Thursday, 25 June 2026

ਚੰਡੀਗੜ੍ਹ : ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਲਗਭਗ 1300 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਨਾਲ ਬਾਗਬਾਨੀ ਖੇਤਰ ਵਿੱਚ ਵੱਡੀ ਸਕਾਰਾਤਮਕ ਤਬਦੀਲੀ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਉੱਥੇ ਨਵੇਂ ਨਿਰਯਾਤ ਮੌਕਿਆਂ ਲਈ ਵੀ ਰਾਹ ਪੱਧਰਾ ਹੋਵੇਗਾ।

ਅੱਜ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਮੰਤਰੀ ਨੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਸਹਿਯਾਦਰੀ ਕਿਸਾਨ ਉਤਪਾਦਕ ਕੰਪਨੀ ਲਿਮਟਿਡ ਦੇ ਆਪਣੇ ਹਾਲੀਆ ਦੌਰੇ ਦੇ ਨਤੀਜੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਮਹਾਰਾਸ਼ਟਰ ਬਾਗਬਾਨੀ ਮਾਡਲ ਦੇ  ਸਫ਼ਲ ਅਭਿਆਸਾਂ ਨੂੰ ਅਪਣਾਏਗਾ ਤਾਂ ਜੋ ਸੂਬੇ ਦੇ ਕਿਸਾਨ ਸੰਗਠਿਤ ਖੇਤੀ, ਪ੍ਰੋਸੈਸਿੰਗ ਅਤੇ ਬਿਹਤਰ ਮਾਰਕੀਟ ਲਿੰਕੇਜ ਰਾਹੀਂ ਵੱਧ ਮੁਨਾਫ਼ਾ ਕਮਾ ਸਕਣ। ਉਨ੍ਹਾਂ ਦੱਸਿਆ ਕਿ ਸਿਖਲਾਈ ਅਤੇ ਸੰਸਥਾਗਤ ਸਹਾਇਤਾ ਰਾਹੀਂ ਪੰਜਾਬ ਵਿੱਚ ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓ.) ਨੂੰ ਮਜ਼ਬੂਤ ਕਰਨ ਲਈ ਸਹਿਯਾਦਰੀ ਨਾਲ ਸਮਝੌਤਾ ’ਤੇ ਵੀ ਹਸਤਾਖਰ ਕੀਤੇ ਗਏ ਹਨ।

ਸ੍ਰੀ ਭਗਤ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਬਹੁਤ ਸਫ਼ਲ ਰਿਹਾ ਕਿਉਂਕਿ ਵਫ਼ਦ ਨੇ ਇਸ ਦੌਰਾਨ ਅਧਿਐਨ ਕੀਤਾ ਕਿ ਕਿਸਾਨ ਉਤਪਾਦਨ, ਗਰੇਡਿੰਗ, ਪੈਕੇਜਿੰਗ, ਪ੍ਰੋਸੈਸਿੰਗ ਅਤੇ ਨਿਰਯਾਤ ਨੂੰ ਬਿਹਤਰ ਬਣਾਉਣ ਲਈ ਐਫ਼ਪੀਓਜ਼ ਰਾਹੀਂ ਕਿਵੇਂ ਇਕੱਠੇ ਕੰਮ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਹਿਯਾਦਰੀ 30,000 ਏਕੜ ਤੋਂ ਵੱਧ ਰਕਬੇ ਵਿੱਚ ਹਜ਼ਾਰਾਂ ਕਿਸਾਨਾਂ ਨਾਲ ਕੰਮ ਕਰ ਰਿਹਾ ਹੈ ਅਤੇ 42 ਦੇਸ਼ਾਂ ਨੂੰ ਫਲ ਅਤੇ ਸਬਜ਼ੀਆਂ ਦਾ ਨਿਰਯਾਤ ਕਰ ਰਿਹਾ ਹੈ।

ਮੰਤਰੀ ਨੇ ਕਿਹਾ ਕਿ ਵਫ਼ਦ ਨੇ ਆਧੁਨਿਕ ਪੈਕਹਾਊਸਾਂ, ਪ੍ਰੋਸੈਸਿੰਗ ਯੂਨਿਟਾਂ, ਖੋਜ ਫਾਰਮਾਂ ਅਤੇ ਸਿਖਲਾਈ ਕੇਂਦਰਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਕਿਸਾਨਾਂ ਅਤੇ ਮਾਹਰਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਵੀ ਮਹਾਂਰਾਸ਼ਟਰ ਵਾਂਗ ਵਿਗਿਆਨਕ ਫਸਲ ਯੋਜਨਾਬੰਦੀ, ਬਿਹਤਰ ਗੁਣਵੱਤਾ ਨਿਯੰਤਰਣ ਅਤੇ ਮਜ਼ਬੂਤ ਬਾਜ਼ਾਰ ਸੰਪਰਕਾਂ ਤੋਂ ਲਾਭ ਲੈ ਸਕਦੇ ਹਨ।

ਸਮਝੌਤੇ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਵਿੱਚ ਮਜ਼ਬੂਤ ਕਿਸਾਨ ਸਮੂਹ ਬਣਾਉਣ, ਸਿਖਲਾਈ, ਤਕਨਾਲੋਜੀ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ ਤਾਂ ਜੋ ਕਿਸਾਨ ਸਮੂਹਿਕ ਤੌਰ ’ਤੇ ਕੰਮ ਕਰਕੇ ਲਾਭ ਲੈ ਸਕਣ ਅਤੇ ਆਪਣੇ ਉਤਪਾਦਨ ਦੀਆਂ  ਬਿਹਤਰ ਕੀਮਤਾਂ ਪ੍ਰਾਪਤ ਕਰ ਸਕਣ।

ਸ੍ਰੀ ਭਗਤ ਕਿਹਾ ਕਿ ਪੰਜਾਬ ਸਰਕਾਰ ਬਾਗਬਾਨੀ ਖੇਤਰ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਫਸਲਾਂ ਦੇ ਮੁੱਲ ਵਿੱਚ ਵਾਧਾ ਕਰਨ ਅਤੇ ਕਿਸਾਨਾਂ ਲਈ ਟਿਕਾਊ ਆਮਦਨ  ਦੇ ਮੌਕੇ ਪੈਦਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੂਰੇ ਦੇਸ਼ ਵਿੱਚ ਇੱਕ ਮੋਹਰੀ ਬਾਗਬਾਨੀ ਹੱਬ ਵਜੋਂ ਉਭਰਨ ਲਈ ਸਮਰੱਥ ਹੈ।

ਇਸ ਮੌਕੇ ਕਮਿਸ਼ਨਰ (ਖੇਤੀਬਾੜੀ) ਬਬੀਤਾ ਕਲੇਰ, ਡਾਇਰੈਕਟਰ ਬਾਗਬਾਨੀ ਸ਼ੈਲੇਂਦਰ ਕੌਰ, ਡਿਪਟੀ ਡਾਇਰੈਕਟਰ (ਬਾਗਬਾਨੀ) ਹਰਪ੍ਰੀਤ ਸਿੰਘ ਸੇਠੀ, ਸਹਾਇਕ ਡਾਇਰੈਕਟਰ (ਬਾਗਬਾਨੀ) ਰੁਪਿੰਦਰ ਕੌਰ, ਸਹਾਇਕ ਡਾਇਰੈਕਟਰ (ਬਾਗਬਾਨੀ) ਬਲਵਿੰਦਰਜੀਤ ਕੌਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀਆਂ ਮੋਹਿੰਦਰ ਭਗਤ, ਲਾਲਜੀਤ ਸਿੰਘ ਭੁੱਲਰ, ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਸਿੰਘ ਸੌਂਦ ਅਤੇ ਡਾ. ਬਲਬੀਰ ਸਿੰਘ ਦੀ ਹਾਜ਼ਰੀ ਵਿੱਚ, ਮੇਜਰ (ਡਾ.) ਗੁਰਚਰਨ ਸਿੰਘ, ਸੇਵਾਮੁਕਤ ਨੇ ਅੱਜ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ।

ਇਸ ਮੌਕੇ ਕੈਬਨਿਟ ਮੰਤਰੀਆਂ ਨੇ ਮੇਜਰ (ਡਾ.) ਗੁਰਚਰਨ ਸਿੰਘ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦਾ ਪ੍ਰਸ਼ਾਸਕੀ ਤਜਰਬਾ, ਅਨੁਸ਼ਾਸਿਤ ਪਿਛੋਕੜ ਅਤੇ ਸਾਬਕਾ ਫੌਜੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨਾਲ ਕਾਰਪੋਰੇਸ਼ਨ ਦੇ ਕੰਮਕਾਜ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਦੇ ਰਾਸ਼ਟਰ ਪ੍ਰਤੀ ਵਡਮੁੱਲੇ ਯੋਗਦਾਨ ਨੂੰ ਸਤਿਕਾਰ ਦਿੰਦਿਆਂ ਪੰਜਾਬ ਸਰਕਾਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਮੁੜ ਵਸੇਬੇ ਲਈ ਵਚਨਬੱਧ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਉਨ੍ਹਾਂ ਵਿੱਚ ਭਰੋਸਾ ਦਿਖਾਉਣ ਲਈ ਧੰਨਵਾਦ ਕਰਦਿਆਂ ਮੇਜਰ (ਡਾ.) ਗੁਰਚਰਨ ਸਿੰਘ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੇ ਸਮਰਪਣ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਨੇ ਸੂਬੇ ਭਰ ਵਿੱਚ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਭਲਾਈ ਉਪਾਵਾਂ, ਰੁਜ਼ਗਾਰ ਮੌਕੇ ਅਤੇ ਸਹਾਇਤਾ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਭਾਰਤੀ ਫੌਜ ਵਿੱਚ 21 ਸਾਲ ਦੀ ਸੇਵਾ ਨਿਭਾਉਣ ਵਾਲੇ ਮੇਜਰ (ਡਾ.) ਗੁਰਚਰਨ ਸਿੰਘ, ਸੇਵਾਮੁਕਤ, ਇੱਕ ਤਜਰਬੇਕਾਰ ਸੈਨਿਕ  ਹਨ,ਜੋ ਅੱਤਵਾਦ ਵਿਰੋਧੀ ਕਾਰਵਾਈਆਂ ਅਤੇ ਜੰਗਲ ਯੁੱਧ ਵਿੱਚ ਮਾਹਰ ਹਨ। ਉਨ੍ਹਾਂ ਨੇ ਕੰਪਨੀ ਕਮਾਂਡਰ ਅਤੇ ਸੈਕਿੰਡ-ਇਨ-ਕਮਾਂਡ ਸਮੇਤ ਮੁੱਖ ਲੀਡਰਸ਼ਿਪ ਭੂਮਿਕਾਵਾਂ ਨਿਭਾਈਆਂ ਹਨ ਅਤੇ ਉਨ੍ਹਾਂ ਨੂੰ ਵਿਆਪਕ ਪ੍ਰਸ਼ਾਸਕੀ ਅਤੇ ਕੰਮਕਾਜੀ ਅਨੁਭਵ ਹਾਸਲ ਹੈ। ਸੇਵਾਮੁਕਤੀ ਤੋਂ ਬਾਅਦ, ਉਹ ਸਮਾਜ ਭਲਾਈ ਅਤੇ ਸਾਬਕਾ ਸੈਨਿਕਾਂ ਦੀ ਸਹਾਇਤਾ ਦੇ ਉਦੇਸ਼ ਨਾਲ ਕੀਤੀਆਂ ਗਈਆਂ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਜੁੜੇ ਰਹੇ ਹਨ।

ਇਸ ਮੌਕੇ ਮੌਜੂਦ ਪਤਵੰਤਿਆਂ ਵਿੱਚ ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਮਾਨਸਾ ਤੋਂ ਵਿਧਾਇਕ ਵਿਜੇ ਐਨ. ਸਿੰਗਲਾ,  ਵਾਟਰ ਵਰਕਸ ਦੇ ਚੇਅਰਮੈਨ ਅਤੇ ‘ਆਪ’ ਦੇ ਸਕੱਤਰ ਐਸ.ਐਸ. ਆਹਲੂਵਾਲੀਆ, ਚੇਅਰਮੈਨ (ਪੰਜਾਬ ਐਗਰੋ) ਸ਼ਵਿੰਦਰ ਸਿੰਘ ਖਿੰਡਾ, ਸਨੌਰ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ, ਚੇਅਰਮੈਨ(ਯੋਜਨਾ ਬੋਰਡ) ਪ੍ਰਭਜੋਤ ਕੌਰ, ਚੇਅਰਮੈਨ( ਮਾਰਕੀਟ ਕਮੇਟੀ) ਮੋਹਾਲੀ, ਗੁਰਿੰਦਰ ਸਿੰਘ ਮਿੱਤਲ, ਕੌਂਸਲਰ( ਚੰਡੀਗੜ੍ਹ) ਦਮਨਪ੍ਰੀਤ ਸਿੰਘ ਬਾਦਲ, ਕੌਂਸਲਰ( ਚੰਡੀਗੜ੍ਹ) ਪ੍ਰੇਮ ਲਤਾ, ਕੌਂਸਲਰ, (ਚੰਡੀਗੜ੍ਹ) ਅੰਜੂ ਕਤਿਆਲ , ਕੌਂਸਲਰ(ਚੰਡੀਗੜ੍ਹ) ਹਰਦੀਪ ਸਿੰਘ, ਮੈਨੇਜਿੰਗ ਡਾਇਰੈਕਟਰ ਮੇਜਰ ਜਨਰਲ ਹਰਮਨਦੀਪ ਸਿੰਘ (ਸੇਵਾਮੁਕਤ) ਅਤੇ ਹੋਰ ਸੀਨੀਅਰ ਅਧਿਕਾਰੀ  ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਸਾਬਕਾ ਆਰਮੀ ਕਮਾਂਡਰ, ਵੈਸਟਰਨ ਕਮਾਂਡ, ਲੈਫਟੀਨੈਂਟ ਜਨਰਲ ਗੁਰਪ੍ਰਤਾਪ ਸਿੰਘ (ਸੇਵਾਮੁਕਤ) ਅਤੇ ਟਰਾਈਸਿਟੀ ਦੇ ਵੱਡੀ ਗਿਣਤੀ ਵਿੱਚ ਫੌਜੀ ਅਧਿਕਾਰੀ ਵੀ ਮੌਜੂਦ ਸਨ।

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਾਸ਼ੀਆਗ੍ਰਸਤ, ਗਰੀਬ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਪੂਰੀ ਸੰਵੇਦਨਸ਼ੀਲਤਾ ਅਤੇ ਵਚਨਬੱਧਤਾ ਨਾਲ ਲਗਾਤਾਰ ਕੰਮ ਕਰ ਰਹੀ ਹੈ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਅਧੀਨ ਪੰਜਾਬ ਸਰਕਾਰ ਵੱਲੋਂ ਜਨਵਰੀ 2026 ਤੱਕ (ਵਿੱਤੀ ਸਾਲ 2025-26 ਦੌਰਾਨ) ₹5,748 ਕਰੋੜ ਤੋਂ ਵੱਧ ਦੀ ਰਕਮ ਲਾਭਪਾਤਰੀਆਂ ਤੱਕ ਸਿੱਧੀ ਤੌਰ ‘ਤੇ ਪਹੁੰਚਾਈ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਅਧੀਨ ਸੂਬੇ ਦੇ 35.70 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਨਿਯਮਤ ਅਤੇ ਨਿਰੰਤਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਨਾਲ ਗਰੀਬ, ਬੁਜ਼ੁਰਗ, ਮਹਿਲਾਵਾਂ, ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਈ ਗਈ ਹੈ।

ਕੈਬਨਿਟ ਮੰਤਰੀ ਨੇ ਹੋਰ ਦੱਸਿਆ ਕਿ ਬੁਢਾਪਾ ਪੈਨਸ਼ਨ ਅਧੀਨ ₹3,806.43 ਕਰੋੜ, ਵਿਧਵਾ ਅਤੇ ਨਿਰਾਸ਼ਰਿਤ ਔਰਤਾਂ ਲਈ ₹1,099.97 ਕਰੋੜ, ਅਨਾਥ ਅਤੇ ਆਸ਼ਰਿਤ ਬੱਚਿਆਂ ਲਈ ₹385.94 ਕਰੋੜ, ਜਦਕਿ ਦਿਵਿਆਂਗ ਵਿਅਕਤੀਆਂ ਨੂੰ ₹456.03 ਕਰੋੜ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਸਕੀਮਾਂ ਸਿਰਫ਼ ਵਿੱਤੀ ਮਦਦ ਤੱਕ ਸੀਮਿਤ ਨਹੀਂ, ਸਗੋਂ ਇਹ ਲੱਖਾਂ ਪਰਿਵਾਰਾਂ ਲਈ ਸਨਮਾਨ ਨਾਲ ਜੀਊਣ ਦੀ ਉਮੀਦ ਹਨ। ਉਨ੍ਹਾਂ ਕਿਹਾ ਕਿ ਜਦੋਂ ਇੱਕ ਬੁਜ਼ੁਰਗ ਨੂੰ ਬੁਢਾਪਾ ਪੈਨਸ਼ਨ ਮਿਲਦੀ ਹੈ, ਇੱਕ ਵਿਧਵਾ ਮਹਿਲਾ ਨੂੰ ਆਤਮ ਨਿਰਭਰ ਬਣਨ ਦਾ ਸਹਾਰਾ ਮਿਲਦਾ ਹੈ ਜਾਂ ਇੱਕ ਦਿਵਿਆਂਗ ਵਿਅਕਤੀ ਆਪਣੇ ਪੈਰਾਂ ‘ਤੇ ਖੜ੍ਹਾ ਹੁੰਦਾ ਹੈ, ਤਾਂ ਇਹੀ ਸਰਕਾਰ ਦੀ ਅਸਲੀ ਸਫ਼ਲਤਾ ਹੁੰਦੀ ਹੈ। ਉਨ੍ਹਾਂ ਜੋੜਿਆ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਕੋਈ ਵੀ ਲੋੜਵੰਦ ਆਪਣੇ ਆਪ ਨੂੰ ਇਕੱਲਾ ਨਾ ਸਮਝੇ ਅਤੇ ਹਰ ਪਰਿਵਾਰ ਤੱਕ ਸਰਕਾਰੀ ਸਹਾਇਤਾ ਇਜ਼ਤ, ਸੰਵੇਦਨਸ਼ੀਲਤਾ ਅਤੇ ਪਾਰਦਰਸ਼ਤਾ ਨਾਲ ਪਹੁੰਚੇ।

ਹਾਸ਼ੀਆਗ੍ਰਸਤ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦਾ ਉਦੇਸ਼ ਹਰ ਲੋੜਵੰਦ ਤੱਕ ਸਮਾਜਿਕ ਸੁਰੱਖਿਆ, ਸਨਮਾਨ ਅਤੇ ਆਰਥਿਕ ਮਜ਼ਬੂਤੀ ਯਕੀਨੀ ਬਣਾਉਣਾ ਹੈ। ਇਸ ਮਕਸਦ ਲਈ ਸੂਬਾ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ₹6,175 ਕਰੋੜ ਦਾ ਬਜਟ ਉਪਬੰਧ ਕੀਤਾ ਗਿਆ ਹੈ।

ਚੰਡੀਗੜ੍ਹ/ਕਿਲਾ ਰਾਏਪੁਰ (ਲੁਧਿਆਣਾ) : ਕਿਲਾ ਰਾਏਪੁਰ ਪੇਂਡੂ ਓਲੰਪਿਕ ਦੇ ਦੂਜੇ ਦਿਨ ਉਤਸ਼ਾਹ ਦਾ ਇੱਕ ਬੇਮਿਸਾਲ ਉਛਾਲ ਦੇਖਣ ਨੂੰ ਮਿਲਿਆ, ਹਜ਼ਾਰਾਂ ਲੋਕ, ਖਾਸ ਕਰਕੇ ਨੌਜਵਾਨ, ਪੰਜਾਬ ਦੇ ਅਮੀਰ ਪੇਂਡੂ ਖੇਡ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਤਿਹਾਸਕ ਸਟੇਡੀਅਮ ਕਿਲਾ ਰਾਏਪੁਰ ਵਿੱਚ ਇਕੱਠੇ ਹੋਏ।

ਦੂਜੇ ਦਿਨ ਦੀਆਂ ਖੇਡਾਂ ਨੇ ਦਰਸ਼ਕਾਂ ਦੇ ਮਨ ਨੂੰ ਮੋਹ ਲਿਆ ਕਿਉਂਕਿ ਇਤਿਹਾਸਕ ਬੈਲ ਗੱਡੀਆਂ ਦੀਆਂ ਦੌੜਾਂ 12 ਸਾਲਾਂ ਦੇ ਅੰਤਰਾਲ ਤੋਂ ਬਾਅਦ ਮੁੜ ਸੁਰਜੀਤ ਹੋਈਆਂ ਹਨ ਜੋ ਦਰਸ਼ਕਾਂ ਦੇ ਧਿਆਨ ਦਾ ਕੇਂਦਰ ਬਣੀਆ। ਸਟੇਡੀਅਮ ਵਿੱਚ ਬੈਠੇ ਦਰਸ਼ਕਾਂ/ਲੋਕਾਂ ਨੇ ਜ਼ੋਰਦਾਰ ਜੈਕਾਰਿਆਂ ਦੀ ਗੂੰਜ ਨਾਲ ਰਵਾਇਤੀ ਬੈਲ ਗੱਡੀਆਂ ਦੀਆਂ ਦੌੜਾਂ ਦਾ ਸਵਾਗਤ ਕੀਤਾ। ਦਰਸ਼ਕਾਂ ਨੇ ਨਾ ਸਿਰਫ਼ ਬੈਲ ਗੱਡੀਆਂ ਦੀਆਂ ਦੌੜਾਂ ਦਾ ਉਤਸ਼ਾਹ ਨਾਲ ਸਮਰਥਨ ਕੀਤਾ ਸਗੋਂ ਰਵਾਇਤੀ ਖੇਡਾਂ ਅਤੇ ਐਥਲੈਟਿਕ ਮੁਕਾਬਲਿਆਂ ਦੀ ਇੱਕ ਜੀਵੰਤ ਲੜੀ ਦਾ ਵੀ ਸਮਰਥਨ ਕੀਤਾ।  ਜਿਸ ਵਿੱਚ ਹਾਕੀ ਮੈਚ, ਕਬੱਡੀ ਮੁਕਾਬਲੇ, ਸ਼ਾਟ ਪੁੱਟ ਥ੍ਰੋ, 100 ਮੀਟਰ ਸਪ੍ਰਿੰਟ, ਟੰਗ ਆਫ਼ ਵਾਰ ਮੁਕਾਬਲੇ, ਲੰਬੀ ਛਾਲ ਦੇ ਮੁਕਾਬਲੇ, ਬਾਜ਼ੀਗਰ ਸ਼ੋਅ ਅਤੇ ਕਈ ਹੋਰ ਪੇਂਡੂ ਐਥਲੈਟਿਕ ਖੇਡਾਂ ਸ਼ਾਮਲ ਸਨ। ਖੇਡ ਮੈਦਾਨ ਪਰਿਵਾਰਾਂ, ਕਿਸਾਨਾਂ, ਨੌਜਵਾਨਾਂ ਸਮੂਹਾਂ, ਰਾਜ ਅਤੇ ਇਸ ਤੋਂ ਬਾਹਰ ਦੇ ਦਰਸ਼ਕਾਂ ਦੇ ਨਾਲ ਖਚਾਖਚ ਭਰਿਆ ਹੋਇਆ ਸੀ ਜਿਸ ਨਾਲ ਏਕਤਾ, ਉਤਸ਼ਾਹ ਅਤੇ ਭਾਈਚਾਰਕ ਭਾਵਨਾ ਦਾ ਇੱਕ ਵੱਖਰਾ ਹੀ ਮਾਹੌਲ ਪੈਦਾ ਹੋਇਆ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਤਸ਼ਾਹੀ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਲ ਗੱਡੀਆਂ ਦੀਆਂ ਦੌੜਾਂ ਦੀ ਪੁਨਰ ਸੁਰਜੀਤੀ ਇੱਕ ਇਤਿਹਾਸਕ ਮੀਲ ਪੱਥਰ ਵਜੋਂ ਸਾਬਤ ਹੋਈ ਹੈ। ਇਹ ਪ੍ਰਾਪਤੀ ਪੰਜਾਬ ਜਾਨਵਰਾਂ 'ਤੇ ਜ਼ੁਲਮ ਦੀ ਰੋਕਥਾਮ (ਪੰਜਾਬ ਸੋਧ) ਐਕਟ, 2025 ਵਿੱਚ ਦਰਜ ਸੋਚ-ਸਮਝ ਕੇ ਕੀਤੇ ਗਏ ਵਿਧਾਨਕ ਸੁਧਾਰਾਂ ਅਤੇ ਜਾਨਵਰਾਂ ਦੀ ਭਲਾਈ ਅਤੇ ਸੁਰੱਖਿਆ ਦੁਆਰਾ ਸੰਭਵ ਹੋਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਰਵਾਇਤੀ ਖੇਡ ਦੀ ਵਾਪਸੀ ਨਾ ਸਿਰਫ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਦੀ ਹੈ ਬਲਕਿ ਨੌਜਵਾਨ ਪੀੜ੍ਹੀ ਵਿੱਚ ਰਵਾਇਤੀ ਪੇਂਡੂ ਖੇਡਾਂ ਲਈ ਨਵਾਂ ਉਤਸ਼ਾਹ ਵੀ ਜਗਾਉਂਦੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਖੇਡਾਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਵਾਪਸ ਖਿੱਚਣਗੀਆ ਅਤੇ ਉਨ੍ਹਾਂ ਨੂੰ ਨਸ਼ਿਆਂ ਅਤੇ ਬਹੁਤ ਜ਼ਿਆਦਾ ਮੋਬਾਈਲ ਦੀ ਵਰਤੋਂ ਤੋਂ ਦੂਰ ਕਰਨਗੀਆਂ।  ਉਨ੍ਹਾਂ ਨੇ ਇਨ੍ਹਾਂ ਖੇਡਾਂ ਨਾਲ ਲੋਕਾਂ ਦੇ ਡੂੰਘੇ ਭਾਵਨਾਤਮਕ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਖੇਡਾਂ ਪੰਜਾਬ ਦੇ ਸੱਭਿਆਚਾਰ, ਵਿਰਾਸਤ ਨੂੰ ਜ਼ਿੰਦਾ ਅਤੇ ਬਰਕਰਾਰ ਰੱਖਣ ਵਿੱਚ ਸਹਾਇਤਾ ਕਰਦੀਆ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਨੌਜਵਾਨਾਂ ਨੂੰ ਇਨ੍ਹਾਂ ਪਰੰਪਰਾਵਾਂ ਨਾਲ ਦੁਬਾਰਾ ਜੋੜੀਏ ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਰੀਲ ਸੱਭਿਆਚਾਰ ਅਤੇ ਡਿਜੀਟਲ ਭਟਕਣਾ ਨੇ ਉਨ੍ਹਾਂ ਨੂੰ ਅਸਲੀ ਪੰਜਾਬੀ ਜੜ੍ਹਾਂ ਤੋਂ ਦੂਰ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਦਿਨ ਵਿੱਚ ਪੰਜਾਬ ਸਰਕਾਰ ਦੇ ਸਟੇਟ ਮੀਡੀਆ ਹੈੱਡ ਸ੍ਰੀ ਬਲਤੇਜ ਪੰਨੂ ਨੇ ਪ੍ਰਬੰਧਕਾਂ ਅਤੇ ਦਰਸ਼ਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਜਿਸ ਨਾਲ ਇਹਨਾਂ ਖੇਡਾਂ ਨੂੰ ਇੱਕ ਸ਼ਾਨਦਾਰ ਸਫਲਤਾ ਵਿੱਚ ਬਦਲਿਆ ਗਿਆ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਬੈਲ ਗੱਡੀਆਂ ਦੀਆਂ ਦੌੜਾਂ ਦੀ ਮੁੜ ਸ਼ੁਰੂਆਤ ਨੇ ਪੰਜਾਬ ਭਰ ਵਿੱਚ ਇੱਕ ਤਾਜ਼ਾ ਖੇਡ ਭਾਵਨਾ ਭਰੀ ਹੈ ਜਿਸ ਨਾਲ ਪੇਂਡੂ ਜੋਸ਼ ਅਤੇ ਸੱਭਿਆਚਾਰਕ ਪਛਾਣ ਦੇ ਪ੍ਰਤੀਕ ਵਜੋਂ ਪੇਂਡੂ ਓਲੰਪਿਕ ਕਿਲਾ ਰਾਏਪੁਰ ਦੀ ਸ਼ਾਨ ਨੂੰ ਬਹਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਜ਼ਨ ਦੇ ਤਹਿਤ, ਅਸੀਂ ਪਿਛਲੀਆਂ ਚੁਣੌਤੀਆਂ ਨੂੰ ਪਾਰ ਕਰਕੇ ਇਸ ਸ਼ਾਨਦਾਰ ਖੇਡਾਂ ਨੂੰ ਸਹੀ ਸੁਰੱਖਿਆ ਪ੍ਰਬੰਧਾਂ ਨਾਲ ਵਾਪਸ ਲਿਆਂਦਾ ਹੈ ਅਤੇ ਅੱਜ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਕੋਸ਼ਿਸ਼ ਦੇ ਸ਼ਲਾਘਾਯੋਗ ਹੈ।"

ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਐਸ.ਡੀ.ਐਮ ਲੁਧਿਆਣਾ ਪੂਰਬੀ ਜਸਲੀਨ ਕੌਰ ਭੁੱਲਰ, ਐਸ.ਡੀ.ਐਮ ਉਪਿੰਦਰਜੀਤ ਕੌਰ ਬਰਾੜ, ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਵਰਮਾ, ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਅਤੇ ਹੋਰ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਸ਼ਾਮਲ ਸਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.