Thursday, 25 June 2026

ਕੁਦਰਤੀ ਤਰੀਕੇ ਨਾਲ ਕਰਵਾਉਣਗੇ ਸਿਹਤ ਸਬੰਧੀ ਆਪਣਾ ਇਲਾਜ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਹਫਤੇ ਲਈ ਬੈਂਗਲੁਰੂ ਦੇ ਨਿੱਜੀ ਨੇਚਰ ਕੇਅਰ ਸੈਂਟਰ ਚਲੇ ਗਏ ਹਨ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸੀਐਮ ਮਾਨ ਕੁਦਰਤੀ ਤਰੀਕੇ ਨਾਲ ਆਪਣੀ ਸਿਹਤ ਸਬੰਧੀ ਟਰੀਟਮੈਂਟ ਲੈਣਗੇ। ਜ਼ਿਕਰਯੋਗ ਹੈ ਕਿ ਮਹਾਂ ਸ਼ਿਵਰਾਤਰੀ ਵਾਲੇ ਦਿਨ ਸੀਐਮ ਮਾਨ ਸੰਗਰੂਰ ਪਹੰੁਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ। ਇਸਦੇ ਚੱਲਦਿਆਂ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵਿਚੋਂ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਸਮਾਗਮਾਂ ਵਿਚ ਹਿੱਸਾ ਲਿਆ ਸੀ। ਲੰਘੇ ਕੱਲ੍ਹ ਵੀ ਉਨ੍ਹਾਂ ਨੇ ਜਲੰਧਰ ਅਤੇ ਫਿਰੋਜ਼ਪੁਰ ਵਿਚ ਪਾਰਟੀ ਦੇ ਸਮਾਗਮਾਂ ਨੂੰ ਸੰਬੋਧਨ ਕੀਤਾ ਅਤੇ ਇਸ ਤੋਂ ਬਾਅਦ ਉਹ ਬੈਂਗਲੁਰੂ ਚਲੇ ਗਏ ਹਨ। ਇਸੇ ਦੌਰਾਨ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸੀਐਮ ਮਾਨ ’ਤੇ ਤਨਜ਼ ਕੱਸਣੇ ਸ਼ੁਰੂ ਕਰ ਦਿੱਤੇ ਹਨ।

ਜਾਂਚ ਟੀਮ ਦੀ ਨਿਗਰਾਨੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕਰਨਗੇ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪ ਲਾਪਤਾ ਹੋਣ ਦੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਨੂੰ ਤੇਜ਼ ਅਤੇ ਨਿਰਪੱਖ ਢੰਗ ਨਾਲ ਅੱਗੇ ਵਧਾਉਣ ਲਈ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ। ਇਸ ਸੰਬੰਧੀ ਬਿਊਰੋ ਆਫ਼ ਇਨਵੈਸਟੀਗੇਸ਼ਨ ਵਲੋਂ ਪਹਿਲਾਂ ਦਰਜ ਮਾਮਲੇ ਦੀ ਜਾਂਚ ਹੁਣ ਨਵੀਂ ਟੀਮ ਦੇ ਹਵਾਲੇ ਕਰ ਦਿੱਤੀ ਗਈ ਹੈ। ਨਵੇਂ ਜਾਰੀ ਹੁਕਮਾਂ ਅਨੁਸਾਰ ਇਸ ਤੋਂ ਪਹਿਲਾਂ ਬਣਾਈਆਂ ਗਈਆਂ ਤਿੰਨ ਟੀਮਾਂ ਦੇ ਆਦੇਸ਼ ਰੱਦ ਕਰਦੇ ਹੋਏ ਤਾਜ਼ਾ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਦੀ ਨਿਗਰਾਨੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਕੀਤੀ ਜਾਵੇਗੀ। ਐਸ.ਆਈ.ਟੀ. ਦੇ ਚੇਅਰਮੈਨ ਵਜੋਂ ਨਾਨਕ ਸਿੰਘ (ਆਈ.ਪੀ.ਐਸ.) ਦੀ ਨਿਯੁਕਤੀ ਕੀਤੀ ਗਈ ਹੈ।

100 ਮਿਲੀਅਨ ਦਾ ਅੰਕੜਾ ਕੀਤਾ ਪਾਰ - ਟਰੰਪ ਦੂਜੇ ਨੰਬਰ ’ਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਇਜ਼ਰਾਈਲ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਛਾੜ ਕੇ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਦੁਨੀਆ ਦੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਸਿਆਸੀ ਆਗੂ ਬਣ ਗਏ ਹਨ। ਪੀਐਮ ਮੋਦੀ, ਜੋ 2014 ਵਿੱਚ ਇੰਸਟਾਗ੍ਰਾਮ ਨਾਲ ਜੁੜੇ ਸਨ ਅਤੇ ਹੁਣ ਉਨ੍ਹਾਂ ਇਸ ਮੰਚ ’ਤੇ 100 ਮਿਲੀਅਨ ਫਾਲੋਅਰਜ਼ ਦਾ ਇਤਿਹਾਸਕ ਅੰਕੜਾ ਪਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਫਾਲੋਅਰਜ਼ ਦੀ ਗਿਣਤੀ ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਹੈ। ਅੰਕੜਿਆਂ ਅਨੁਸਾਰ, ਅਗਲੇ ਪੰਜ ਪ੍ਰਮੁੱਖ ਵਿਸ਼ਵ ਨੇਤਾਵਾਂ ਦੇ ਕੁੱਲ ਮਿਲਾ ਕੇ ਫਾਲੋਅਰਜ਼ ਵੀ ਪੀਐੱਮ ਮੋਦੀ ਦੀ ਇਕੱਲੀ ਗਿਣਤੀ ਤੋਂ ਘੱਟ ਹਨ। ਦੱਸਣਯੋਗ ਹੈ ਕਿ ਡੋਨਾਲਡ ਟਰੰਪ 43.2 ਮਿਲੀਅਨ ਫਾਲੋਅਰਜ਼ ਨਾਲ ਦੂਜੇ ਸਥਾਨ ’ਤੇ ਹਨ। ਇਸਦੇ ਚੱਲਦਿਆਂ ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਇਹ ਉਪਲਬਧੀ  ਪੀਐਮ ਮੋਦੀ ਦੀ ਵਿਸ਼ਵਵਿਆਪੀ ਲੋਕਪਿ੍ਰਯਤਾ ਅਤੇ ਨੌਜਵਾਨਾਂ ਵਿੱਚ ਉਨ੍ਹਾਂ ਦੀ ਪਹੁੰਚ ਨੂੰ ਦਰਸਾਉਂਦੀ ਹੈ।

ਚੰਡੀਗੜ੍ਹ/ਫਾਜ਼ਿਲਕਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਫਾਜ਼ਿਲਕਾ ਨੇ ਇੱਕ ਦੋਸ਼ੀ ਨੂੰ 2.1 ਕਿਲੋਗ੍ਰਾਮ ਹੈਰੋਇਨ ਅਤੇ ਸੱਤ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਨਾਮ ਸਿੰਘ ਉਰਫ਼ ਗਾਮਾ ਵਾਸੀ ਭੰਗੇ ਵਾਲਾ (ਝੂਗੇ ਕਿਸ਼ੋਰ ਸਿੰਘ ਵਾਲਾ), ਫਿਰੋਜ਼ਪੁਰ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ 9 ਐਮਐਮ ਗਲੌਕ ਅਤੇ ਚਾਰ .30 ਬੋਰ ਦੇ ਪਿਸਤੌਲ ਅਤੇ ਦੋ 9 ਐਮਐਮ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ 10 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਟੀਮਾਂ ਨੇ ਉਸ ਦਾ ਹੀਰੋ ਡੀਲਕਸ ਮੋਟਰਸਾਈਕਲ, ਜਿਸਦੀ ਵਰਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕੀਤੀ ਜਾ ਰਹੀ ਸੀ, ਵੀ ਜ਼ਬਤ ਕਰ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਰੋਇਨ ਅਤੇ ਹਥਿਆਰਾਂ ਦੀ ਇਹ ਖੇਪ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਡਰੋਨ ਰਾਹੀਂ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਏਆਈਜੀ ਐਸਐਸਓਸੀ ਫਾਜ਼ਿਲਕਾ ਨਰੇਸ਼ ਕੁਮਾਰ ਡੋਗਰਾ ਨੇ ਦੱਸਿਆ ਕਿ ਭਰੋਸੇਯੋਗ ਸੂਹ 'ਤੇ ਕਾਰਵਾਈ ਕਰਦਿਆਂ, ਐਸਐਸਓਸੀ ਫਾਜ਼ਿਲਕਾ ਦੀਆਂ ਟੀਮਾਂ ਨੇ ਜਲਾਲਾਬਾਦ ਖੇਤਰ ਵਿੱਚ ਇੱਕ ਵਿਸ਼ੇਸ਼ ਆਪਰੇਸ਼ਨ ਚਲਾਇਆ ਅਤੇ ਦੋਸ਼ੀ ਨੂੰ ਫਾਜ਼ਿਲਕਾ ਦੇ ਪਿੰਡ ਬਾਘੇ ਕੇ ਉੱਤਰ ਨੇੜਿਓਂ ਉਸ ਵੇਲੇ ਕਾਬੂ ਕੀਤਾ, ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਉਸ ਕੋਲੋਂ 2.1 ਕਿਲੋ ਹੈਰੋਇਨ ਅਤੇ ਤਿੰਨ ਪਿਸਤੌਲ ਬਰਾਮਦ ਕੀਤੇ ਗਏ। ਉਨ੍ਹਾਂ ਅੱਗੇ ਦੱਸਿਆ ਕਿ ਖੁਲਾਸੇ ਦੌਰਾਨ ਗ੍ਰਿਫ਼ਤਾਰ ਮੁਲਜ਼ਮ ਵੱਲੋਂ ਦੱਸੇ ਗਏ ਟਿਕਾਣੇ ਤੋਂ ਚਾਰ ਹੋਰ ਪਿਸਤੌਲ ਬਰਾਮਦ ਕੀਤੇ ਗਏ।

ਇਸ ਸਬੰਧੀ, ਐਫਆਈਆਰ ਨੰਬਰ 02 ਮਿਤੀ 24-02-2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21ਸੀ ਅਤੇ 25 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਦਰਜ ਕੀਤੀ ਗਈ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.