲਾਨੀਆਂ, ਖਾਸ ਕਰਕੇ ਸਕੂਲੀ ਬੱਚਿਆਂ ਲਈ ਇੱਕ ਓਪਨ-ਏਅਰ ਜ਼ੂ ਐਜੂਕੇਸ਼ਨ ਪਲਾਜ਼ਾ ਤਿਆਰ ਕੀਤਾ ਗਿਆ ਹੈ।"

ਜੰਗਲੀ ਜੀਵਾਂ ਦੀ ਸੰਭਾਲ ਸਬੰਧੀ ਏਜੰਡੇ ‘ਤੇ ਚਾਨਣਾ ਪਾਉਂਦਿਆਂ, ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ, “ਸਿੰਧੂ ਨਦੀ ਡੌਲਫਿਨ ਨੂੰ ਪੰਜਾਬ ਦਾ ਸੂਬਾਈ ਜਲ ਜੀਵ ਐਲਾਨਿਆ ਗਿਆ ਹੈ ਅਤੇ ਸੂਬੇ ਭਰ ਦੀਆਂ 13 ਜੰਗਲੀ ਜੀਵ ਰੱਖਾਂ ਨੂੰ ਪਲਾਸਟਿਕ ਮੁਕਤ ਐਲਾਨ ਕੀਤਾ ਗਿਆ ਹੈ।” ਉਨ੍ਹਾਂ ਕਿਹਾ, “ਕੇਂਦਰ ਸਰਕਾਰ ਵੱਲੋਂ ਤਰਜੀਹੀ ਵਿਕਾਸ ਲਈ ਚੁਣੇ ਗਏ 100 ਵੈਟਲੈਂਡਜ਼ ਵਿੱਚ ਸੂਬੇ ਦੇ ਪੰਜ ਵੈਟਲੈਂਡ ਹਰੀਕੇ, ਰੋਪੜ, ਕਾਂਝਲੀ, ਕੇਸ਼ੋਪੁਰ ਅਤੇ ਨੰਗਲ ਨੂੰ ਸ਼ਾਮਿਲ ਕੀਤਾ ਗਿਆ ਹੈ।”

ਮੰਡੀ ਗੋਬਿੰਦਗੜ੍ਹ, 18 ਫਰਵਰੀ: ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵਿਖੇ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਮਿਰਗੀ ਬਾਰੇ ਇੱਕ ਜਾਗਰੂਕਤਾ ਭਾਸ਼ਣ ਦਾ ਆਯੋਜਨ ਕੀਤਾ ਗਿਆ। ਡਾਇਰੈਕਟਰ ਡਾ. ਕੁਲਭੂਸ਼ਣ ਅਤੇ ਪ੍ਰਿੰਸੀਪਲ ਡਾ. ਹੇਮ ਰਾਜ ਦੀ ਅਗਵਾਈ ਹੇਠ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵਿੱਚ ਮਿਰਗੀ, ਇਸਦੇ ਕਾਰਨਾਂ, ਰੋਕਥਾਮ ਅਤੇ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਉਣਾ ਸੀ।
ਇਸ ਦੌਰਾਨ ਮੁੱਖ ਬੁਲਾਰੇ, ਡਾ. ਸੌਰਵ ਅਗਰਵਾਲ, ਡੀਐਮ ਨਿਊਰੋਲੋਜੀ ਨੇ ਮਿਰਗੀ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ, ਇਸਦੇ ਕਾਰਨਾਂ, ਲੱਛਣਾਂ, ਰੋਕਥਾਮ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਬੀਏਐਮਐਸ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਜਾਗਰੂਕਤਾ ਫੈਲਾਉਣ ਅਤੇ ਬਿਮਾਰੀ ਨਾਲ ਸਬੰਧਤ ਮਿੱਥਾਂ ਨੂੰ ਦੂਰ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਇਸ ਮੌਕੇ ਹਾਜ਼ਰ ਫੈਕਲਟੀ ਮੈਂਬਰਾਂ ਵਿੱਚ ਡਾ: ਵਿਨਾਇਕ ਆਨੰਦੇ, ਪ੍ਰੋਫੈਸਰ, ਕਾਯਾਚਿਕਿਤਸਾ ਵਿਭਾਗ, ਡਾ: ਸ਼ਾਰਦਿੰਦੂ ਸ਼ਰਮਾ, ਪ੍ਰੋਫੈਸਰ, ਰੋਗ ਨਿਦਾਨ ਵਿਭਾਗ, ਡਾ: ਨਿਸ਼ਾਂਤ ਪਾਈਕਾ, ਸਹਾਇਕ ਪ੍ਰੋਫੈਸਰ, ਕਿਰਿਆ ਸ਼ਰੀਰ ਵਿਭਾਗ, ਡਾ: ਪੂਨਮ, ਸਹਾਇਕ ਪ੍ਰੋਫੈਸਰ, ਸ਼ਲਯ ਤੰਤਰ ਵਿਭਾਗ ਅਤੇ ਸ਼੍ਰੀ ਰਾਜ ਕੁਮਾਰ ਭਾਰਤੀ ਵੀ ਮੌਜ਼ੂਦ ਸਨ।
ਇਹ ਲੈਕਚਰ ਇੱਕ ਇੰਟਰਐਕਟਿਵ ਸਵਾਲ-ਜਵਾਬ ਸੈਸ਼ਨ ਨਾਲ ਸਮਾਪਤ ਹੋਇਆ, ਜਿੱਥੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਮਿਰਗੀ ਪ੍ਰਬੰਧਨ ਅਤੇ ਮਰੀਜ਼ਾਂ ਦੀ ਦੇਖਭਾਲ ਸੰਬੰਧੀ ਆਪਣੇ ਸ਼ੰਕਿਆਂ ਨੂੰ ਦੂਰ ਕੀਤਾ।

ਚੰਡੀਗੜ੍ਹ, 18 ਫਰਵਰੀ:

ਵਿਦਿਅਕ ਮਿਆਰਾਂ ਨੂੰ ਹੋਰ ਬਿਹਤਰ ਬਣਾਉਣ ਪ੍ਰਤੀ ਆਪਣੀ ਦ੍ਰਿੜ੍ਹ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਮਾਛੀਵਾੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੀਤੇ ਗਏ ਅਚਨਚੇਤ ਨਿਰੀਖਣ ਦੌਰਾਨ ਸਾਹਮਣੇ ਆਈਆਂ ਗੰਭੀਰ ਖਾਮੀਆਂ ਸਬੰਧੀ ਫੌਰੀ ਅਤੇ ਫ਼ੈਸਲਾਕੁੰਨ ਕਾਰਵਾਈ ਕੀਤੀ ਗਈ ਹੈ। ਇਸ ਦੌਰੇ ਦੌਰਾਨ, ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲ ਪ੍ਰਬੰਧਨ ਵਿੱਚ ਕਮੀਆਂ ਸਾਹਮਣੇ ਆਈਆਂ ਅਤੇ ਵਿਦਿਆਰਥੀਆਂ ਨੂੰ ਮੁਢਲੀ ਸਿੱਖਿਆ ਨਾਲ ਜੂਝਦੇ ਦੇਖਿਆ, ਜਿਸ ਕਾਰਨ ਤੁਰੰਤ ਸੁਧਾਰਾਤਮਕ ਉਪਾਅ ਕੀਤੇ ਗਏ।

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਾਅਦ ਵਿੱਚ ਛੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ, ਜਿਨ੍ਹਾਂ ਵਿੱਚ ਬੀ.ਆਰ.ਸੀ., ਮੁੱਖ ਅਧਿਆਪਕ, ਇੱਕ ਐਸੋਸੀਏਟ ਅਧਿਆਪਕ, ਤਿੰਨ ਈ.ਟੀ.ਟੀ. ਅਧਿਆਪਕ ਅਤੇ ਇੱਕ ਆਈ.ਈ.ਏ.ਟੀ. ਅਧਿਆਪਕ ਸ਼ਾਮਲ ਹਨ।

ਇਹ ਕਾਰਵਾਈ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਵਿੱਢੀ ਗਈ ‘ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਸਿੱਖਣ ਦੇ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ’ਤੇ ਧਿਆਨ ਕੇਂਦਰਿਤ ਕਰਨ ਦਾ ਪ੍ਰਤੱਖ ਪ੍ਰਮਾਣ ਹੈ। ਲਾਪਰਵਾਹੀ ਜਾਂ ਕੁਤਾਹੀ ਪ੍ਰਤੀ  ਜ਼ੀਰੋ-ਸਹਿਣਸ਼ੀਲਤਾ ਵਾਲੀ ਪਹੁੰਚ ਦੀ ਪੁਸ਼ਟੀ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਭਗਵੰਤ ਸਿੰਘ ਮਾਨ ਸਰਕਾਰ ਲਈ ਪ੍ਰਮੁੱਖ ਤਰਜੀਹ  ਹੈ ਅਤੇ ਇਹ ਯਕੀਨੀ ਬਣਾਉਣ ਲਈ ਹਰ ਪੱਧਰ ’ਤੇ ਜਵਾਬਦੇਹੀ ਲਾਜ਼ਮੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ।

ਇਨ੍ਹਾਂ ਕੁਤਾਹੀਆਂ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਛੋਟੀ ਤੋਂ ਛੋਟੀ ਲਾਪਰਵਾਹੀ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੱਚਿਆਂ ਦਾ ਭਵਿੱਖ ਕਲਾਸਰੂਮਾਂ ਵਿੱਚ ਸਿਰਜਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸਿੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।"

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਵਿਦਿਅਕ ਮਿਆਰਾਂ, ਵਿਦਿਆਰਥੀਆਂ ਦੀ ਹਾਜ਼ਰੀ, ਮਿਡ-ਡੇਅ ਮੀਲ ਅਤੇ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਦੇ ਮੁਲਾਂਕਣ ਲਈ ਸੂਬੇ ਭਰ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਜਾ ਰਿਹਾ ਹੈ। ਇਹ ਅਚਨਚੇਤ ਦੌਰੇ ਜਨਤਕ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਕਸ ਹੈਂਡਲ 'ਤੇ ਆਪਣੇ ਦੌਰੇ ਦੀ ਇੱਕ ਕਲਿੱਪ ਸਾਂਝੀ ਕਰਦਿਆਂ ਕਿਹਾ: "ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਾਨਕ ਦੌਰਾ ਕੀਤਾ ਅਤੇ ਵਿਦਿਅਕ ਮਿਆਰਾਂ ਅਤੇ ਸਮੁੱਚੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ। ਸਾਡੇ ਲਈ ਸਾਡੇ ਬੱਚਿਆਂ ਦੀ ਸਿੱਖਿਆ ਤੋਂ ਵੱਧ ਮਹੱਤਵਪੂਰਨ ਕੁਝ ਨਹੀਂ ਹੈ। ਜੇਕਰ ਕੋਈ ਵੀ ਅਧਿਆਪਕ ਡਿਊਟੀ ਵਿੱਚ ਕੁਤਾਹੀ ਜਾਂ ਅਣਗਹਿਲੀ ਵਰਤਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ ਇਸ ਪ੍ਰਾਇਮਰੀ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਵਿਦਿਆਰਥੀਆਂ ਦੀ ਸਿੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।"

ਬੱਚਿਆਂ ਵੱਲੋਂ ਪੰਜਾਬੀ ਨਾ ਪੜ੍ਹੀ ਜਾਣ ਤੋਂ ਖਫਾ ਹੋਏ ਬੈਂਸ

ਲੁਧਿਆਣਾ/ਬਿਊਰੋ ਨਿਊਜ਼

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਦੇਖਿਆ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਸੀ ਆ ਰਹੀ। ਬੈਂਸ ਨੇ ਕਿਹਾ ਕਿ ਅਧਿਆਪਕ ਸੰਜੀਦਗੀ ਨਾਲ ਪੜ੍ਹਾਈ ਨਹੀਂ ਕਰਵਾ ਰਹੇ। ਕਲਾਸ ਰੂਮ ਵਿੱਚ ਜਦੋਂ ਬੈਂਸ ਨੇ ਕੁੱਝ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਕਿਹਾ ਤਾਂ ਉਹ ਪੜ੍ਹਨ ਤੋਂ ਅਸਮਰੱਥ ਰਹੇ। ਬੱਚਿਆਂ ਨੇ ਦੱਸਿਆ ਕਿ ਉਹ ਇੰਦਰਾ ਕਲੋਨੀ ਦੇ 4 ਨੰਬਰ ਸਕੂਲ ’ਚੋਂ ਪੰਜਵੀਂ ਤੱਕ ਪੜ੍ਹ ਕੇ ਆਏ ਹਨ। ਇਸ ਤੋਂ ਬਾਅਦ ਮੰਤਰੀ ਤੁਰੰਤ ਇੰਦਰਾ ਕਲੋਨੀ ਦੇ ਸਕੂਲ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਕਿਹਾ। ਕਲਾਸ ਵਿਚ ਮੌਜੂਦ ਕੁੱਲ 28 ਵਿੱਚੋਂ ਕੇਵਲ 8 ਬੱਚਿਆਂ ਨੂੰ ਹੀ ਪੰਜਾਬੀ ਪੜ੍ਹਨੀ ਆਉਂਦੀ ਸੀ। ਇਹ ਦੇਖ ਕੇ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਦਿਲ ਰੋ ਰਿਹਾ ਹੈ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਹੀ ਪੜ੍ਹਨੀ ਨਹੀਂ ਆਉਂਦੀ। ਮੰਤਰੀ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਵਧੀਆ ਤਨਖ਼ਾਹਾਂ ਲੈ ਰਹੇ ਹਨ, ਇਸ ਦੇ ਬਾਵਜੂਦ ਬੱਚਿਆਂ ਨੂੰ ਸੁਚੱਜੇ ਢੰਗ ਨਾਲ ਸਿੱਖਿਆ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਤਿੰਨ ਅਧਿਆਪਕਾਂ ਨੂੰ ਨੋਟਿਸ ਵੀ ਜਾਰੀ ਕੀਤੇ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.